19 ਨਵੰਬਰ 2019 ਦੀ ਸਵੇਰ, ਚਾਰੇ ਪਾਸੇ ਸੰਘਣੀ ਧੁੱਪ ਛਾਈ ਹੋਈ ਸੀ। ਆਈਸੀਯੂ ਨਾਲ ਲੈਸ ਇੱਕ ਅਤਿ-ਆਧੁਨਿਕ ਏਅਰ ਐਂਬੂਲੈਂਸ ਇੱਕ ਵਿਸ਼ੇਸ਼ ਮਰੀਜ਼ ਨੂੰ ਲੈ ਕੇ ਲਾਹੌਰ ਦੇ ਪੁਰਾਣੇ ਹਵਾਈ ਅੱਡੇ ਦੇ ਟਰਮੀਨਲ ਤੋਂ ਰਵਾਨਾ ਹੋਈ।
ਜਹਾਜ਼ ਵਿੱਚ ਪਾਕਿਸਤਾਨ ਦੇ ਤਿੰਨ ਵਾਰ ਪ੍ਰਧਾਨ ਮੰਤਰੀ ਰਹਿ ਚੁੱਕੇ ਨਵਾਜ਼ ਸ਼ਰੀਫ਼ ਅਤੇ ਪਾਕਿਸਤਾਨੀ ਅਦਾਲਤ ਵਿੱਚ ਸਜ਼ਾਯਾਫ਼ਤਾ ਮੁਜਰਮ ਸਵਾਰ ਸਨ।
ਉਹ ਲਾਹੌਰ ਦੀ ਕੋਟ ਲਖ਼ਪਤ ਜੇਲ੍ਹ ਵਿੱਚ ਸੱਤ ਸਾਲ ਦੀ ਸਜ਼ਾ ਕੱਟ ਰਹੇ ਸਨ ਜਦੋਂ ''ਇਮਿਊਨ ਸਿਸਟਮ ਡਿਸਆਰਡਰ'' ਦੀ ਉਨ੍ਹਾਂ ਦੀ ਬਿਮਾਰੀ ਦਾ ਪਤਾ ਲੱਗਿਆ।
ਨਵਾਜ਼ ਸ਼ਰੀਫ਼ ਨੂੰ ਇਲਾਜ ਲਈ ਦੇਸ਼ ਤੋਂ ਬਾਹਰ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ ਸੀ। ਪਾਕਿਸਤਾਨੀ ਅਦਾਲਤ ਨੇ ਇਸ ਤੋਂ ਪਹਿਲਾਂ ਕਦੇ ਵੀ ਅਜਿਹੀ ਛੋਟ ਨਹੀਂ ਦਿੱਤੀ ਸੀ।
ਨਵਾਜ਼ ਸ਼ਰੀਫ਼ ਨੇ ਅਦਾਲਤ ਵਿੱਚ ਲਿਖਤੀ ਹਲਫ਼ਨਾਮਾ ਦਿੱਤਾ ਸੀ ਕਿ ਉਹ ਡਾਕਟਰੀ ਜਾਂਚ ਪੂਰੀ ਹੋਣ ਤੋਂ ਬਾਅਦ ਚਾਰ ਹਫ਼ਤਿਆਂ ਦੇ ਅੰਦਰ ਦੇਸ਼ ਪਰਤਣਗੇ। ਹਾਲਾਂਕਿ ਚਾਰ ਹਫ਼ਤਿਆਂ ਦਾ ਇਹ ਸਮਾਂ ਚਾਰ ਸਾਲਾਂ ਤੱਕ ਵੀ ਪੂਰਾ ਨਹੀਂ ਹੋਇਆ।
ਹੁਣ ਉਨ੍ਹਾਂ ਦੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਨੇ ਐਲਾਨ ਕੀਤਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਅਤੇ ਪਾਰਟੀ ਦੇ ਨੇਤਾ ਨਵਾਜ਼ ਸ਼ਰੀਫ਼ ਆਖ਼ਰਕਾਰ 21 ਅਕਤੂਬਰ ਨੂੰ ਦੇਸ਼ ਵਾਪਸ ਪਰਤ ਰਹੇ ਹਨ।
ਨਵਾਂ ਪਾਕਿਸਤਾਨ
ਨਵਾਜ਼ ਸ਼ਰੀਫ ਇੱਕ ਵਾਰ ਫਿਰ ਆਮ ਚੋਣਾਂ ਤੋਂ ਪਹਿਲਾਂ ਦੇਸ਼ ਵਿੱਚ ਪਰਤ ਰਹੇ ਹਨ। ਇਸ ਤੋਂ ਪਹਿਲਾਂ ਉਹ ਜੁਲਾਈ 2018 ਵਿੱਚ ਆਪਣੀ ਧੀ ਮਰੀਅਮ ਨਵਾਜ਼ ਸ਼ਰੀਫ ਦੇ ਨਾਲ ਚੋਣਾਂ ਤੋਂ ਇੱਕ ਮਹੀਨਾ ਪਹਿਲਾਂ ਨਾਲ ਦੇਸ਼ ਪਰਤੇ ਸਨ।
ਉਦੋਂ ਉਹ ਗ੍ਰਿਫ਼ਤਾਰ ਹੋਣ ਲਈ ਹੀ ਵਾਪਸ ਆਏ ਸਨ ਅਤੇ ਪਾਕਿਸਤਾਨ ਵਿੱਚ ਉਤਰਦਿਆਂ ਹੀ ਉਨ੍ਹਾਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
ਇਸ ਵਾਰ ਵੀ ਉਹ ਅਜਿਹੀ ਹੀ ਸਥਿਤੀ ਵਿੱਚ ਹੋਣਗੇ ਅਤੇ ਉਨ੍ਹਾਂ ਨੂੰ ਅਦਾਲਤ ਸਾਹਮਣੇ ਆਤਮ ਸਮਰਪਣ ਕਰਨਾ ਪਵੇਗਾ।
2019 ਵਿੱਚ ਬਰਤਾਨੀਆ ਰਵਾਨਾ ਹੋਣ ਤੋਂ ਪਹਿਲਾਂ ਅਦਾਲਤ ਨਾਲ ਕੀਤੇ ਵਾਅਦੇ ਦੀ ਉਨ੍ਹਾਂ ਨੇ ਉਲੰਘਣਾ ਕੀਤੀ ਅਤੇ ਲੰਬੇ ਸਮੇਂ ਤੱਕ ਗ਼ੈਰ-ਹਾਜ਼ਰ ਰਹੇ। ਇਸ ਲਈ ਅਦਾਲਤ ਨੇ ਉਨ੍ਹਾਂ ਨੂੰ ਭਗੌੜਾ ਕਰਾਰ ਦਿੱਤਾ ਸੀ।
ਉਨ੍ਹਾਂ ਦੀ ਪਾਰਟੀ ਫਿਲਹਾਲ ਇਸ ਦੇ ਕਾਨੂੰਨੀ ਬਦਲ ਦੀ ਖੋਜ ਕਰ ਰਹੀ ਹੈ ਅਤੇ ਉਸ ਨੂੰ ਆਸ ਹੈ ਕਿ ਨਵਾਜ਼ ਸ਼ਰੀਫ ਲਈ ਜ਼ਮਾਨਤ ਹਾਸਿਲ ਕਰ ਲਵੇਗੀ।
ਅਜਿਹੇ ''ਚ ਨਵਾਜ਼ ਸ਼ਰੀਫ਼ ਨੂੰ ਅਦਾਲਤ ''ਚ ਆਤਮ ਸਮਰਪਣ ਕਰਨ ਤੋਂ ਪਹਿਲਾਂ ਆਪਣੇ ਪਰਿਵਾਰ ਨੂੰ ਮਿਲਣ ਅਤੇ ਸਮਰਥਕਾਂ ਨੂੰ ਸੰਬੋਧਨ ਕਰਨ ਦਾ ਸਮਾਂ ਮਿਲ ਸਕਦਾ ਹੈ।
ਹਾਲਾਂਕਿ, ਨਵਾਜ਼ ਸ਼ਰੀਫ਼ ਦੇ ਸਾਹਮਣੇ ਹਾਲਾਤ ਉਹੀ ਲੱਗਦੇ ਹਨ ਜੋ ਸਾਲ 2018 ਵਿੱਚ ਸਨ। ਹਾਲਾਂਕਿ, ਅਸਲ ਵਿੱਚ ਬਹੁਤ ਕੁਝ ਬਦਲ ਗਿਆ ਹੈ।
ਸਭ ਤੋਂ ਪਹਿਲਾਂ ਤਾਂ ਦੇਸ਼ ਦੀ ਫੌਜ ਨਾਲ ਉਨ੍ਹਾਂ ਦੀ ਪਾਰਟੀ ਦਾ ਰਿਸ਼ਤਾ ਬਦਲ ਗਿਆ ਹੈ। 2018 ''ਚ ਉਨ੍ਹਾਂ ਦੀ ਪਾਰਟੀ ਅਤੇ ਦੇਸ਼ ਦੀ ਫੌਜ ਵਿਚਾਲੇ ਟਕਰਾਅ ਹੋ ਗਿਆ ਸੀ।
ਪਾਕਿਸਤਾਨ ਵਿੱਚ ਫੌਜ ਨੂੰ ਅਸਲੀ ਕਿੰਗਮੇਕਰ ਮੰਨਿਆ ਜਾਂਦਾ ਹੈ।
ਫੌਜ ਉਦੋਂ ਇਮਰਾਨ ਖ਼ਾਨ ਨੂੰ ਸੱਤਾ ਵਿੱਚ ਲਿਆਉਣ ਦਾ ਇਰਾਦਾ ਰੱਖਦੀ ਸੀ ਅਤੇ ਪੀਐੱਮਐੱਲ (ਐੱਨ) ਦਾ ਇਲਜ਼ਾਮ ਸੀ ਅਤੇ ਕਈ ਸਿਆਸੀ ਟਿੱਪਣੀਕਾਰ ਵੀ ਮੰਨਦੇ ਹਨ ਕਿ ਅਦਾਲਤਾਂ ਦੀ ਮਦਦ ਨਾਲ ਇਹ ਯਕੀਨੀ ਬਣਾਇਆ ਗਿਆ ਸੀ ਕਿ ਪੀਐੱਮਐੱਲ-ਐੱਨ ਦੇ ਚੋਟੀ ਦੇ ਨੇਤਾ ਨੂੰ ਚੋਣ ਨਾ ਲੜਨ ਲਈ ਕਾਨੂੰਨੀ ਤੌਰ ''ਤੇ ਮਜਬੂਰ ਕਰ ਦਿੱਤਾ ਜਾਵੇ।
ਹੁਣ ਸਥਿਤੀ ਉਲਟ ਗਈ ਹੈ ਅਤੇ 9 ਮਈ ਦੀਆਂ ਘਟਨਾਵਾਂ ਤੋਂ ਬਾਅਦ ਇਮਰਾਨ ਖ਼ਾਨ ਅਤੇ ਉਨ੍ਹਾਂ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਫੌਜ ਦੇ ਗੁੱਸੇ ਦਾ ਸਾਹਮਣਾ ਕਰ ਰਹੀ ਹੈ।
ਉਸ ਦਿਨ ਇਮਰਾਨ ਖ਼ਾਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਨ੍ਹਾਂ ਦੇ ਸਮਰਥਕਾਂ ਨੇ ਫੌਜੀ ਟਿਕਾਣਿਆਂ ''ਤੇ ਹਮਲੇ ਕੀਤੇ ਸਨ ਅਤੇ ਕਈ ਥਾਵਾਂ ''ਤੇ ਅੱਗ ਲਗਾ ਦਿੱਤੀ ਸੀ।
ਅਲ ਕਾਦਿਰ ਟਰੱਸਟ ਭ੍ਰਿਸ਼ਟਾਚਾਰ ਮਾਮਲੇ ''ਚ ਇਮਰਾਨ ਖ਼ਾਨ ਨੂੰ 9 ਮਈ ਨੂੰ ਇਸਲਾਮਾਬਾਦ ਹਾਈ ਕੋਰਟ ਤੋਂ ਹਿਰਾਸਤ ''ਚ ਲਿਆ ਗਿਆ ਸੀ।
9 ਮਈ ਨੂੰ ਪਾਕਿਸਤਾਨੀ ਫੌਜ ਦਾ 9/11 ਕਿਹਾ ਜਾਂਦਾ ਹੈ। ਇਸ ਦਿਨ ਨੇ ਪੀਟੀਆਈ ਅਤੇ ਪਾਕਿਸਤਾਨੀ ਫੌਜ ਦੇ ਸਬੰਧਾਂ ਨੂੰ ਵੀ ਬਦਲ ਦਿੱਤਾ।
ਸਿਆਸੀ ਟਿੱਪਣੀਕਾਰ ਮੁਨੀਬ ਫਾਰੂਕ ਦੀ ਰਾਏ ਵਿੱਚ 9 ਮਈ ਦੀਆਂ ਘਟਨਾਵਾਂ ਲਈ ਇਮਰਾਨ ਖ਼ਾਨ ਜ਼ਿੰਮੇਵਾਰ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਇਹ ਇੱਕ ਤੱਥ ਹੈ ਕਿ ਇਮਰਾਨ ਖ਼ਾਨ ਫ਼ੌਜ ਮੁਖੀ ਖ਼ਿਲਾਫ਼ ਸਾਜ਼ਿਸ਼ ਰਚ ਰਹੇ ਸਨ। ਉਹ ਮੌਜੂਦਾ ਫੌਜ ਮੁਖੀ ਜਨਰਲ ਸਈਦ ਅਸੀਮ ਮੁਨੀਰ ਦੀ ਨਿਯੁਕਤੀ ਨੂੰ ਰੋਕਣਾ ਚਾਹੁੰਦੇ ਸਨ ਅਤੇ ਇਮਰਾਨ ਖ਼ਾਨ ਨੇ ਉਨ੍ਹਾਂ ਦੇ ਖ਼ਿਲਾਫ਼ ਸਾਜ਼ਿਸ਼ ਰਚੀ ਸੀ।
ਮੁਨੀਬ ਕਹਿੰਦੇ ਹਨ, “ਇਮਰਾਨ ਖ਼ਾਨ ਨੂੰ ਫੌਜ ਦੇ ਅੰਦਰੋਂ ਸਮਰਥਨ ਹਾਸਿਲ ਸੀ ਅਤੇ ਸਾਬਕਾ ਫੌਜ ਮੁਖੀ ਜਨਰਲ ਬਾਜਵਾ ਨੂੰ ਇਸ ਗੱਲ ਦਾ ਪਤਾ ਸੀ। ਇਮਰਾਨ ਖ਼ਾਨ ਨੇ ਪਿਛਲੇ ਸਾਲ ਨਵੰਬਰ ''ਚ ਲਾਂਗ ਮਾਰਚ ਦਾ ਐਲਾਨ ਕੀਤਾ ਸੀ।"
"ਉਨ੍ਹਾਂ ਨੇ ਜਨਰਲ ਅਸੀਮ ਮੁਨੀਰ ਦੀ ਨਿਯੁਕਤੀ ਨੂੰ ਪ੍ਰਭਾਵਿਤ ਕਰਨ ਲਈ ਅਜਿਹਾ ਕੀਤਾ ਸੀ। ਇਮਰਾਨ ਖ਼ਾਨ ਨੇ ਜਨਰਲ ਦੇ ਕਰੀਬੀ ਅਧਿਕਾਰੀਆਂ ਨੂੰ ਬਦਨਾਮ ਕਰਨ ਲਈ ਵੀ ਯੋਜਨਾਬੱਧ ਮੁਹਿੰਮ ਚਲਾਈ। ਉਨ੍ਹਾਂ ਨੇ ਡਰਟੀ ਹੈਰੀ, ਮੀਰ ਜਾਫ਼ਰ, ਮੀਰ ਸਾਦਿਕ ਵਰਗੇ ਸ਼ਬਦਾਂ ਦਾ ਜਰਨਲਾਂ ਲਈ ਜਨਤਕ ਤੌਰ ''ਤੇ ਇਸਤੇਮਾਲ ਕੀਤਾ।"
ਇਸ ਨਾਲ ਫੌਜ ''ਚ ਇਮਰਾਨ ਪ੍ਰਤੀ ਮੂਡ ਬਦਲ ਗਿਆ। ਨਵਾਜ਼ ਸ਼ਰੀਫ਼ ਦੀ ਪਾਰਟੀ ਨੇ ਮਹਿਸੂਸ ਕੀਤਾ ਕਿ ਇਮਰਾਨ ਅਤੇ ਫ਼ੌਜ ਵਿਚਾਲੇ ਟਕਰਾਅ ਉਨ੍ਹਾਂ ਲਈ ਇੱਕ ਮੌਕਾ ਹੈ ਅਤੇ ਉਹ ਇਸ ਦਾ ਫਾਇਦਾ ਚੁੱਕਣਾ ਚਾਹੁੰਦੇ ਹਨ।
ਪੀਐੱਮਐੱਲ-ਐੱਨ ਦੇ ਪੰਜਾਬ ਸੂਬੇ ਦੇ ਪ੍ਰਧਾਨ ਰਾਣਾ ਸਨਾਉੱਲ੍ਹਾ ਨੇ ਮੰਨਿਆ ਹੈ ਕਿ ਪਾਰਟੀ ਦਾ ਫੌਜ ਨਾਲ ਰਿਸ਼ਤਾ ਅਤੇ ਸਹਿਜਤਾ ਮਾਅਨੇ ਰੱਖਦੀ ਹੈ।
ਉਨ੍ਹਾਂ ਨੇ ਕਿਹਾ, "ਪਿਛਲੀ ਵਾਰ ਜਦੋਂ ਮੀਆਂ ਨਵਾਜ਼ ਸ਼ਰੀਫ ਨੂੰ 2018 ''ਚ ਦੇਸ਼ ਪਰਤਣਾ ਪਿਆ ਸੀ ਤਾਂ ਸਾਡੇ ਸਮਰਥਕਾਂ ਨੂੰ ਏਅਰਪੋਰਟ ਤੱਕ ਨਹੀਂ ਪਹੁੰਚਣ ਦਿੱਤਾ ਗਿਆ ਸੀ। ਸਾਨੂੰ ਉਮੀਦ ਹੈ ਕਿ ਇਸ ਵਾਰ ਅਜਿਹਾ ਕੁਝ ਨਹੀਂ ਹੋਵੇਗਾ।"
ਨਵਾਜ਼ ਸ਼ਰੀਫ ਦੀ ਗ਼ੈਰ-ਮੌਜੂਦਗੀ ''ਚ ਨਾ ਸਿਰਫ਼ ਫੌਜ ਅਤੇ ਇਮਰਾਨ ਖ਼ਾਨ ਦੇ ਰਿਸ਼ਤੇ ਵਿਗੜ ਗਏ ਹਨ ਸਗੋਂ ਕਈ ਹੋਰ ਚੀਜ਼ਾਂ ਵੀ ਹੋਈਆਂ ਹਨ।
ਇਮਰਾਨ ਖ਼ਾਨ ਦੀ ਵਧਦੀ ਲੋਕਪ੍ਰਿਅਤਾ, ਨਵਾਜ਼ ਸ਼ਰੀਫ਼ ਦੇ ਖ਼ਿਲਾਫ਼ ਉਨ੍ਹਾਂ ਦੇ ਭ੍ਰਿਸ਼ਟਾਚਾਰ ਵਿਰੋਧੀ ਬਿਆਨ ਨੂੰ ਵੋਟਰਾਂ ਵੱਲੋਂ ਸਵੀਕਾਰ ਕਰਨਾ ਅਤੇ ਪੀਐੱਮਐੱਲ-ਐੱਨ ਦੀ ਅਗਵਾਈ ਵਾਲੀ ਗਠਜੋੜ ਸਰਕਾਰ ਦੇ ਨਿਰਾਸ਼ਾਜਨਕ ਆਰਥਿਕ ਪ੍ਰਦਰਸ਼ਨ ''ਤੇ ਜਨਤਕ ਅਸੰਤੁਸ਼ਟੀ, ਇਹ ਸਾਰੇ ਅਜਿਹੇ ਕਾਰਕ ਹਨ ਜਿਨ੍ਹਾਂ ਦਾ ਨਵਾਜ਼ ਸ਼ਰੀਫ ਨੇ ਪਹਿਲਾਂ ਕਦੇ ਅਨੁਭਵ ਨਹੀਂ ਕੀਤਾ ਹੈ।
ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਅਪ੍ਰੈਲ 2022 ''ਚ ਸਾਬਕਾ ਕ੍ਰਿਕਟ ਕਪਤਾਨ ਇਮਰਾਨ ਖ਼ਾਨ ਦੀ ਅਗਵਾਈ ਵਾਲੀ ਸਰਕਾਰ ਡਿੱਗਣ ਤੋਂ ਬਾਅਦ ਦੇਸ਼ ਦੇ ਮੂਡ ''ਚ ਕਾਫੀ ਬਦਲਾਅ ਆਇਆ ਹੈ।
ਇਮਰਾਨ ਖ਼ਾਨ ਜੇਲ੍ਹ ਵਿੱਚ ਹੈ, ਪਰ ਜਨਤਾ ਨਵਾਜ਼ ਸ਼ਰੀਫ਼ ਦੀ ਅਗਵਾਈ ਵਾਲੀ ਪੀਐੱਮਐੱਲ-ਐੱਨ ਅਤੇ ਹੋਰ ਵੰਸ਼ਵਾਦੀ ਪਾਰਟੀਆਂ ਵਿਰੁੱਧ ਜੋ ਇਮਰਾਨ ਖ਼ਾਨ ਨੇ ਪੇਸ਼ ਕੀਤਾ ਹੈ, ਉਸ ਨੂੰ ਸਵੀਕਾਰ ਕਰ ਰਹੀ ਹੈ।
ਵਿਸ਼ਲੇਸ਼ਕ ਜ਼ਾਹਿਦ ਹੁਸੈਨ ਦਾ ਮੰਨਣਾ ਹੈ ਕਿ ਨਵਾਜ਼ ਸ਼ਰੀਫ਼ ਰਾਜਨੀਤੀ ਅਤੇ ਦੇਸ਼ ਤੋਂ ਚਾਰ ਸਾਲਾਂ ਤੋਂ ਦੂਰ ਹਨ ਅਤੇ ਇਸ ਲਈ ਉਹ ਦੇਸ਼ ਦੀ ਨਬਜ਼ ਨਹੀਂ ਫੜ ਪਾ ਰਹੇ ਹਨ।
ਉਹ ਕਹਿੰਦੇ ਹਨ, “ਪਾਕਿਸਤਾਨ ਬਹੁਤ ਬਦਲ ਗਿਆ ਹੈ ਅਤੇ ਮੌਜੂਦਾ ਮਾਹੌਲ ਪੀਐੱਮਐੱਲ-ਐੱਨ ਲਈ ਬਹੁਤ ਲਾਭਦਾਇਕ ਨਜ਼ਰ ਨਹੀਂ ਆ ਰਿਹਾ ਹੈ। ਅਸਲ ਸਿਆਸੀ ਲੜਾਈ ਪੰਜਾਬ ਵਿੱਚ ਹੋਵੇਗੀ, ਜੇਕਰ ਤੁਸੀਂ ਇਸ ਦੀ ਪਿਛਲੀ ਵਾਰ ਨਾਲ ਤੁਲਨਾ ਕਰੋ ਤਾਂ ਪਾਰਟੀ ਦੀ ਲੋਕਪ੍ਰਿਅਤਾ ਸਭ ਤੋਂ ਘੱਟ ਹੈ।"
"ਵਧਦੀ ਮਹਿੰਗਾਈ ਪੀਐੱਮਐੱਲ-ਐੱਨ ਦੀ ਲੋਕਪ੍ਰਿਅਤਾ ਘਟਣ ਦਾ ਸਭ ਤੋਂ ਵੱਡਾ ਕਾਰਨ ਹੈ। ਹਾਲਾਂਕਿ 16 ਮਹੀਨਿਆਂ ਤੋਂ ਚੱਲ ਰਹੀ ਹੈ ਇਹ ਸਰਕਾਰ ਗੱਠਜੋੜ ਦੀ ਸਰਕਾਰ ਹੈ ਪਰ ਮਹਿੰਗਾਈ ਲਈ ਪੀਐੱਮਐੱਲ-ਐੱਨ ਨੂੰ ਹੀ ਜ਼ਿੰਮੇਵਾਰ ਮੰਨਦੇ ਹਨ ਕਿਉਂਕਿ ਇਹੀ ਸਰਕਾਰ ਇਸ ਦੀ ਅਗਵਾਈ ਕਰ ਰਹੀ ਹੈ।"
ਜ਼ਾਹਿਦ ਹੁਸੈਨ ਦਾ ਮੰਨਣਾ ਹੈ ਕਿ ਇਮਰਾਨ ਖ਼ਾਨ ਦੀ ਕੈਦ ਅਤੇ ਪੀਟੀਆਈ ਨੇਤਾਵਾਂ ''ਤੇ ਟਿਕਟ ਨਾ ਸਵੀਕਾਰ ਕਰਨ ਅਤੇ ਪਾਰਟੀ ਤੋਂ ਦੂਰ ਜਾਣ ਦੇ ਦਬਾਅ ਦੇ ਬਾਵਜੂਦ, ਫੌਜ ਜਨਤਾ ਦੀ ਰਾਇ ਨੂੰ ਇਮਰਾਨ ਖ਼ਾਨ ਦੇ ਖ਼ਿਲਾਫ਼ ਕਰਨ ਵਿੱਚ ਨਾਕਾਮ ਹੀ ਰਹੀ ਹੈ।
ਉਹ ਕਹਿੰਦੇ ਹਨ, "ਜੇਕਰ ਕਿਸੇ ਨੂੰ ਲੱਗਦਾ ਹੈ ਕਿ ਜ਼ਮੀਨੀ ਪੱਧਰ ''ਤੇ ਨਵਾਜ਼ ਸ਼ਰੀਫ਼ ਪੀਟੀਆਈ ਦੇ ਸਮਰਥਨ ਨੂੰ ਕੁਝ ਨੁਕਸਾਨ ਪਹੁੰਚਾ ਸਕਣਗੇ, ਤਾਂ ਇਹ ਇੱਕ ਭੁੱਲ ਹੈ।"
ਨਜ਼ਰੀਏ ਬਾਰੇ ਭਰਮ
ਇੱਕ ਹੋਰ ਕਾਰਨ ਜੋ ਨਵਾਜ਼ ਸ਼ਰੀਫ਼ ਅਤੇ ਉਨ੍ਹਾਂ ਦੇ ਵੋਟਰਾਂ ਤੇ ਸਮਰਥਕਾਂ ਵਿਚਾਲੇ ਸਬੰਧਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਨਵਾਜ਼ ਸ਼ਰੀਫ਼ ਦਾ ਨਜ਼ਰੀਆ।
ਉਹ ਕਿਹੜੇ ਮੁੱਦਿਆਂ ''ਤੇ ਚੋਣ ਲੇਨਗੇ? ਕੀ ਉਹ ਫੌਜ ਦੇ ਖ਼ਿਲਾਫ਼ ਰਹਿਣਗੇ ਜਾਂ ਫੌਜ ਦੇ ਨਾਲ? ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਸ ਸਬੰਧੀ ਭੰਬਲਭੂਸਾ ਪਾਕਿਸਤਾਨੀ ਸਿਆਸਤ ਵਿੱਚ ਨਵਾਜ਼ ਸ਼ਰੀਫ਼ ਦੇ ਭਵਿੱਖ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਦੇਸ਼ ਪਰਤਣ ਦੀ ਤਰੀਕ ਤੈਅ ਕਰਨ ਤੋਂ ਬਾਅਦ ਨਵਾਜ਼ ਸ਼ਰੀਫ ਨੇ ਲੰਡਨ ''ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੇਸ਼ ਨੂੰ ਹਨੇਰੇ ''ਚ ਧੱਕਣ ਵਾਲਿਆਂ ਦੀ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ।
ਦੇਸ਼ ਪਰਤਣ ਦੀ ਤਰੀਕ ਤੈਅ ਕਰਨ ਤੋਂ ਬਾਅਦ ਨਵਾਜ਼ ਸ਼ਰੀਫ਼ ਨੇ ਲੰਡਨ ''ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੇਸ਼ ਨੂੰ ਹਨੇਰੇ ''ਚ ਧੱਕ ਦਿੱਤਾ ਗਿਆ ਹੈ ਉਨ੍ਹਾਂ ਦੀ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ।
ਨਵਾਜ਼ ਸ਼ਰੀਫ ਨੇ ਇਲਜ਼ਾਮ ਲਗਾਇਆ, “ਮੈਨੂੰ ਕੈਦ ਵਿੱਚ ਰੱਖਿਆ, ਦੇਸ਼ ਨਿਕਾਲਾ ਦਿੱਤਾ ਗਿਆ, ਕੇਸ ਚੱਲਿਆ ਅਤੇ ਅੱਤਵਾਦ ਵਿਰੋਧੀ ਅਦਾਲਤ ਨੇ 27 ਸਾਲ ਦੀ ਸਜ਼ਾ ਸੁਣਾ ਦਿੱਤੀ।"
"ਕੁਝ ਚੋਣਵੇਂ ਜੱਜਾਂ ਨੇ ਦੇਸ਼ ਦੇ ਚੁਣੇ ਹੋਏ ਪ੍ਰਧਾਨ ਮੰਤਰੀ ਨੂੰ ਅਹੁਦੇ ਤੋਂ ਹਟਾ ਦਿੱਤਾ। ਇਸ ਸਭ ਦੇ ਪਿੱਛੇ ਕੌਣ ਸੀ? ਇਸ ਪਿੱਛੇ ਜਨਰਲ ਬਾਜਵਾ ਅਤੇ ਜਨਰਲ ਫੈਜ਼ ਦਾ ਹੱਥ ਸੀ।"
ਜਨਰਲ ਫੈਜ਼ ਹਮੀਦ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐੱਸਆਈ ਦੇ ਸਾਬਕਾ ਮੁਖੀ ਹਨ।
2018 ਤੋਂ, ਨਵਾਜ਼ ਸ਼ਰੀਫ ਅਤੇ ਉਨ੍ਹਾਂ ਦੀ ਧੀ ਮਰੀਅਮ ਸ਼ਰੀਫ ਨੇ ਆਪਣੇ ਸਮਰਥਕਾਂ ਨੂੰ ਆਪਣੇ ਪਿੱਛੇ ਇੱਕਜੁਟ ਕਰਨ ਲਈ ''ਇੱਜ਼ਤ ਲਈ ਵੋਟ'' ਕਰਨ ਦਾ ਨਾਅਰਾ ਦਿੱਤਾ ਹੈ।
ਉਨ੍ਹਾਂ ਨੇ ਦੇਸ਼ ਵਿੱਚ ਨਾਗਰਿਕ ਸਰਵਉੱਚਤਾ ਲਈ ਸਮਰਥਨ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ। ਪਰ ਸਾਬਕਾ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ (ਨਵਾਜ਼ ਸ਼ਰੀਫ਼ ਦੇ ਭਰਾ) ਅਤੇ ਹੋਰ ਸਮਾਨ ਸੋਚ ਵਾਲੇ ਪਾਰਟੀ ਆਗੂਆਂ ਨੇ ਫ਼ੌਜ ਨਾਲ ਸਿੱਧੇ ਟਕਰਾਅ ਦਾ ਵਿਰੋਧ ਕੀਤਾ।
ਉਨ੍ਹਾਂ ਨੇ ਫ਼ੌਜ ਨਾਲ ਸਬੰਧ ਬਹਾਲ ਕਰਨ ਲਈ ਵਧੇਰੇ ਸਕਾਰਾਤਮਕ ਰਵੱਈਆ ਅਪਣਾਇਆ।
ਕੁਝ ਜੱਜਾਂ ਅਤੇ ਜਰਨਲਾਂ ਦੀ ਜ਼ਿੰਮੇਵਾਰੀ ਤੈਅ ਕਰਨ ਦੇ ਬਿਆਨ ਤੋਂ ਕੁਝ ਦਿਨ ਬਾਅਦ, ਉਨ੍ਹਾਂ ਦੇ ਸਹਿਯੋਗੀ ਅਤੇ ਸੈਨੇਟਰ ਇਰਫ਼ਾਨ ਸਿੱਦੀਕੀ ਨੇ ਕਿਹਾ ਕਿ ਵਿਕਾਸ ਅਤੇ ਪਿਛਲੀਆਂ ਪ੍ਰਾਪਤੀਆਂ ਦੇ ਨਾਂ ''ਤੇ ਵੋਟਾਂ ਮੰਗਣ ਤੋਂ ਇਲਾਵਾ, ਸਾਬਕਾ ਪ੍ਰਧਾਨ ਮੰਤਰੀ ਉਨ੍ਹਾਂ ਚੁਣੇ ਹੋਏ ਲੋਕਾਂ ਬਾਰੇ ਗੱਲ ਕਰਨਗੇ, ਜਿਨ੍ਹਾਂ ਤੋਂ ਉਨ੍ਹਾਂ ਨੂੰ ਅਹੁਦੇ ਤੋਂ ਹਟਵਾਇਆ ਅਤੇ ਇਮਰਾਨ ਖ਼ਾਨ ਨੇ ਪ੍ਰਧਾਨ ਮੰਤਰੀ ਦਾ ਰਸਤਾ ਸਾਫ਼ ਕੀਤਾ।
ਉਨ੍ਹਾਂ ਕਿਹਾ, "ਜਦੋਂ ਦੇਸ਼ ਸਹੀ ਦਿਸ਼ਾ ''ਚ ਵਧ ਰਿਹਾ ਸੀ ਤਾਂ ਤਰੱਕੀ ਕਰ ਰਿਹਾ ਸੀ ਤਾਂ ਫਿਰ ਇਸ ਨੂੰ ਪਟੜੀ ਤੋਂ ਉਤਾਰਨ ਵਾਲਿਆਂ ਨੂੰ ਜ਼ਿੰਮੇਵਾਰ ਕਿਉਂ ਨਹੀਂ ਠਹਿਰਾਇਆ ਜਾਵੇ?"
ਮਰੀਅਮ ਨਵਾਜ਼ ਵੀ ਪੀਐੱਮਐੱਲ-ਐੱਨ ਦੇ ਯੂਥ ਸੰਮੇਲਨਾਂ ਵਿੱਚ ਗੁੱਸੇ ਵਿੱਚ ਇਹੀ ਬਿਆਨ ਦੁਹਰਾਉਂਦੀ ਨਜ਼ਰ ਆਈ। ਪਰ ਜਿਵੇਂ ਹੀ ਉਸ ਦੇ ਚਾਚਾ ਸ਼ਹਿਬਾਜ਼ ਸ਼ਰੀਫ਼ ਨੇ ਲੰਡਨ ਦਾ ਅਚਾਨਕ ਦੌਰਾ ਕੀਤਾ, ਮਰੀਅਮ ਦਾ ਸੁਰ ਬਦਲ ਗਿਆ।
ਅਜਿਹਾ ਮੰਨਿਆ ਜਾ ਰਿਹਾ ਸੀ ਕਿ ਸ਼ਹਿਬਾਜ਼ ਸ਼ਰੀਫ਼ ਸਾਬਕਾ ਪ੍ਰਧਾਨ ਮੰਤਰੀ ਲਈ ਫੌਜ ਦਾ ਵਿਸ਼ੇਸ਼ ਸੰਦੇਸ਼ ਲੈ ਕੇ ਲੰਡਨ ਪਹੁੰਚੇ ਸਨ।
ਜ਼ਿਆਦਾਤਰ ਸਿਆਸੀ ਮਾਹਰਾਂ ਅਤੇ ਸੀਨੀਅਰ ਪੱਤਰਕਾਰਾਂ ਦਾ ਮੰਨਣਾ ਹੈ ਕਿ ਇਹ ਸੰਦੇਸ਼ ਨਵਾਜ਼ ਸ਼ਰੀਫ਼ ਨੂੰ ਸਾਬਕਾ ਫ਼ੌਜ ਮੁਖੀਆਂ ਨੂੰ ਆਪਣੀ ਚੋਣ ਮੁਹਿੰਮ ਵਿੱਚ ਘਸੀਟਣ ਅਤੇ ਉਨ੍ਹਾਂ ਨੂੰ ਬਦਨਾਮ ਕਰਨ ਤੋਂ ਰੋਕਣ ਲਈ ਸੀ।
ਸਾਬਕਾ ਪ੍ਰਧਾਨ ਮੰਤਰੀ ਨੂੰ ਕਥਿਤ ਤੌਰ ''ਤੇ ਇਹ ਸੁਝਾਅ ਦਿੱਤਾ ਗਿਆ ਕਿ ਉਹ ਫੌਜੀ ਲੀਡਰਸ਼ਿਪ ਨਾਲ ਆਪਣੀ ਪੁਰਾਣੀ ਰੰਜ਼ਿਸ਼ ਨੂੰ ਭੁਲਾ ਦੇਣ ਅਤੇ ਇਸ ਗੱਲ ''ਤੇ ਧਿਆਨ ਕੇਂਦਰਿਤ ਕਰਨ ਕਿ ਉਹ ਚੋਣਾਂ ਜਿੱਤਦੇ ਹਨ ਤਾਂ ਆਰਥਿਕ ਮੋਰਚੇ ''ਤੇ ਕੀ ਕਰ ਸਕਦੇ ਹਨ।
ਹਾਲਾਂਕਿ, ਇਸ ਘਟਨਾਕ੍ਰਮ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ, ਪਰ ਪੀਐੱਮਐੱਲ-ਐੱਨ ਦੇ ਰੁਖ਼ ''ਚ ਬਦਲਾਅ ਨੇ ਅਜਿਹੀਆਂ ਰਿਪੋਰਟਾਂ ਨੂੰ ਜ਼ਰੂਰ ਬਲ ਦਿੱਤਾ ਹੈ।
ਉਦਾਹਰਣ ਵਜੋਂ, ਸ਼ਾਹਬਾਜ਼ ਸ਼ਰੀਫ਼ ਦੇ ਐਮਰਜੈਂਸੀ ਦੌਰੇ ਤੋਂ ਬਾਅਦ, ਨਵਾਜ਼ ਸ਼ਰੀਫ਼ ਦੇ ਰਿਸ਼ਤੇਦਾਰ ਅਤੇ ਸਾਬਕਾ ਵਿੱਤ ਮੰਤਰੀ ਇਸ਼ਾਕ ਡਾਰ ਨੇ ਲੰਡਨ ਵਿੱਚ ਪੱਤਰਕਾਰਾਂ ਨੂੰ ਕਿਹਾ ਕਿ ਨਵਾਜ਼ ਸ਼ਰੀਫ਼ ਨੇ ਹੁਣ ਆਪਣਾ ਮਾਮਲਾ ਅੱਲ੍ਹਾ ਦੇ ਹੱਥਾਂ ਵਿੱਚ ਛੱਡ ਦਿੱਤਾ ਹੈ।
ਡਾਰ ਨੇ ਲੰਡਨ ''ਚ ਨਵਾਜ਼ ਸ਼ਰੀਫ ਦੇ ਘਰ ਦੇ ਬਾਹਰ ਮੀਡੀਆ ਨੂੰ ਕਿਹਾ, "ਉਸ ਕੋਲ ਦੋ ਬਦਲ ਸਨ। ਜਾਂ ਤਾਂ ਉਹ ਆਪਣਾ ਗੁੱਸਾ ਕੱਢਦੇ ਜਾਂ ਫਿਰ ਆਪਣੀਆਂ ਸ਼ਕਤੀਆਂ ਦਾ ਇਸਤੇਮਾਲ ਦੇਸ਼ ''ਚ ਮੁੜ ਖੁਸ਼ਹਾਲੀ ਵਾਪਸ ਲਿਆਉਣ ਲਈ ਕਰਦੇ। ਉਨ੍ਹਾਂ ਨੇ ਦੂਜਾ ਬਦਲ ਚੁਣਿਆ।"
ਹੁਣ ਮਰੀਅਮ ਨਵਾਜ਼ ਵੀ ਆਪਣੇ ਸਮਰਥਕਾਂ ਨੂੰ ਕਹਿ ਰਹੀ ਹੈ ਕਿ ਉਹ ਅਤੇ ਉਨ੍ਹਾਂ ਦੇ ਪਿਤਾ ਬਦਲਾਖ਼ੋਰੀ ਵਾਲੇ ਨਹੀਂ ਹਨ।
ਉਨ੍ਹਾਂ ਨੇ ਆਪਣੇ ਸਮਰਥਕਾਂ ਨੂੰ ਕਿਹਾ, "ਇੰਸ਼ਾਅੱਲ੍ਹਾ, ਮੁਲਕ ਵਿੱਚ 21 ਅਕਤੂਬਰ ਨੂੰ ਆਸ ਪਰਤ ਰਹੀ ਹੈ, ਵਿਕਾਸ ਪਰਤ ਰਿਹਾ ਹੈ, ਮਹਿੰਗਾਈ ਅਤੇ ਬੇਰੁਜ਼ਗਾਰੀ ਖ਼ਤਮ ਹੋ ਰਹੀ ਹੈ।"
ਹਾਲਾਂਕਿ, ਹਾਲ ਹੀ ਵਿੱਚ ਲੰਡਨ ਵਿੱਚ ਨਵਾਜ਼ ਸ਼ਰੀਫ਼ ਨਾਲ ਮੁਲਾਕਾਤ ਕਰਨ ਵਾਲੇ ਐਂਕਰ ਮੁਨੀਬ ਫਾਰੂਕ ਦਾ ਮੰਨਣਾ ਹੈ ਕਿ ਪੀਐੱਮਐੱਲ-ਐੱਨ ਵਿੱਚ ਅਜੇ ਵੀ ਭੰਬਲਭੂਸਾ ਹੈ ਕਿ ਪਾਰਟੀ ਨੂੰ ਕਿਸ ਬਿਰਤਾਂਤ ''ਤੇ ਚੱਲਣਾ ਹੈ।
ਆਪਣੇ ਵਿਸ਼ਲੇਸ਼ਣ ਵਿੱਚ ਉਨ੍ਹਾਂ ਨੇ ਕਿਹਾ ਹੈ ਕਿ ਨਵਾਜ਼ ਸ਼ਰੀਫ਼ ਅਜੇ ਤੱਕ ਉਨ੍ਹਾਂ ਜੱਜਾਂ ਅਤੇ ਜਨਰਲਾਂ ਨੂੰ ਮੁਆਫ਼ ਕਰਨ ਦੇ ਵਿਚਾਰ ''ਤੇ ਕੋਈ ਠੋਸ ਫੈ਼ਸਲਾ ਨਹੀਂ ਲੈ ਸਕੇ ਹਨ, ਜਿਨ੍ਹਾਂ ਨੂੰ ਉਹ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਹਟਾਉਣ ਦਾ ਕਾਰਨ ਦੱਸਦੇ ਹਨ।
ਮੁਨੀਬ ਨੇ ਨਵਾਜ਼ ਸ਼ਰੀਫ਼ ਨਾਲ ਮੁਲਾਕਾਤ ਤੋਂ ਬਾਅਦ ਰਿਕਾਰਡ ਕੀਤੇ ਇੱਕ ਵਲੌਗ ਵਿੱਚ ਕਿਹਾ, "ਉਨ੍ਹਾਂ ਨੂੰ ਇਹ ਸਲਾਹ ਦਿੱਤੀ ਗਈ ਹੈ, ਇਸ ਮਾਮਲੇ ਨੂੰ ਜਾਣ ਦਿੱਤਾ ਜਾਵੇ ਪਰ ਮੇਰੀ ਸਮਝ ਵਿੱਚ ਉਹ ਇਸ ਲਈ ਪੂਰੀ ਤਰ੍ਹਾਂ ਤਿਆਰ ਨਹੀਂ ਹਨ।"
ਸਿਆਸਤ ''ਤੇ ਅਸਰ
ਸਿਆਸੀ ਟਿੱਪਣੀਕਾਰ ਡਾਕਟਰ ਹਸਨ ਅਸਕਾਰੀ ਰਿਜ਼ਵੀ ਦਾ ਮੰਨਣਾ ਹੈ ਕਿ ਨਵਾਜ਼ ਸ਼ਰੀਫ਼ ਦੀ ਪਾਕਿਸਤਾਨ ਵਾਪਸੀ ਉਨ੍ਹਾਂ ਨੂੰ ਸਿਆਸੀ ਤੌਰ ''ਤੇ ਵਾਪਸ ਜੀਵਨ ਦੇਵੇਗੀ।
ਉਹ ਪਾਰਟੀ ਅੰਦਰਲੀਆਂ ਫੁੱਟਾਂ ਅਤੇ ਮਤਭੇਦਾਂ ਨੂੰ ਦੂਰ ਕਰ ਸਕਣਗੇ। ਫਿਲਹਾਲ ਇਸ ਵੇਲੇ ਪਾਰਟੀ ਵਿੱਚ ਇਸ ਗੱਲ ਨੂੰ ਲੈ ਕੇ ਵਿਵਾਦ ਹੈ ਕਿ ਇਸ ਦੀ ਅਗਵਾਈ ਕੌਣ ਕਰੇਗਾ।
ਨਵਾਜ਼ ਸ਼ਰੀਫ਼ ਆਪਣੀ ਬੇਟੀ ਮਰੀਅਮ ਨੂੰ ਆਪਣਾ ਉੱਤਰਾਧਿਕਾਰੀ ਬਣਾਉਣਾ ਚਾਹੁੰਦੇ ਹਨ, ਪਰ ਸ਼ਹਿਬਾਜ਼ ਸ਼ਰੀਫ਼ ਆਪਣੇ ਬੇਟੇ ਹਮਜ਼ਾ ਸ਼ਹਿਬਾਜ਼ ਨੂੰ ਇਸ ਅਹੁਦੇ ''ਤੇ ਦੇਖਣਾ ਚਾਹੁੰਦੇ ਹਨ।
ਡਾਕਟਰ ਅਸਕਾਰੀ ਦਾ ਮੰਨਣਾ ਹੈ ਕਿ ਨਵਾਜ਼ ਸ਼ਰੀਫ ਇੱਕ ਵਾਰ ਫਿਰ ਪਾਰਟੀ ਦੀ ਵਾਗਡੋਰ ਸੰਭਾਲਣਗੇ। ਕੁਝ ਹੱਦ ਤੱਕ ਉਨ੍ਹਾਂ ਦੀ ਵਾਪਸੀ ਨਾਲ ਪਾਰਟੀ ਦੀ ਕਮਜ਼ੋਰ ਹੋ ਰਹੀ ਲੋਕਪ੍ਰਿਅਤਾ ਨੂੰ ਮੁੜ ਹਾਸਲ ਕਰਨ ''ਚ ਮਦਦ ਮਿਲੇਗੀ ਅਤੇ ਇਸ ਦਾ ਅਸਰ ਕੌਮੀ ਸਿਆਸਤ ''ਤੇ ਵੀ ਪਵੇਗਾ।
ਉਹ ਕਹਿੰਦੇ ਹਨ, "ਪੀਐੱਮਐੱਲ-ਐੱਨ ਨੇ ਵੋਟਰਾਂ ਦਾ ਸਮਰਥਨ ਗੁਆ ਦਿੱਤਾ ਹੈ। ਆਪਣੇ 16 ਮਹੀਨਿਆਂ ਦੇ ਕਾਰਜਕਾਲ ਦੌਰਾਨ, ਗਰੀਬੀ ਅਤੇ ਬੇਰੁਜ਼ਗਾਰੀ ਵਿੱਚ ਵਾਧੇ ਕਾਰਨ ਪਾਰਟੀ ਅਲੱਗ-ਥਲੱਗ ਹੋ ਗਈ ਹੈ।"
"ਨਵਾਜ਼ ਸ਼ਰੀਫ਼ ਸ਼ਾਇਦ ਆਪਣੇ ਕੁਝ ਸਮਰਥਕਾਂ ਨੂੰ ਦੁਬਾਰਾ ਜੋੜ ਸਕਣਗੇ। ਪਰ ਵੋਟਰਾਂ ਨੂੰ ਆਪਣੇ ਵੱਲ ਕਰਨ ਦੀ ਰਾਹ ਵਿੱਚ ਸਭ ਤੋਂ ਵੱਡਾ ਕਾਰਕ ਪਾਰਟੀ ਦਾ ਬਿਰਤਾਂਤ ਹੋਵੇਗਾ।"
ਹਸਨ ਅਸਕਾਰੀ ਦੀਆਂ ਨਜ਼ਰਾਂ ''ਚ ਨਵਾਜ਼ ਸ਼ਰੀਫ਼ ਕਈ ਸਾਲਾਂ ਤੋਂ ਵੱਡਾ ਕਦਮ ਚੁੱਕਣ ਦੀ ਉਡੀਕ ਕਰ ਰਹੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਫੌਜ ਇਮਰਾਨ ਖ਼ਾਨ ਨੂੰ ਚੋਣਾਂ ਤੋਂ ਦੂਰ ਰੱਖੇਗੀ। ਅਜਿਹੇ ''ਚ ਨਵਾਜ਼ ਸ਼ਰੀਫ਼ ਇਸ ਨੂੰ ਇੱਕ ਮੌਕੇ ਵਜੋਂ ਦੇਖ ਰਹੇ ਹਨ ਅਤੇ ਇਸ ਦਾ ਫਾਇਦਾ ਚੁੱਕਣਾ ਚਾਹੁੰਦੇ ਹਨ।
ਪਿਛਲੇ ਸਮੇਂ ਵਿੱਚ ਨਵਾਜ਼ ਸ਼ਰੀਫ਼ ਨੇ ਫ਼ੌਜ ਖ਼ਿਲਾਫ਼ ਸਖ਼ਤ ਸਟੈਂਡ ਲਿਆ ਹੈ, ਪਰ ਉਹ ਇਸ ਨੂੰ ਲੋੜੀਂਦੇ ਪੱਧਰ ਤੱਕ ਨਹੀਂ ਪਹੁੰਚਾ ਸਕੇ। ਡਾ. ਅਸਕਾਰੀ ਅਜਿਹਾ ਮੁੜ ਵਾਪਰਦਾ ਦੇਖ ਰਹੇ ਹਨ।
ਡਾਕਟਰ ਰਿਜ਼ਵੀ ਦਾ ਕਹਿਣਾ ਹੈ, "ਮੇਰਾ ਮੰਨਣਾ ਹੈ ਕਿ ਉਹ ਕੁਝ ਲੋਕਾਂ ਦੇ ਖ਼ਿਲਾਫ਼ ਸ਼ਿਕਾਇਤ ਕਰਦੇ ਰਹਿਣਗੇ ਪਰ ਫੌਜ ''ਤੇ ਪੂਰਾ ਧਿਆਨ ਦੇਣ ਤੋਂ ਬਚਣਗੇ।"
"ਉਨ੍ਹਾਂ ਨੇ ਦੇਖਿਆ ਹੈ ਕਿ ਫੌਜ ਨੇ ਇਮਰਾਨ ਖ਼ਾਨ ਨਾਲ ਕੀ ਕੀਤਾ ਹੈ। ਇਸ ਲਈ ਮੈਨੂੰ ਉਮੀਦ ਹੈ ਕਿ ਨਵਾਜ਼ ਸ਼ਰੀਫ਼ ਇਹ ਗ਼ਲਤੀ ਨਹੀਂ ਦੁਹਰਾਉਣਗੇ।"
ਜੇਲ੍ਹ ਤੇ ਜਲਸਾ
ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਪਾਰਟੀ ਆਪਣੇ ਨੇਤਾ ਦੀ ਵਾਪਸੀ ਦੀਆਂ ਸੰਭਾਵਨਾਵਾਂ ਨੂੰ ਉਜਾਗਰ ਕਰਦੇ ਹੋਏ ਜਨਤਾ ਤੱਕ ਪਹੁੰਚਣ ਦੀ ਮੁਹਿੰਮ ਚਲਾ ਰਹੀ ਹੈ।
ਪਾਰਟੀ ਵੱਲੋਂ ਗਲੀ-ਮੁਹੱਲੇ ਵਿੱਚ ਰੈਲੀਆਂ ਅਤੇ ਮੀਟਿੰਗਾਂ ਕਰਕੇ ਲੋਕਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
ਲੋਕਾਂ ਨੂੰ ਕਿਹਾ ਜਾ ਰਿਹਾ ਹੈ ਕਿ ਨਵਾਜ਼ ਸ਼ਰੀਫ਼ ਦੇ ਸਵਾਗਤ ਲਈ 21 ਅਕਤੂਬਰ ਨੂੰ ਮੀਨਾਰ-ਏ-ਪਾਕਿਸਤਾਨ ਵਿਖੇ ਜਲਸੇ ਲਈ ਇਕੱਠੇ ਹੋਣ। ਨਵਾਜ਼ ਸ਼ਰੀਫ਼ ਇੱਥੇ ਜਨਤਾ ਨੂੰ ਸੰਬੋਧਨ ਕਰਨਗੇ।
ਹਾਲਾਂਕਿ, ਅਜਿਹਾ ਹੋਣ ਦੇ ਰਾਹ ਵਿੱਚ ਕਈ ਕਾਨੂੰਨੀ ਰੁਕਾਵਟਾਂ ਹਨ। ਨਵਾਜ਼ ਸ਼ਰੀਫ਼ ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ।
ਕਾਨੂੰਨ ਦੇ ਤਹਿਤ ਉਸ ਨੂੰ ਪਾਕਿਸਤਾਨ ਪਹੁੰਚਦੇ ਹੀ ਏਅਰਪੋਰਟ ''ਤੇ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਪਰ ਉਨ੍ਹਾਂ ਦੀ ਪਾਰਟੀ ਨੇ ਇਸ ਲਈ ਵੀ ਯੋਜਨਾ ਤਿਆਰ ਕਰ ਲਈ ਹੈ। ਨਵਾਜ਼ ਸ਼ਰੀਫ਼ ਦੀ ਕਾਨੂੰਨੀ ਟੀਮ ਆਪਣੇ ਨੇਤਾ ਦੇ ਪਾਕਿਸਤਾਨ ਪਹੁੰਚਣ ਤੋਂ ਪਹਿਲਾਂ ਉਨ੍ਹਾਂ ਲਈ ਅਗਾਊ ਜ਼ਮਾਨਤ ਲੈਣ ਦੀ ਕੋਸ਼ਿਸ਼ ਕਰ ਰਹੀ ਹੈ।
ਪੀਐੱਮਐੱਲ-ਐੱਨ ਪੰਜਾਬ ਦੇ ਪ੍ਰਧਾਨ ਰਾਣਾ ਸਨਾਉੱਲ੍ਹਾ ਮੁਤਾਬਕ ਵਕੀਲ ਅਤੇ ਵਰਕਰ ਨਵਾਜ਼ ਸ਼ਰੀਫ਼ ਦੇ ਸ਼ਾਨਦਾਰ ਸਵਾਗਤ ਦੀ ਤਿਆਰੀ ਕਰ ਰਹੇ ਹਨ।
ਜੇਕਰ ਅਗਾਊ ਜ਼ਮਾਨਤ ਮਿਲ ਜਾਂਦੀ ਹੈ ਤਾਂ ਨਵਾਜ਼ ਸ਼ਰੀਫ਼ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਨ ਲਈ ਹਵਾਈ ਅੱਡੇ ਤੋਂ ਸਿੱਧੇ ਮੀਨਾਰ-ਏ-ਪਾਕਿਸਤਾਨ ਜਾਣਗੇ। ਇਸ ਤੋਂ ਬਾਅਦ ਉਹ ਆਤਮ ਸਮਰਪਣ ਕਰਨਗੇ।
ਰਾਣਾ ਸਨਾਉੱਲ੍ਹਾ ਨੇ ਕਿਹਾ, "ਵਕੀਲ ਨਵਾਜ਼ ਸ਼ਰੀਫ਼ ਦੀ ਵਾਪਸੀ ਤੋਂ ਇੱਕ-ਦੋ ਦਿਨ ਪਹਿਲਾਂ ਜ਼ਮਾਨਤ ਲਈ ਅਰਜ਼ੀ ਦੇਣਗੇ। ਨਵਾਜ਼ ਸ਼ਰੀਫ਼ ਇੱਕ ਰਾਸ਼ਟਰੀ ਨੇਤਾ ਹਨ, ਉਹ ਆਤਮ ਸਮਰਪਣ ਕਰਨ ਆ ਰਹੇ ਹਨ, ਇਸ ਲਈ ਸਾਨੂੰ ਆਸ ਹੈ ਕਿ ਅਦਾਲਤਾਂ ਸਮਝਣਗੀਆਂ ਅਤੇ ਉਨ੍ਹਾਂ ਨੂੰ ਜ਼ਮਾਨਤ ਦੇ ਦੇਣਗੀਆਂ।"
ਰਾਣਾ ਸਨਾਉੱਲ੍ਹਾ ਦੀਆਂ ਨਜ਼ਰਾਂ ਵਿੱਚ ਨਵਾਜ਼ ਸ਼ਰੀਫ਼ ਜਿਸ ਕੇਸ ਵਿੱਚ ਦੋਸ਼ੀ ਪਾਏ ਗਏ ਸਨ, ਉਹ ਕਮਜ਼ੋਰ ਹੈ। ਸਨਾਉੱਲ੍ਹਾ ਨੂੰ ਉਮੀਦ ਹੈ ਕਿ ਪੀਐੱਮਐੱਲ-ਐੱਨ ਸੁਪਰੀਮੋ ਨੂੰ ਰਾਹਤ ਮਿਲੇਗੀ। ਅਦਾਲਤ ਪਹਿਲਾਂ ਹੀ ਨਵਾਜ਼ ਸ਼ਰੀਫ਼ ਦੀ ਧੀ ਅਤੇ ਜਵਾਈ ਨੂੰ ਇਸੇ ਮਾਮਲੇ ਵਿੱਚ ਬਰੀ ਕਰ ਚੁੱਕੀ ਹੈ। ਇਸ ਮਾਮਲੇ ''ਚ ਦੋਵੇਂ ਸਹਿ-ਮੁਲਜ਼ਮ ਸਨ।
ਫਿਰ ਵੀ ਨਵਾਜ਼ ਸ਼ਰੀਫ਼ ਦੇ ਪੁਰਾਣੇ ਗਠਜੋੜ ਦੇ ਭਾਈਵਾਲ ਅਤੇ ਬਿਲਾਵਲ ਭੁੱਟੋ, ਮੌਲਾਨਾ ਫਜ਼ਲੁਰ ਰਹਿਮਾਨ ਸਮੇਤ ਮੌਜੂਦਾ ਵਿਰੋਧੀ ਨੇਤਾ ਪਹਿਲਾਂ ਹੀ ਚੋਣਾਂ ਵਿੱਚ ਬਰਾਬਰੀ ਨਾ ਹੋਣ ਦੀ ਸ਼ਿਕਾਇਤ ਕਰ ਰਹੇ ਹਨ।
ਇਹ ਪੀਐੱਮਐੱਲ-ਐੱਨ ਅਤੇ ਫੌਜ ਦਰਮਿਆਨ ਵਧਦੀ ਨੇੜਤਾ ਵੱਲ ਇਸ਼ਾਰਾ ਕਰਦੇ ਹਨ। ਪੀਪੀਪੀ ਦੇ ਕੁਝ ਆਗੂਆਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਨਵਾਜ਼ ਸ਼ਰੀਫ਼ ਫ਼ੌਜ ਨਾਲ ਹੋਏ ਸਮਝੌਤੇ ਤਹਿਤ ਦੇਸ਼ ਪਰਤ ਰਹੇ ਹਨ ਅਤੇ ਉਨ੍ਹਾਂ ਦੀ ਸੱਤਾ ਵਿੱਚ ਵਾਪਸੀ ਦਾ ਮੰਚ ਤਿਆਰ ਹੋ ਗਿਆ ਹੈ।
ਇਨ੍ਹਾਂ ਸਿਆਸੀ ਪਾਰਟੀਆਂ ਦਾ ਮੰਨਣਾ ਹੈ ਕਿ ਫੌਜ ਪਹਿਲਾਂ ਹੀ ਪੀਐੱਮਐੱਲ-ਐੱਨ ਦੇ ਨਾਲ ਆ ਗਈ ਹੈ। ਪਾਕਿਸਤਾਨੀ ਸਿਆਸਤ ਵਿੱਚ ਫੌਜ ਦਾ ਸਮਰਥਨ ਫ਼ੈਸਲਾਕੁੰਨ ਮੰਨਿਆ ਜਾਂਦਾ ਹੈ।
ਪਰ ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਇਹ ਪਿਆਰ-ਮੁਹੱਬਤ ਦਾ ਰਿਸ਼ਤਾ ਉਦੋਂ ਤੱਕ ਕਾਇਮ ਰਹੇਗਾ ਜਦੋਂ ਤੱਕ ਨਵਾਜ਼ ਸ਼ਰੀਫ਼ ਪਿਛਲੀਆਂ ਗੱਲਾਂ ਨੂੰ ਜਾਣ ਦੀ ਨੀਤੀ ''ਤੇ ਚੱਲਦੇ ਰਹਿਣਗੇ।
ਉਨ੍ਹਾਂ ਦੇ ਹੁਣ ਤੱਕ ਦੇ ਸਫ਼ਰ ਨੂੰ ਦੇਖਦੇ ਹੋਏ ਇਹ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੈ ਕਿ ਉਹ ਕੀ ਕਰਨਗੇ ਅਤੇ ਇਹ ਉਨ੍ਹਾਂ ਦਾ ਸਿਆਸੀ ਭਵਿੱਖ ਤੈਅ ਕਰੇਗਾ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)
ਐੱਸਵਾਈਐੱਲ: ‘ਨਹਿਰ ਦੀ ਬਜਾਏ ਜੰਗਲ ਬਣਿਆ, ਨਾ ਜ਼ਮੀਨ ਬਚੀ, ਨਾ ਪਾਣੀ ਮਿਲਿਆ, ਹੁਣ ਕੰਮ ਵੀ ਹੈ ਨਹੀਂ’
NEXT STORY