ਬੈਂਗਲੁਰੂ ਵਿੱਚ ਸਥਿਤ ਐੱਮ ਚਿੰਨਾਸਵਾਮੀ ਸਟੇਡੀਅਮ ਵਿੱਚ ਤਾਇਨਾਤ ਇੱਕ ਪੁਲਿਸ ਮੁਲਾਜ਼ਮ ਵੱਲੋਂ ਸ਼ੁੱਕਰਵਾਰ ਨੂੰ ਪਾਕਿਸਤਾਨ ਬਨਾਮ ਆਸਟ੍ਰੇਲੀਆ ਮੈਚ ਦੇ ਦੌਰਾਨ ਇੱਕ ਪਾਕਿਸਤਾਨੀ ਪ੍ਰਸ਼ੰਸਕ ਨੂੰ ‘ਪਾਕਿਸਤਾਨ ਜ਼ਿੰਦਾਬਾਦ’ ਦਾ ਨਾਅਰਾ ਲਾਉਣ ਤੋਂ ਰੋਕਣ ਉੱਤੇ ਵਿਵਾਦ ਖੜ੍ਹਾ ਹੁੰਦਾ ਦਿਖ ਰਿਹਾ ਹੈ।
ਇਸ ਮਾਮਲੇ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ।
ਇਸ ਵੀਡੀਓ ਵਿੱਚ ਖ਼ਾਕੀ ਵਰਦੀ ਵਾਲਾ ਇੱਕ ਵਿਅਕਤੀ ਹਰੇ ਰੰਗ ਦੀ ਜਰਸੀ ਪਾ ਕੇ ਆਏ ਸ਼ਖ਼ਸ ਨੂੰ ‘ਪਾਕਿਸਤਾਨ ਜ਼ਿੰਦਾਬਾਦ’ ਦਾ ਨਾਅਰਾ ਲਾਉਣ ਤੋਂ ਰੋਕਦਾ ਹੋਇਆ ਦਿਖ ਰਿਹਾ ਹੈ।
ਇਸ ਵੀਡੀਓ ਵਿੱਚ ਆਪਣੇ-ਆਪ ਨੂੰ ਪਾਕਿਸਤਾਨ ਦਾ ਫੈਨ ਦੱਸਣ ਵਾਲਾ ਸ਼ਖ਼ਸ ਕਹਿ ਰਿਹਾ ਹੈ, ‘ਪਾਕਿਸਤਾਨ ਤੋਂ ਆਏ ਹਾਂ, ਪਾਕਿਸਤਾਨ ਜ਼ਿੰਦਾਬਾਦ ਨਹੀਂ ਬੋਲਾਂਗੇ ਤਾਂ ਕੀ ਬੋਲਾਂਗੇ, ਪਾਕਿਸਤਾਨ ਖੇਡ ਰਿਹਾ ਹੈ, ਮੈਂ ਪਾਕਿਸਤਾਨ ਜ਼ਿੰਦਾਬਾਦ ਨਹੀਂ ਬੋਲਾਂਗਾ ਤਾਂ ਕੀ ਬੋਲਾਂਗਾ, ਮੈਂ ਇੱਕ ਵੀਡੀਓ ਬਣਾਵਾਂਗਾ ਅਤੇ ਉਸ ਵਿੱਚ ਤੁਸੀਂ ਕਹੋ ਕਿ ਮੈਂ ਅਜਿਹਾ ਨਹੀਂ ਕਹਿ ਸਕਦਾ।’
ਉੱਥੇ ਹੀ ਪੁਲਿਸ ਮੁਲਾਜ਼ਮ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ‘ਭਾਰਤ ਮਾਤਾ ਦੀ ਜੈ’ ਕਹਿਣ ਵਿੱਚ ਕੋਈ ਸਮੱਸਿਆ ਨਹੀਂ ਹੈ, ਪਰ ‘ਪਾਕਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਨਹੀਂ ਲਾ ਸਕਦੇ, ਇਸ ਵੀਡੀਓ ਦੇ ਸਹੀ ਹੋਣ ਦੀ ਪੁਸ਼ਟੀ ਸੁਤੰਤਰ ਸਰੋਤਾਂ ਤੋਂ ਨਹੀਂ ਕੀਤੀ ਜਾ ਸਕੀ।
ਬੀਬੀਸੀ ਨੇ ਇਸ ਮਾਮਲੇ ਵਿੱਚ ਬੈਂਗਲੁਰੂ ਪੁਲਿਸ ਕੋਲੋਂ ਉਨ੍ਹਾਂ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਹੈ ਪਰ ਉਨ੍ਹਾਂ ਦੇ ਵੱਲੋਂ ਹਾਲੇ ਤੱਕ ਕਿਸੇ ਤਰ੍ਹਾ ਦਾ ਜਵਾਬ ਨਹੀਂ ਆਇਆ ਹੈ।
ਸੋਸ਼ਲ ਮੀਡੀਆ ਉੱਤੇ ਵਿਵਾਦ
ਪਾਕਿਸਤਾਨ ਤੋਂ ਲੈ ਕੇ ਭਾਰਤੀ ਸੋਸ਼ਲ ਮੀਡੀਆ ਯੂਜ਼ਰਾਂ ਦੇ ਵੱਲੋਂ ਇਸ ਮਾਮਲੇ ਉੱਤੇ ਆਪਣੀਆਂ ਪ੍ਰਤੀਕਿਰਿਆਵਾਂ ਜ਼ਾਹਰ ਕੀਤੀਆਂ ਜਾ ਰਹੀਆਂ ਹਨ।
ਮਨ ਅਮਨ ਸਿੰਘ ਛਿੰਨਾ ਨੇ ਇਸ ਵੀਡੀਓ ਉੱਤੇ ਪ੍ਰਤੀਕਿਰਿਆ ਦਿੰਦੇ ਹੋਏ ਲਿਖਿਆ ਹੈ, “ਕਿੰਨੀ ਬੇਵਕੂਫ਼ੀ ਭਰੀ ਗੱਲ ਹੈ, ਅਤੇ ਇਹ ਸਾਰਾ ਕੁਝ ਸ਼ਰਮਨਾਕ ਪੱਧਰ ਉੱਤੇ ਕੀਤਾ ਜਾ ਰਿਹਾ ਹੈ, ਤੁਸੀਂ ਇੱਕ ਪਾਕਿਸਤਾਨੀ ਪ੍ਰਸ਼ੰਸਕ ਨੂੰ ਪਾਕਿਸਤਾਨ ਜ਼ਿੰਦਾਬਾਦ ਦਾ ਨਾਅਰਾ ਲਾਉਣ ਤੋਂ ਕਿਵੇਂ ਰੋਕ ਸਕਦੇ ਹੋ?”
ਸਿੱਧਾਰਥ ਨਾਮ ਦੇ ਇੱਕ ਸੋਸ਼ਲ ਮੀਡੀਆ ਯੂਜ਼ਰ ਲਿਖਦੇ ਹਨ, “ਕਲਪਨਾ ਕਰੋ ਕਿ ਕਿਸੇ ਪਾਕਿਸਤਾਨੀ ਸਟੇਡੀਅਮ ਵਿੱਚ ਕਿਸੇ ਭਾਰਤੀ ਸਮਰਥਕ ਨੂੰ ਪਾਕਿਸਤਾਨ ਦੇ ਮੁਲਾਜ਼ਮਾਂ ਦੇ ਵੱਲੋਂ ‘ਭਾਰਤ ਮਾਤਾ ਦੀ ਜੈ’ ਕਹਿਣ ਤੋਂ ਰੋਕ ਦਿੱਤਾ ਜਾਂਦਾ ਹੈ ਅਤੇ ਪਾਕਿਸਤਾਨ ਜ਼ਿੰਦਾਬਾਦ ਦਾ ਨਾਅਰਾ ਲਾਉਣ ਦੀ ਇਜਾਜ਼ਤ ਦਿੱਤੀ, ਤਾਂ ਤੁਹਾਨੂੰ ਇਸ ਨਾਲ ਦਿੱਕਤ ਨਹੀਂ ਹੋਵੇਗੀ।”
ਪਾਕਿਸਤਾਨੀ ਪੱਤਰਕਾਰ ਵਜ਼ਾਹਤ ਕਾਜ਼ਮੀ ਨੇ ਟਵਿੱਟਰ ਉੱਤੇ ਲਿਖਿਆ ਹੈ, “ਭਾਰਤੀ ਪੁਲਿਸ ਬੈਂਗਲੁਰੂ ਸਟੇਡੀਅਮ ਵਿੱਚ ਆਸਟ੍ਰੇਲੀਆ ਦੇ ਖਿਲਾਫ ਮੈਚ ਦੇ ਦੌਰਾਨ ਪਾਕਿਸਤਾਨੀ ਦਰਸ਼ਕਾਂ ਨੂੰ ਉਨ੍ਹਾਂ ਦੀ ਟੀਮ ਦਾ ਹੌਂਸਲਾ ਵਧਾਉਣ ਤੋਂ ਰੋਕ ਰਹੀ ਹੈ, ਇਹ ਭਾਰਤ ਲਈ ਬੇਹੱਦ ਸ਼ਰਮਿੰਦਗੀ ਦੀ ਗੱਲ ਹੈ।”
ਇਸ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਇੱਕ ਯੂਜ਼ਰ ਮੋਮਿਨ ਸਾਕਿਬ ਨੇ ਲਿਖਿਆ ਹੈ ਕਿ ਇਹ ਕਾਫੀ ਧੱਕਾ ਪਹੁੰਚਾਉਣ ਵਾਲਾ ਅਤੇ ਦੁਖੀ ਕਰਨ ਵਾਲਾ ਹੈ ਕਿ ਲੋਕਾਂ ਨੂੰ ਮੈਚ ਦੇ ਦੌਰਾਨ ਪਾਕਿਸਤਾਨ ਜ਼ਿੰਦਾਬਾਦ ਦਾ ਨਾਅਰਾ ਲਾਉਣ ਤੋਂ ਰੋਕਿਆ ਜਾ ਰਿਹਾ ਹੈ। ਇਹ ਖੇਡ ਭਾਵਨਾ ਦੇ ਖਿਲਾਫ਼ ਜਾਂਦਾ ਹੈ।
ਇਸ ਸ਼ਖ਼ਸ ਨੇ ਇਹ ਵੀ ਲਿਖਿਆ ਹੈ, “ਇਹ ਸ਼ਖ਼ਸ ਸਾਰੇ ਭਾਰਤੀ ਨਾਗਰਿਕਾਂ ਦੀ ਨੁਮਾਇੰਦਗੀ ਨਹੀਂ ਕਰਦਾ, ਪਰ ਇਸਦੇ ਵੱਲੋਂ ਇਸ ਪ੍ਰਸ਼ੰਸਕ ਨੂੰ ਅਜਿਹਾ ਕਰਨ ਤੋਂ ਰੋਕਣ ਦੇ ਲਈ ਜੋ ਵੀ ਕਾਰਨ ਦੱਸਿਆ ਗਿਆ ਹੋਵੇ, ਇਹ ਸਹੀ ਨਹੀਂ ਹੈ, ਇਹ ਕਾਨੂੰਨਨ ਨਹੀਂ ਹੈ, ਸੁਰੱਖਿਆ ਮੁਲਾਜ਼ਮਾਂ ਦੀ ਤਾਇਨਾਤੀ ਦਾ ਮਕਸਦ ਲੋਕਾਂ ਦੇ ਲਈ ਖੇਡ ਦਾ ਮਜ਼ਾ ਲੈਣ ਲਈ ਮਾਹੌਲ ਬਣਾਉਣਾ ਹੈ।”
"ਸਾਨੂੰ ਇਸ ਪਲ ਇਹ ਅਹਿਸਾਸ ਕਰਨਾ ਚਾਹੀਦਾ ਹੈ ਕਿ ਕ੍ਰਿਕਟ ਲੋੋਕਾਂ ਨੂੰ ਇਕੱਠੇ ਕਰਨ ਦਾ ਇੱਕ ਜ਼ਰੀਆ ਹੈ ਅਤੇ ਹਰ ਪ੍ਰਸ਼ੰਸਕ ਨੂੰ ਇੱਕ ਅੰਤਰਰਾਸ਼ਟਰੀ ਟੂਰਨਾਮੈਨਟ ਦੌਰਾਨ ਆਪਣੀ ਟੀਮ ਦੀ ਹੌਂਸਲਾ ਅਫ਼ਜ਼ਾਈ ਕਰਨ ਦਾ ਹੱਕ ਹੈ, ਆਈਸੀਸੀ ਅਤੇ ਬੀਸੀਸੀਆਈ ਨੂੰ ਇਸ ਮਾਮਲੇ ਦੀ ਜਾਂਚ ਕਰਨੀ ਚਾਹੀਦੀ ਹੈ ਤਾਂ ਜੋ ਸਾਰੇ ਲੋਕ ਵਰਲਡ ਕੱਪ ਮੈਚਾਂ ਦਾ ਮਜ਼ਾ ਲੈ ਸਕਣ ਅਤੇ ਇਹ ਸਾਰੇ ਲੋਕਾਂ ਦੇ ਲਈ ਸੁਰੱਖਿਅਤ ਥਾਂ ਬਣ ਸਕੇ।"
ਭਾਰਤੀ ਖੇਡ ਪੱਤਰਕਾਰ ਵਿਕ੍ਰਾਂਤ ਗੁਪਤਾ ਨੇ ਇਸ ਮੁੱਦੇ ਉੱਤੇ ਟਵੀਟ ਕਰਦੇ ਹੋਏ ਲਿਖਿਆ ਹੈ ਕਿ ਹਰ ਵਿਅਕਤੀ ਨੂੰ ਆਪਣੀ ਟੀਮ ਦਾ ਸਮਰਥਨ ਕਰਨ ਦਾ ਹੱਕ ਹੈ।
ਸੋਸ਼ਲ ਮੀਡੀਆ ਉੱਤੇ ਕੁਝ ਲੋਕਾਂ ਨੇ ਇਸ ਮਾਮਲੇ ਵਿੱਚ ਸੱਤਾਧਾਰੀ ਕਾਂਗਰਸ ਸਰਕਾਰ ਨੂੰ ਵੀ ਘੇਰਨ ਦੀ ਕੋਸ਼ਿਸ਼ ਕੀਤੀ ਹੈ।
ਰਵੀ ਚੰਦਰ ਨਾਮ ਦੇ ਟਵਿੱਟਰ ਯੂਜ਼ਰ ਲਿਖ ਰਹੇ ਹਨ, “ਇਹ ਕਾਂਗਰਸ ਸਰਕਾਰ ਦੇ ਅੰਦਰ ਬੈਂਗਲੁਰੂ ਦਾ ਹਾਲ ਹੈ, ਸ਼ਰਮ ਦੀ ਗੱਲ ਹੈ।”
ਟੀਐੱਮਸੀ ਨਾਲ ਜੁੜੇ ਇੱਕ ਸ਼ਖ਼ਸ ਭਾਰਤੇਂਦੂ ਸ਼ਰਮਾ ਨੇ ਲਿਖਿਆ ਹੈ, “ਇਸ ਤਰ੍ਹਾਂ ਦੀਆਂ ਘਟਨਾਵਾਂ ਤੁਰੰਤ ਬੰਦ ਹੋਣੀਆਂ ਚਾਹੀਦੀਆਂ ਹਨ, ਵਰਲਡ ਕੱਪ ਵਿੱਚ ਸੰਸਾਰ ਦੇ ਕਈ ਦੇਸ਼ ਸ਼ਾਮਲ ਹੁੰਦੇ ਹਨ, ਜਿਸ ਵਿੱਚ ਇਸ ਤਰੀਕੇ ਦੀਆਂ ਘਟਨਾਵਾਂ ਸਾਡੇ ਦੇਸ਼ ਦੇ ਲਈ ਦੁਨੀਆਂ ਭਰ ਵਿੱਚ ਸ਼ਰਮ ਦੀ ਗੱਲ ਬਣਦੀਆਂ ਹਨ, ਇਸ ਵਿੱਚ ਕੋਈ ਸ਼ਾਨ ਦੀ ਗੱਲ ਨਹੀਂ ਹੈ, ਬੀਸੀਸੀਆਈ ਨੂੰ ਸਖ਼ਤ ਕਦਮ ਚੁੱਕ ਕੇ ਇਹ ਸਭ ਰੋਕਣਾ ਚਾਹੀਦਾ ਹੈ।''''
ਕਿਵੇਂ ਰਿਹਾ ਦੋਵਾਂ ਟੀਮਾਂ ਦਾ ਪ੍ਰਦਰਸ਼ਨ
ਸ਼ੁੱਕਰਵਾਰ ਨੂੰ ਹੋਏ ਮੈਚ ਵਿੱਚ ਵਿੱਚ ਆਸਟ੍ਰੇਲੀਆ ਨੇ ਕੁੱਲ 50 ਓਵਰਾਂ ਵਿੱਚ 367 ਦੌੜਾਂ ਬਣਾਈਆਂ ਸਨ, ਜਦਕਿ ਪਾਕਿਸਤਾਨ ਦੀ ਟੀਮ ਦੇ ਸਾਰੇ ਖਿਡਾਰੀ 45.3 ਓਵਰਾਂ ਤੇ 305 ਦੌੜਾਂ ਉੱਤੇ ਆਲ ਆਊਟ ਹੋ ਗਏ ਸਨ।
ਆਸਟ੍ਰੇਲੀਆ ਨੇ ਕੁੱਲ 62 ਦੌੜਾਂ ਦੇ ਫ਼ਰਕ ਨਾਲ ਜਿੱਤ ਪ੍ਰਾਪਤ ਕੀਤੀ ਸੀ।
ਆਸਟ੍ਰੇਲੀਆ ਦੇ ਖਿਡਾਰੀ ਡੇਵਿਡ ਵਾਰਨਰ ਨੇ 124 ਗੇਂਦਾਂ ਉੱਤੇ 163 ਦੌੜਾਂ ਬਣਾਈਆਂ, ਮਿਚੇਲ ਮਾਰਸ਼ ਨੇ 108 ਗੇਂਦਾਂ ਉੱਤੇ 121 ਦੌੜਾਂ ਬਣਾਈਆਂ ਸਨ।
ਆਸਟ੍ਰੇਲੀਆ ਦੇ ਗੇਂਦਬਾਜ਼ ਐਡਮ ਜ਼ੰਪਾ ਨੇ ਚਾਰ ਵਿਕਟਾਂ ਲਈਆਂ।
ਪਾਕਿਸਤਾਨ ਵੱਲੋਂ ਬੱਲੇਬਾਜ਼ੀ ਕਰਨ ਵਾਲੇ ਇਮਾਮ ਉੱਲ ਹੱਕ ਨੇ 70 ਗੇਂਦਾਂ ਵਿੱਚ 71 ਦੌੜਾਂ ਬਣਾਈਆਂ ਜਦਕਿ ਅਬਦੁੱਲਾਹ ਸ਼ਫ਼ੀਕ ਨੇ 61 ਗੇਂਦਾਂ ਵਿੱਚ 64 ਦੌੜਾਂ ਬਣਾਈਆਂ।
ਪਾਕਿਸਤਾਨ ਆਪਣਾ ਅਗਲਾ ਮੈਚ ਅਫਗਾਨਿਸਤਾਨ ਦੇ ਖਿਲਾਫ ਸੋਮਵਾਰ ਨੂੰ ਖੇਡੇਗਾ ਅਤੇ ਆਸਟ੍ਰੇਲੀਆ ਅਤੇ ਨੀਦਰਲੈਂਡ ਵਰਲਡ ਕੱਪ ਦਾ 24 ਵਾਂ ਮੈਚ ਖੇਡਣਗੇ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)
ਭਾਰਤ ਦੇ ਵਿਦੇਸ਼ ਮੰਤਰਾਲੇ ਦਾ ਪ੍ਰਤੀਕਰਮ
NEXT STORY