ਇਸ ਮਹੀਨੇ, ਬ੍ਰਿਆਨ ਰਾਂਡਾਲ ਦੀ ਮੌਤ ਦੀ ਖ਼ਬਰ ਆਈ। ਉਹ ਇੱਕ ਪ੍ਰੋਫੈਸ਼ਨਲ ਫੋਟੋਗ੍ਰਾਫਰ ਸਨ ਅਤੇ ਅਦਾਕਾਰਾ ਸੈਂਡਰਾ ਬੁੱਲੌਕ ਦੇ ਪਾਰਟਨਰ ਸਨ।
ਸੈਂਡਰਾ ਦੀ ਮੁਲਾਕਾਤ ਇੱਕ ਪਰਿਵਾਰਕ ਸਮਾਗਮ ਵਿੱਚ ਫੋਟੋਗ੍ਰਾਫ਼ੀ ਕਰ ਰਹੇ ਬ੍ਰਿਆਨ ਨਾਲ ਹੋਈ ਸੀ।
ਬਦਕਿਸਮਤੀ ਨਾਲ, ਤਿੰਨ ਦਿਨ ਪਹਿਲਾਂ 54 ਸਾਲ ਦੀ ਉਮਰ ਵਿੱਚ, ਬ੍ਰਿਆਨ ਨੂੰ ਅਮਾਇਓਟ੍ਰੋਫਿਕ ਲੇਟਰਲ ਸਲੇਰੋਸਿਸ (ALS) ਡਾਇਗਨਾਸ ਹੋਇਆ ਸੀ। ਇਸ ਮੈਡੀਕਲ ਸਥਿਤੀ ਨੂੰ ‘ਲੋਊ ਗੇਹਰਿੰਗਜ਼’ ਰੋਗ ਵੀ ਕਿਹਾ ਜਾਂਦਾ ਹੈ।
ਸਾਲ 1939 ਵਿੱਚ ਇਸ ਰੋਗ ਤੋਂ ਪੀੜਤ ਹੋਣ ਵਾਲੇ ਅਮਰੀਕੀ ਬੇਸਬਾਲ ਪਲੇਅਰ ਦੇ ਸਨਮਾਨ ਵਿੱਚ ਇਹ ਨਾਮ ਪਿਆ।
ਇਸ ਬਿਮਾਰੀ ਨਾਲ ਕਈ ਲੋਕਾਂ ਦੀ ਜਾਨ ਗਈ, ਇਨ੍ਹਾਂ ਵਿੱਚ ਮੰਨੇ-ਪ੍ਰਮੰਨੇ, ਸਿਹਤਮੰਦ ਅਤੇ ਨੌਜਵਾਨ ਵੀ ਸ਼ਾਮਲ ਸਨ ਪਰ ਇਸ ਰੋਗ ਦਾ ਕਾਰਨ ਹਾਲੇ ਵੀ ਇੱਕ ਰਾਜ਼ ਹੀ ਹੈ।
ਹਾਲਾਂਕਿ, ਤਾਜ਼ਾ ਖੋਜ ਵਿੱਚ ਕੁਝ ਸੰਕੇਤ ਮਿਲੇ ਹਨ।
ALS ਕੀ ਹੈ ?
ਇਹ ਇੱਕ ਮੋਟਰ-ਨਿਊਰੋਨਲ ਰੋਗ ਹੈ। ਇਹ ਕਾਫ਼ੀ ਦਰਦਨਾਇਕ ਅਤੇ ਕਮਜ਼ੋਰ ਕਰ ਦੇਣ ਵਾਲੀ ਮੈਡੀਕਲ ਹਾਲਤ ਹੈ ਜਿਸ ਨਾਲ ਮੋਟਰ ਨਿਊਰੋਨਜ਼ (ਮਾਸਪੇਸ਼ੀਆਂ ਦੇ ਸਵੈ-ਇੱਛਤ ਹਿਲ-ਜੁਲ ਲਈ ਜ਼ਿੰਮੇਵਾਰ ਸੈੱਲ ) ਖ਼ਤਮ ਹੋਣ ਲਗਦੇ ਹਨ ਅਤੇ ਇਸ ਨਾਲ ਪੀੜਤ ਲੋਕ ਹੌਲੀ-ਹੌਲੀ ਆਪਣੇ ਸਰੀਰ ‘ਤੇ ਨਿਯੰਤਰਨ ਖੋਹ ਬੈਠਦੇ ਹਨ।
ਅੰਦਾਜ਼ਾ ਲਗਾਇਆ ਗਿਆ ਹੈ ਕਿ ਇਹ ਰੋਗ ਯੂ.ਐੱਸ ਵਿੱਚ 1 ਲੱਖ ਵਿੱਚੋਂ 5 ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ।
ਭਾਵੇਂ ਜ਼ਿਆਦਾਤਰ ਲੋਕ, ਇਸ ਰੋਗ ਦਾ ਨਿਦਾਨ ਹੋਣ ਤੋਂ ਲੈ ਕੇ ਕੁਝ ਕੁ ਸਾਲ ਤੱਕ ਹੀ ਜਿਉਂਦੇ ਰਹਿੰਦੇ ਹਨ ਪਰ ਕਈ ਅਪਵਾਦ ਵੀ ਹਨ ਜਿਵੇਂ ਕਿ ਸਟੀਫਨ ਹਾਕਿੰਗ, ਜਿਨ੍ਹਾਂ ਨੂੰ 21 ਸਾਲ ਦੀ ਉਮਰ ਵਿੱਚ ਇਹ ਰੋਗ ਹੋਣ ਬਾਰੇ ਪਤਾ ਲੱਗਿਆ ਸੀ ਅਤੇ 2018 ਵਿੱਚ ਉਨ੍ਹਾਂ ਦੀ 76 ਸਾਲ ਦੀ ਉਮਰ ਵਿੱਚ ਮੌਤ ਹੋਈ ਸੀ।
ਇਸ ਦੇ ਕਾਰਨ ਕਾਫ਼ੀ ਗੁੰਝਲਦਾਰ ਹਨ। ਇਸ ਰੋਗ ਨਾਲ ਪੀੜਤ 10-15 ਫੀਸਦੀ ਲੋਕਾਂ ਵਿੱਚ ਇਹ ਬਿਮਾਰੀ ਖ਼ਾਨਦਾਨੀ ਹੈ।
ਅਜਿਹੇ ਕੇਸਾਂ ਵਿੱਚ, ਕਿਸੇ ਖਾਸ ਜੀਨ ਵਿੱਚ ਮਿਊਟੇਸ਼ਨ (ਬਦਲਾਅ) ਪੀੜ੍ਹੀਆਂ ਦਰ ਪੀੜ੍ਹੀਆਂ ਟਰਾਂਸਫ਼ਰ ਹੁੰਦਾ ਰਿਹਾ ਹੋਏਗਾ।
ਇਹ ਸਪਸ਼ਟ ਨਹੀਂ ਹੈ ਕਿ ਜੇ ਤੁਹਾਡੇ ਮਾਪਿਆਂ ਜਾਂ ਪੂਰਵਜਾਂ ਵਿੱਚੋਂ ਕਿਸੇ ਇੱਕ ਨੂੰ ਇਹ ਰੋਗ ਹੈ ਤਾਂ ਕੀ ਤੁਹਾਡੇ ਵਿੱਚ ਵੀ ਇਹ ਰੋਗ ਆਏਗਾ ਜਾਂ ਨਹੀਂ।
ਪਰ ਜਦੋਂ ਲੋਕ ALS ਦੀ ਖ਼ਾਨਦਾਨੀ ਕਿਸਮ ਨਾਲ ਪੀੜਤ ਹੁੰਦੇ ਹਨ ਤਾਂ ਪ੍ਰਭਾਵਿਤ ਜੀਨ ਹਮੇਸ਼ਾ ਇੱਕੋ ਜਿਹਾ ਨਹੀਂ ਹੁੰਦਾ, ਹਾਲਾਂਕਿ ਇਸ ਦੇ ਨਤੀਜੇ ਇੱਕੋ ਜਿਹੇ ਹੁੰਦੇ ਹਨ।
ਰੋਗ ਦੇ ਕਾਰਨ
ਬਾਕੀ 85 ਫੀਸਦੀ ਪੀੜਤਾਂ ਵਿੱਚ ਇਸ ਦਾ ਕਾਰਨ ਪਤਾ ਲਗਾਉਣਾ ਹੋਰ ਵੀ ਗੁੰਝਲਦਾਰ ਹੈ।
ਜਦੋਂ ਕਿਸੇ ਦੇ ਪਰਿਵਾਰ ਵਿਚ ALS ਨਾ ਹੋਣ ਦੇ ਬਾਵਜੂਦ, ਉਨ੍ਹਾਂ ਵਿੱਚ ਇਸ ਦੇ ਹੋਣ ਬਾਰੇ ਨਿਦਾਨ ਹੋਵੇ ਤਾਂ ਇਸ ਨੂੰ ਬੇਤਰਤੀਬ ਅਤੇ ਅਨੋਖੀ ਘਟਨਾ ਮੰਨਿਆ ਜਾਂਦਾ ਹੈ।
ਤਾਜ਼ਾ ਖੋਜਾਂ ਵਿੱਚ ਸੰਕੇਤ ਮਿਲਦਾ ਹੈ ਕਿ ਜੈਨੇਟਿਕ ਮਿਊਟੇਸ਼ਨ ਵਿੱਚ ਕੋਈ ਸਬੰਧ ਹੋ ਸਕਦਾ ਹੈ। ਹਾਲਾਕਿ, ਇਸ ਵਿੱਚ ਖ਼ਾਨਦਾਨੀ ALS ਵਿੱਚ ਦੇਖੇ ਗਏ ਸਖ਼ਤ ਅਤੇ ਸਪਸ਼ਟ ਜੀਵ-ਵਿਗਿਆਨੀ ਨੁਕਸਾਂ ਦੇ ਮੁਕਾਬਲੇ, ਸ਼ਾਇਦ ਵੱਖੋ-ਵੱਖਰੇ ਜੀਨਜ਼ ਵਿੱਚ ਛੋਟੇ ਬਦਲਾਅ ਸ਼ਾਮਲ ਹਨ।
40 ਜੀਨਜ਼ ਤੱਕ ਵਿੱਚ ਬਦਲਾਅ ਨੂੰ ਇੱਕ ਇਨਸਾਨ ਦੇ ਇਸ ਕਿਸਮ ਦੇ ALS ਨਾਲ ਪੀੜਤ ਹੋਣ ਨਾਲ ਜੋੜ ਕੇ ਦੇਖਿਆ ਜਾਂਦਾ ਹੈ, ਹਾਲਾਂਕਿ ਇਹ ਹਾਲਤ ਕਾਫ਼ੀ ਵਿਲੱਖਣ ਹੈ।
ਯੁਨੀਵਰਸਿਟੀ ਆਫ ਮਿਸ਼ੀਗਨ ਵਿੱਚ ਨਿਓਰੋਲਾਜੀ ਦੇ ਪ੍ਰੋਫੈਸਰ ਈਵਾ ਫੇਲਡਮੈਨ ਕਹਿੰਦੇ ਹਨ, “ਖ਼ਾਨਦਾਨੀ ਕਾਰਕਾਂ ਇਸ ਬਿਮਾਰੀ ਦੀ ਵਿਆਖਿਆ 8 ਤੋਂ 60 ਫੀਸਦੀ ਤੱਕ ਕੀਤੀ ਜਾ ਸਕਦੀ ਹੈ।”
ਵਾਤਾਵਰਨ ਸਬੰਧੀ ਕਾਰਕ
ਹਾਲਾਂਕਿ, ਕੁਝ ਸਬੂਤ ਇਸ਼ਾਰਾ ਕਰਦੇ ਹਨ ਕਿ ਲੰਬੇ ਸਮੇਂ ਤੱਕ ਅਤੇ ਵਾਰ-ਵਾਰ ਬਾਹਰੀ ਵਾਤਾਵਰਨ ਵਿੱਚ ਬਿਮਾਰੀ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕਾਂ ਦੇ ਸੰਪਰਕ ਵਿੱਚ ਰਹਿਣ ਨਾਲ ALS ਦਾ ਖ਼ਤਰਾ ਵਧਾ ਜਾਂਦਾ ਹੈ।
ਫੇਲਡਮੈਨ ਕਹਿੰਦੇ ਹਨ, “ਅਸੀਂ ALS ਦੇ ਐਕਸਪੋਜ਼ਮ, ਜੋ ਕਿ ਇਸ ਰੋਗ ਦਾ ਖ਼ਤਰਾ ਵਧਾਉਣ ਵਾਲੇ ਜ਼ਹਿਰੀਲੇ ਵਾਤਾਵਰਣਕ ਕਾਰਕਾਂ ਦਾ ਜੋੜ ਹੈ, ਦੀ ਮੌਜੂਦਗੀ ਦਾ ਸ਼ੱਕ ਜਤਾਇਆ ਸੀ।”
ਟੀਮ ਨੇ ਖੋਜਿਆ ਹੈ ਕਿ ਜੈਵਿਕ ਰਸਾਇਣਾਂ, ਧਾਤਾਂ, ਕੀਟਨਾਸ਼ਕਾਂ, ਊਸਾਰੀ ਦੇ ਕੰਮਾਂ ਵਿੱਚ ਉੱਠਦੀ ਧੂੜ ਦੇ ਕਣ ਅਤੇ ਘੱਟ ਗੁਣਵੱਤਾ ਵਾਲੀ ਹਵਾ , ਇੱਕ ਇਨਸਾਨ ਅੰਦਰ ALS ਦਾ ਖ਼ਤਰਾ ਵਧਾਉਣ ਵਿੱਚ ਯੋਗਦਾਨ ਪਾ ਸਕਦੀ ਹੈ।
ALS ਐਸੋਸੀਏਸ਼ਨ ਦੇ ਮਿਸ਼ਨ ਡਾਇਰੈਕਟਰ ਨੀਲ ਠਾਕੁਰ ਕਹਿੰਦੇ ਹਨ ਕਿ ALS ਲਈ ਕੋਈ ਕਾਰਨ ਅਤੇ ਪ੍ਰਭਾਵ(ਕੌਜ਼ ਐਂਡ ਇਫੈਕਟ) ਨਹੀਂ ਹੈ।
ਉਹ ਕਹਿੰਦੇ ਹਨ, “ਇਹ ਹਮੇਸ਼ਾ ਕਈ ਕਾਰਕਾਂ ਦਾ ਸੁਮੇਲ ਹੁੰਦਾ ਹੈ। ਭਾਵੇਂ ਤੁਹਾਨੂੰ ਖ਼ਤਰਾ ਹੋਵੇ ਜਾਂ ਖ਼ਾਨਦਾਨ ਵਿਚ ਇਹ ਬਿਮਾਰੀ ਹੋਵੇ, ਫਿਰ ਵੀ ਇਹ ਸੌ ਫੀਸਦੀ ਪੱਕਾ ਨਹੀਂ ਹੁੰਦਾ ਕਿ ਤੁਹਾਨੂੰ ਇਹ ਰੋਗ ਹੋਏਗਾ ਹੀ।”
ਕੁਝ ਅਧਿਐਨ ਕਹਿੰਦੇ ਹਨ ਕਿ ਡੀਜ਼ਲ ਈਂਧਨ ਦੇ ਕਣ, ਏਵੀਏਸ਼ਨ ਈਂਧਣ, ਜਲਣਸ਼ੀਲ ਕਣ, ਕੀਟਨਾਸ਼ਕ ਅਤੇ ਐਰੋਸੋਲ ਇਨਸਾਨ ਵਿੱਚ ALS ਹੋਣ ਦਾ ਖ਼ਤਰਾ ਵਧਾ ਸਕਦੇ ਹਨ।
ਉਹ ਕਹਿੰਦੇ ਹਨ, “ਉਦਾਹਰਨ ਵਜੋਂ, ਮਿਲਟਰੀ ਵਾਲੇ ਜੋ ਕਿ ਅਜਿਹੇ ਕਾਰਕਾਂ ਦੇ ਸੰਪਰਕ ਵਿੱਚ ਕਾਫ਼ੀ ਰਹਿੰਦੇ ਹਨ, ਉਨ੍ਹਾਂ ਨੂੰ ਇਹ ਰੋਗ ਹੋਣ ਦੀ ਸੰਭਾਵਨਾ ਵਧੇਰੇ ਹੁੰਦੀ ਹੈ।”
ਇਹ ਵੀ ਸਬੂਤ ਹਨ ਕਿ ਪੀਣ ਵਾਲੇ ਪਾਣੀ ਵਿੱਚ ਹਾਨੀਕਾਰਕ ਧਾਤ, ਸਮੋਕਿੰਗ ਅਤੇ ਛੋਹ ਵਾਲੀਆਂ ਖੇਡਾਂ ਵੀ ALS ਦਾ ਖ਼ਤਰਾ ਵਧਾ ਸਕਦੀਆਂ ਹਨ।
ਫਿਰ ਵੀ ਹਾਲੇ ਤੱਕ ਕਾਫ਼ੀ ਅਨਿਸ਼ਚਿਤਤਾ ਹੈ। ALS ਦੇ ਨਿਦਾਨ ਤੋਂ ਪਹਿਲਾਂ ਅਲਕੋਹਲ ਅਤੇ ਸਿਗਰਟਨੋਸ਼ੀ ਦੇ ਪ੍ਰਭਾਵ ਬਾਰੇ ਅਧਿਐਨ ਦੱਸਦੇ ਹਨ ਕਿ ਜ਼ਰੂਰੀ ਨਹੀਂ ਕਿ ਸਿਗਰਟਨੋਸ਼ੀ ਨਾ ਕਰਨਾ ਇਨਸਾਨ ਨੂੰ ਇਸ ਰੋਗ ਤੋਂ ਬਚਾ ਦਿੰਦਾ ਹੈ।
ਇਸ ਹਾਲਤ ਦੇ ਕਾਰਨਾਂ ਬਾਰੇ ਖੋਜ ਕਰ ਰਹੇ ਵਿਗਿਆਨੀਆਂ ਅਤੇ ਡਾਕਟਰਾਂ ਲਈ ਇੱਕ ਚੁਣੌਤੀ ਇਹ ਵੀ ਹੈ ਕਿ ਇਹ ਇੱਕ ਵਿਲੱਖਣ ਰੋਗ ਹੈ। ਬਹੁਤ ਘੱਟ ਗਿਣਤੀ ਮਰੀਜ਼ਾਂ ਵਿੱਚੋਂ, ਕਈ ਮਰੀਜ਼ ਜਾਂ ਤਾਂ ਖੋਜ ਅਧਿਐਨਾਂ ਵਿੱਚ ਸ਼ਾਮਲ ਹੋਣਾ ਨਹੀਂ ਚਾਹੁੰਦੇ ਜਾਂ ਯੋਗ ਨਹੀਂ ਹੁੰਦੇ।
ਅਤੇ ਕਈ ਖ਼ਾਨਦਾਨੀ ਅਤੇ ਜੀਵਨ ਸ਼ੈਲੀ ਸਬੰਧੀ ਫਰਕ ਹੁੰਦੇ ਹਨ ਜੋ ਨਤੀਜਿਆਂ ਨੂੰ ਪ੍ਰਭਾਵਿਤ ਕਰ ਸਕਦੇ ਹਨ।
ਇੱਥੋਂ ਤੱਕ ਕਿ ਜੇ ਚਾਰ ਫੀਸਦੀ ਕੇਸਾਂ ਵਿੱਚ ਜੈਨੇਟਿਕ ਬਦਲਾਅ ਵੀ ਦਿਸੇ, ਬਹੁਤ ਘੱਟ ਲੋਕ ਹੋਣਗੇ ਜਿਨ੍ਹਾਂ ਵਿੱਚ ਇਹ ਫਰਕ ਕੀਤਾ ਜਾ ਸਕੇ ਕਿ ਕੌਣ ਖਾਸ ਰਸਾਇਣਾਂ ਦੇ ਸੰਪਰਕ ਵਿੱਚ ਆਏ ਅਤੇ ਕੌਣ ਨਹੀਂ।
ਠਾਕੁਰ ਕਹਿੰਦੇ ਹਨ, “ALS ਦੇ ਕਲੀਨਿਕਲ ਟ੍ਰਾਇਲ ਲਈ ਲੋੜੀਂਦੇ ਲੋਕਾਂ ਨੂੰ ਭਰਤੀ ਕਰਨ ਵਿੱਚ ਕਾਫ਼ੀ ਸਮਾਂ ਲਗਦਾ ਹੈ, ਕਿਉਂਕਿ ਇਹ ਰੋਗ ਬਹੁਤ ਜਲਦੀ ਵਧਦਾ ਹੈ ਅਤੇ ਸਿਰਫ਼ ਇਸ ਰੋਗ ਦੀਆਂ ਸ਼ੁਰੂਆਤੀ ਸਟੇਜਾਂ ਵਿਚ ਲੋਕ ਟ੍ਰਾਇਲ ਵਿੱਚ ਸ਼ਾਮਲ ਹੋਣ ਦੇ ਯੋਗ ਹੁੰਦੇ ਹਨ।”
ਜੇ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ALS ਹੈ ਅਤੇ ਤੁਹਾਡੇ ਅੰਦਰ ALS ਜੀਨ ਹੈ, ਤੁਸੀਂ ਪਤਾ ਕਰ ਸਕਦੇ ਹੋ ਕਿ ਕੀ ਤੁਸੀਂ ਅਜਿਹੇ ਟਰਾਇਲਜ਼ ਵਿੱਚ ਹਿੱਸਾ ਲੈ ਸਕਦੇ ਹੋ ਜਾਂ ਨਹੀਂ, ਇਸ ਨਾਲ ਤੁਹਾਡੀ ਵੀ ਤੇ ਹੋਰ ਲੋਕਾਂ ਦੀ ਵੀ ਮਦਦ ਹੋ ਸਕਦੀ ਹੈ।
ਫੇਲਡਮੈਨ ਵੀ ਕਹਿੰਦੇ ਹਨ ਕਿ ਜੈਨੇਟਿਕ ਅਤੇ ਵਾਤਾਵਰਣਕ ਕਾਰਕਾਂ ਦੇ ਸੰਯੁਕਤ ਖ਼ਤਰੇ ਬਾਰੇ ਵਿਸ਼ਲੇਸ਼ਣ ਕਰ ਰਹੀ ਉਨ੍ਹਾਂ ਦੀ ਟੀਮ ਦੀ ਖੋਜ ਵੀ ਇੱਕ ਚੁਣੌਤੀ ਹੈ ਕਿਉਂਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਮਲਟੀਪਲ ਜੀਨ, ALS ਦੇ ਪੌਲੀਜੈਨਿਕ ਰਿਸਕ ਪ੍ਰੋਫਾਈਲ ਵਿੱਚ ਯੋਗਦਾਨ ਪਾਉਂਦੇ ਹਨ।
ਉਹ ਕਹਿੰਦੇ ਹਨ, “ਇਹ ਰਿਸਕ ਪ੍ਰੋਫਾਈਲ, ਕਿਸੇ ਸ਼ਖ਼ਸ ਦੇ ਜੀਨਜ਼ ਵਿੱਚ ਰਵਾਇਤੀ ਖ਼ਤਰਿਆਂ ਨਾਲ ਜੁੜਦੀ ਹੈ। ਟੀਮ ਹੁਣ ਪੜਤਾਲ ਕਰ ਰਹੀ ਹੈ ਕਿ ਇਹ ਪੌਲੀਜੈਨਿਕ ਰਿਸਕ ਪ੍ਰੋਫਾਈਲ ਕਿਵੇਂ ਵਾਤਾਵਰਣਕ ਕਾਰਕਾਂ ਨਾਲ ਮਿਲ ਕੇ ALS ਦਾ ਕਾਰਨ ਬਣ ਸਕਦੀ ਹੈ।”
ਕੋਈ ਇਲਾਜ ਨਹੀਂ ਹੈ
ਇਸ ਵੇਲੇ, ਇਸ ਰੋਗ ਦਾ ਕੋਈ ਇਲਾਜ ਨਹੀਂ ਹੈ। ਪਰ ਯੂ.ਐਸ ਦੇ ਫੂਡ ਐਂਡ ਡਰੱਗ ਪ੍ਰਸ਼ਾਸਨ ਨੇ ਕਈ ਇਲਾਜ ਮਨਜ਼ੂਰ ਕੀਤੇ ਹਨ ਜੋ ਇਸ ਰੋਗ ਦੇ ਵਾਧੇ ਦੀ ਰਫ਼ਤਾਰ ਘੱਟ ਕਰਨ ਵਿੱਚ ਮਦਦ ਕਰ ਸਕਦੇ ਹਨ।
ਇਨ੍ਹਾਂ ਡਰੱਗਜ਼ ਵਿੱਚ , ਜੋ ਦਿਮਾਗ ਅਤੇ ਰੀੜ੍ਹ ਦੀ ਹੱਡੀ ਵਿੱਚ ਖਾਸ ਰਸਾਇਣਾਂ ਦਾ ਪੱਧਰ ਘਟਾਉਣ ਤੋਂ ਲੈ ਕੇ ਨਸ ਸੈੱਲਾਂ ਦਾ ਖ਼ਾਤਨਾਂ ਰੋਕਣ ਤੱਕ ਦੀਆਂ ਕਈ ਤਰ੍ਹਾਂ ਦੀਆਂ ਵਿਧੀਆਂ(ਮਕੈਨਿਜ਼ਮ) ਹਨ।
ਇੱਕ ਖਾਸ ਨੁਕਸਦਾਰ ਸੈੱਲ ਦੇ ਪ੍ਰਭਾਵ ਖ਼ਿਲਾਫ਼ ਇਲਾਜ ਨੂੰ ਸੇਧ ਦੇਣਾ ਵੀ ਸੰਭਵ ਜਾਪਦਾ ਹੈ। ਉਦਾਹਰਨ ਵਜੋਂ, SOD1 ਮਿਊਟੇਸ਼ਨ ਵੱਲੋਂ ਕੀਤੇ ਨੁਕਸਾਨ ਨਾਨ ਲੜਣ ਲਈ ਤਿਆਰ ਕੀਤੇ ਇੱਕ ਡਰੱਗ ਦੇ ਤਾਜ਼ਾ ਟ੍ਰਾਇਲ ਦੇ ਆਸਵੰਦ ਨਤੀਜੇ ਸਾਹਮਣੇ ਆਏ।
ਕਿਸ ਹੱਦ ਤੱਕ ਜੀਨ ਜਾਂ ਵਾਤਾਵਰਣਕ ਤੱਥ ਯੋਗਦਾਨ ਪਾ ਸਕਦੇ ਹਨ, ਇਸ ਬਾਰੇ ਹੋਰ ਅਧਿਐਨਾਂ ਦੀ ਲੋੜ ਹੈ।
ਠਾਕੁਰ ਕਹਿੰਦੇ ਹਨ, “ਅਸਲ ਸਵਾਲ ਇਹ ਨਹੀਂ ਕਿ ਲੋਕਾਂ ਨੂੰ ਇਹ ਰੋਗ ਕਿਉਂ ਹੁੰਦਾ ਹੈ, ਸਵਾਲ ਇਹ ਹੈ ਕਿ ਇਸ ਨੂੰ ਰੋਕਣ ਲਈ ਜਾਂ ਇਲਾਜ ਕਰਨ ਲਈ ਕੀ ਕੀਤਾ ਜਾ ਸਕਦਾ ਹੈ।”
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)
ਭਾਰਤ-ਕੈਨੇਡਾ ਮੁੱਦੇ ''ਤੇ ਬੋਲੇ ਵਿਦੇਸ਼ ਮੰਤਰੀ ਐਸ ਜੈਸ਼ੰਕਰ : ''ਅਸੀਂ ਵੀਜ਼ਾ ਸੇਵਾਵਾਂ ਮੁੜ ਤੋਂ ਜ਼ਰੂਰ ਸ਼ੁਰੂ...
NEXT STORY