ਅਮਰੀਕਾ ਵਿੱਚ ਰਹਿੰਦੇ ਕਰੀਬ 66 ਸਾਲਾ ਸਿੱਖ ਵਿਅਕਤੀ ਨੂੰ ਵੀਰਵਾਰ ਨੂੰ ਹਮਲਾਵਰ ਨੇ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ ਸੀ।
ਜਸਮੇਰ ਸਿੰਘ ਦੀ ਐਤਵਾਰ ਨੂੰ ਸੱਟਾਂ ਦੀ ਤਾਬ ਨਾ ਸਹਾਰਦਿਆਂ ਇੱਕ ਹਸਪਤਾਲ ਵਿੱਚ ਮੌਤ ਹੋ ਗਈ।
ਇਸ ਹਮਲੇ ਵਿੱਚ ਉਨ੍ਹਾਂ ਦੇ ਸਿਰ ਉੱਤੇ ਵੀ ਗੰਭੀਰ ਸੱਟਾਂ ਲੱਗੀਆਂ ਸਨ।
ਮ੍ਰਿਤਕ ਜਸਮੇਰ ਸਿੰਘ ਉੱਤੇ ਇਹ ਹਮਲਾ ਨਿਊਯਾਰਕ ਦੇ ਰਿਚਮੰਡ ਹਿੱਲ ਕੂਈਨਜ਼ ਇਲਾਕੇ ਵਿੱਚ ਹੋਇਆ ਸੀ।
ਖ਼ਬਰ ਏਜੰਸੀ ਪੀਟੀਆਈ ਮੁਤਾਬਕ ਜਸਮੇਰ ਸਿੰਘ ਉੱਤੇ ਹਮਲਾ 30 ਸਾਲਾ ਗਿਬਰਟ ਔਗਸਟੀਨ ਨੇ ਕੀਤਾ ਸੀ। ਉਸ ਨੂੰ ਨਿਊ ਯਾਰਕ ਦੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਹਮਲਾ ਅਮਰੀਕੀ ਸਿੱਖਾਂ ਵਿਰੁੱਧ ਪਿਛਲੇ ਹਫ਼ਤੇ ਵਿੱਚ ਵਾਪਰਿਆ ਦੂਜਾ ਅਪਰਾਧ ਹੈ।
ਇਸੇ ਹਫ਼ਤੇ ਇੱਕ 19 ਸਾਲਾ ਸਿੱਖ ਨੌਜਵਾਨ ਨਾਲ ਨਫ਼ਰਤੀ ਹਿੰਸਾ ਦੀ ਘਟਨਾ ਵਾਪਰੀ ਸੀ ਅਤੇ ਉਸ ਦੀ ਪੱਗ ਲਾਹੁਣ ਦੀ ਕੋਸ਼ਿਸ਼ ਕੀਤੀ ਗਈ ਸੀ।
ਨਿਊਯਾਰਕ ਦੇ ਮੇਅਰ ਅਤੇ ਅਸੈਂਬਲੀ ਮੈਂਬਰ ਨੇ ਸਥਾਨਕ ਸਿੱਖ ਭਾਈਚਾਰੇ ਨਾਲ ਹਮਦਰਦੀ ਜ਼ਾਹਰ ਕੀਤੀ ਹੈ।
ਮ੍ਰਿਤਕ ਦੇ ਪਰਿਵਾਰ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਇਸ ਘਟਨਾ ਨੂੰ ਨਫ਼ਰਤੀ ਅਪਰਾਧ ਮੰਨਿਆ ਜਾਵੇ।
ਕਿਵੇਂ ਹੋਇਆ ਹਮਲਾ
ਖ਼ਬਰ ਏਜੰਸੀ ਏਐੱਨਆਈ ਮੁਤਾਬਕ ਇਹ ਹਮਲਾ ਉਦੋਂ ਵਾਪਰਿਆ ਜਦੋਂ ਜਸਮੇਰ ਸਿੰਘ ਇੱਕ ਡਾਕਟਰ ਕੋਲ ਜਾਣ ਤੋਂ ਬਾਅਦ ਆਪਣੀ ਪਤਨੀ ਨੂੰ ਘਰ ਲੈ ਕੇ ਜਾ ਰਹੇ ਸਨ।
ਉਹ ਅਗਲੇ ਹਫ਼ਤੇ ਹੀ ਆਪਣੀ ਭਾਰਤ ਫ਼ੇਰੀ ਦੀ ਵੀ ਤਿਆਰੀ ਕਰ ਰਹੇ ਸਨ।
ਜਸਮੇਰ ਸਿੰਘ ਦੇ ਪੁੱਤਰ ਮੁਲਤਾਨੀ ਨੇ ਦੱਸਿਆ, “ਮੇਰੇ ਪਿਤਾ ਦੀ ਖੋਪੜੀ ਟੁੱਟੀ ਹੋਈ ਸੀ, ਅਤੇ ਅਗਲੇ ਦੋ ਦੰਦ ਟੁੱਟ ਗਏ ਸਨ।”
ਪੀਟੀਆਈ ਮੁਤਾਬਕ, ਨਿਊ ਯਾਰਕ ਡੇਲੀ ਨਿਊਜ਼ ਰਿਪੋਰਟ ਨੇ ਲਿਖਿਆ, “ਜਸਮੇਰ ਅਤੇ ਔਗਸਟੀਨ ਦੇ ਵਾਹਨਾਂ ਦੀ ਆਪਸ ਵਿੱਚ ਟੱਕਰ ਹੋਈ, ਦੋਵਾਂ ਗੱਡੀਆਂ ਉੱਤੇ ਝਰੀਟਾਂ ਆਈਆਂ ਅਤੇ ਡੈਂਟ ਪਏ।
“ਜਿਵੇਂ ਹੀ ਜਸਮੇਰ ਨੇ 911(ਪੁਲਿਸ) ਨੂੰ ਫੋਨ ਕਰਨ ਦੀ ਕੋਸ਼ਿਸ਼ ਕੀਤੀ, ਇੱਕ ਵਿਅਕਤੀ ਨੇ ਕਿਹਾ “ਪੁਲਿਸ ਨਹੀਂ, ਪੁਲਿਸ ਨਹੀਂ” ਅਤੇ ਫੋਨ ਖੋਹ ਲਿਆ।”
ਇਸੇ ਰਿਪੋਰਟ ਮੁਤਾਬਕ ਜਸਮੇਰ ਸਿੰਘ ਕਾਰ ਵਿੱਚੋਂ ਬਾਹਰ ਨਿਕਲੇ ਅਤੇ ਆਪਣਾ ਫੋਨ ਵਾਪਸ ਲੈਣ ਲਈ ਔਗਸਟੀਨ ਪਿੱਛੇ ਦੌੜੇ।
ਦੋਵਾਂ ਵਿੱਚ ਬਹਿਸ ਹੋਈ ਅਤੇ ਜਸਮੇਰ ਆਪਣਾ ਫੋਨ ਲੈ ਕੇ ਵਾਪਸ ਆਪਣੀ ਗੱਡੀ ਵੱਲ ਦੌੜੇ।
ਔਗਸਟੀਨ ਨੇ ਤਿੰਨ ਵਾਰੀ ਉਨ੍ਹਾਂ ਦੇ ਸਿਰ ਅਤੇ ਮੂੰਹ ਉੱਤੇ ਮੁੱਕੇ ਮਾਰੇ, “ਜਸਮੇਰ ਜ਼ਮੀਨ ਉੱਤੇ ਡਿੱਗ ਪਏ ਅਤੇ ਉਨ੍ਹਾਂ ਦੇ ਸਿਰ ਉੱਤੇ ਸੱਟ ਲੱਗੀ।
ਰਿਪੋਰਟ ਮੁਤਾਬਕ, “ਔਗਸਟੀਨ ਉੱਥੋਂ ਦੌੜ ਗਿਆ ਅਤੇ ਉਨ੍ਹਾਂ ਨੂੰ ਇੱਕ ਹਸਪਤਾਲ ਲਿਆਦਾ ਗਿਆ, ਜਿੱਥੇ ਉਨਾਂ ਦੀ ਮੌਤ ਹੋ ਗਈ।”
‘ਅਸੀਂ ਸਿੱਖ ਭਾਈਚਾਰੇ ਦੀ ਰੱਖਿਆ ਕਰਾਂਗੇ’- ਮੇਅਰ
ਨਿਊਯਾਰਕ ਦੇ ਮੇਅਰ ਐਰਿਕ ਐਡਮਜ਼ ਨੇ ਇਸ ਘਟਨਾ ਬਾਰੇ ਜਸਮੇਰ ਸਿੰਘ ਦੇ ਪਰਿਵਾਰ ਨਾਲ ਹਮਦਰਦੀ ਜ਼ਾਹਰ ਕੀਤੀ ਹੈ।ਉਨ੍ਹਾਂ ਕਿਹਾ ਕਿ ਉਹ ਸਿੱਖ ਭਾਈਚਾਰੇ ਦੀ ਰੱਖਿਆ ਕਰਨਗੇ।
ਉਨ੍ਹਾਂ ਨੇ ਆਪਣੇ ਐਕਸ ਅਕਾਊਂਟ ਉੱਤੇ ਲਿਖਿਆ, “ਜਸਮੇਰ ਸਿੰਘ ਆਪਣੇ ਸ਼ਹਿਰ ਨੂੰ ਪਿਆਰ ਕਰਦੇ ਸਨ ਅਤੇ ਉਹ ਇਸ ਦੁੱਖਦਾਈ ਮੌਤ ਦੇ ਹੱਕਦਾਰ ਨਹੀਂ ਸਨ।”
“ਸਾਰੇ ਨਿਊਯਾਰਕ ਨਿਵਾਸੀਆਂ ਦੇ ਵੱਲੋਂ ਮੈਂ ਇਹ ਚਾਹੁੰਦਾ ਹਾਂ ਕਿ ਸਿੱਖ ਭਾਈਚਾਰਾ ਨੂੰ ਇਹ ਗੱਲ ਪਤਾ ਲੱਗ ਜਾਵੇ ਕਿ ਅਸੀਂ ਸਿਰਫ਼ ਅਫ਼ਸੋਸ ਜ਼ਾਹਰ ਕਰਨ ਤੱਕ ਸੀਮਤ ਨਹੀਂ ਰਹਾਂਗੇ।”
“ਅਸੀਂ ਇਹ ਪਵਿੱਤਰ ਸਹੁੰ ਖਾਂਦੇ ਹਾਂ, ਅਸੀਂ ਉਸ ਨਫ਼ਰਤ ਨੂੰ ਨਕਾਰਦੇ ਹਾਂ, ਜਿਸ ਨੇ ਇਹ ਮਾਸੂਮ ਜ਼ਿੰਦਗੀ ਖੋਹ ਲਈ ਹੈ ਅਤੇ ਅਸੀਂ ਤੁਹਾਡੀ(ਸਿੱਖ ਭਾਈਚਾਰੇ) ਦੀ ਰੱਖਿਆ ਕਰਾਂਗੇ।”
‘ਇੱਕ ਹਫ਼ਤੇ ਵਿੱਚ ਦੋ ਘਟਨਾਵਾਂ ਨੇ ਸਦਮਾ ਪਹੁੰਚਾਇਆ’ ਅਸੈਂਬਲੀ ਮੈਂਬਰ
ਨਿਊਯਾਰਕ ਤੋਂ ਅਸੈਂਬਲੀ ਮੈਂਬਰ ਜੈਨੀਫ਼ਰ ਰਾਜਕੁਮਾਰ ਨੇ ਵੀ ਆਪਣੇ ਐਕਸ ਅਕਾਊਂਟ ਉੱਤੇ ਬਿਆਨ ਜਾਰੀ ਕੀਤਾ ਹੈ।
ਉਨ੍ਹਾਂ ਨੇ ਕਿਹਾ ਕਿ ਉਹ ਰਿੱਚਮੰਡ ਹਿੱਲ ਜੋ ਕਿ “ਨਿਊਯਾਰਕ ਦੀ ਸਿੱਖ ਕੈਪੀਟਲ(ਰਾਜਧਾਨੀ)” ਹੈ, ਦੀ ਨੁਮਾਇੰਦਗੀ ਕਰਦੇ ਹਨ।
ਉਨ੍ਹਾਂ ਲਿਖਿਆ, “ਪਿਛਲੇ ਸੱਤ ਦਿਨਾਂ ਵਿੱਚ ਰਿੱਚਮੰਡ ਹਿੱਲ ਵਿੱਚ ਅਮਰੀਕੀ ਸਿੱਖਾਂ ਨਾਲ ਦੋ ਅਜਿਹੀ ਘਟਨਾਵਾਂ ਵਾਪਰੀਆਂ ਹਨ, ਜਿਸਨੇ ਸਾਨੂੰ ਸਾਰਿਆਂ ਨੂੰ ਸਦਮਾ ਪਹੁੰਚਾਇਆ ਹੈ।”
“ਵੀਰਵਾਰ ਨੂੰ 65 ਸਾਲਾ ਜਸਮੇਰ ਸਿੰਘ ਉੱਤੇ ਹਮਲਾ ਹੋਇਆ, ਜਿਸ ਮਗਰੋਂ ਸੱਟਾਂ ਕਾਰਨ ਉਨ੍ਹਾਂ ਦੀ ਮੌਤ ਹੋ ਗਈ ।ਇਸੇ ਹਫ਼ਤੇ 19 ਸਾਲਾ ਮਨੀ ਸੰਧੂ, ਜੋ ਕਿ ਬੱਸ ਉੱਤੇ ਸਵਾਰ ਹੋ ਕੇ ਗੁਰਦੁਆਰੇ ਜਾ ਰਹੇ ਸਨ, ਦੀ ਕਿਸੇ ਨੇ ਪੱਗ ਉਤਾਰਨ ਦੀ ਕੋਸ਼ਿਸ਼ ਕੀਤੀ, ਉਸ ਨੂੰ ਇਹ ਕਿਹਾ ਗਿਆ ‘ਅਸੀਂ ਇਸ ਦੇਸ ਵਿੱਚ ਇਹ ਨਹੀਂ ਪਾਉਂਦੇ’।”
“ਮਨੀ ਸੰਧੂ ਦੇ ਸਿਰ ਦੇ ਪਿਛਲੇ ਪਾਸੇ ਮੁੱਕਾ ਵੀ ਮਾਰਿਆ ਗਿਆ।”
ਉਨ੍ਹਾਂ ਲਿਖਿਆ, “ਸਾਡੇ ਭਾਈਚਾਰੇ ਵਿੱਚ ਸਿੱਖ, ਈਸਾਈ, ਹਿੰਦੂ, ਮੁਸਲਮਾਨ ਅਤੇ ਯਹੂਦੀ ਇਕੱਠੇ ਪਿਆਰ ਨਾਲ ਇਕੱਠੇ ਰਹਿੰਦੇ ਰਹਿੰਦੇ ਹਨ, ਉਹ ਅਕਸਰ ਇੱਕੋ ਇਲਾਕੇ ਵਿੱਚ ਰਹਿੰਦੇ ਹਨ।”
“ਜਦੋਂ ਸਾਡੇ ਵਿੱਚੋਂ ਕਿਸੇ ਨਾਲ ਵੀ ਅਪਰਾਧ ਹੁੰਦਾ ਹੈ ਇਹ ਸਾਡੇ ਸਾਰਿਆਂ ਲਈ ਸਮਾਨ ਹੈ ਅਤੇ ਅਸੀਂ ਇੱਕ ਦੂਜੇ ਨਾਲ ਏਕੇ ਵਿੱਚ ਖੜ੍ਹੇ ਹਾਂ।”
ਉਨ੍ਹਾਂ ਲਿਖਿਆ, “ਸਿੱਖ ਰੱਖਿਆ ਕਰਦੇ ਹਨ, ਉਨ੍ਹਾਂ ਦਾ ਧਰਮ ਸੇਵਾ ਸਿਖਾਉਂਦਾ ਹੈ ਜਿਸ ਦਾ ਮਤਲਬ ਹੈ, ‘ਹਉਮੈ ਰਹਿਤ ਸੇਵਾ’।ਉਨ੍ਹਾਂ ਦਾ ਧਰਮ ਸਿਖਾਉਂਦਾ ਹੈ ਕਿ ਸਾਰਿਆਂ ਵਿੱਚ ਰੱਬ ਵੱਸਦਾ ਹੈ ਚਾਹੇ ਕੋਈ ਵੀ ਕਿਸੇ ਵੀ ਧਰਮ ਦਾ ਹੋਵੇ, ਅਤੇ ਉਨ੍ਹਾਂ ਦਾ ਧਰਮ ਕਹਿੰਦਾ ਹੈ ਕਿ ਉਹ ਮਨੁੱਖਤਾ ਦੇ ਭਲੇ ਲਈ ਵਚਨਬੱਧ ਹਨ।”
“ਉਨ੍ਹਾਂ ਦੀ ਅਰਦਾਸ ਵਿੱਚ ‘ਸਰਬੱਤ ਦਾ ਭਲਾ ਹੈ’, ਇਸ ਧਰਮ ਨੂੰ ਮੰਨਣਵਾਲੇ ਲੋਕ ਸਤਿਕਾਰ ਦੇ ਹੱਕਦਾਰ ਹਨ।”
“ਨਿਊ ਯਾਰਕ ਸਟੇਟ ਅਸੈਂਬਲੀ ਲਈ ਚੁਣੀ ਗਈ ਪਹਿਲੀ ਪੰਜਾਬੀ-ਅਮਰੀਕੀ ਵਜੋਂ ਮੈਂ ਹਮੇਸ਼ਾਂ ਅਮਰੀਕੀ ਸਿੱਖਾਂ ਅਤੇ ਹੋਰ ਧਰਮਾਂ ਦੇ ਲੋਕਾਂ ਦੀ ਅਜ਼ਾਦੀ ਅਤੇ ਸਨਮਾਨ ਲਈ ਕੰਮ ਕਰਾਂਗੀ।”
“ਮੈਂ ਨਿਊਯਾਰਕ ਸ਼ਹਿਰ ਦੇ ਮੇਅਰ ਐਰਿਕ ਐਡਮਜ਼, ਪੁਲਿਸ ਕਮਿਸ਼ਨਰ ਐਡਵਰ ਕੈਬਨ ਅਤੇ ਹੋਰਾਂ ਨਾਲ ਰਲ ਕੇ ਸਿੱਖ ਪਰਿਵਾਰ ਦੀ ਸੁਰੱਖਿਆ ਅਤੇ ਸ਼ਾਂਤੀ ਲਈ ਕੰਮ ਜਾਰੀ ਰੱਖਾਂਗੀ।”
‘ਨਫ਼ਰਤੀ ਅਪਰਾਧ ਮੰਨਿਆ ਜਾਵੇ’ - ਪਰਿਵਾਰ
ਖ਼ਬਰ ਏਜੰਸੀ ਏਐੱਨਆਈ ਮੁਤਾਬਕ ਜਸਮੇਰ ਸਿੰਘ ਦੇ ਪੁੱਤਰ ਮੁਲਤਾਨੀ ਨੇ ਸੀਬੀਐੱਸ ਨਿਊ ਯਾਰਕ, ਇੱਕ ਅਮਰੀਕੀ ਮੀਡੀਆ ਅਦਾਰਾ, ਉੱਤੇ ਐਤਵਾਰ ਨੂੰ ਮੁਲਜ਼ਮ ਉੱਤੇ ਨਫ਼ੳਮਪ;ਰਤੀ ਅਪਰਾਧ ਦੇ ਤਹਿਤ ਦੋਸ਼ ਆਇਦ ਕੀਤੇ ਜਾਣ ਦੀ ਮੰਗ ਕੀਤੀ।
ਆਪਣੇ ਪਿਤਾ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ, “ਉਹ ਬਹੁਤ ਪੜ੍ਹੇ ਲਿਖੇ, ਭਲੇ ਅਤੇ ਸਧਾਰਣ ਵਿਅਕਤੀ ਸਨ।”
“ਉਹ ਬਾਕੀਆਂ ਨਾਲੋਂ ਵੱਖਰੇ ਲੱਗਦੇ ਸਨ, ਉਹ ਪੱਗ ਬੰਨ੍ਹਦੇ ਸਨ।”
ਉਨ੍ਹਾ ਕਿਹਾ ਕਿ ਉਹ ਇਹ ਗੱਲ ਮੰਨਦੇ ਹਨ ਕਿ ਉਨ੍ਹਾਂ ਦੇ ਪਿਤਾ ਦੀ ਦਿੱਖ ਇਸ ਦਰਿੰਦਗੀ ਦਾ ਕਾਰਣ ਸੀ, ਸੀਬੀਐੱਸ ਮੁਤਾਬਕ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੇ ਪਿਤਾ ਦੀ ਮੌਤ ਨੂੰ ਨਫ਼ਰਤੀ ਅਪਰਾਧ ਮੰਨਿਆ ਜਾਵੇ।
ਮੁਲਤਾਨੀ ਨੇ ਕਿਹਾ ਕਿ, “ਉਹ ਵਿਅਕਤੀ(ਹਮਲਾਵਰ) ਮੇਰੇ ਪਿਤਾ ਦੀ ਪੌਸ਼ਾਕ ਅਤੇ ਪੱਗ ਨੂੰ ਸੰਬੋਧਤ ਹੋ ਰਿਹਾ ਸੀ। ਕਿਸੇ ਲਈ ਇਹ ਕੋਈ ਵੀ ਕਾਰਨ ਨਹੀਂ ਸੀ ਕਿ ਅਜਿਹਾ ਕਰੇ। ਮੇਰੇ ਪਿਤਾ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਇਹ ਨਫ਼ਰਤੀ ਅਪਰਾਧ ਹੋ ਸਕਦਾ ਹੈ।”
ਉਹ ਭਾਰਤ ਤੋਂ ਅਮਰੀਕਾ ਆਪਣੇ ਪਰਿਵਾਰ ਨੂੰ ਪਾਲਣ ਲਈ ਆਏ ਸਨ।
ਏਐੱਨਆਈ ਮੁਤਾਬਕ, ਜਾਂਚ ਕਰਨ ਵਾਲੇ ਅਫ਼ਸਰਾਂ ਮੁਤਾਬਕ ਕਾਰ ਦੇ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸਦੀ ਕਤਲ ਅਤੇ ਕੁੱਟਮਾਰ ਦੇ ਇਲਜ਼ਾਮਾਂ ਤਹਿਤ ਪੁੱਛਗਿੱਛ ਹੋ ਰਹੀ ਹੈ, ਪਰ ਨਫ਼ਰਤੀ ਅਪਰਾਧ ਤਹਿਤ ਨਹੀਂ।
ਨੌਜਵਾਨ ਦੀ ਦਸਤਾਰ ਲਾਹੁਣ ਦੀ ਕੋਸ਼ਿਸ਼ ਦੀ ਘਟਨਾ
ਪੀਟੀਆਈ ਦੀ ਰਿਪੋਰਟ ਮੁਤਾਬਕ 15 ਅਕਤੂਬਰ ਨੂੰ, ਨਿਊ ਯਾਰਕ ਸ਼ਹਿਰ ਦੇ ਉਪਨਗਰ ਕੁਈਨਜ਼ ਵਿੱਚ ਇੱਕ ਸ਼ਟਲ ਬੱਸ ਵਿੱਚ ਸਫ਼ਰ ਕਰ ਰਹੇ 19 ਸਾਲਾ ਸਿੱਖ ਵਿਅਕਤੀ ’ਤੇ ਦਸਤਾਰ ਬੰਨਣ ਕਰ ਕੇ ਕਥਿਤ ਤੌਰ ਉੱਤੇ ਹਮਲਾ ਕੀਤਾ ਗਿਆ ਸੀ।
ਹਮਲੇ ਵਿੱਚ ਨੌਜਵਾਨ ਜ਼ਖ਼ਮੀ ਹੋਇਆ ਸੀ।
ਪੁਲਿਸ ਵਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਹਮਲਾਵਰ ਨੇ ਪਹਿਲਾਂ ਪੀੜਤ ਨੂੰ ਦਸਤਾਰ ਲਾਹੁਣ ਲਈ ਕਿਹਾ ਸੀ।
ਪੁਲਿਸ ਮੁਤਾਬਕ, ਕ੍ਰਿਸਟੋਫ਼ਰ ਨਿਊ ਯਾਰਕ ਸਿਟੀ ਐੱਮਟੀਏ ਬੱਸ ਵਿੱਚ 19 ਸਾਲਾ ਸਿੱਖ ਲੜਕੇ ਕੋਲ ਗਿਆ ਅਤੇ ਉਸ ਦੀ ਪੱਗ ਦਾ ਹਵਾਲਾ ਦਿੰਦੇ ਹੋਏ ਉਹ ਲੜਕੇ ਨੂੰ ਸੰਬੋਧਿਤ ਹੋਇਆ, "ਅਸੀਂ ਇਸ ਦੇਸ਼ ਵਿੱਚ ਅਜਿਹਾ ਨਹੀਂ ਪਹਿਨਦੇ।”
ਕ੍ਰਿਸਟੋਫ਼ਰ ਨੇ ਪੱਗ ਨੂੰ ਨਿਕਾਬ ਦੱਸਦਿਆਂ ਉਸ ਨੂੰ ਉਤਾਰਨ ਨੂੰ ਕਿਹਾ ਸੀ।
ਪੁਲਿਸ ਦੇ ਮੁਤਾਬਕ ਸ਼ੱਕੀ ਨੇ ਪੀੜਤ ਦੇ ਚਿਹਰੇ, ਪਿੱਠ ਅਤੇ ਸਿਰ ਦੇ ਪਿਛਲੇ ਪਾਸੇ ਮੁੱਕੇ ਮਾਰੇ, ਜਿਸ ਨਾਲ ਉਸ ਦੇ ਸੱਟਾਂ ਲੱਗੀਆਂ।
ਪੁਲਿਸ ਨੇ ਕਿਹਾ ਕਿ ਵਿਅਕਤੀ ਨੇ ਬੱਸ ਤੋਂ ਉਤਰਨ ਅਤੇ ਉਸ ਤੋਂ ਪਹਿਲਾਂ ਨੌਜਵਾਨ ਦੇ ਸਿਰ ਤੋਂ ਪੱਗ ਉਤਾਰਨ ਦੀ ਕੋਸ਼ਿਸ਼ ਵੀ ਕੀਤੀ ਸੀ ਅਤੇ ਫ਼ਿਰ ਉਹ ਲਿਬਰਟੀ ਐਵੇਨਿਊ ਵੱਲ ਪੈਦਲ ਹੀ ਚਲਾ ਗਿਆ।
ਸਿੱਖ ਮੇਅਰ ਨੂੰ ਵੀ ਮਿਲੀਆਂ ਸਨ ਧਮਕੀਆਂ
ਅਮਰੀਕਾ ਦੀ ਸਟੇਟ ਨਿਊ ਜਰਸੀ ਵਿੱਚ ਹੋਬੋਕਨ ਸ਼ਹਿਰ ਦੇ ਪਹਿਲੇ ਸਿੱਖ ਮੇਅਰ ਰਵੀ ਭੱਲਾ ਨੂੰ ਵੀ ਪਿਛਲੇ ਸਾਲ ਅਸਤੀਫ਼ਾ ਦੇਣ ਲਈ ਧਮਕੀਆਂ ਮਿਲੀਆਂ ਸਨ।
ੳਨ੍ਹਾਂ ਬੀਤੇ ਦਿਨੀਂ ਇੰਟਰਵਿਊ ਵਿੱਚ ਕਿਹਾ ਕਿ ਉਨ੍ਹਾਂ ਨੁੰ ਕਈ ਚਿੱਠੀਆਂ ਮਿਲੀਆਂ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਸਿੱਖ ਧਰਮ ਨਾਲ ਸਬੰਧਤ ਹੋਣ ਲਈ ਵੀ ਨਿਸ਼ਾਨਾ ਬਣਾਇਆ ਗਿਆ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)
ਕੁਝ ਲੋਕਾਂ ਨੂੰ ਕਿਉਂ ਹੋ ਜਾਂਦੀ ਹੈ ਇਹ ਭੇਦਭਰੀ ਬਿਮਾਰੀ ਜਿਸ ਦਾ ਕੋਈ ਇਲਾਜ ਹੀ ਨਹੀਂ
NEXT STORY