ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਬੰਟੀ ਰੋਮਾਣਾ ਨੂੰ ਉਨ੍ਹਾਂ ਵੱਲੋਂ ਆਪਣੇ ਐਕਸ ਅਕਾਊਂਟ ਉੱਤੇ ਕਥਿਤ ਤੌਰ ‘ਤੇ ਜਾਅਲੀ ਵੀਡੀਓ ਪਾਉਣ ਦੇ ਇਲਜ਼ਾਮਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਸ ਮਗਰੋਂ ਸਿਆਸੀ ਮਾਹੌਲ ਵੀ ਗਰਮਾ ਗਿਆ ਹੈ।
ਪਰਮਬੰਸ ਸਿੰਘ ਬੰਟੀ ਰੋਮਾਣਾ, ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਵੀ ਹਨ, ਨੇ ਆਪਣੇ ਐਕਸ ਅਕਾਊਂਟ ਉੱਤੇ 25 ਅਕਤੂਬਰ ਨੂੰ ਇੱਕ ਵੀਡੀਓ ਪਾਈ ਸੀ।
ਇਸ ਵੀਡੀਓ ਵਿੱਚ ਪੰਜਾਬੀ ਗਾਇਕ ਕੰਵਰ ਗਰੇਵਾਲ ਸਟੇਜ ਉੱਤੇ ਨਜ਼ਰ ਆ ਰਹੇ ਹਨ। ਵੀਡੀਓ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬਾਰੇ ਆਡੀਓ ਸੁਣਾਈ ਦੇ ਰਹੀ ਹੈ।
ਬੰਟੀ ਰੋਮਾਣਾ ਨੇ ਵੀਡੀਓ ਦੇ ਨਾਲ ਲਿਖਿਆ ਸੀ, ‘ਕੰਵਰ ਗਰੇਵਾਲ ਦੀ ਭਗਵੰਤ ਮਾਨ ਨੂੰ ਸਲਾਹ ਤੇ ਚੇਤਾਵਨੀ।’
ਹਾਲਾਂਕਿ ਕੰਵਰ ਗਰੇਵਾਲ ਵੱਲੋਂ ਇੱਕ ਵੀਡੀਓ ਰਾਹੀਂ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਉਨ੍ਹਾਂ ਵੱਲੋਂ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਬਾਰੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਗਿਆ।
ਅਕਾਲੀ ਦਲ ਦੇ ਆਗੂ ਉੱਤੇ ਦਰਜ ਪਰਚੇ ਵਿੱਚ ਆਈਪੀਸੀ ਦੀਆਂ ਹੋਰਨਾਂ ਧਾਰਾਵਾਂ ਦੇ ਨਾਲ-ਨਾਲ ਆਈਟੀ ਐਕਟ ਦੀਆਂ ਧਾਰਾਵਾਂ ਵੀ ਲਾਈਆਂ ਗਈਆਂ ਹਨ। ਉਨ੍ਹਾਂ ਉੱਤੇ ਇਹ ਪਰਚਾ ਮੁਹਾਲੀ ਸਾਈਬਰ ਕ੍ਰਾਈਮ ਦੇ ਇੰਸਪੈਕਟਰ ਵੱਲੋਂ ਦਿੱਤੀ ਗਈ ਲਿਖਤੀ ਸ਼ਿਕਾਇਤ ਦੇ ਆਧਾਰ ਉੱਤੇ ਕੀਤਾ ਗਿਆ।
ਪਰਮਬੰਸ ਸਿੰਘ ਰੋਮਾਣਾ ਉੱਤੇ ਆਈਪੀਸੀ ਦੀਆਂ ਧਾਰਾਵਾਂ 468 (ਕਿਸੇ ਨੂੰ ਧੋਖਾ ਦੇਣ ਲਈ ਛੇੜਛਾੜ), 469(ਕਿਸੇ ਦੇ ਸਨਮਾਨ ਨੂੰ ਢਾਹ ਲਾਉਣ ਲਈ ਛੇੜਛਾੜ), 500(ਮਾਣਹਾਨੀ) ਅਤੇ ਇੰਫਰਮੇਸ਼ਨ ਟੈਕਨਾਲਜੀ ਐਕਟ 2000 (ਆਈ ਟੀ ਐਕਟ ਦੀਆਂ ਧਾਰਾਵਾਂ 43(i) ਅਤੇ 66 ਤਹਿਤ ਪਰਚਾ ਮੋਹਾਲੀ ਜ਼ਿਲ੍ਹੇ ਅਧੀਨ ਪੈਂਦੇ ਮਟੌਰ ਥਾਣੇ ਵਿੱਚ ਦਰਜ ਕੀਤਾ ਗਿਆ ਹੈ।
ਪਰਮਬੰਸ ਸਿੰਘ ਬੰਟੀ ਰੋਮਾਣਾ ਨੂੰ 14 ਦਿਨਾਂ ਲਈ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।
ਆਈਟੀ ਐਕਟ ਤਹਿਤ ਕੀ ਹੈ ਸਜ਼ਾ ਦੀ ਤਜਵੀਜ਼
ਭਾਰਤ ਸਰਕਾਰ ਦੇ ਪ੍ਰੈੱਸ ਇੰਨਫੌਰਮੇਸ਼ਨ ਬਿਊਰੋ (ਪੀਆਈਬੀ) ਮੁਤਾਬਕ ਆਈਟੀ ਐਕਟ ਦੀਆਂ 43 ਤੋਂ ਲੈ ਕੇ 74 ਤੱਕ ਦੀਆਂ ਧਾਰਾਵਾਂ ਹੈਕਿੰਗ ਅਤੇ ਸਾਈਬਰ ਐਕਟ ਨਾਲ ਸਬੰਧਤ ਹਨ।
ਧਾਰਾ 43(i) ਮੁਤਾਬਕ ਜਦੋਂ ਇੱਕ ‘ਬੌਡੀ’(ਕੰਪਨੀ, ਸੰਸਥਾ ਜਾਂ ਲੋਕਾਂ ਦਾ ਸਮੂਹ) ਆਪਣੇ ਕੋਲ ਮੌਜੂਦ ਸੰਵੇਦਨਸ਼ੀਲ ਸੂਚਨਾ ਨੂੰ ਸਾਂਭਣ ਵਿੱਚ ਕੁਤਾਹੀ ਕਰਦੀ ਹੈ ਅਤੇ ਇਸ ਰਾਹੀਂ ਕਿਸੇ ਨੂੰ ਗਲਤ ਘਾਟਾ ਜਾਂ ਲਾਭ ਪਹੁੰਚਦਾ ਹੈ। ਅਜਿਹੇ ਵਿੱਚ ਸੰਸਥਾ ਨੂੰ ਮੁਆਵਜ਼ਾ ਦੇਣਾ ਪਵੇਗਾ।
ਕਿਸੇ ਦੇ ਕੰਪਿਊਟਰ ਵਿੱਚ ਵਿਚੋਂ ਕਿਸੇ ਡਾਟਾ ਨਾਲ ਛੇੜਖਾਨੀ ਕਰਕੇ ਉਸਨੂੰ ਹੋਰ ਕੰਪਿਊਟਰਾਂ ਵਿੱਚ ਫੈਲਾਉਣਾ ਜਾ ਹੋਰਾਂ ਨੂੰ ਭੇਜਣਾ ਵੀ ਇਸ ਵਿੱਚ ਸ਼ਾਮਲ ਹੈ।
ਕਿਸੇ ਕੰਪਿਊਟਰ ਦੇ ਆਮ ਕੰਮਕਾਜ ਨੂੰ ਪ੍ਰਭਾਵਿਤ ਕਰਨਾ ਵੀ ਇਸੇ ਤਹਿਤ ਆਉਂਦਾ ਹੈ।
ਧਾਰਾ 66 ਮੁਤਾਬਕ ਜੇਕਰ ਕੋਈ ਵਿਅਕਤੀ ਬੇਇਮਾਨੀ ਨਾਲ ਅਤੇ ਧੋਖੇ ਨਾਲ ਧਾਰਾ 43 ਵਿੱਚ ਦੱਸੀ ਗਈ ਕਿਸੇ ਕਾਰਵਾਈ ਵਿੱਚ ਸ਼ਾਮਲ ਹੁੰਦਾ ਹੈ ਤਾਂ ਉਸਨੂੰ ਤਿੰਨ ਸਾਲਾਂ ਤੱਕ ਦੀ ਸਜ਼ਾ ਹੋ ਸਕਦੀ ਹੈ ਅਤੇ 5 ਲੱਖ ਤੱਕ ਦਾ ਮੁਆਵਜ਼ਾ ਦੇਣਾ ਪੈ ਸਕਦਾ ਹੈ।
ਪੀਆਈਬੀ ਦੀ ਵੈੱਬਸਾਈਟ ਮੁਤਾਬਕ "ਕੰਪਿਊਟਰ ਸਿਸਟਮ ਨਾਲ ਹੈਕਿੰਗ ਦੇ ਖੇਤਰ ਵਿੱਚ, ਕੋਈ ਵੀ ਵਿਅਕਤੀ ਜੋ ਇਹ ਜਾਣਦਾ ਹੈ ਕਿ ਉਹ ਜਨਤਾ ਨੂੰ ਨੁਕਸਾਨ ਪਹੁੰਚਾਉਣ ਦੀ ਸੰਭਾਵਨਾ ਰੱਖਦਾ ਹੈ"
"ਜਾਂ ਕੋਈ ਵਿਅਕਤੀ ਕੰਪਿਊਟਰ ਸਰੋਤ ਵਿੱਚ ਮੌਜੂਦ ਕਿਸੇ ਵੀ ਜਾਣਕਾਰੀ ਨੂੰ ਨਸ਼ਟ ਜਾਂ ਮਿਟਾ ਦਿੰਦਾ ਹੈ ਜਾਂ ਬਦਲਦਾ ਹੈ ਜਾਂ ਇਸਦੀ ਕੀਮਤ ਨੂੰ ਘਟਾਉਂਦਾ ਹੈ ਜਾਂ ਉਪਯੋਗਤਾ ਜਾਂ ਕਿਸੇ ਵੀ ਤਰੀਕੇ ਨਾਲ ਇਸ ਨੂੰ ਨੁਕਸਾਨਦੇਹ ਤੌਰ ''ਤੇ ਪ੍ਰਭਾਵਿਤ ਕਰਦਾ ਹੈ ਭਾਵ ਕਿ ਹੈਕਿੰਗ ਕਰਦਾ ਹੈ। "
"ਹੈਕਿੰਗ ਕਰਨ ਵਾਲੇ ਨੂੰ ਤਿੰਨ ਸਾਲ ਤੱਕ ਦੀ ਕੈਦ ਜਾਂ ਦੋ ਲੱਖ ਰੁਪਏ ਤੱਕ ਦਾ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ। ਇਹ ਵਿਵਸਥਾ ਐਕਟ ਦੀ ਧਾਰਾ 66 ਵਿੱਚ ਦਰਜ ਹੈ।"
ਐੱਫਆਈਆਰ ਵਿੱਚ ਕੀ ਦਰਜ ਹੈ
ਸ਼ਿਕਾਇਕਰਤਾ ਇੰਸਪੈਕਟਰ ਸੰਦੀਪ ਸਿੰਘ ਨੇ ਪੁਲਿਸ ਨੂੰ ਆਪਣੀ ਸ਼ਿਕਾਇਤ ਵਿੱਚ ਲਿਖਵਾਇਆ ਕਿ ਉਨ੍ਹਾਂ ਆਪਣੇ ਅਧਿਕਾਰਤ ਲੈਪਟੌਪ ਉੱਤੇ ਪਰਮਬੰਸ ਸਿੰਘ ਬੰਟੀ ਰੋਮਾਣਾ ਦੇ ਟਵਿੱਟਰ ਖਾਤੇ ੳੱਤੇ ਪਾਈ ਗਈ ਵੀਡੀਓ ਦੇਖੀ।
ਇੰਸਪੈਕਟਰ ਸੰਦੀਪ ਸਿੰਘ ਸਾਈਬਰ ਕ੍ਰਾਈਮ, ਐੱਸਏਐੱਸ ਨਗਰ ਮੋਹਾਲੀ ਵਿੱਚ ਇੰਚਾਰਜ ਵਜੋਂ ਤਾਇਨਾਤ ਹਨ।
ਐੱਫਆਈਆਰ ਵਿੱਚ ਦਰਜ ਹੈ ਕਿ ਇਹ ਵਾਇਰਲ ਕਲਿੱਪ ਉਕਤ ਗਾਇਕ ਦੇ 2014 ਦੇ ਸ਼ੌਅ ਦੀ ਹੈ ਅਤੇ ਇਹ ਵੀਡੀਓ ਨਾਲ ਕਿਸੇ ਖ਼ਾਸ ਮਕਸਦ ਨਾਲ ਛੇੜਛਾੜ ਕੀਤੀ ਗਈ ਹੈ।
“ਇਹ ਵੀਡੀਓ, ਜਿਸ ਨਾਲ ਕਿ ਛੇੜਛਾੜ ਕੀਤੀ ਗਈ ਹੈ, ਨੂੰ ਟਵਿੱਟਰ ਵਰਤੋਂਕਾਰ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਦੇ ਵੱਕਾਰ ਨੂੰ ਢਾਹ ਲਾਉਣ ਅਤੇ ਸਿਆਸੀ ਲਾਭ ਲੈਣ ਲਈ ਪਾਈ ਗਈ ਹੈ।”
“ਮੈਂ ਇਸ ਚਿੱਠੀ ਰਾਹੀ ਤੁਹਾਡੇ ਦਫ਼ਤਰ ਨੂੰ ਇਹ ਸੂਚਨਾ ਦਿੰਦਾ ਹਾਂ ਕਿ ਇਹ ਜਾਅਲੀ ਵੀਡੀਓ ਪੰਜਾਬ ਸਰਕਾਰ ਦੇ ਵੱਕਾਰ ਨੂੰ ਢਾਹ ਲਾ ਰਹੀ ਹੈ ਅਤੇ ਕਾਨੂੰਨ ਦੀ ਉਲੰਘਣਾ ਕਰ ਰਹੀ ਹੈ।
ਕੰਵਰ ਗਰੇਵਾਲ ਵੱਲੋਂ ਸਪੱਸ਼ਟੀਕਰਨ
ਪੰਜਾਬੀ ਗਾਇਕ ਕੰਵਰ ਗਰੇਵਾਲ ਵੱਲੋਂ ਇਸ ਬਾਰੇ ਆਪਣੇ ਸਪੱਸ਼ਟੀਕਰਨ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਦੀ ਵੀਡੀਓ ਨਾਲ ਛੇੜਛਾੜ ਕੀਤੀ ਗਈ ਹੈ।
ਉਨ੍ਹਾ ਕਿਹਾ ਕਿ ਸੋਸ਼ਲ ਮੀਡੀਆ ਉੱਤੇ ਅਜਿਹੀਆਂ ਹਰਕਤਾਂ ਨਹੀਂ ਕੀਤੀਆਂ ਜਾਣੀਆਂ ਚਾਹੀਦੀਆਂ।
ਉਨ੍ਹਾਂ ਕਿਹਾ, “ਸਾਨੂੰ ਮੁੱਖ ਮੰਤਰੀ ਦੇ ਅਹੁਦੇ ਦਾ ਸਤਿਕਾਰ ਕਰਨਾ ਚਾਹੀਦਾ ਹੈ।”
ਕੰਵਰ ਗਰੇਵਾਲ ਵੱਲੋਂ 2020-21 ਦੇ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਦੇ ਹੱਕ ਵਿੱਚ ਗੀਤ ਗਾਏ ਸਨ।
ਅਕਾਲੀ ਦਲ ਕੀ ਕਹਿ ਰਿਹਾ ਹੈ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਵੀਰਵਾਰ ਨੂੰ ਅਕਾਲੀ ਆਗੂ ਪਰਮਬੰਸ ਸਿੰਘ ਰੋਮਾਣਾ ਦੀ ਗ੍ਰਿਫ਼ਤਾਰੀ ਉੱਤੇ ਰੋਸ ਜ਼ਾਹਰ ਕੀਤਾ ਅਤੇ ਮੁਹਾਲੀ ਦੇ ਐੱਸਐੱਸਪੀ ਨੂੰ ਇੱਕ ਸ਼ਿਕਾਇਤ ਵੀ ਦਿੱਤੀ।
ਅਕਾਲੀ ਆਗੂਆਂ ਨੇ ਕਿਹਾ ਕਿ ਜਿਸ ਵੀਡੀਓ ਦੇ ਆਧਾਰ ’ਤੇ ਪਰਮਬੰਸ ਰੋਮਾਣਾ ਖਿਲਾਫ ਕੇਸ ਦਰਜ ਕੀਤਾ ਗਿਆ ਹੈ ਉਹ 2016 ਤੋਂ ਘੁੰਮ ਰਹੀ ਹੈ ਤੇ ਕਈ ਸਿਆਸੀ ਆਗੂਆਂ ਨੇ ਆਪਣੇ ਪੇਜਾਂ ’ਤੇ ਉਸਨੂੰ ਅਪਲੋਡ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਰਵਾਈ ਉਨ੍ਹਾਂ ਸਾਰਿਆਂ ਦੇ ਖਿਲਾਫ਼ ਹੋਣੀ ਚਾਹੀਦੀ ਹੈ ਜਿਨ੍ਹਾਂ ਨੇ ਇਹ ਵੀਡੀਓ ਐਡਿਟ ਕੀਤੀ ਨਾ ਕਿ ਕਿਸੇ ਇੱਕ ਦੇ ਖ਼ਿਲਾਫ਼।
ਆਮ ਆਦਮੀ ਪਾਰਟੀ ਦੇ ਆਗੂ ਕੀ ਕਹਿ ਰਹੇ ਹਨ
ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਇੱਕ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਕਿ ਅਕਾਲੀ ਦਲ ਕੋਲ ਮਾਨ ਸਰਕਾਰ ਖ਼ਿਲਾਫ਼ ਕੋਈ ਮੁੱਦਾ ਨਹੀਂ ਬਚਿਆ ਅਤੇ ਉਹ ਬੇਹੱਦ ਨੀਵੇਂ ਪੱਧਰ ਉੱਤੇ ਰਾਜਨੀਤੀ ਕਰ ਰਹੇ ਸਨ।
ਉਨ੍ਹਾਂ ਕਿਹਾ, "ਸੁਖਬੀਰ ਬਾਦਲ ਦੇ ਕਰੀਬੀ ਪੰਜਾਬ ਦੇ ਮੁੱਖਮੰਤਰੀ ਨੂੰ ਬਦਨਾਮ ਕਰ ਰਹੇ ਹਨ, ਤਾਂ ਜੋ ਉਹ ਸਿਆਸੀ ਫ਼ਾਇਦਾ ਲੈ ਸਕਣ।"
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)
ਖੁਦਾ ਬਖ਼ਸ਼: ਬੰਦ ਅੱਖਾਂ ਨਾਲ ਕਿਤਾਬ ਪੜ੍ਹਨ ਵਾਲਾ ਭਾਰਤੀ ਜਾਦੂਗਰ ਜਿਸ ਨੇ ਕਰਤਬਾਂ ਰਾਹੀਂ ਪੂਰੀ ਦੁਨੀਆਂ...
NEXT STORY