ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਸੀ ਕਿ ਪੜ੍ਹਨ ਤੋਂ ਉਨ੍ਹਾਂ ਨੇ ਆਪਣੇ ਬਾਰੇ ਜਾਣਿਆ ਹਨ ਕਿ ਕੌਣ ਹਨ ਅਤੇ ਕਿਸ ’ਚ ਵਿਸ਼ਵਾਸ ਕਰਦੇ ਹਨ।
ਪੜ੍ਹਨ ਦੀ ਆਦਤ ਤਣਾਅ ਨੂੰ ਘੱਟ ਕਰਨ ’ਚ ਮਦਦ ਕਰਦੀ ਹੈ, ਦਿਮਾਗ ਨੂੰ ਕਿਰਿਆਸ਼ੀਲ ਰੱਖਦੀ ਹੈ ਅਤੇ ਤੁਹਾਡੀ ਸੰਵੇਦਨਾ ਤੇ ਹਮਦਰਦੀ ਦੇ ਪੱਧਰ ਨੂੰ ਵੀ ਸੁਧਾਰਦੀ ਹੈ। ਇਸ ਦੇ ਨਾਲ ਹੀ ਕਿਤਾਬਾਂ ’ਚ ਦਰਜ ਹਰ ਤਰ੍ਹਾਂ ਦੀ ਜਾਣਕਾਰੀ ਵੀ ਤੁਹਾਡੇ ਤੱਕ ਪਹੁੰਚਦੀ ਹੈ।
ਨਿਊਯਾਰਕ ਦੇ ਦਿ ਨਿਊ ਸਕੂਲ ਆਫ਼ ਸੋਸ਼ਲ ਰਿਸਰਚ ਦੇ ਮੁਤਾਬਕ ਕਿਤਾਬਾਂ ਪੜ੍ਹਨ ਨਾਲ ਵਿਅਕਤੀ ਦੇ ਸਿਧਾਂਤਾਂ ’ਚ ਵੀ ਬਦਲਾਅ ਆ ਸਕਦਾ ਹੈ।
ਪਰ ਅੱਜ ਦੇ ਸਮੇਂ ’ਚ ਕਾਗਜ਼ ਜਾਂ ਕਿਤਾਬ ਆਧਾਰਿਤ ਪੜ੍ਹਾਈ ਤੋਂ ਲੋਕ ਹੌਲੀ-ਹੌਲੀ ਕੰਪਿਊਟਰ, ਟੈਬਲੇਟ, ਮੋਬਾਈਲ ਆਦਿ ਵਰਗੇ ਡਿਜੀਟਲ ਉਪਕਰਨਾਂ ਜ਼ਰੀਏ ਆਪਣਾ ਅਧਿਐਨ ਕਰ ਰਹੇ ਹਨ।
ਉਨ੍ਹਾਂ ਦਾ ਇਹ ਰੁਝਾਨ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਖ਼ਾਸ ਕਰਕੇ ਕੋਵਿਡ ਮਹਾਮਾਰੀ ਤੋਂ ਬਾਅਦ ਤਾਂ ਇਸ ਰੁਝਾਨ ’ਚ ਭਾਰੀ ਵਾਧਾ ਵੇਖਣ ਨੂੰ ਮਿਲਿਆ ਹੈ।
ਸਕਰੀਨ ’ਤੇ ਪੜ੍ਹਾਈ ਦੇ ਲਾਭ
ਵੈਸੇ ਤਾਂ ਡਿਜੀਟਲ ਮਾਧਿਅਮ ਰਾਹੀਂ ਪੜ੍ਹਨ ਦੇ ਆਪਣੇ ਸਪੱਸ਼ਟ ਲਾਭ ਤਾਂ ਹਨ, ਜਿਵੇਂ ਕਿ ਘੱਟ ਕੀਮਤ ਦੀ ਉਹੀ ਕਿਤਾਬ ਪੜ੍ਹਨਾ ਜਿਸ ਦੀ ਹਾਰਡ ਕਵਰ ਕਾਪੀ ਮਹਿੰਗੀ ਮਿਲਦੀ ਹੈ।
ਪਰ ਕਈ ਖੋਜਾਂ ਨੇ ਇਹ ਵੀ ਸਾਬਤ ਕੀਤਾ ਹੈ ਕਿ ਆਨ ਸਕਰੀਨ ਪੜ੍ਹਾਈ ਦੇ ਨੁਕਸਾਨ ਵੀ ਬਹੁਤ ਹਨ।
‘ਬੀਬੀਸੀ ਰੀਲ’ ’ਤੇ ਪ੍ਰਕਾਸ਼ਿਤ ਹੋਈ ਕਹਾਣੀ ‘ਵੱਟ ਡਜ਼ ਰੀਡਿੰਗ ਆਨ ਸਕਰੀਨ ਡੂ ਟੂ ਅਰ ਬ੍ਰੇਨ’ ਦੇ ਮੁਤਾਬਕ ਡਿਜੀਟੇਲਾਈਜ਼ੇਸ਼ਨ ਦੇ ਪ੍ਰਭਾਵਾਂ ’ਤੇ ਖੋਜ ਕਰਨ ਲਈ 30 ਤੋਂ ਵੀ ਵੱਧ ਦੇਸ਼ਾਂ ਦੇ ਵਿਦਵਾਨਾਂ ਅਤੇ ਵਿਗਿਆਨੀਆਂ ਨੂੰ ਇੱਕਠਿਆਂ ਖੋਜ ਕਰਨ ਲਈ ਲਗਾਇਆ ਗਿਆ ਸੀ।
ਇਸ ਖੋਜ ਤੋਂ ਬਾਅਦ ਕੀ ਤੱਥ ਸਾਹਮਣੇ ਆਏ , ਇਸ ਦੇ ਸਬੰਧ ’ਚ ਨਾਰਵੇ ਦੀ ਸਟਾਵੈਂਜਰ ਯੂਨੀਵਰਸਿਟੀ ਦੀ ਪ੍ਰੋਫੈਸਰ ਅਤੇ ਲੇਖਕ ਐਨੀ ਮੈਂਗੇਨ ਦਾ ਕਹਿਣਾ ਹੈ, “ਅਸੀਂ ਵੇਖਿਆ ਹੈ ਕਿ ਕਈ ਅਜਿਹੀਆਂ ਚੀਜ਼ਾਂ ਹਨ ਜਿੰਨ੍ਹਾਂ ਨੂੰ ਅਸੀਂ ਸਮਾਰਟ ਫ਼ੋਨ ’ਤੇ ਪੜ੍ਹ ਸਕਦੇ ਹਾਂ, ਜਿਸ ’ਚ ਛੋਟੀਆਂ ਖ਼ਬਰਾਂ ਦੇ ਅਪਡੇਟ ਵਰਗੀਆਂ ਚੀਜ਼ਾਂ ਸ਼ਾਮਲ ਹਨ।”
“ਪਰ ਇਸ ਖੋਜ ਨੇ ਸਾਡੇ ਸਾਹਮਣੇ ਕੁਝ ਹੋਰ ਤੱਥ ਵੀ ਰੱਖੇ, ਜਿਵੇਂ ਕਿ ਕਾਗਜ਼ ’ਤੇ ਪੜ੍ਹੀ ਗਈ ਸਮੱਗਰੀ ਦੀ ਤੁਲਨਾ ’ਚ ਸਕਰੀਨ ’ਤੇ ਪੜ੍ਹੀ ਗਈ ਸਮੱਗਰੀ ਨੂੰ ਸੌਖਿਆਂ ਸਮਝਣ ਦੀ ਸਮੱਰਥਾ ਘੱਟ ਹੁੰਦੀ ਹੈ।”
ਅਮਰੀਕਾ ਦੀ ਇੱਕ ਗ਼ੈਰ-ਸਰਕਾਰੀ ਸੰਸਥਾ ‘ਸੈਪੀਅਨ ਲੈਬਜ਼’ ਦੀ ਇੱਕ ਤਾਜ਼ਾ ਰਿਪੋਰਟ ਮੁਤਾਬਕ ਘੱਟ ਜਾਂ ਛੋਟੀ ਉਮਰ ਦੇ ਬੱਚਿਆਂ ਨੂੰ ਸਮਾਰਟਫ਼ੋਨ ਦੇਣ ਦੇ ਮਾੜੇ ਪ੍ਰਭਾਵ ਉਸ ਸਮੇਂ ਨਜ਼ਰ ਆਉਂਦੇ ਹਨ ਜਦੋਂ ਉਹ ਜਵਾਨ ਹੁੰਦੇ ਹਨ।
ਸਾਇੰਟਿਫ਼ਿਕ ਅਮੈਰੀਕਾਨਾ ਦੇ ਮੁਤਾਬਕ ਕਾਗਜ਼ ਦੀ ਤੁਲਨਾ ’ਚ ਜਦੋਂ ਅਸੀਂ ਸਕਰੀਨ ’ਤੇ ਪੜ੍ਹਦੇ ਹਾਂ ਤਾਂ ਸਾਡਾ ਦਿਮਾਗ ਜ਼ਿਆਦਾ ਸਰੋਤਾਂ ਦੀ ਵਰਤੋਂ ਕਰਦਾ ਹੈ ਅਤੇ ਨਾਲ ਹੀ ਜੋ ਕੁਝ ਅਸੀਂ ਸਕਰੀਨ ਜ਼ਰੀਏ ਪੜ੍ਹਦੇ ਹਾਂ ਦਿਮਾਗ ਲਈ ਉਸ ਨੂੰ ਲੰਮੇ ਸਮੇਂ ਤੱਕ ਯਾਦ ਰੱਖਣਾ ਔਖਾ ਹੁੰਦਾ ਹੈ।
ਇਸ ਲਈ ਅਸੀਂ ਕੀ ਅਤੇ ਕਿੰਨਾ ਪੜ੍ਹਦੇ ਹਾਂ ਉਸ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਉਸ ਸਮੱਗਰੀ ਨੂੰ ਕਿਸ ਮਾਧਿਅਮ ਰਾਹੀਂ ਪੜ੍ਹਦੇ ਹਾਂ।
ਕਿਉਂਕਿ ਇੱਕ ਮਨੁੱਖੀ ਦਿਮਾਗ ਪੜ੍ਹਾਈ ਕਰਨ ਨਾਲ ਪ੍ਰਭਾਵਿਤ ਹੁੰਦਾ ਹੈ। ਇਹ ਤੁਹਾਡੇ ਵਿਜ਼ੂਅਲ ਤਰਕ, ਸੋਚ ਅਤੇ ਭਾਵਨਾਤਮਕ ਤਰਕ ਨੂੰ ਇੱਕ ਨਵੇਂ ਸੰਬੰਧ ਨਾਲ ਜੋੜਦਾ ਹੈ।
‘ਬੱਚਿਆ ਨੂੰ ਇਲੈਕਟ੍ਰੋਨਿਕ ਉਪਕਰਨਾਂ ਦੀ ਵਰਤੋਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ’
ਅਸ਼ਵਿਕਾ ਭੱਟਾਚਾਰੀਆ 9ਵੀਂ ਜਮਾਤ ਦੀ ਵਿਦਿਆਰਥਣ ਹੈ।
ਉਹ ਹਮੇਸ਼ਾ ਹੀ ਆਪਣੀ ਜਮਾਤ ’ਚ ਪਹਿਲੇ ਨੰਬਰ ’ਤੇ ਆਉਂਦੀ ਹੈ। ਪਹਿਲਾਂ ਤਾਂ ਅਸ਼ਵਿਕਾ ਕਿਤਾਬਾਂ ਜ਼ਰੀਏ ਹੀ ਆਪਣਾ ਅਧਿਐਨ ਕਰਦੀ ਸੀ ਪਰ ਹੁਣ ਉਸ ਦਾ ਵੀ ਰੁਝਾਨ ਸਕਰੀਨ ਜ਼ਰੀਏ ਪੜ੍ਹਾਈ ਵੱਲ ਵਧ ਰਿਹਾ ਹੈ।
ਵੈਸੇ ਤਾਂ ਉਨ੍ਹਾਂ ਦੇ ਮਾਤਾ-ਪਿਤਾ ਨੇ ਉਸ ਨੂੰ ਪੜ੍ਹਨ ਲਈ ਕਿੰਡਲ ਟੈਬਲੇਟ ਦਿੱਤਾ ਹੋਇਆ ਹੈ, ਪਰ ਹੁਣ ਉਹ ਵੀ ਅਸ਼ਵਿਕਾ ਨੂੰ ਮੁੜ ਕਿਤਾਬਾਂ ਵੱਲ ਮੋੜਨਾ ਚਾਹੁੰਦੇ ਹਨ।
ਅਸ਼ਵਿਕਾ ਦੀ ਮਾਂ ਆਸਿਮਾ ਦਾ ਕਹਿਣਾ ਹੈ, “ਅਸੀਂ ਲਗਾਤਾਰ ਪੜ੍ਹ ਰਹੇ ਹਾਂ ਕਿ ਗੈਜੇਟਜ਼ ਦੀ ਜ਼ਿਆਦਾ ਵਰਤੋਂ ਕਰਨ ਨਾਲ ਅੱਖਾਂ ’ਤੇ ਕਈ ਤਰ੍ਹਾਂ ਦੇ ਮਾੜੇ ਪ੍ਰਭਾਵ ਪੈਂਦੇ ਹਨ। ਇਸ ਲਈ ਹੁਣ ਮੈਂ ਆਪਣੀ ਧੀ ਨੂੰ ਮੁੜ ਕਿਤਾਬਾਂ ਵੱਲ ਮੋੜਨਾ ਚਾਹੁੰਦੀ ਹਾਂ।”
ਦੂਜੇ ਪਾਸੇ ਅਸ਼ਵਿਕਾ ਦੀ ਦੋਸਤ ਆਦਿਆ ਦਾ ਕਹਿਣਾ ਹੈ ਕਿ ਤੁਸੀਂ ਰੋਜ਼ਾਨਾ ਥੋੜ੍ਹਾ-ਥੋੜ੍ਹਾ ਕਰਕੇ ਪੜ੍ਹ ਸਕਦੇ ਹੋ।
ਉਹ ਸੁਝਾਅ ਦਿੰਦੇ ਹੋਏ ਕਹਿੰਦੇ ਹਨ, “ਤੁਸੀਂ ਆਪਣੇ ਦੋਸਤ-ਮਿੱਤਰਾਂ ਅਤੇ ਅਧਿਆਪਕਾਂ ਤੋਂ ਚੰਗੀਆਂ ਕਿਤਾਬਾਂ ਬਾਰੇ ਪੁੱਛੋ ਅਤੇ ਆਪਣੀ ਰੁਚੀ ਮੁਤਾਬਕ ਕਿਤਾਬਾਂ ਪੜ੍ਹੋ।”
ਲਾਇਬ੍ਰੇਰੀ ਤੋਂ ਵੀ ਕਿਤਾਬਾਂ ਲਈਆਂ ਜਾ ਸਕਦੀਆਂ ਹਨ
ਬ੍ਰਿਟਿਸ਼ ਕਾਉਂਸਿਲ ਦੀ ਲਾਇਬ੍ਰੇਰੀ ਦੀ ਮੈਂਬਰ ਆਦਿਆ ਦਾ ਕਹਿਣਾ ਹੈ, “ਜ਼ਰੂਰੀ ਨਹੀਂ ਹੈ ਕਿ ਹਰ ਕਿਤਾਬ ਨੂੰ ਖ਼ਰੀਦ ਕੇ ਹੀ ਪੜ੍ਹਿਆ ਜਾਵੇ। ਤੁਸੀਂ ਸਕੂਲ ਜਾਂ ਆਪਣੀ ਨਜ਼ਦੀਕੀ ਲਾਈਬ੍ਰੇਰੀ ਦੇ ਮੈਂਬਰ ਵੀ ਬਣ ਸਕਦੇ ਹੋ।”
ਇੰਫੋਸਿਸ ਸਮੂਹ ਦੀ ਨਿਰਦੇਸ਼ਕ ਅਤੇ ਲੇਖਕ ਸੁਧਾ ਮੂਰਤੀ ਦਾ ਵੀ ਕਹਿਣਾ ਹੈ ਕਿ ਬੱਚਿਆਂ ਨੂੰ ਕਿਤਾਬਾਂ ਪੜ੍ਹਨ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ।
ਉਹ ਕਹਿੰਦੇ ਹਨ, “ਅੱਜ ਬੱਚਿਆਂ ਦੇ ਸਾਹਮਣੇ ਉਨ੍ਹਾਂ ਦਾ ਧਿਆਨ ਭਟਕਾਉਣ ਲਈ ਕਈ ਚੀਜ਼ਾਂ ਮੌਜੂਦ ਹਨ, ਜਿਵੇਂ ਕਿ ਇਲੈਕਟ੍ਰਾਨਿਕ ਯੰਤਰ। ਮੈਂ ਚਾਹਾਂਗੀ ਕਿ ਬੱਚੇ ਅਜਿਹੇ ਉਪਕਰਨਾਂ ਰਾਹੀਂ ਅੱਖਾਂ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਣ।”
ਪਦਮਸ਼੍ਰੀ ਸੁਧਾ ਮੂਰਤੀ ਨੇ ਜੈਪੁਰ ਸਾਹਿਤ ਮਹਾਉਤਸਵ ਦੌਰਾਨ ਕਿਹਾ ਸੀ, “ਘੱਟ ਤੋਂ ਘੱਟ 14 ਸਾਲ ਦੀ ਉਮਰ ਤੱਕ ਬੱਚਿਆਂ ’ਤੇ ਕਿਤਾਬਾਂ ਪੜ੍ਹਨ ਲਈ ਜ਼ੋਰ ਪਾਓ।”
“ਇਸ ਦੌਰਾਨ ਮਾਤਾ-ਪਿਤਾ ਨੂੰ ਆਪਣੇ ਬੱਚਿਆਂ ਨੂੰ ਇਲੈਕਟ੍ਰੋਨਿਕ ਉਪਕਰਨਾਂ ਤੋਂ ਪੂਰੀ ਤਰ੍ਹਾਂ ਨਾਲ ਦੂਰ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜਦੋਂ ਬੱਚੇ 16 ਸਾਲ ਦੇ ਹੋ ਜਾਣ ਤਾਂ ਤੁਸੀਂ ਉਨ੍ਹਾਂ ’ਤੇ ਇਹ ਛੱਡ ਸਕਦੇ ਹੋ ਕਿ ਉਹ ਭਵਿੱਖ ’ਚ ਕਿਤਾਬਾਂ ਪੜ੍ਹਨੀਆਂ ਜਾਰੀ ਰੱਖਣਾ ਚਾਹੁੰਦੇ ਹਨ ਜਾਂ ਫਿਰ ਨਹੀਂ।”
ਪੜ੍ਹਨ ਦੇ ਤਿੰਨ ਚਮਤਕਾਰੀ ਲਾਭ
ਬੀਬੀਸੀ ਦੇ ਸਹਿਯੋਗੀ ਡੈਨੀਅਲ ਨੀਲਜ਼ ਰੌਬਰਟਸ ਦੀ ਰੀਲ ‘ ਵੱਟ ਡਜ਼ ਰੀਡਿੰਗ ਆਨ ਸਕਰੀਨ ਡੂ ਟੂ ਆਰ ਬ੍ਰੇਨ’ ’ਚ ਬ੍ਰਿਟਿਸ਼ ਲੇਖਕ ਅਤੇ ਇਲਸਟ੍ਰੇਟਰ ਕ੍ਰੇਸਿਡਾ ਕਾਵੇਲ ਦਾ ਕਹਿਣਾ ਹੈ ਕਿ ਪੜ੍ਹਨ ਨਾਲ ਤਿੰਨ ਚਮਤਕਾਰੀ ਗੁਣ ਪੈਦਾ ਹੁੰਦੇ ਹਨ, ਰਚਨਾਤਮਕਤਾ, ਗਿਆਨ ਅਤੇ ਹਮਦਰਦੀ।
ਉਹ ਅੱਗੇ ਕਹਿੰਦੇ ਹਨ, “ਜੇਕਰ ਕਿਸੇ ਬੱਚੇ ਨੂੰ ਪੜ੍ਹਨਾ ਪਸੰਦ ਹੈ ਤਾਂ ਉਸ ਦੇ ਦੋ ਫ਼ਾਇਦੇ ਹਨ। ਇੱਕ ਤਾਂ ਉਸ ਦੇ ਗਿਆਨ ਦਾ ਦਾਇਰਾ ਵਧਦਾ ਹੁੰਦਾ ਹੈ ਅਤੇ ਦੂਜਾ ਭਵਿੱਖ ’ਚ ਉਹ ਆਰਥਿਕ ਪੱਖ ਤੋਂ ਵੀ ਸਫ਼ਲ ਹੋ ਸਕਦਾ ਹੈ।”
ਪੜ੍ਹਨ ਦੇ ਚਮਤਕਾਰੀ ਗੁਣ
• ਰਚਨਾਤਮਕਤਾ, ਗਿਆਨ ਅਤੇ ਹਮਦਰਦੀ
• ਦਿਮਾਗ ’ਚ ਵਿਜ਼ੂਅਲ, ਭਾਸ਼ਾ ਅਤੇ ਭਾਵਨਾਤਮਕ ਤਰਕ ਦਰਮਿਆਨ ਨਵੇਂ ਸੰਬੰਧ ਕਾਇਮ ਹੁੰਦੇ ਹਨ।
• ਪੜ੍ਹਨ ਨਾਲ ਗਿਆਨ ਅਤੇ ਆਰਥਿਕ ਦਾਇਰਾ ਵੱਧਦਾ ਹੈ।
• ਕਿਤਾਬਾਂ ਪੜ੍ਹਨ ਨਾਲ ਦਿਮਾਗ ਸ਼ਾਂਤ ਹੁੰਦਾ ਹੈ ਅਤੇ ਤਣਾਅ ਘੱਟਦਾ ਹੈ।
• ਸਕਰੀਨ ’ਤੇ ਪੜ੍ਹੀ ਸਮੱਗਰੀ ਨੂੰ ਲੰਮੇ ਸਮੇਂ ਤੱਕ ਯਾਦ ਰੱਖਣਾ ਮੁਸ਼ਕਲ ਹੁੰਦਾ ਹੈ।
ਪੜ੍ਹਨ ਦੀ ਸ਼ੁਰੂਆਤ ਕਦੋਂ ਹੋਈ ?
ਬੀਬੀਸੀ ਰੀਲ ਦੇ ਖੋਜ ਵਿਦਵਾਨ ਮੈਰੀਅਨ ਵੁਲਫ਼ ਦਾ ਕਹਿਣਾ ਹੈ ਕਿ ਪੜ੍ਹਨਾ ਇੱਕ ਕਲਾ ਹੈ , ਜਿਸ ਦਾ ਆਗਾਜ਼ ਕੁਝ ਛੇ ਹਜ਼ਾਰ ਸਾਲ ਪਹਿਲਾਂ ਹੋਇਆ ਸੀ।
ਉਹ ਅੱਗੇ ਦੱਸਦੇ ਹਨ , “ਇਸ ਦੀ ਸ਼ੁਰੂਆਤ ਕੁਝ ਇਸ ਤਰ੍ਹਾਂ ਦੀ ਗਿਣਤੀ ਤੋਂ ਹੋਈ ਸੀ ਕਿ ਜਿਵੇਂ ਸਾਡੇ ਕੋਲ ਸ਼ਰਾਬ ਦੇ ਕਿੰਨੇ ਭਾਂਡੇ ਜਾਂ ਭੇਡਾਂ ਹਨ। ਫਿਰ ਜਦੋਂ ਵਰਣਮਾਲਾ ਬਣਾਈ ਗਈ ਤਾਂ ਇਸ ਦੇ ਜ਼ਰੀਏ ਮਨੁੱਖ ਨੇ ਕਿਸੇ ਵੀ ਚੀਜ਼ ਨੂੰ ਪੜ੍ਹ ਕੇ ਯਾਦ ਰੱਖਣ ਅਤੇ ਜਾਣਕਾਰੀ ਹਾਸਲ ਕਰਨ ਦੀ ਕਲਾ ਸਿੱਖੀ।”
ਕਿਤਾਬਾਂ ਪੜ੍ਹਨੀਆਂ ਜ਼ਰੂਰੀ ਕਿਉਂ ਹਨ ?
ਆਰਟਸ ਅਤੇ ਹਿਊਮੈਨਿਟੀ ਦੇ ਸਹਾਇਕ ਡਾਇਰੈਕਟਰ ਅਕਾਦਮਿਕ ਸਲਾਹਕਾਰ ਡਾਕਟਰ ਐਮਿਲੀ ਬੁਲੌਕ ਨੇ ਰਚਨਾਤਮਕ ਲੇਖਨੀ ਦੇ ਲੈਕਚਰਾਰ ਡਾਕਟਰ ਜੋਆਨ ਰਿਅਰਡਨ ਦੇ ਨਾਲ ਮਿਲ ਕੇ ਬਣਾਈ ਗਈ ਰੀਲ ‘ਵੱਟ ਡਜ਼ ਰੀਡਿੰਗ ਆਨ ਸਕਰੀਨ ਡੂ ਟੂ ਰ ਬ੍ਰੇਨ’ ਵਿੱਚ ਬਲੈਕ ਗਰਲਜ਼ ਬੁੱਕ ਕਲੱਬ ਦੀ ਸੰਸਥਾਪਕ ਨਤਾਲੀ ਕਾਰਟਰ ਨੇ ਕਿਹਾ ਹੈ ਕਿ ਹਰ ਕਿਸੇ ਨੂੰ ਕਿਤਾਬਾਂ ਜ਼ਰੂਰ ਪੜ੍ਹਨੀਆਂ ਚਾਹੀਦੀਆਂ ਹਨ।
ਉਨ੍ਹਾਂ ਦਾ ਕਹਿਣਾ ਹੈ, “ਕਿਤਾਬਾਂ ਸਾਡੇ ਜੀਵਨ ਨੂੰ ਤਜਰਬਾ ਪ੍ਰਧਾਨ ਕਰਦੀਆਂ ਹਨ। ਇਹ ਜਾਣਕਾਰੀ ਨਾਲ ਭਰਪੂਰ ਹੁੰਦੀਆਂ ਹਨ। ਇਹ ਸਾਡੇ ਸਮਾਜ ਬਾਰੇ ਦੱਸਦੀਆਂ ਹਨ।”
“ਮੈਨੂੰ ਲੱਗਦਾ ਹੈ ਕਿ ਭਵਿੱਖ ’ਚ ਅਸੀਂ ਛੋਟੀਆਂ ਕਹਾਣੀਆਂ ਦੇ ਸੰਗ੍ਰਹਿ ਜ਼ਿਆਦਾ ਦੇਖਾਂਗੇ ਅਤੇ ਕਿਤਾਬਾਂ ਦਾ ਆਕਾਰ ਵੀ ਹੋਰ ਛੋਟਾ ਹੋ ਜਾਵੇਗਾ। ਜੇਕਰ ਕਿਤਾਬਾਂ ਦੀ ਹੋਂਦ ਨਾ ਹੋਵੇ ਤਾਂ ਅਸੀਂ ਮਰ ਜਾਵਾਂਗੇ, ਜ਼ਿੰਦਗੀ ਬਹੁਤ ਨੀਰਸ ਹੋ ਜਾਵੇਗੀ।”
ਬਿਬਲਿਓਥੈਰੇਪਿਸਟ ਐਲਾ ਬਰਥੋਡ ਦਾ ਕਹਿਣਾ ਹੈ, “ਜੇਕਰ ਕਿਤਾਬਾਂ ਨਾ ਹੁੰਦੀਆਂ ਤਾਂ ਅੱਜ ਅਸੀਂ ਜਿਸ ਤਰ੍ਹਾਂ ਦੇ ਮਨੁੱਖ ਹਾਂ ਉਸ ਤਰ੍ਹਾਂ ਦੇ ਕਦੇ ਨਾ ਹੁੰਦੇ।”
“ਮਨੁੱਖੀ ਜੀਵਨ ’ਚ ‘ਅੱਗ ਪੈਦਾ ਕਰਨ ਦੀ ਤਾਕਤ’ ਅਤੇ ‘ਪੜ੍ਹਨ ਦੀ ਕਲਾ’ ਆਉਣ ਨਾਲ ਸਭ ਤੋਂ ਵੱਡਾ ਬਦਲਾਅ ਹੋਇਆ ਸੀ।”
ਬਿਬਲਿਓਥੈਰੇਪੀ ਦੇ ਜ਼ਰੀਏ ਇੱਕ ਇਨਸਾਨ ਦੀ ਮਾਨਸਿਕ ਸਥਿਤੀ ਦਾ ਇਲਾਜ ਕੀਤਾ ਜਾਂਦਾ ਹੈ। ਇਸ ’ਚ ਹੋਰ ਰਿਵਾਇਤੀ ਇਲਾਜ ਦੇ ਤਰੀਕਿਆਂ ਦੇ ਨਾਲ-ਨਾਲ ਕਿਤਾਬਾਂ ਪੜ੍ਹਨਾ ਵੀ ਸ਼ਾਮਲ ਹੁੰਦਾ ਹੈ।
ਬਰਥੋਡ ਦਾ ਕਹਿਣਾ ਹੈ, “ਇੱਕ ਵਧੀਆ ਕਹਾਣੀ ਪੜ੍ਹਨਾ ਮਨੋਰੰਜਨ ਨਾਲੋਂ ਕਿਤੇ ਵਧੀਆ ਹੈ। ਪੜ੍ਹਨਾ ਇੱਕ ਤਰ੍ਹਾਂ ਨਾਲ ਕਿਸੇ ਇਲਾਜ ਨਾਲੋਂ ਘੱਟ ਨਹੀਂ ਹੈ।”
ਉਹ ਇੱਕ ਮਿਸਾਲ ਦਿੰਦੇ ਹੋਏ ਕਹਿੰਦੇ ਹਨ, “ਕਿਸੇ ਬੰਦ ਥਾਂ ’ਤੇ ਘੁਟਣ ਮਹਿਸੂਸ ਕਰਨਾ, ਥਕਾਵਟ ਅਤੇ ਗੁੱਸਾ ਵਰਗੀਆਂ ਚੀਜ਼ਾਂ ਦੇ ਲਈ ‘ਜ਼ੋਰਬਾ ਦ ਗ੍ਰੀਕ’ ਕਿਤਾਬ ਪੜ੍ਹਨ ਦੀ ਸਲਾਹ ਦਿੱਤੀ ਜਾਂਦੀ ਹੈ।”
“ਇਸ ਨਾਲ ਤੁਹਾਡਾ ਦਿਮਾਗ ਧਿਆਨ ਦੀ ਅਵਸਥਾ ’ਚ ਚਲਿਆ ਜਾਂਦਾ ਹੈ। ਇਹ ਉਹ ਪ੍ਰਕਿਰਿਆ ਹੈ ਜੋ ਕਿ ਦਿਲ ਦੀ ਧੜਕਣ ਨੂੰ ਸੰਤੁਲਿਤ ਕਰਦੀ ਹੈ ਅਤੇ ਇਸ ਨਾਲ ਤੁਸੀਂ ਸ਼ਾਂਤ ਹੋ ਜਾਦੇ ਹੋ ਅਤੇ ਨਾਲ ਇਹ ਤੁਹਾਡੇ ਦਿਮਾਗ ’ਚ ਚੱਲ ਰਹੀ ਚਿੰਤਾ ਨੂੰ ਵੀ ਘੱਟ ਕਰ ਦਿੰਦੀ ਹੈ।”
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)
ਪਰਾਲੀ ਤੋਂ ਸੀਜ਼ਨ ’ਚ ‘16 ਲੱਖ ਕਮਾਉਣ ਵਾਲਾ’ ਕਿਸਾਨ ਹੁਣ ਕਿਵੇਂ ਕਮਾਈ ਕਈ ਗੁਣਾ ਵਧਾਉਣ ਦੀ ਤਿਆਰੀ ਵਿੱਚ
NEXT STORY