ਸ਼ਨੀਵਾਰ ਨੂੰ ਗੁਰਦਾਸਪੁਰ ਵਿੱਚ ਟਰੈਕਟਰ ਨਾਲ ਸਟੰਟ ਕਰਦਿਆਂ ਹੋਏ ਹਾਦਸੇ ਕਾਰਨ ਇੱਕ 29 ਸਾਲਾ ਨੌਜਵਾਨ ਦੀ ਮੌਤ ਹੋ ਗਈ ਸੀ।
ਮ੍ਰਿਤਕ ਸੁਖਮਨਦੀਪ ਸਿੰਘ ਬਟਾਲਾ ਦੇ ਪਿੰਡ ਠੱਠਾ ਦੇ ਵਸਨੀਕ ਸਨ।
ਉਹ ਗੁਰਦਾਸਪੁਰ ਵਿੱਚ ਪੈਂਦੇ ਫਤਿਹਗੜ੍ਹ ਚੂੜੀਆਂ ਦੇ ਪਿੰਡ ਸਾਰਚੂਰ ਵਿੱਚ ਸ਼ਨੀਵਾਰ ਰਾਤ ਨੂੰ ਇੱਕ ਪੇਂਡੂ ਮੇਲੇ ਵਿੱਚ ਸਟੰਟ ਵਿਖਾ ਰਹੇ ਸਨ ਜਿੱਥੇ ਇਹ ਹਾਦਸਾ ਵਾਪਰਿਆ।
ਇਸ ਹਾਦਸੇ ਦੀ 30 ਸਕਿੰਟ ਦੀ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ।
ਇਸ ਵੀਡੀਓ ਵਿੱਚ ਟਰੈਕਟਰ ਦੇ ਅਗਲੇ ਟਾਇਰ ਹਵਾ ਵਿੱਚ ਉੱਪਰ ਚੁੱਕੇ ਹੋਏ ਨਜ਼ਰ ਆਉਂਦੇ ਹਨ ਅਤੇ ਟਰੈਕਟਰ ਹੇਠਲੇ ਟਾਇਰਾਂ ਦੇ ਸਹਾਰੇ ਮਿੱਟੀ ਦੇ ਤਲ ਉੱਤੇ ਗੋਲ-ਗੋਲ ਘੁੰਮਦਾ ਦਿਖਾਈ ਦਿੰਦਾ ਹੈ।
ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਅੱਗਰਵਾਲ ਮੁਤਾਬਕ ਉਨ੍ਹਾਂ(ਸੁਖਮਨਦੀਪ) ਵੱਲੋਂ ਟਰੈਕਟਰ ਨੂੰ ਬਿਨਾਂ ਡਰਾਈਵਰ ਦੇ ਘੁਮਾਇਆ ਜਾ ਰਿਹਾ ਸੀ ਅਤੇ ਜਦੋਂ ਸਟੰਟਮੈਨ ਟਰੈਕਟਰ ਨੂੰ ਕੰਟਰੋਲ ਕਰਨ ਲਈ ਜਾਂਦੇ ਹਨ ਤਾਂ ਉਹ ਇਸਦੇ ਹੇਠਾਂ ਆ ਜਾਂਦੇ ਹਨ।
ਉਨ੍ਹਾਂ ਦੱਸਿਆ ਕਿ ਹਾਦਸੇ ਵਿੱਚ ਸੁਖਮਨਦੀਪ ਬੁਰੀ ਤਰ੍ਹਾ ਜ਼ਖਮੀ ਹੋਏ ਸਨ ਅਤੇ ਹਸਪਤਾਲ ਲਿਜਾਂਦਿਆਂ ਉਨ੍ਹਾਂ ਦੀ ਮੌਤ ਹੋ ਗਈ।
ਸੋਮਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਟਰੈਕਟਰ ਸਟੰਟਾਂ ਉੱਤੇ ਰੋਕ ਲਾਉਣ ਬਾਰੇ ਐਲਾਨ ਕੀਤਾ ਗਿਆ।
ਉਨ੍ਹਾਂ ਆਪਣੇ ਐਕਸ ਅਕਾਊਂਟ ਉੱਤੇ ਲਿਖਿਆ, " ਪਿਆਰੇ ਪੰਜਾਬੀਓ ਟਰੈਕਟਰ ਨੂੰ ਖੇਤਾਂ ਦਾ ਰਾਜਾ ਕਿਹਾ ਜਾਂਦਾ ਹੈ..ਇਹਨੂੰ ਮੌਤ ਦਾ ਦੂਤ ਨਾ ਬਣਾਓ.. ਟਰੈਕਟਰ ਅਤੇ ਸਬੰਧਤ ਸੰਦਾਂ ਨਾਲ ਕਿਸੇ ਵੀ ਕਿਸਮ ਦੇ ਸਟੰਟ ਜਾਂ ਖਤਰਨਾਕ ਪ੍ਰਦਰਸ਼ਨ ਤੇ ਪੰਜਾਬ ਚ ਪਾਬੰਦੀ ਲਗਾਈ ਜਾ ਰਹੀ ਹੈ..ਬਾਕੀ ਵੇਰਵੇ ਜਲਦੀ..”
ਕੌਣ ਸਨ ਸੁਖਮਨਦੀਪ ਸਿੰਘ
ਸੁਖਮਨਦੀਪ ਸਿੰਘ ਨੇ ਟਰੈਕਟਰ ਉੱਤੇ ਕਰਤੱਬ ਦਿਖਾਉਣ ਨਾਲ ਆਪਣੀ ਪਛਾਣ ਬਣਾਈ ਸੀ।
ਉਨ੍ਹਾਂ ਦੇ ਇੰਸਟਾਗ੍ਰਾਮ ਉੱਤੇ 14 ਹਜ਼ਾਰ ਦੇ ਕਰੀਬ ਫੋਲੋਅਰ ਸਨ ਅਤੇ ਉਹ ਯੂਟਊਬ ਉੱਤੇ ਵੀ ਪਿਛਲੇ ਛੇ ਸਾਲਾਂ ਤੋਂ ਆਪਣੀਆਂ ਵੀਡੀਓ ਪਾ ਰਹੇ ਸਨ।
‘ਦ ਗਰੇਟ ਪੰਜਾਬ’ ਨਾਂਅ ਦੇ ਇੱਕ ਯੂਟਊਬ ਚੈਨਲ ਉੱਤੇ ਆਪਣੀ ਇੰਟਰਵਿਊ ਵਿੱਚ ਉਹ ਦੱਸਦੇ ਹਨ, ਉਹ ਜਿੰਨਾ ਪਿਆਰ ਆਪਣੇ ਪੁੱਤ ਨੂੰ ਕਰਦੇ ਹਨ ਓਨਾ ਹੀ ਆਪਣੇ ਟਰੈਕਟਰ ਨੂੰ ਕਰਦੇ ਹਨ।
ਇਸ ਇੰਟਰਵਿਊ ਵਿੱਚ ਉਹ ਆਪਣਾ ਟਰੈਕਟਰ ਵੀ ਦਿਖਾਉਂਦੇ ਹਨ, ਜਿਸ ਵਿੱਚ ਉਨ੍ਹਾਂ ਨੇ ਸਟੰਟ ਕਰਨ ਲਈ ਖ਼ਾਸ ਬਦਲਾਅ ਕੀਤੇ ਹਨ।
ਉਹ ਦੱਸਦੇ ਹਨ ਕਿ ਉਨ੍ਹਾਂ ਨੇ ਖੇਤੀਬਾੜੀ ਲਈ ਇੱਕ ਵੱਖਰਾ ਟਰੈਕਟਰ ਰੱਖਿਆ ਹੋਇਆ ਹੈ।
ਉਹ ਕਹਿੰਦੇ ਹਨ ਕਿ ਉਹ ਇਹ ਕੰਮ ਸ਼ੌਂਕ ਵਜੋਂ ਕਰਦੇ ਹਨ ਅਤੇ ਉਨ੍ਹਾਂ ਨੂੰ ਇਹ ਕਰਦਿਆਂ ਡਰ ਨਹੀਂ ਲੱਗਦਾ।
ਉਨ੍ਹਾਂ ਦੇ ਇੰਸਟਾਗ੍ਰਾਮ ਅਕਾਊਂਟ ਉੱਤੇ ਉਨ੍ਹਾਂ ਵੱਲੋਂ ਟਰੈਕਟਰ ਰਿਪੇਅਰ ਕਰਦਿਆਂ ਦੀਆਂ ਵੀਡੀਓਜ਼ ਵੀ ਪਾਈਆਂ ਗਈਆਂ ਹਨ।
ਉਨ੍ਹਾਂ ਵੱਲੋਂ ਪੰਜਾਬੀ ਗੀਤਾਂ ਦੀ ਵੀਡੀਓ ਲਈ ਵੀ ਸਟੰਟ ਕੀਤੇ ਗਏ ਹਨ।
‘ਪ੍ਰਸ਼ਾਸਨ ਕੋਲੋਂ ਨਹੀਂ ਲਈ ਗਈ ਸੀ ਮਨਜ਼ੂਰੀ’
ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਇਹ ਮੇਲਾ ਨਿੱਜੀ ਪੱਧਰ ਉੱਤੇ ਕਰਵਾਇਆ ਗਿਆ ਸੀ ਅਤੇ ਪ੍ਰਬੰਧਕਾਂ ਵੱਲੋਂ ਪ੍ਰਸ਼ਾਸਨ ਕੋਲੋਂ ਸਿਰਫ਼ ਲਾਊਡ ਸਪੀਕਰ ਚਲਾਉਣ ਦੀ ਮਨਜ਼ੂਰੀ ਲਈ ਗਈ ਸੀ।
ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਸਾਰੇ ਅਫ਼ਸਰਾਂ ਨੂੰ ਇਹ ਹੁਕਮ ਕੀਤੇ ਗਏ ਹਨ ਕਿ ਉਹ ਅਜਿਹੇ ਪ੍ਰੋਗਰਾਮਾਂ ਦੀ ਮਨਜ਼ੂਰੀ ਦੇਣ ਤੋਂ ਪਹਿਲਾਂ ਪੂਰੀ ਤਰ੍ਹਾਂ ਪੜਤਾਲ ਕੀਤੀ ਜਾਵੇ ਅਤੇ ਪ੍ਰਬੰਧਕਾਂ ਕੋਲੋਂ ਹਲਫ਼ੀਆ ਬਿਆਨ ਲਿਆ ਜਾਵੇ।
ਕੀ ਹੈ ਟਰੈਕਟਰ ਸਟੰਟਾਂ ਦਾ ਟਰੈਂਡ
ਇਸ ਹਾਦਸੇ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਪੰਜਾਬ ਵਿੱਚ ਟਰੈਕਟਰ ਉੱਤੇ ਕਰਤੱਬ ਦੇ ਟਰੈਂਡ ਬਾਰੇ ਚਰਚਾ ਸ਼ੁਰੂ ਹੋ ਗਈ ਹੈ।
ਕਈ ਲੋਕਾਂ ਵੱਲੋਂ ਇਸ ਉੱਤੇ ਪੂਰੀ ਤਰ੍ਹਾਂ ਰੋਕ ਲਾਉਣ ਬਾਰੇ ਵੀ ਕਿਹਾ ਜਾ ਰਿਹਾ ਹੈ।
ਪਿਛਲੇ ਸਮੇਂ ਦੌਰਾਨ ਜਿਵੇਂ ਪੰਜਾਬ ਵਿੱਚ ਟਰੈਕਟਰ ਸਟੰਟਾਂ ਦਾ ਟਰੈਂਡ ਵਧਿਆ ਹੈ, ਉਵੇਂ ਹੀ ਕਈ ਸਟੰਟ ਕਰਨ ਵਾਲਿਆਂ ਵੱਲੋਂ ਆਪਣੇ ਯੂਟਊਬ ਚੈਨਲਾਂ ਅਤੇ ਸੋਸ਼ਲ ਮੀਡੀਆ ਰਾਹੀਂ ਇਸ ਬਾਰੇ ਵੀਡੀਓ ਅਤੇ ਉਨ੍ਹਾਂ ਦੇ ਦਰਸ਼ਕ ਵੀ ਵਧ ਰਹੇ ਹਨ।
ਰਿਬੈੱਲ ਵਲੋਗਜ਼ ਨਾਂ ਦਾ ਯੂਟਊਬ ਚੈਨਲ ਚਲਾਉਂਦੇ ਤਰਨ ਸਿੰਘ ਦੱਸਦੇ ਹਨ ਕਿ ਇਹ ਟਰੈਂਡ ਪਿਛਲੇ 6 ਤੋਂ 7 ਸਾਲਾਂ ਤੋਂ ਸ਼ੁਰੂ ਹੋਇਆ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਹੀ ਅਜਿਹੇ ਸਟੰਟ ਵਿਖਾਉਣ ਵਾਲਿਆਂ ਦੀ ਗਿਣਤੀ 30 ਦੇ ਕਰੀਬ ਹੋ ਸਕਦੀ ਹੈ।
ਤਰਮ ਸਿੰਘ ਵੀ ਆਪਣੇ ਟਰੈਕਟਰ ਉੱਤੇ ਸਟੰਟ ਕਰਦੇ ਹਨ।
ਉਨ੍ਹਾਂ ਦੇ ਯੂਟਊਬ ਚੈਨਲ ਉੱਤੇ 75 ਹਜ਼ਾਰ ਦੇ ਕਰੀਬ ਸਬਸਕ੍ਰਾਈਬਰ ਹਨ।
ਉਹ ਦੱਸਦੇ ਹਨ ਉਹ ਪਹਿਲਾਂ ਇੱਕ ਸੰਗੀਤਕਾਰ ਵਜੋਂ ਕੰਮ ਕਰਦੇ ਸਨ ਅਤੇ ਦੋ ਸਾਲ ਪਹਿਲਾਂ ਤੋਂ ਪੇਸ਼ੇਵਰ ਸਟੰਟਮੈਨ ਵਜੋਂ ਕੰਮ ਕਰ ਰਹੇ ਹਨ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਵੱਡੇ ਭਰਾ ਜੋ ਕਿ ਅਮਰੀਕਾ ਵਿੱਚ ਰਹਿੰਦੇ ਹਨ ਇਸ ਵੱਲ ਆਏ ਸਨ, ਘਰਵਾਲਿਆਂ ਵੱਲੋਂ ਹੁੰਗਾਰਾ ਨਾ ਮਿਲਣ ਕਾਰਨ ਉਨ੍ਹਾਂ ਥੋੜ੍ਹੀ ਦੇਰ ਬਾਅਦ ਇਹ ਕੰਮ ਸ਼ੁਰੂ ਕੀਤਾ ਸੀ।
ਤਰਮ ਸਿੰਘ ਮੁਤਾਬਕ ਕਿਉਂਕਿ ਉਨ੍ਹਾਂ ਦਾ ਚੈਨਲ ਅਮਰੀਕਾ ਵਿੱਚ ਰਜਿਸਟਰਡ ਹੈ, ਉਨ੍ਹਾਂ ਦੇ 40 ਫ਼ੀਸਦ ਫੋਲੋਅਰ ਵਿਦੇਸ਼ਾਂ ਤੋਂ ਹਨ।
ਉਹ ਦੱਸਦੇ ਹਨ ਕਿ ਉਨ੍ਹਾਂ ਨੇ ਵਿਦੇਸ਼ ਰਹਿੰਦੇ ਲੋਕਾਂ ਵੱਲੋਂ ਮੌਨਸਟਰ ਟਰੱਕ ਉੱਤੇ ਕੀਤੇ ਜਾਂਦੇ ਸਟੰਟ, ‘ਫਾਸਟ ਐਂਡ ਫਊਰੀਅਸ’ ਫਿਲਮ ਤੋਂ ਪ੍ਰੇਰਣਾ ਲਈ ਸੀ।
“ਇਸ ਖੇਤਰ ਵੱਲ੍ਹ ਜਾਣ ਤੋਂ ਪਹਿਲਾਂ ਸੁਰੱਖਿਆ ਬਾਰੇ ਸਹੀ ਜਾਣਕਾਰੀ ਹੋਣੀ ਅਤੇ ਖ਼ਾਸ ਹਦਾਇਤਾਂ ਦਾ ਪਾਲਣ ਕਰਨਾ ਬਹੁਤ ਜ਼ਰੂਰੀ ਹੁੰਦੇ ਹਨ।”
ਕਿਉਂ ਵੱਧ ਰਿਹਾ ਰੁਝਾਨ
ਤਰਮ ਸਿੰਘ ਨੇ ਦੱਸਿਆ ਕਿ ਇਹ ਰੁਝਾਨ ਸਭ ਤੋਂ ਪਹਿਲਾਂ ‘ਹੈਪੀ ਮਾਹਲਾ’ ਨਾਂ ਦੇ ਪੰਜਾਬ ਦੇ ਸਟੰਟਮੈਨ ਤੋਂ ਸ਼ੁਰੂ ਹੋਇਆ ਸੀ।
ਉਨ੍ਹਾਂ ਨੇ ਵੱਡੇ ਪ੍ਰੋਗਰਾਮਾਂ ਵਿੱਚ ਵੀ ਸਟੰਟ ਵਿਖਾਏ ਸਨ, ਉਨ੍ਹਾਂ ਦੀਆਂ ਵੀਡੀਓ ਬਹੁਤ ਮਸ਼ਹੂਰ ਹੋਈਆਂ ਸਨ।
ਉਨ੍ਹਾਂ ਦੱਸਿਆ ਕਿ ਇਹ ਟਰੈਂਡ ਪਿਛਲੇ 4-5 ਸਾਲਾਂ ਤੋਂ ਵੱਧ ਰਿਹਾ ਹੈ।
ਤਰਮ ਸਿੰਘ ਦੱਸਦੇ ਹਨ ਕਿ ਬਹੁਤ ਲੋਕਾਂ ਦਾ ਰੁਝਾਨ ਇਸ ਵੱਲ ਮਸ਼ਹੂਰ ਹੋਣ ਜਾਂ ਆਪਣੀ ਵੀਡੀਓ ਪਾਉਣ ਕਾਰਨ ਵੱਧ ਰਿਹਾ ਹੈ।
ਉਨ੍ਹਾਂ ਕਿਹਾ ਕਿ ਕਿਉਂਕਿ ਟਰੈਕਟਰ ਗੱਡੀਆਂ ਨਾਲੋਂ ਸਸਤੇ ਹਨ, ਇਸ ਲਈ ਲੋਕਾਂ ਲਈ ਸਟੰਟਾਂ ਲਈ ਟਰੈਕਟਰ ਖਰੀਦਣੇ ਸੌਖੇ ਹਨ।
ਕਿਵੇਂ ਹੁੰਦੀ ਹੈ ਕਮਾਈ
ਤਰਮ ਸਿੰਘ ਦੱਸਦੇ ਹਨ ਕਿ ਇਹ ਸਟੰਟ ਬਹੁਤੀ ਵਾਰ ਕਬੱਡੀ ਕੱਪਾਂ ਜਾਂ ਪੇਂਡੂ ਮੇਲਿਆਂ ਤੋਂ ਬਾਅਦ ਕਰਵਾਏ ਜਾਂਦੇ ਹਨ, ਕਈ ਵਾਰ ਪ੍ਰਬੰਧਕਾਂ ਵੱਲੋਂ ਸਿਰਫ ਸਟੰਟ ਹੀ ਕਰਵਾਏ ਜਾਂਦੇ ਹਨ।
ਉਨ੍ਹਾਂ ਦੱਸਿਆ ਕਿ ਹਰੇਕ ਸਟੰਟਮੈਨ 15 ਮਿੰਟ ਸਟੰਟ ਦਿਖਾਉਣ ਲਈ 15 ਹਜ਼ਾਰ ਤੋਂ 60 ਹਜ਼ਾਰ ਤੱਕ ਰੁਪਏ ਲੈਂਦਾ ਹੈ।
ਕਿਨ੍ਹਾਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਹੈ
ਉਹ ਦੱਸਦੇ ਹਨ ਕਿ ਕਈ ਲੋਕ ਬਿਨਾਂ ਸਿਖਲਾਈ ਤੋਂ ਸਟੰਟ ਕਰਦੇ ਹਨ ਜਾਂ ਮਸ਼ਹੂਰੀ ਹਾਸਲ ਕਰਨ ਤੋਂ ਬਾਅਦ ਸੁਰੱਖਿਆ ਨੂੰ ਪਿੱਛੇ ਛੱਡ ਦਿੰਦੇ ਹਨ ਅਤੇ ਇਸ ਕਾਰਨ ਹਾਦਸੇ ਹੋਣੇ ਆਮ ਹਨ।
ਉਹ ਦੱਸਦੇ ਹਨ, “ਅਸੀਂ ਇਸ ਗੱਲ ਦਾ ਖ਼ਾਸ ਖਿਆਲ ਰੱਖਦੇ ਹਾਂ ਕਿ ਅਸੀਂ ਜਦੋਂ ਸਟੰਟ ਕਰਦੇ ਹਾਂ ਤਾਂ ਅਸੀਂ ਟਰੈਕਟਰ ਤੋਂ ਥੱਲੇ ਨਹੀਂ ਉਤਰਦੇ ।”
“ਜਦੋਂ ਥੱਲੇ ਉੱਤਰਨਾ ਵੀ ਹੁੰਦਾ ਹੈ ਤਾਂ ਉਸਦੀ ਰੇਸ ਘਟਾ ਕੇ ਉਤਰਦੇ ਹਾਂ।”
ਉਨ੍ਹਾਂ ਦੱਸਿਆ ਕਿ ਸਟੰਟ ਲਈ ਵਰਤੇ ਜਾਣ ਵਾਲੇ ਟਰੈਕਟਰ ਵਿੱਚ ਸੁਰੱਖਿਆ ਦੇ ਲਿਹਾਜ਼ ਨਾਲ ਖ਼ਾਸ ਬਦਲਾਅ ਕੀਤੇ ਜਾਣੇ ਜ਼ਰੂਰੀ ਹਨ।
ਉਹ ਦੱਸਦੇ ਹਨ ਕਿ ਉਨ੍ਹਾਂ ਵੱਲੋਂ ਹਰ ਉਸ ਸੰਭਾਵਨਾ ਦਾ ਅਭਿਆਸ ਕੀਤਾ ਜਾਂਦਾ ਹੈ, ਜਿਹੜੀ ਗ੍ਰਾਊਂਡ ਉੱਤੇ ਵਾਪਰ ਸਕਦੀ ਹੈ, ਕਿਉਂਕਿ ਗ੍ਰਾਊਂਡ ਉੱਤੇ ਫ਼ੈਸਲਾ ਲੈਣ ਸਮੇਂ ਬਹੁਤ ਘੱਟ ਸਮਾਂ ਹੁੰਦਾ ਹੈ।
''ਬਲਦਾਂ ਦੀ ਥਾਂ ਟਰੈਕਟਰਾਂ ਨੇ ਲਈ''
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਰਾਜਨੀਤੀ ਵਿਗਿਆਨ ਦੇ ਪ੍ਰੋਫ਼ੈਸਰ ਰੌਣਕੀ ਰਾਮ ਦੱਸਦੇ ਹਨ ਕਿ ਪੇਂਡੂ ਸਮਾਜ ਵਿੱਚ ਔਜ਼ਾਰਾਂ ਨਾਲ ਜੁੜੀਆਂ ਜਾਂ ਪੇਂਡੂ ਕਿੱਤਿਆਂ ਨਾਲ ਜੁੜੀਆਂ ਖੇਡਾਂ ਸ਼ੁਰੂ ਤੋਂ ਹੀ ਮੌਜੂਦ ਰਹੀਆਂ ਹਨ।
ਉਹ ਦੱਸਦੇ ਸਨ ਕਿ ਪੰਜਾਬ ਦੇ ਪਿੰਡਾਂ ਵਿੱਚ ਪਹਿਲ਼ਾਂ ਛਿੰਝਾਂ ਹੋਇਆ ਕਰਦੇ ਸਨ, ਜਿਸ ਵਿੱਚ ਬਾਜ਼ੀਗਰ ਉੱਚੀਆਂ ਉੱਚੀਆਂ ਛਾਲਾਂ ਮਾਰਦੇ ਜਾਂ ਹੋਰ ਕਰਤਬ ਕਰਦੇ ਹਨ, ਇਸਦੇ ਨਾਲ ਹੀ ਹੱਲ ਨੂੰ ਚੁੱਕਣ ਜਿਹੀਆਂ ਖੇਡਾਂ ਜਾਂ ਇਸ ਤਰ੍ਹਾ ਦਾ ਕਰਤੱਬ ਖੇਡਣਾ ਸੱਭਿਆਚਾਰ ਦਾ ਹਿੱਸਾ ਸੀ।
ਅਜੋਕੇ ਸਮੇਂ ਵਿੱਚ ਵੀ ਟਰੈਕਟਰ ਨੂੰ ਖਿੱਚਣਾ ਜਾਂ ਟਰੈਕਟਰ ਨੂੰ ਆਪਣੇ ਉੱਤੋਂ ਲੰਘਾਉਣ ਜਿਹੇ ਕਰਤੱਬ ਵੀ ਹੁੰਦੇ ਰਹੇ ਹਨ।
ਪਹਿਲਾਂ ਕਿਸਾਨ ਆਪਣੇ ਬਲਦਾਂ ਨੂੰ ਬਹੁਤ ਪਿਆਰ ਕਰਦੇ ਸਨ, ਦੌੜਾਂ ਹੁੰਦੀਆਂ ਸਨ।ਹੁਣ ਬਲਦਾਂ ਦੀ ਥਾਂ ਟਰੈਕਟਰ ਆ ਗਏ ਹਨ।
ਪਰ ਪਿਛਲੇ ਸਮੇਂ ਵਿੱਚ ਟਰੈਕਟਰਾਂ ਨੂੰ ਮੋਡੀਫਾਈ ਕਰਨ ਜਾਂ ਵੱਡੇ-ਵੱਡੇ ਸਪੀਕਰ ਲਗਾਉਣ ਦਾ ਰੁਝਾਨ ਵੀ ਵਧਿਆ ਹੈ, ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਵੱਲੋਂ ਵੀ ਆਪਣੇ ਟਰੈਕਟਰ ਵਿੱਚ ਬਦਲਾਅ ਕੀਤੇ ਗਏ ਸਨ।
ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਜੋ ਸਟੰਟ ਹੋਇਆ ਹਾਲਾਂਕਿ ਇਹ ਨਵਾਂ ਨਹੀਂ ਹੈ ਪਰ ਸੋਸ਼ਲ ਮੀਡੀਆ ਕਾਰਨ ਹੁਣ ਹਾਲਾਤ ਬਦਲ ਗਏ ਹਨ।
ਪ੍ਰੋਫ਼ੈਸਰ ਰੌਣਕੀ ਰਾਮ ਨੇ ਦੱਸਿਆ ਕਿ ਸੋਸ਼ਲ ਮੀਡੀਆ ਕਾਰਨ ਹਰ ਕੋਈ ਮਸ਼ਹੂਰ ਹੋਣਾ ਚਾਹੁੰਦਾ ਹੈ। ਹੁਣ ਕੋਈ ਕਿਸੇ ਖ਼ਾਸ ਕਰਤਬ ਵਿੱਚ ਸਾਲਾਂ ਬੱਧੀ ਮਿਹਨਤ ਤੋਂ ਬਾਅਦ ਸਮਾਂ ਲਾ ਕੇ ਸਿੱਖਣ ਲਈ ਸਮਾਂ ਨਹੀਂ ਲਾਉਂਦਾ ਅਤੇ ਸੁਰੱਖਿਆ ਦੀ ਵੀ ਘਾਟ ਰਹੀ ਹੈ। ਸੋਸ਼ਲ ਮੀਡੀਆ ਨੇ ਪ੍ਰਸਿੱਧੀ ਦਾ ਪੱਧਰ ਬਹੁਤ ਵੱਡਾ ਕਰ ਦਿੱਤਾ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚੋਂ ਬਾਹਰਲੇ ਦੇਸ਼ਾਂ ਵਿੱਚ ਜਾਣ ਕਾਰਨ ਵੀ ਪੇਂਡੂ ਜੀਵਨ ਵਿੱਚ ਬਦਲਾਅ ਆਏ ਹਨ, ਉਨ੍ਹਾਂ ਦੱਸਿਆ ਕਿ ਹੁਣ ਕਰਤੱਬ ਹੁਨਰ ਸਾਬਿਤ ਕਰਨ ਦੀ ਥਾਂ ਮਸ਼ਹੂਰੀ ਲਈ ਵੱਧ ਕੀਤੇ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਜਿਵੇਂ ਪੰਜਾਬ ਵਿੱਚ ਗੀਤਾਂ ਵਿੱਚ ਪੇਂਡੂ ਧਰਾਤਲ ਦੇ ਨਾਲ-ਨਾਲ ਦਿਖਾਵਾ ਵੀ ਸ਼ਾਮਲ ਹੋ ਰਿਹਾ ਹੈ, ਓਵੇਂ ਹੀ ਪੇਂਡੂ ਮੇਲਿਆਂ ਵਿੱਚ ਵੀ ਇਹ ਰੁਝਾਨ ਸਾਹਮਣੇ ਆ ਰਿਹਾ ਹੈ।
ਸਮਾਜਿਕ ਵਿਗਿਆਨ ਦੇ ਪ੍ਰੋਫ਼ੈਸਰ ਰਹੇ ਮਨਜੀਤ ਸਿੰਘ ਦੱਸਦੇ ਹਨ ਕਿ ਘੋੜਿਆਂ ''ਤੇ ਜੌਹਰ ਵਿਖਾਏ ਜਾਣ ਦੀ ਥਾਂ ਹੁਣ ਟਰੈਕਟਰਾਂ ਉੱਤੇ ਵਿਖਾਏ ਜਾਣ ਪਿੱਛੇ ਛੇਤੀ ਪ੍ਰਸਿੱਧੀ ਹਾਸਲ ਕਰਨਾ ਵੀ ਕਾਰਨ ਹੋ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਨੌਜਵਾਨਾਂ ਨੂੰ ਆਪਣੀ ਊਰਜਾ ਚੰਗੇ ਪਾਸੇ ਲਾਉਣੀ ਚਾਹੀਦੀ ਹੈ। ਲੈਣ ਵੇਲੇ ਉਨ੍ਹਾਂ ਕੋਲ ਬਹੁਤ ਹੀ ਘੱਟ ਸਮਾਂ ਹੁੰਦਾ ਹੈ।
‘ਹੀਰੋਇਜ਼ਮ ਦੀ ਭੁੱਖ ਵੀ ਕਾਰਨ’
ਪਿਛਲੇ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਸੁਤੰਤਰ ਪੱਤਰਕਾਰ ਵਜੋਂ ਪੇਂਡੂ ਖੇਡਾਂ ਅਤੇ ਹੋਰ ਕੌਮਾਂਤਰੀ ਖੇਡਾਂ ਨਾਲ ਰਾਬਤਾ ਰੱਖਦੇ ਸੁਖਦਰਸ਼ਨ ਸਿੰਘ ਦੱਸਦੇ ਹਨ ਕਿ ਟਰੈਕਟਰ ਸਟੰਟ ਦੌਰਾਨ ਹੁੰਦੇ ਹਾਦਸਿਆਂ ਬਾਰੇ ਕਿਸੇ ਦੀ ਜ਼ਿੰਮੇਵਾਰੀ ਲਗਾਈ ਜਾਣੀ ਜ਼ਰੂਰੀ ਹਨ।
ਉਹ ਦੱਸਦੇ ਹਨ ਕਿ ਇਸ ਦਾ ਰੁਝਾਨ ਵਧਣ ਨਾਲ ਪਿੱਛੇ ਕਾਰਨ “ਪੰਜਾਬੀਆਂ ਵਿੱਚ ਹੀਰੋਇਜ਼ਮ ਦੀ ਭੁੱਖ” ਅਤੇ ਜੋਖ਼ਮ ਭਰੇ ਕੰਮਾਂ ਵਿੱਚ ਦਿਲਚਸਪੀ ਰੱਖਣੀ ਵੀ ਹੈ।
ਉਹ ਕਹਿੰਦੇ ਹਨ ਕਿ ਟਰੈਕਟਰ ਦੇ ਸਟੰਟ ਕਿਸੇ ਖੇਡ ਤਹਿਤ ਨਹੀਂ ਆਉਂਦੇ, ਕਿਉਂਕਿ ਇਸ ਵਿੱਚ ਇੱਕ ਮਸ਼ੀਨ(ਟਰੈਕਟਰ) ਦੀ ਵਰਤੋਂ ਹੁੰਦੀ ਹੈ।
ਉਹ ਦੱਸਦੇ ਹਨ ਕਿ ਪਿੰਡਾ ਵਿੱਚ ਟਰੈਕਟਰਾਂ ਦੇ ਟੋਚਨ ਮੁਕਾਬਲੇ ਜਾਂ ਟਰੈਕਟਰ ਟਰਾਲੀਆਂ ਦੀਆਂ ਦੌੜਾਂ ਉੱਥੇ ਦੇ ਪ੍ਰਬੰਧਕਾਂ ਵੱਲੋਂ ਆਪਣੇ ਪੱਧਰ ਉੱਤੇ ਹੀ ਕਰਵਾਈਆਂ ਜਾਂਦੀਆਂ ਹਨ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)
ਸੇਰੇਬ੍ਰਲ ਪਾਲਸੀ: ਆਪ ਬੈੱਡ ਤੋਂ ਹਿਲ ਵੀ ਨਹੀਂ ਸਕਦੀ,ਪਰ ਗਰੀਬ ਬੱਚਿਆਂ ਲਈ ਬਣੀ ਸਹਾਰਾ
NEXT STORY