ਸੰਕੇਤਕ ਤਸਵੀਰ
ਬ੍ਰਿਟੇਨ ਦੇ ਲਿਸ਼ਟਰਸ਼ਾਇਰ ਵਿੱਚ ਰਹਿਣ ਵਾਲੇ 38 ਸਾਲ ਦੇ ਸਾਜਨ ਦੇਵਸ਼ੀ ਕਹਿੰਦੇ ਹਨ ਕਿ ਉਨ੍ਹਾਂ ਨੇ ਪੈਸਿਵ ਇਨਕਮ ਬਾਰੇ ਪਹਿਲੀ ਵਾਰ 2020 ਵਿੱਚ ਕੋਰੋਨਾ ਲੌਕਡਾਊਨ ਵੇਲੇ ਸੁਣਿਆ ਸੀ।
ਉਸ ਵੇਲੇ ਲਗਭਗ ਹਰ ਵਿਅਕਤੀ ਆਪਣੇ ਘਰ ਬੈਠਾ ਸੀ, ਉਦੋਂ ਹੀ ਦੇਵਸ਼ੀ ਨੇ ਦੇਖਿਆ ਕਿ ਬਹੁਤ ਸਾਰੇ ਲੋਕ ਫੇਸਬੁੱਕ ਅਤੇ ਟਿੱਕ ਟੌਕ ਅਕਾਊਂਟ ਉੱਤੇ ਪੋਸਟ ਲਿਖ ਕੇ ਦੱਸ ਰਹੇ ਸਨ ਕਿ ਕਿਵੇਂ ਬਹੁਤ ਘੱਟ ਜਾਂ ਥੋੜ੍ਹੀ ਜਿਹੀ ਮਿਹਨਤ ਨਾਲ ਹੀ ਉਹ ਲੋਕ ਪੈਸੇ ਕਮਾ ਰਹੇ ਹਨ।
ਦੇਵਸ਼ੀ ਕਹਿੰਦੇ ਹਨ, ‘‘ਮੈਨੂੰ ਵੀ ਇਹ ਆਈਡੀਆ ਬਹੁਤ ਪਸੰਦ ਆਇਆ ਕਿ ਬਹੁਤ ਘੱਟ ਮਿਹਨਤ ਅਤੇ ਪੂੰਜੀ ਲਗਾ ਕੇ ਕੁਝ ਕਾਰੋਬਾਰ ਸ਼ੁਰੂ ਕੀਤਾ ਜਾਵੇ ਅਤੇ ਫ਼ਿਰ ਉਸ ਨੂੰ ਆਪਣੇ ਆਪ ਚੱਲਣ ਦਿੱਤਾ ਜਾਵੇ। ਇਸ ਦਾ ਮਤਲਬ ਇਹ ਸੀ ਕਿ ਮੈਂ ਆਪਣੇ ਉਹ ਸਾਰੇ ਕੰਮ ਕਰ ਸਕਦਾ ਸੀ ਜੋ ਮੇਰੇ ਲਈ ਜ਼ਿਆਦਾ ਅਹਿਮ ਹਨ ਅਤੇ ਨਾਲ ਹੀ ਨਾਲ ਮੈਂ ਆਪਣੇ ਗੁਜ਼ਾਰੇ ਲਈ ਕਮਾਈ ਕਰ ਸਕਦਾ ਸੀ।’’
ਇਸੇ ਸੋਚ ਨਾਲ ਦੇਵਸ਼ੀ ਨੇ ਦਫ਼ਤਰ ਤੋਂ ਆਉਣ ਤੋਂ ਬਾਅਦ ਜਦੋਂ ਉਨ੍ਹਾਂ ਦੇ ਬੱਚੇ ਸੋ ਜਾਂਦੇ ਸਨ ਤਾਂ ਉਨ੍ਹਾਂ ਨੇ ਸਿੱਖਿਆ ਦੇ ਖ਼ੇਤਰ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ।
ਮਾਹਰਾਂ ਨੇ ਇਸ ਨੂੰ ਪੈਸਿਵ ਇਨਕਮ ਦਾ ਨਾਮ ਦਿੱਤਾ ਹੈ, ਭਾਵ ਬਹੁਤ ਘੱਟ ਮਿਹਨਤ ਵਿੱਚ ਕਮਾਈ ਕਰਨਾ।
ਰਾਂਚੀ ਵਿੱਚ ਰਹਿੰਦੇ ਸਾਬਕਾ ਬੈਂਕਰ ਅਤੇ ਹੁਣ ਵਿੱਤੀ ਸਲਾਹਕਾਰ ਮਨੀਸ਼ ਵਿਨੋਦ ਇਸ ਨੂੰ ਹੋਰ ਸਮਝਾਉਂਦੇ ਹੋਏ ਕਹਿੰਦੇ ਹਨ, ‘‘ਸ਼ੁਰੂਆਤ ਵਿੱਚ ਤੁਹਾਨੂੰ ਥੋੜ੍ਹਾ ਸਰਗਰਮੀ ਨਾਲ ਕੋਈ ਕੰਮ ਜਾਂ ਕਾਰੋਬਾਰ ਸ਼ੁਰੂ ਕਰਨਾ ਹੁੰਦਾ ਹੈ, ਪਰ ਕੁਝ ਦਿਨਾਂ ਬਾਅਦ ਤੁਹਾਨੂੰ ਉਸ ਰਾਹੀਂ ਪੈਸੇ ਆਉਣ ਲੱਗਦੇ ਹਨ। ਫ਼ਿਰ ਤੁਹਾਨੂੰ ਹਰ ਦਿਨ ਉਸ ਲਈ ਮਿਹਨਤ ਕਰਨੀ ਪੈਂਦੀ ਹੈ, ਤੁਹਾਡਾ ਕੰਮ ਆਟੋ ਮੋਡ ਵਿੱਚ ਆ ਜਾਂਦਾ ਹੈ।’’
ਬੀਬੀਸੀ ਲਈ ਫ਼ਾਤਿਮਾ ਫ਼ਰਹੀਨ ਨਾਲ ਗੱਲਬਾਤ ਵਿੱਚ ਵਿਨੋਦ ਨੇ ਇਸ ਨੂੰ ਸੈਕੇਂਡ ਲਾਈਨ ਆਫ਼ ਡਿਫ਼ੈਂਸ ਕਰਾਰ ਦਿੱਤਾ ਹੈ।
ਉਹ ਕਹਿੰਦੇ ਹਨ, ‘‘ਆਪਣੇ ਅਤੇ ਆਪਣੇ ਪਰਿਵਾਰ ਦੇ ਭਵਿੱਖ ਦੀ ਸੁਰੱਖਿਆ ਲਈ ਤੁਸੀਂ ਜਿਹੜੀ ਦੂਜੀ ਲਾਈਨ ਤਿਆਰ ਕਰਦੇ ਹੋ ਉਸ ਨੂੰ ਪੈਸਿਵ ਇਨਕਮ ਕਿਹਾ ਜਾਂਦਾ ਹੈ।’’
ਕੋਰੋਨਾ ਲੌਕਡਾਊਨ
ਸੰਕੇਤਕ ਤਸਵੀਰ
ਪਹਿਲਾਂ ਇਹ ਸਿਰਫ਼ ਅਮੀਰ ਲੋਕ ਹੀ ਕਰ ਸਕਦੇ ਸਨ ਕਿਉਂਕਿ ਉਨ੍ਹਾਂ ਕੋਲ ਪੈਸਾ ਜਾਂ ਜਾਇਦਾਦ ਹੁੰਦੀ ਸੀ, ਜਿਸ ਨੂੰ ਉਹ ਰੀਅਲ ਅਸਟੇਟ ਵਿੱਚ ਲਗਾ ਕੇ ਉਸ ਦੇ ਕਿਰਾਏ ਤੋਂ ਆਮਦਨੀ ਕਰਦੇ ਸਨ ਜਾਂ ਫ਼ਿਰ ਕਿਤੇ ਹੋਰ ਨਿਵੇਸ਼ ਕਰਦੇ ਸਨ।
ਪਰ ਲੌਕਡਾਊਨ ਤੋਂ ਬਾਅਦ ਪੈਸਿਵ ਇਨਕਮ ਦੀ ਪੂਰੀ ਪਰਿਭਾਸ਼ਾ ਹੀ ਬਦਲ ਗਈ। ਕਿਉਂਕਿ ਹੁਣ ਨੌਜਵਾਨ ਅਤੇ ਖ਼ਾਸ ਤੌਰ ਉੱਤੇ ਜ਼ੇਡ ਜੇਨਰੇਸ਼ਨ ਕਹੇ ਜਾਣ ਵਾਲੇ ਨੌਜਵਾਨਾਂ ਨੇ ਪੈਸਿਵ ਇਨਕਮ ਕਮਾਉਣ ਦੇ ਨਵੇਂ-ਨਵੇਂ ਤਰੀਕੇ ਕੱਢ ਲਏ ਹਨ।
ਜਾਣਕਾਰਾਂ ਦਾ ਕਹਿਣਾ ਹੈ ਕਿ ਨੌਕਰੀਆਂ ਦੀ ਚੁਣੌਤੀ ਅਤੇ ਸੋਸ਼ਲ ਮੀਡੀਆ ਦੇ ਪ੍ਰਭਾਵ ਕਾਰਨ ਪੈਸਿਵ ਇਨਕਮ ਵਿੱਚ ਲੋਕਾਂ ਦਾ ਰੁਝਾਨ ਵਧ ਰਿਹਾ ਹੈ।
ਅਮਰੀਕੀ ਸੈਂਸਸ ਬਿਊਰੋ ਮੁਤਾਬਕ ਅਮਰੀਕਾ ਵਿੱਚ ਲਗਭਗ 20 ਫੀਸਦੀ ਘਰਾਂ ਵਿੱਚ ਲੋਕ ਪੈਸਿਵ ਇਨਕਮ ਕਮਾਉਂਦੇ ਹਨ ਅਤੇ ਉਨ੍ਹਾਂ ਦੀ ਔਸਤਨ ਆਮਦਨੀ ਲਗਭਗ 4200 ਡਾਲਰ ਸਲਾਨਾ ਹੁੰਦੀ ਹੈ। ਇਹੀ ਨਹੀਂ 35 ਫੀਸਦੀ ਮਿਲੇਨੀਅਲਸ (1990 ਤੋਂ ਬਾਅਦ ਪੈਦਾ ਹੋਣ ਵਾਲੇ) ਵੀ ਪੈਸਿਵ ਇਨਕਮ ਕਮਾਉਂਦੇ ਹਨ।
ਭਾਰਤ ਵਿੱਚ ਵੀ ਇਸ ਦਾ ਰੁਝਾਨ ਵੱਧ ਰਿਹਾ ਹੈ।
ਮਨੀਸ਼ ਵਿਨੋਦ ਅਨੁਸਾਰ ਭਾਰਤ ਵਿੱਚ ਪੈਸਿਵ ਇਨਕਮ ਕਮਾਉਣ ਵਾਲਿਆਂ ਦੀ ਸਹੀ ਗਿਣਤੀ ਦੱਸ ਸਕਣਾ ਔਖਾ ਹੈ ਕਿਉਂਕਿ ਕਈ ਲੋਕ ਇਸ ਨੂੰ ਲੁਕਾਉਂਦੇ ਹਨ।
ਡੇਲਾਇਟ ਗਲੋਬਲ 2022 ਦੇ ਜੇਨਰੇਸ਼ਨ ਜ਼ੇਡ ਐਂਡ ਮਿਲੇਨਿਅਲ ਸਰਵੇਅ ਮੁਤਾਬਕ ਭਾਰਤ ਦੇ 62 ਫੀਸਦ ਜੇਨਰੇਸ਼ਨ ਜ਼ੇਡ ਅਤੇ 51 ਫੀਸਦ ਮਿਲੇਨਿਅਲ ਕੋਈ ਨਾ ਕੋਈ ਸਾਈਡ ਜੌਬ ਕਰਦੇ ਹਨ ਅਤੇ ਪੈਸਿਵ ਇਨਕਮ ਕਮਾਉਂਦੇ ਹਨ।
ਮੁੰਬਈ ਸਥਿਤ ਪਰਸਨਲ ਫਾਇਨੈਂਸ ਐਕਸਪਰਟ ਕੌਸਤੁਭ ਜੋਸ਼ੀ ਵੀ ਮੰਨਦੇ ਹਨ ਕਿ ਭਾਰਤ ਵਿੱਚ ਇਸ ਦਾ ਚਲਨ ਵੱਧ ਰਿਹਾ ਹੈ, ਹਾਲਾਂਕਿ ਉਨ੍ਹਾਂ ਕੋਲ ਵੀ ਇਸ ਦਾ ਕੋਈ ਅਧਿਕਾਰਕ ਡੇਟਾ ਮੌਜੂਦ ਨਹੀਂ ਹੈ।
ਬੀਬੀਸੀ ਲਈ ਫ਼ਾਤਿਮਾ ਫ਼ਰਹੀਨ ਨੂੰ ਉਨ੍ਹਾਂ ਨੇ ਕਿਹਾ, ‘‘ਪਰਸਨਲ ਫਾਇਨੈਂਸ ਲਈ ਜੋ ਨਵੀਂ ਪੀੜ੍ਹੀ ਦੇ ਨੌਜਵਾਨ ਆਉਂਦੇ ਹਨ, ਉਹ ਪੁੱਛਦੇ ਹਨ ਕਿ ਪੈਸੇ ਕਿਵੇਂ ਨਿਵੇਸ਼ ਕੀਤਾ ਜਾਵੇ? ਇਸ ਤੋਂ ਇਲਾਵਾ ਕੋਈ ਪੈਸਿਵ ਇਨਕਮ ਕਮਾਉਣ ਦਾ ਜ਼ਰੀਆ ਜਾਣਨ ਵਿੱਚ ਵੀ ਉਨ੍ਹਾਂ ਦੀ ਦਿਲਚਸਪੀ ਰਹਿੰਦੀ ਹੈ, ਇਹ ਮੈਂ ਦੇਖਿਆ ਹੈ।’’
ਸੋਸ਼ਲ ਮੀਡੀਆ ਦਾ ਪ੍ਰਭਾਵ
ਸੰਕੇਤਕ ਤਸਵੀਰ
ਟਿੱਕ ਟੌਕ ਅਤੇ ਇੰਸਟਾਗ੍ਰਾਮ ਉੱਤੇ ਅਜਿਹੇ ਹਜ਼ਾਰਾਂ ਵੀਡੀਓ ਮਿਲ ਜਾਣਗੇ ਜੋ ਤੁਹਾਨੂੰ ਦੱਸਣਗੇ ਕਿ ਤੁਸੀਂ ਪੈਸੇ ਕਿਵੇਂ ਕਮਾ ਸਕਦੇ ਹਨ।
ਬ੍ਰਿਟੇਨ ਦੇ ਲੀਡਸ ਯੂਨੀਵਰਸਿਟੀ ਬਿਜ਼ਨੇਸ ਸਕੂਲ ਵਿੱਚ ਪੜ੍ਹਾਉਣ ਵਾਲੇ ਪ੍ਰੋਫ਼ੈਸਰ ਸ਼ੰਖਾ ਬਾਸੁ ਕਹਿੰਦੇ ਹਨ ਕਿ ਇਸੇ ਤਰ੍ਹਾਂ ਦੇ ਵੀਡੀਓ ਕਾਰਨ ਨੌਜਵਾਨਾਂ ਵਿੱਚ ਪੈਸਿਵ ਇਨਕਮ ਕਮਾਉਣ ਦਾ ਸ਼ੌਂਕ ਵੱਧ ਰਿਹਾ ਹੈ।
ਉਹ ਕਹਿੰਦੇ ਹਨ ਕਿ ਲੋਕ ਇੰਫ਼ਲੂਏਂਸਰਜ਼ ਨੂੰ ਆਪਣੀ ਸਫ਼ਲਤਾ ਦੀ ਕਹਾਣੀ ਸੁਣਾਉਂਦੇ ਹੋਏ ਦੇਖਦੇ ਹਨ ਅਤੇ ਉਸ ਤੋਂ ਪ੍ਰਭਾਵਿਤ ਹੋ ਕੇ ਉਹ ਵੀ ਇਹੀ ਕਰਨ ਲਗਦੇ ਹਨ। ਫ਼ਿਰ ਉਨ੍ਹਾਂ ਵਿੱਚੋਂ ਕੁਝ ਲੋਕ ਜੋ ਕਾਮਯਾਬ ਹੋ ਜਾਂਦੇ ਹਨ, ਉਹ ਆਪਣੀ ਕਹਾਣੀ ਸੁਣਾਉਂਦੇ ਹਨ ਅਤੇ ਇਸ ਤਰ੍ਹਾਂ ਇਹ ਚੱਕਰ ਚਲਦਾ ਰਹਿੰਦਾ ਹੈ।
ਜੇਨਰੇਸ਼ਨ ਮਨੀ ਦੇ ਸੰਸਥਾਪਕ ਅਤੇ ਪਰਸਨਲ ਫਾਇਨੈਂਸ ਮਾਹਰ ਏਲੇਕਸ ਕਿੰਗ ਵੀ ਮੰਨਦੇ ਹਨ ਕਿ ਸੋਸ਼ਲ ਮੀਡੀਆ ਦੇ ਕਾਰਨ ਲੋਕਾਂ ਨੂੰ ਯਕੀਨ ਹੋਣ ਲਗਦਾ ਹੈ ਕਿ ਪੈਸਿਵ ਇਨਕਮ ਕਮਾਉਣਾ ਨਾ ਸਿਰਫ਼ ਸੰਭਵ ਹੈ ਸਗੋਂ ਆਪਣੀ ਵਿੱਤੀ ਆਜ਼ਾਦੀ ਹਾਸਲ ਕਰਨ ਦਾ ਇੱਕ ਸਾਧਾਰਨ ਜ਼ਰੀਆ ਹੈ।
ਕਿੰਗ ਕਹਿੰਦੇ ਹਨ ਕਿ ਆਰਥਿਕ ਸਥਿਤੀ ਕਾਰਨ ਵੀ ਲੋਕ ਪੈਸਿਵ ਇਨਕਮ ਕਮਾਉਣ ਬਾਰੇ ਜ਼ਿਆਦਾ ਸੋਚਣ ਲੱਗੇ ਹਨ।
ਉਹ ਕਹਿੰਦੇ ਹਨ, ‘‘ਪਿਛਲੇ ਇੱਕ ਦਹਾਕੇ ਵਿੱਚ ਲੋਕਾਂ ਦੀ ਆਮਦਨੀ ਵਿੱਚ ਕੋਈ ਇਜ਼ਾਫ਼ਾ ਨਹੀਂ ਹੋਇਆ। ਬਹੁਤ ਸਾਰੇ ਨੌਜਵਾਨ ਬਹੁਤ ਹੀ ਖ਼ਰਾਬ ਸਥਿਤੀ ਵਿੱਚ ਨੌਕਰੀ ਕਰਦੇ ਹਨ ਅਤੇ ਕਈ ਕੰਪਨੀਆਂ ਵਿੱਚ ਓਵਰਟਾਈਮ ਨੂੰ ਲੈ ਕੇ ਵੀ ਸਖ਼ਤ ਨਿਯਮ ਹਨ, ਤੁਸੀਂ ਸਿਰਫ਼ ਕੁਝ ਹੀ ਘੰਟੇ ਓਵਰਟਾਈਮ ਕਰ ਸਕਦੇ ਹੋ।’’
ਬਾਸੁ ਮੁਤਾਬਕ, ਵੱਧਦੀ ਮਹਿੰਗਾਈ ਅਤੇ ਰੋਜ਼ਾਨਾ ਦੇ ਵਧਦੇ ਖਰਚਿਆਂ ਕਾਰਨ ਕਈ ਨੌਜਵਾਨ ਹੁਣ ਪੈਸਿਵ ਇਨਕਮ ਵੱਲ ਝੁਕਾਅ ਰੱਖ ਰਹੇ ਹਨ ਕਿਉਂਕਿ ਉਨ੍ਹਾਂ ਮੁਤਾਬਕ, ਉਹ ਮੇਨਸਟ੍ਰੀਮ ਨੌਕਰੀ ਵਿੱਚ ਘੰਟਿਆਂ ਤੱਕ ਕੰਮ ਕਰਦੇ ਹਨ ਕਿਉਂਕਿ ਉਨ੍ਹਾਂ ਦੀ ਆਮਦਨੀ ਉਸ ਹਿਸਾਬ ਨਾਲ ਬਹੁਤ ਘੱਟ ਹੈ।
ਕੋਵਿਡ ਲੌਕਡਾਊਨ ਕਾਰਨ ਕਈ ਲੋਕਾਂ ਨੂੰ ਲੱਗਿਆ ਕਿ ਉਨ੍ਹਾਂ ਨੂੰ ਆਪਣੀ ਨੌਕਰੀ ਵਿੱਚ ਹੋਰ ਆਜ਼ਾਦੀ ਚਾਹੀਦੀ ਹੈ। ਇਸ ਦੌਰਾਨ ਲੋਕਾਂ ਨੂੰ ਪੈਸਿਵ ਇਨਕਮ ਦੇ ਲਈ ਨਵੀਆਂ ਤਕਨੀਕਾਂ ਅਤੇ ਹੁਨਰ ਹਾਸਲ ਕਰਨ ਲਈ ਸਮਾਂ ਅਤੇ ਮੌਕੇ ਦੋਵੇਂ ਮਿਲ ਗਏ।
ਕਿੰਗ ਮੁਤਾਬਕ ਨਵੀਂ ਪੀੜ੍ਹੀ ਵਿੱਚ ਇਹ ਆਮ ਰਾਏ ਬਣ ਗਈ ਹੈ ਕਿ ਮੌਜੂਦਾ ਆਰਥਿਕ ਸਥਿਤੀ ਵਿੱਚ ਇਹ ਬਹੁਤ ਜ਼ਰੂਰੀ ਹੈ ਕਿ ਤੁਹਾਡੀ ਆਮਦਨੀ ਦਾ ਇੱਕ ਤੋਂ ਜ਼ਿਆਦਾ ਜ਼ਰੀਆ ਹੋਣਾ ਚਾਹੀਦਾ ਹੈ।
ਭਾਰਤ ਵਿੱਚ ਪੈਸਿਵ ਇਨਕਮ
ਸੰਕੇਤਕ ਤਸਵੀਰ
ਮਨੀਸ਼ ਵਿਨੋਦ ਅਨੁਸਾਰ ਭਾਰਤ ਵਿੱਚ ਕੁਝ ਲੋਕ ਖਾਣ-ਪੀਣ ਦਾ ਬਿਜ਼ਨੇਸ ਕਰ ਰਹੇ ਹਨ ਤਾਂ ਕੁਝ ਬਲੌਗਰ ਬਣ ਗਏ ਹਨ। ਕੁਝ ਲੋਕ ਸ਼ੇਅਰ ਦੀ ਖ਼ਰੀਦ-ਫ਼ਰੋਖ਼ਤ ਵਿੱਚ ਲੱਗ ਗਏ ਹਨ ਤਾਂ ਕੁਝ ਡ੍ਰੌਪ ਸ਼ਿਪਿੰਗ ਸਟੋਰ ਦੀ ਦੇਖਭਾਲ ਕਰ ਰਹੇ ਹਨ।
ਆਪਣੀ ਜਾਇਦਾਦ ਨੂੰ ਕਿਰਾਏ ਉੱਤੇ ਦੇਣਾ ਪੈਸੇ ਕਮਾਉਣ ਦਾ ਸਭ ਤੋਂ ਸੌਖਾ ਜ਼ਰੀਆ ਹੈ। ਕੋਰੋਨਾ ਦੌਰਾਨ ਆਨਲਾਈਨ ਕਲਾਸਾਂ ਦਾ ਚਲਨ ਵੀ ਬਹੁਤ ਤੇਜ਼ ਹੋਇਆ ਸੀ।
ਉਸ ਦੌਰਾਨ ਬਹੁਤ ਸਾਰੇ ਲੋਕ ਜੋ ਨੌਕਰੀ ਤਾਂ ਕੋਈ ਹੋਰ ਕਰਦੇ ਸਨ ਪਰ ਉਨ੍ਹਾਂ ਨੂੰ ਪੜ੍ਹਾਉਣ ਦਾ ਸ਼ੌਕ ਸੀ। ਅਜਿਹੇ ਲੋਕਾਂ ਨੇ ਇਸ ਦਾ ਫਾਇਦਾ ਚੁੱਕਿਆਂ ਨਾ ਸਿਰਫ਼ ਆਪਣਾ ਸ਼ੌਂਕ ਪੂਰਾ ਕੀਤਾ ਸਗੋਂ ਆਮਦਨੀ ਦਾ ਇੱਕ ਦੂਜਾ ਜ਼ਰੀਆ ਵੀ ਪੈਦਾ ਸਰ ਲਿਆ।
ਕਈ ਲੋਕਾਂ ਨੇ ਤਾਂ ਇਸ ਦੌਰਾਨ ਕਿਤਾਬਾਂ ਲਿਖੀਆਂ ਅਤੇ ਫ਼ਿਰ ਉਨ੍ਹਾਂ ਨੂੰ ਛਪਵਾ ਕੇ ਪੈਸੇ ਕਮਾ ਲਈ। ਮਨੀਸ਼ ਵਿਨੋਦ ਮੁਤਾਬਕ ਯੂ-ਟਿਊਬ ਉੱਤੇ ਕੂਕਰੀ ਕਲਾਸਾਂ ਤੋਂ ਵੀ ਬਹੁਤ ਸਾਰੇ ਲੋਕਾਂ ਨੇ ਅਤੇ ਖ਼ਾਸ ਤੌਰ ਉੱਤੇ ਔਰਤਾਂ ਨੇ ਆਪਣੇ ਸ਼ੌਂਕ ਦੇ ਨਾਲ-ਨਾਲ ਚੰਗੇ ਪੈਸੇ ਕਮਾਏ।
ਮਨੀਸ਼ ਵਿਨੋਦ ਕਹਿੰਦੇ ਹਨ ਕਿ ਕੋਰੇਨਾ ਦੌਰਾਨ ਡ੍ਰੌਪ ਸ਼ੀਪਿੰਗ ਰਾਹੀਂ ਵੀ ਲੋਕਾਂ ਨੇ ਖ਼ੂਬ ਕਮਾਈ ਕੀਤੀ ਅਤੇ ਹੁਣ ਇਹ ਬਹੁਤ ਹੀ ਮਸ਼ਹੂਰ ਹੋ ਗਿਆ ਹੈ।
ਡ੍ਰੌਪ ਸ਼ਿਪਿੰਗ ਆਧੁਨਿਕ ਆਨਲਾਈਨ ਬਿਜ਼ਨੇਸ ਮਾਡਲ ਹੈ, ਜਿਸ ਵਿੱਚ ਬਹੁਤ ਹੀ ਘੱਟ ਨਿਵੇਸ਼ ਦੀ ਲੋੜ ਹੁੰਦੀ ਹੈ। ਇਸ ਵਿੱਚ ਨਾ ਤਾਂ ਤੁਹਾਨੂੰ ਬਹੁਤ ਸਾਰਾ ਸਮਾਨ ਖ਼ਰੀਦ ਕੇ ਗੋਦਾਮ ਵਿੱਚ ਰੱਖਣ ਦੀ ਲੋੜ ਹੈ ਅਤੇ ਨਾ ਹੀ ਇਸ ਗੱਲ ਤੋਂ ਘਬਰਾਉਣ ਦੀ ਕਿ ਤੁਹਾਡਾ ਸਮਾਨ ਵਿਕੇਗਾ ਜਾਂ ਨਹੀਂ।
ਇਸ ਵਿੱਚ ਤੁਸੀਂ ਸਪਲਾਇਰ ਤੋਂ ਸਮਾਨ ਲੈ ਕੇ ਸਿੱਧਾ ਜ਼ਰੂਰਤਮੰਦ ਨੂੰ ਦੇ ਦਿੰਦੇ ਹੋ।
ਤੁਹਾਨੂੰ ਸਿਰਫ਼ ਇੱਕ ਆਨਲਾਈਨ ਸਟੋਰ ਖੋਲ੍ਹਣਾ ਪਵੇਗਾ ਤੇ ਉਨ੍ਹਾਂ ਸਪਲਾਇਰਾਂ ਨੂੰ ਤੁਹਾਡੇ ਨਾਲ ਟਾਈਅਪ ਕਰਨਾ ਹੁੰਦਾ ਹੈ।
ਜਿਵੇਂ ਹੀ ਤੁਹਾਡੇ ਕੋਲ ਕੋਈ ਮੰਗ ਆਉਂਦੀ ਹੈ ਤਾਂ ਤੁਸੀਂ ਸਪਲਾਇਰ ਤੋਂ ਉਹ ਚੀਜ਼ ਲੈ ਕੇ ਖ਼ਰੀਦਣ ਵਾਲੇ ਨੂੰ ਉਹ ਚੀਜ਼ ਆਨਲਾਈਨ ਵੇਚ ਦਿੰਦੇ ਹੋ। ਸਟੌਕ ਅਤੇ ਸ਼ੇਅਰਾਂ ਦੀ ਲੈਣ-ਦੇਣ ਵੀ ਇੱਕ ਅਜਿਹਾ ਕਾਰੋਬਾਰ ਹੈ ਜਿਸ ਵਿੱਚ ਤੁਸੀਂ ਘਰ ਬੈਠੇ ਪੈਸੇ ਕਮਾ ਸਕਦੇ ਹੋ।
ਕੌਸਤੁਭ ਜੋਸ਼ੀ ਕਹਿੰਦੇ ਹਨ ਕਿ ਪਿਛਲੇ 5 ਸਾਲ ਵਿੱਚ ਉਨ੍ਹਾਂ ਨੇ ਦੇਖਿਆ ਹੈ ਕਿ ਆਨਲਾਈਨ ਪੋਰਟਲ, ਇੰਸਟਾਗ੍ਰਾਮ, ਫੇਸਬੁੱਕ ਅਤੇ ਯੂ-ਟਿਊਬ ਦੀ ਮਦਦ ਨਾਲ ਪੈਸਿਵ ਇਨਕਮ ਕਮਾਈ ਜਾ ਰਹੀ ਹੈ।
ਜਿਹੜੀ ਚੀਜ਼ ਤੁਹਾਨੂੰ ਆਉਂਦੀ ਹੈ, ਉਸ ਦੀ ਵੀਡੀਓ ਜਾਂ ਕੰਟੈਂਟ ਦੇ ਰਾਹੀਂ ਸੋਸ਼ਲ ਮੀਡੀਆ ਉੱਥੇ ਅਪਲੋਡ ਕਰਨ ਨਾਲ ਤੁਹਾਨੂੰ ਪੈਸੇ ਮਿਲ ਸਕਦਾ ਹੈ।
ਇਹ ਗੱਲ ਐਨੀ ਹੀ ਸਹੀ ਹੈ ਕਿ ਯੂ-ਟਿਊਬ ਬਹੁਤ ਲੋਕਾਂ ਦੀ ਆਮਦਨੀ ਦਾ ਪਹਿਲਾ ਸਰੋਤ ਬਣਦਾ ਜਾ ਰਿਹਾ ਹੈ, ਪਰ ਕਈ ਲੋਕਾਂ ਨੂੰ ਇਹ ਅੱਜ ਵੀ ਪੈਸਿਵ ਇਨਕਮ ਦਾ ਜ਼ਰੀਆ ਲਗਦਾ ਹੈ।
ਇੰਸਟਾਗ੍ਰਾਮ ਨੇ ਨੌਜਵਾਨਾਂ ਨੂੰ ਇੱਕ ਸੌਖਾ ਤਰੀਕਾ ਉਪਲਭਧ ਕਰਵਾਇਆ ਹੈ, ਜਿਸ ਵਿੱਚ ਤੁਹਾਡੇ ਇੰਸਟਾਗ੍ਰਾਮ ਹੈਂਡਲ ਨੂੰ ਜੇ ਬਹੁਤ ਚੰਗੀ ‘ਰੀਚ’ ਮਿਲ ਰਹੀ ਹੈ ਤਾੰ ਤੁਸੀਂ ਮਾਰਕੀਟਿੰਗ ਕੰਪਨੀ ਨਾਲ ਟਾਈਅਪ ਕਰਕੇ ਪੇਡ ਪ੍ਰਮੋਸ਼ਨ ਵੀ ਕਰ ਸਕਦੇ ਹਨ।
ਰਾਹ ਦੀਆਂ ਔਕੜਾਂ
ਸੰਕੇਤਕ ਤਸਵੀਰ
ਪਰ ਇਹ ਵੀ ਸੱਚਾਈ ਹੈ ਕਿ ਕੁਝ ਲੋਕਾਂ ਲਈ ਇਹ ਕੰਮ ਕਰਦਾ ਹੈ ਪਰ ਕਈ ਲੋਕਾਂ ਲਈ ਇਸ ਤਰ੍ਹਾਂ ਦਾ ਸੁਪਨਾ, ਸੁਪਨਾ ਹੀ ਰਹਿ ਜਾਂਦਾ ਹੈ। ਸੋਸ਼ਲ ਮੀਡੀਆ ਸਿਤਾਰੇ ਜਿੰਨੀ ਸੌਖੇ ਤਰੀਕੇ ਨਾਲ ਇਸ ਬਾਰੇ ਦੱਸਦੇ ਹਨ, ਅਸਲ ਵਿੱਚ ਚੀਜ਼ਾਂ ਉਨੀਆਂ ਵੀ ਸੌਖੀਆਂ ਨਹੀਂ ਹੁੰਦੀਆਂ।
ਦੇਵਸ਼ੀ ਨੇ ਏਜੁਕੇਸ਼ਨਲ ਰਿਸੋਰਸ ਵੈੱਬਸਾਈਟ ਲੌਂਚ ਕੀਤੀ ਤਾਂ ਜੋ ਵਿਦਿਆਰਥੀਆਂ ਨੂੰ ਆਪਣੀ ਪ੍ਰੀਖਿਆ ਵਿੱਚ ਮਦਦ ਮਿਲੇ। ਉਨ੍ਹਾਂ ਨੇ ਪਹਿਲਾਂ ਜਿੰਨਾ ਸੌਖਾ ਸੋਚਿਆ ਸੀ ਉਹ ਉਨਾਂ ਹੈ ਨਹੀਂ।
ਦੇਵਸ਼ੀ ਕਹਿੰਦੇ ਹਨ ਕਿ ਕਿਸੇ ਵੀ ਪ੍ਰੋਜੈਕਟ ਨੂੰ ਅਜ਼ਮਾਉਣ ਵਿੱਚ ਮਿਹਨਤ ਅਤੇ ਸਮਾਂ ਲਗਦਾ ਹੈ। ਫ਼ਿਰ ਬਾਅਦ ਵਿੱਚ ਪੈਸਿਵ ਇਨਕਮ ਆਉਣ ਲਗਦੀ ਹੈ, ਇਸ ਲਈ ਸਿਰਫ਼ ਪੈਸਿਵ ਇਨਕਮ ਕਮਾਉਣਾ ਉਨਾਂ ਸੌਖਾ ਵੀ ਨਹੀਂ ਹੈ ਜਿਵੇਂ ਦੱਸਿਆ ਜਾ ਰਿਹਾ ਹੈ।
ਕਿੰਗ ਕਹਿੰਦੇ ਹਨ ਕਿ ਬਹੁਤ ਸਾਰੇ ਇੰਫਲੁਏਂਸਰਸ ਗ਼ਲਤ ਨੀਅਤ ਨਾਲ ਅਜਿਹਾ ਕਰਦੇ ਹਨ। ਉਨ੍ਹਾਂ ਨੂੰ ਲਗਦਾ ਹੈ ਕਿ ਇਸ ਤਰ੍ਹਾਂ ਦੇ ਕੋਰਸ ਨੂੰ ਵੇਚ ਕੇ ਪੈਸੇ ਕਮਾਇਆ ਜਾ ਸਕਦਾ ਹੈ। ਜਿਸ ਨਾਲ ਇਨ੍ਹਾਂ ਨੂੰ ਆਮਦਨੀ ਹੁੰਦੀ ਹੈ ਪਰ ਦੇਖਣ ਵਾਲਿਆਂ ਨੂੰ ਨਹੀਂ।
ਫ਼ਿਰ ਵੀ ਇੱਕ ਮੌਕਾ ਤਾਂ ਹੈ।
ਜਾਣਕਾਰ ਮੰਨਦੇ ਹਨ ਕਿ ਕੁਝ ਕਾਮਯਾਬ ਮਿਸਾਲਾਂ ਨੂੰ ਉਸੇ ਤਰ੍ਹਾਂ ਲੈਣਾ ਚਾਹੀਦਾ ਹੈ ਪਰ ਇਸ ਦੇ ਬਾਵਜੂਦ ਇਸ ਦੇ ਕੁਝ ਮੌਕੇ ਤਾਂ ਹਨ।
ਜ਼ਿਆਦਾ ਲੋਕ ਜੇ ਪੈਸਿਵ ਇਨਕਮ ਕਮਾਉਂਦੇ ਹਨ ਤਾਂ ਨੌਜਵਾਨਾਂ ਦੇ ਪੈਸੇ ਕਮਾਉਣ ਦੇ ਜ਼ਰੀਏ ਵਿੱਚ ਸ਼ਿਫ਼ਟ ਆਵੇਗਾ। ਬਾਸੁ ਕਹਿੰਦੇ ਹਨ ਕਿ ਡਿਜੀਟਲ ਬਿਜ਼ਨੇਸ ਨੂੰ ਬੰਦ ਕਰਨਾ ਜ਼ਿਆਦਾ ਨੁਕਸਾਨਦੇਹ ਨਹੀਂ ਹੈ।
ਮਾਈਂਡਸੈੱਟ ਬਦਲਿਆ ਹੈ...ਸਿਰਫ਼ ਅਮੀਰਾਂ ਦਾ ਨਹੀਂ ਹੈ, ਪੈਸੇ ਨਾਲ ਪੈਸੇ ਕਮਾਇਆ ਜਾ ਸਕਦਾ ਹੈ ਇਹ ਸੋਚ ਬਦਲ ਰਹੀ ਹੈ।
ਸਾਵਧਾਨੀ ਵੀ ਜ਼ਰੂਰੀ
ਸੰਕੇਤਕ ਤਸਵੀਰ
ਪੈਸਿਵ ਇਨਕਮ ਦਾ ਚਲਨ ਵੱਧ ਰਿਹਾ ਹੈ ਅਤੇ ਕਈ ਲੋਕ ਇਸ ਦੀ ਵਕਾਲਤ ਵੀ ਕਰ ਰਹੇ ਹਨ। ਪਰ ਕੌਸਤੁਭ ਜੋਸ਼ੀ ਇਸ ਨੂੰ ਲੈ ਕੇ ਸਾਵਧਾਨੀ ਵਰਤਣ ਦੀ ਵੀ ਸਲਾਹ ਦਿੰਦੇ ਹਨ।
ਉਹ ਕਹਿੰਦੇ ਹਨ, ‘‘ਜਦੋਂ ਲੋਕ ਪੈਸਿਵ ਇਨਕਮ ਨੂੰ ਆਪਣਾ ਪੈਸਾ ਕਮਾਉਣ ਦਾ ਮੂਲ ਕਮਾਈ ਦਾ ਸਰੋਤ ਸਮਝਣ ਲੱਗੇ ਤਾਂ ਇਹ ਸਹੀ ਗੱਲ ਨਹੀਂ ਹੈ।’’
ਉਹ ਇੱਕ ਹੋਰ ਅਹਿਮ ਗੱਲ ਵੱਲ ਇਸ਼ਾਰਾ ਕਰਦੇ ਹੋਏ ਕਹਿੰਦੇ ਹਨ, ‘‘ਪੈਸਿਵ ਇਨਕਮ ਕਮਾਉਣਾ ਅੱਜ-ਕੱਲ ਹਰ ਇੱਕ ਦੀ ਖ਼ਾਹਿਸ਼ ਹੈ, ਪਰ ਇਸ ਵਿੱਚ ਤੁਸੀਂ ਆਪਣਾ ਜ਼ਿਆਦਾ ਸਮਾਂ ਲਗਾ ਰਹੇ ਹੋ ਅਤੇ ਖ਼ੁਦ ਲਈ ਤੇ ਆਪਣੇ ਪਰਿਵਾਰ ਲਈ ਸਮਾਂ ਨਹੀਂ ਕੱਢ ਪਾ ਰਹੇ ਹੋ ਤਾਂ ਨੌਜਵਾਨਾਂ ਨੂੰ ਧਿਆਨ ਦੇਣਾ ਚਾਹੀਦਾ ਹੈ। ਪੈਸਾ ਕਮਾਉਣਾ ਤੁਹਾਡਾ ਮੁੱਖ ਮਕਸਦ ਹੋਣਾ ਜ਼ਰੂਰੀ ਹੈ, ਪਰ ਉਹ ਤੁਹਾਡਾ ਆਖ਼ਰੀ ਮਕਸਦ ਨਹੀਂ ਹੋਣਾ ਚਾਹੀਦਾ।’’
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਅਮਰੀਕੀ ਸਿੱਖ ਕਤਲ ਸਾਜ਼ਿਸ਼: ਹਰਦੀਪ ਨਿੱਝਰ ਦੇ ਕਤਲ ਬਾਰੇ ਅਮਰੀਕੀ ਏਜੰਟਾਂ ਨੂੰ ਕੀ ਪਹਿਲਾਂ ਹੀ ਪਤਾ ਸੀ
NEXT STORY