19ਵੀਂ ਸਦੀ ਦੇ ਅੱਧ ਤੱਕ ਦੋਸਤਾਂ, ਨਾਲ ਕੰਮ ਕਰਨ ਵਾਲਿਆਂ ਅਤੇ ਇੱਥੋਂ ਤੱਕ ਕਿ ਬਿਲਕੁਲ ਅਜਨਬੀਆਂ ਨਾਲ ਸੌਣਾ ਇੱਕ ਆਮ ਜਿਹੀ ਗੱਲ ਸੀ।
ਅਜਿਹਾ ਕਿਉਂ ਅਤੇ ਕਿਵੇਂ ਹੁੰਦਾ ਸੀ? ਅਤੇ ਫਿਰ ਅਜਿਹਾ ਕਰਨਾ ਬੰਦ ਕਿਉਂ ਕਰ ਦਿੱਤਾ ਗਿਆ?
1187 ਵਿੱਚ ਇੱਕ ਰਾਜਕੁਮਾਰ ਆਪਣੇ ਇੱਕ ਨਵੇਂ ਸਾਥੀ ਦੇ ਨਾਲ ਆਪਣੇ ਵੱਡੇ ਲੱਕੜ ਦੇ ਬੈੱਡ ਉੱਤੇ ਸੌਂ ਗਿਆ।
ਇਹ ਗੂੜ੍ਹੇ ਭੂਰੇ ਵਾਲਾਂ ਵਾਲ ਰਿਚਰਡ ਦਿ ਲਾਇਨਹਾਰਟ (ਸ਼ੇਰਦਿਲ) ਇੱਕ ਤਾਕਤਵਰ ਯੋਧਾ ਸੀ ਜੋ ਲੜਾਈ ਦੇ ਮੈਦਾਨ ਵਿੱਚ ਆਪਣੀ ਅਗਵਾਈ ਅਤੇ ਸੂਰਬੀਰਤਾ ਲਈ ਮਸ਼ਹੂਰ ਸੀ।
ਉਸ ਨੇ ਆਪਣੇ ਇੱਕ ਸਾਬਕਾ ਦੁਸ਼ਮਣ ਯਾਨੀ ਫਿਲਿਪ ਦੂਜੇ ਨਾਲ ਦੋਸਤੀ ਕਰ ਲਈ ਸੀ। ਇਸ ਦੋਸਤੀ ਦੀ ਕਿਸੇ ਨੂੰ ਵੀ ਉਮੀਦ ਨਹੀਂ ਸੀ। ਫਿਲਿਪ ਦੂਜੇ ਨੇ 1180 ਤੋਂ 1223 ਈਸਵੀ ਤੱਕ ਫਰਾਂਸ ਉੱਤੇ ਰਾਜ ਕੀਤਾ ਸੀ।
ਸ਼ੁਰੂਆਤ ਵਿੱਚ ਦੋਵੇਂ ਸ਼ਾਹੀ ਘਰਾਣਿਆਂ ਦਾ ਇਹ ਗੱਠਜੋੜ ਪੂਰੀ ਤਰ੍ਹਾਂ ਵਿਹਾਰਕ ਸੀ।
ਪਰ ਇਕੱਠੇ ਇੰਨਾ ਸਮਾਂ ਬਿਤਾਉਣ ਤੋਂ ਬਾਅਦ ਇੱਕ ਮੇਜ਼ ’ਤੇ ਇੱਥੋਂ ਤੱਕ ਕੇ ਇੱਕੋ ਭਾਂਡੇ ਵਿੱਚੋਂ ਹੀ ਖਾਣਾ ਖਾਣ ਤੋਂ ਬਾਅਦ, ਉਹ ਗੂੜ੍ਹੇ ਦੋਸਤ ਬਣ ਗਏ ਸਨ।
ਇਨ੍ਹਾਂ ਦੋਵੇਂ ਆਗੂਆਂ ਦੇ ਆਪਸੀ ਅਤੇ ਦੋਵਾਂ ਦੇਸ਼ਾਂ ਵਿਚਕਾਰ ਵਿਸ਼ੇਸ਼ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਦੋਵੇਂ ਇੱਕ ਸ਼ਾਂਤੀ ਸੰਧੀ ਲਈ ਸਹਿਮਤ ਹੋ ਗਏ। ਉਹ ਇੱਕੋ ਬੈੱਡ ਉੱਤੇ ਇੱਕ ਦੂਜੇ ਦੇ ਨਾਲ ਸੋਣ ਲੱਗੇ।
ਦੋ ਵਿਅਕਤੀਆਂ ਦੇ ਇਕੱਠੇ ਸੌਣ ਬਾਰੇ ਆਧੁਨਿਕ ਸਮੇਂ ਦੀ ਰਾਇ ਦੇ ਬਾਵਜੂਦ, ਉਸ ਸਮੇਂ ਇਹ ਕੋਈ ਅਨੋਖੀ ਗੱਲ ਨਹੀਂ ਸੀ।
ਲੋਕਾਂ ਦਾ ਇਕੱਠੇ ਸੌਣਾ ਆਮ ਗੱਲ ਸੀ
ਇੰਗਲੈਂਡ ਦੇ ਇਤਿਹਾਸ ਦੇ ਸਮਕਾਲੀ ਇਤਿਹਾਸ ਵਿੱਚ ਇਸ ਦਾ ਜ਼ਿਕਰ ਇੱਕ ਲਗਭਗ ਆਮ ਗੱਲ ਵਜੋਂ ਆਉਂਦਾ ਹੈ।
ਰਾਤ ਸਮੇਂ ਨਿੱਜਤਾ ਜਾਂ ਮਰਦਾਨਗੀ ਦੇ ਮੌਜੂਦਾ ਸਮੇਂ ਦੇ ਵਿਚਾਰਾਂ ਤੋਂ ਕਾਫੀ ਸਾਲ ਪਹਿਲਾਂ ਦੀ ਇਸ ਘਟਨਾ ਬਾਰੇ ਇਤਿਹਾਸਕਾਰਾਂ ਦੀ ਇਹ ਰਾਇ ਹੈ ਇਕ ਇਹ ਦੋ ਰਾਜਿਆਂ ਦਾ ਇਕੱਠੇ ਸੌਣਾ ਵਿਸ਼ਵਾਸ ਅਤੇ ਭਾਈਵਾਲੀ ਦਾ ਚਿੰਨ੍ਹ ਹੈ।
ਇਕੱਠੇ ਸੌਣਾ ਪੁਰਾਣੇ ਸਮਿਆਂ ਵਿੱਚ ਪ੍ਰਚਲਤ ਰਿਹਾ ਹੈ।
ਹਜ਼ਾਰਾਂ ਸਾਲਾਂ ਤੱਕ ਦੋਸਤਾਂ, ਸਹਿਕਰਮੀਆਂ, ਰਿਸ਼ਤੇਦਾਰਾਂ ਜਾਂ ਮੁਸਾਫ਼ਿਰਾਂ ਨਾਲ ਇਕੱਠੇ ਸੌਣਾ ਬਿਲਕੁਲ ਆਮ ਵਰਤਾਰਾ ਸੀ।
ਸਫ਼ਰ ਦੌਰਾਨ ਬਿਲਕੁਲ ਅਜਨਬੀਆਂ ਨਾਲ ਸੌਣਾ ਬਹੁਤ ਆਮ ਗੱਲ ਸੀ।
ਇਹ ਉਨ੍ਹਾਂ ਦੀ ਬਦਕਿਸਮਤੀ ਹੋਵੇਗੀ ਜੇਕਰ ਕੋਈ ਬਦਬੂ ਵਾਲਾ, ਜਾਂ ਉੱਚੀ ਘਰਾੜੇ ਮਾਰਨ ਵਾਲਾ ਬੰਦਾ ਉਨ੍ਹਾਂ ਦੇ ਨਾਲ ਆ ਕਿ ਪੈ ਜਾਵੇ। ਜੇਕਰ ਕਿਸਮਤ ਜ਼ਿਆਦਾ ਮਾੜੀ ਹੋਵੇ ਤਾਂ ਕੋਈ ਅਜਿਹਾ ਬੰਦਾ ਵੀ ਨਾਲ ਆ ਕੇ ਪੈ ਸਕਦਾ ਹੈ ਜਿਸ ਨੂੰ ਬਿਨ੍ਹਾ ਕੱਪੜਿਆਂ ਦੇ ਸੌਣਾ ਚੰਗਾ ਲੱਗਦਾ ਹੋਵੇ।
ਕਦੇ-ਕਦਾਈਂ ਇਕੱਠੇ ਸੌਣ ਦਾ ਕਾਰਨ ਬੈੱਡਾਂ ਦੀ ਘਾਟ ਵੀ ਹੋ ਸਕਦਾ ਸੀ ਕਿਉਂਕਿ ਉਦੋਂ ਫਰਨੀਚਰ ਬਹੁਤ ਕੀਮਤੀ ਹੁੰਦੇ ਸਨ।
ਇੱਥੋਂ ਤੱਕ ਕਿ ਅਮੀਰ ਲੋਕ ਵੀ ਰਾਤ ਨੂੰ ਆਪਣੇ ਨਾਲ ਸੌਣ ਵਾਲਿਆਂ ਦੀ ਭਾਲ ਵਿੱਚ ਰਹਿੰਦੇ ਸਨ। ਉਹ ਅਜਿਹਾ ਇਸ ਲਈ ਕਰਦੇ ਸਨ ਤਾਂ ਜੋ ਉਹ ਰਾਤ ਸਮੇਂ ਇੱਕ ਦੂਜੇ ਨਾਲ ਦਿਲ ਦੀਆਂ ਗੱਲਾਂ ਕਰਨ ਲਈ ਹਾਣੀ ਲੱਭ ਸਕਣ ਅਤੇ ਇਸ ਦੇ ਨਾਲ ਹੀ ਉਹ ਨਿੱਘ ਅਤੇ ਸੁਰੱਖਿਆ ਦਾ ਅਹਿਸਾਸ ਕਰ ਸਕਣ।
ਇੱਕ ਪੁਰਾਤਨ ਰਵਾਇਤ
2011 ਵਿੱਚ ਪੁਰਾਤੱਤਵ-ਵਿਗਿਆਨੀਆਂ ਦੀ ਇੱਕ ਟੀਮ ਨੇ ਦੱਖਣੀ ਅਫ਼ਰੀਕਾ ਦੀ ਸਿਬੂਡੂ ਗੁਫ਼ਾ ਵਿੱਚ ਇੱਕ ਪੂਰਵ-ਇਤਿਹਾਸਕ ਤਲਛਟ ਦੀ ਇੱਕ ਅਸਧਾਰਨ ਤੌਰ ’ਤੇ ਸੁਰੱਖਿਅਤ ਪਰਤ ਦੀ ਖੋਜ ਕੀਤੀ।
ਇਸ ਵਿੱਚ ਇੱਕ ਜੰਗਲੀ ਰੁੱਖ (ਕ੍ਰਿਪਟੋਕਾਰਿਆਵੁਡੀ) ਦੇ ਪੱਤਿਆਂ ਦੇ ਜੀਵਾਸ਼ਮ ਦੇ ਅਵਸ਼ੇਸ਼ ਮਿਲੇ ਸਨ, ਜੋ ਲਗਭਗ 77,000 ਸਾਲ ਪਹਿਲਾਂ ਪੱਥਰ ਯੁੱਗ ਵਿੱਚ ਬਣਾਏ ਗਏ ਪੱਤਿਆਂ ਦੇ ਗੱਦੇ ਦੀ ‘ਉੱਪਰਲੀ ਪਰਤ’ ਵਜੋਂ ਵਰਤੇ ਜਾਂਦੇ ਸਨ।
ਇਸ ਖੋਜ ਕਾਰਜ ਦੀ ਅਗਵਾਈ ਕਰ ਰਹੇ ਲਿਨ ਵੈਡਲੇ ਨੇ ਉਸ ਵੇਲੇਂ ਅੰਦਾਜ਼ਾ ਲਗਾਇਆ ਸੀ, ਗੱਦਾ ਇੰਨਾ ਵੱਡਾ ਸੀ ਇਸ ਉੱਤੇ ਪੂਰਾ ਪਰਿਵਾਰ ਸੌਂ ਸਕੇ।
ਮਨੁੱਖ ਦੇ ਇਕੱਠੇ ਹੋ ਕੇ ਸੌਣ ਦਾ ਪ੍ਰਤੱਖ ਸਬੂਤ ਮਿਲਣਾ ਔਖਾ ਹੈ, ਪਰ ਅਜਿਹਾ ਮੰਨਿਆ ਜਾਂਦਾ ਹੈ ਕਿ ਇਹ ਪਰੰਪਰਾ ਅਸਲ ਵਿੱਚ ਪ੍ਰਾਚੀਨ ਹੈ।
ਇਤਿਹਾਸਕ ਦ੍ਰਿਸ਼ਟੀਕੋਣ ਤੋਂ ਅਜੋਕੇ ਸਮੇਂ ਵਿੱਚ ਇਕੱਲੇ ਸੌਣ ਨੂੰ ਤਰਜੀਹ ਦਿੱਤੀ ਜਾਣੀ ਬਹੁਤ ਮੁਸ਼ਕਲ ਹੈ।
ਪ੍ਰਾਚੀਨ ਕਾਲ ਵਿੱਚ ਥੋੜ੍ਹੀ ਰੁਕਾਵਟ ਤੋਂ ਬਾਅਦ, ਜਿਸ ਦੌਰਾਨ ਉੱਚ ਵਰਗ ਦੇ ਵਿਆਹੇ ਮੈਂਬਰ ਵੀ ਇਕੱਲੇ ਸੌਂਦੇ ਸਨ। ਇਹ ਰਵਾਇਤ ਮੱਧਕਾਲੀ ਯੁੱਗ ਵਿੱਚ ਵੀ ਜਾਰੀ ਰਹੀ।
ਇਸ ਰਵਾਇਤ ਦੇ 1500 ਤੋਂ 1800ਈਸਵੀ ਵਿੱਚ ਆਮ ਹੋਣ ਬਾਰੇ ਕਾਫੀ ਜਾਣਕਾਰੀ ਮਿਲਦੀ ਹੈ, ਇਸ ਸਮੇਂ ਦੌਰਾਨ ਇਕੱਠੇ ਸੌਣਾ ਬਹੁਤ ਆਮ ਸੀ।
‘ਐਟ ਡੇਜ਼ ਕਲੋਜ਼: ਏ ਹਿਸਟਰੀ ਆਫ਼ ਨਾਈਟਟਾਈਮ’ ਦੇ ਲੇਖਕ ਅਤੇ ਵਰਜੀਨੀਆ ਟੈਕ, ਵਰਜੀਨੀਆ ਵਿਖੇ ਯੂਨੀਵਰਸਿਟੀ ਦੇ ਪ੍ਰੋਫੈਸਰ ਰੋਜਰ ਏਕਿਰਚ ਕਹਿੰਦੇ ਹਨ, ‘‘ਅਮੀਰ ਅਤੇ ਚੰਗੇ ਵਪਾਰੀਆਂ ਦੇ ਨਾਲ-ਨਾਲ ਕੁਝ ਜ਼ਿਮੀਂਦਾਰਾਂ ਨੂੰ ਛੱਡ ਕੇ ਜ਼ਿਆਦਾਤਰ ਲੋਕਾਂ ਲਈ ਕੋਈ ਨਾਲ ਸੌਣ ਵਾਲਾ ਨਾ ਹੋਣਾ ਬਹੁਤ ਅਸਧਾਰਣ ਗੱਲ ਹੁੰਦੀ ਸੀ।’’
ਮੈਨਚੈਸਟਰ ਯੂਨੀਵਰਸਿਟੀ ਵਿੱਚ ਸ਼ੁਰੂਆਤੀ ਆਧੁਨਿਕ ਇਤਿਹਾਸ ਦੀ ਪ੍ਰੋਫੈਸਰ ਅਤੇ ‘ਸਲੀਪ ਇਨ ਅਰਲੀ ਮਾਡਰਨ ਇੰਗਲੈਂਡ’ ਕਿਤਾਬ ਦੀ ਲੇਖਿਕਾ ਸਾਸ਼ਾ ਹੈਂਡਲੇ ਕਹਿੰਦੇ ਹਨ ਕਿ ਕਿਸੇ ਵੀ ਹੋਰ ਚੀਜ਼ ਤੋਂ ਇਲਾਵਾ, ਜ਼ਿਆਦਾਤਰ ਘਰਾਂ ਵਿੱਚ ਇਕੱਲਿਆਂ ਸੌਣ ਲਈ ਬਹੁਤ ਘੱਟ ਬੈੱਡ ਸਨ।
ਹੈਂਡਲੇ ਕਹਿੰਦੇ ਹਨ, ‘‘ਮੱਧ ਅਤੇ ਉੱਚ ਵਰਗਾਂ ਦੇ ਲੋਕ ਬਹੁਤਾ ਸਮਾਂ ਯਾਤਰਾ ਕਰਦੇ ਬਿਤਾਉਂਦੇ ਸਨ। ਇਸ ਦੌਰਾਨ ਉਹ ਰਿਹਾਇਸ਼ੀ ਘਰਾਂ ਅਤੇ ਸਰਾਵਾਂ ਅਤੇ ਸ਼ਰਾਬ ਦੇ ਅਹਾਤਿਆਂ ਵਿੱਚ ਸਮਾਂ ਬਿਤਾਉਣ ਲਈ ਮਜਬੂਰ ਹੁੰਦੇ ਸਨ, ਜਿੱਥੇ ਬੈੱਡ ਸਾਂਝਾ ਕਰਨਾ ਬਹੁਤ ਹੀ ਆਮ ਗੱਲ ਸੀ।’’
1590 ਦੇ ਆਸ-ਪਾਸ ਇੱਕ ਛੋਟਾ ਜਿਹਾ ਹਰਟਫੋਰਡਸ਼ਾਇਰ ਸ਼ਹਿਰ ਗ੍ਰੇਟ ਬੈੱਡ ਆਫ ਵੇਅਰ ਲਈ ਮਸ਼ਹੂਰ ਹੋ ਗਿਆ, ਜਿਸ ਨੂੰ ‘ਵ੍ਹਾਈਟ ਹਾਰਟ ਇਨ’ ਲਈ ਗ੍ਰਹਿਣ ਕੀਤਾ ਗਿਆ ਸੀ।
ਓਕ ਫਰਨੀਚਰ ਦਾ ਇਹ ਸ਼ਾਨਦਾਰ ਬੈੱਡ ਜੋ 2.7 ਮੀਟਰ ਉੱਚਾ (9 ਫੁੱਟ), 3.3 ਮੀਟਰ ਚੌੜਾ (11 ਫੁੱਟ) ਅਤੇ 3.4 ਮੀਟਰ (11 ਫੁੱਟ) ਡੂੰਘਾ ਸੀ।
ਲਾਲ ਅਤੇ ਪੀਲੇ ਰੰਗ ਦੇ ਪਰਦਿਆਂ ਵਾਲੇ ਇਸ ਬੈੱਡ ’ਤੇ ਸ਼ੇਰਾਂ ਅਤੇ ਗ੍ਰੀਕ ਕਲਾ ਦੀ ਵਿਸ਼ਾਲ ਨੱਕਾਸ਼ੀ ਇਸ ਦੀ ਵਿਸ਼ੇਸ਼ਤਾ ਸੀ।
ਇਹ ਯਾਤਰੀਆਂ ਲਈ ਇਕੱਠੇ ਸੌਣ ਲਈ ਉਪਲੱਬਧ ਹੁੰਦਾ ਹੋਵੇਗਾ।
ਦੰਦਕਥਾ ਅਨੁਸਾਰ 1689 ਵਿੱਚ ਇੱਕ ਸ਼ਰਤ ਪੂਰੀ ਕਰਨ ਲਈ 26 ਕਸਾਈ ਅਤੇ ਉਨ੍ਹਾਂ ਦੀਆਂ ਪਤਨੀਆਂ - ਕੁੱਲ 52 ਲੋਕ ਉੱਥੇ ਇਕੱਠੇ ਸੁੱਤੇ ਸਨ।
ਇਕੱਠੇ ਸੌਣ ਦਾ ਕੋਈ ਗਲਤ ਮਤਲਬ ਨਹੀਂ ਹੁੰਦਾ ਸੀ
ਉਦੋਂ ਇਕੱਠੇ ਸੌਣ ਦਾ ਕੋਈ ਸੈਕਸੂਅਲ (ਜਿਨਸੀ ਸਬੰਧਾਂ ਨਾਲ ਸਬੰਧਤ) ਅਰਥ ਨਹੀਂ ਸੀ ਜੋ ਅੱਜ ਹੈ।
ਮੱਧਯੁੱਗ ਵਿੱਚ ਈਸਾਈ ਬਾਈਬਲ ਵਿਚਲੇ ‘ਥ੍ਰੀ ਵਾਈਜ਼ ਮੈੱਨਸ’ ਨੂੰ ਅਕਸਰ ਇਕੱਠੇ ਸੌਂਦੇ ਹੋਏ ਦਰਸਾਇਆ ਗਿਆ ਸੀ।
ਇਨ੍ਹਾਂ ਨੂੰ ਕਦੇ ਨਿਰਵਸਤਰ ਜਾਂ ਪਿੱਛੋਂ ਜੱਫੀ ਪਾ ਕੇ ਪਏ ਹੋਏ ਵੀ ਦਿਖਾਇਆ ਜਾਂਦਾ ਸੀ।
ਮਾਹਰਾਂ ਮੁਤਾਬਕ ਇਸ ਸਬੰਧੀ ਕੁਝ ਅਜਿਹਾ ਕਹਿਣਾ, ਕਿ ਇਹ ਲੋਕ ਕਾਮੁਕਤਾ ਵਿੱਚ ਲਿਪਤ ਸਨ, ਬੇਤੁਕਾ ਹੋਵੇਗਾ।
ਇਕੱਠੇ ਹੋ ਕੇ ਸੌਣ ਦੀ ਲੋਕਾਂ ਵਿੱਚ ਇੰਨੀ ਚਾਹ ਸੀ ਕਿ ਇਸ ਨੇ ਸਮਾਜ ਦੀਆਂ ਕਈ ਆਮ ਰੁਕਾਵਟਾਂ ਨੂੰ ਵੀ ਪਾਰ ਕਰ ਲਿਆ।
ਅਜਿਹੇ ਕਈ ਇਤਿਹਾਸਕ ਬਿਰਤਾਂਤ ਹਨ ਜਿਸ ਵਿੱਚ ਲੋਕ ਹਰ ਰਾਤ ਆਪਣੇ ਤੋਂ ਹੇਠਲੇ ਦਰਜੇ ਵਾਲੇ ਜਾਂ ਉੱਚੇ ਦਰਜੇ ਵਾਲੇ ਵਿਅਕਤੀਆਂ ਨਾਲ ਸਮਾਂ ਬਿਤਾਉਂਦੇ ਸਨ। ਜਿਵੇਂ ਕੋਈ ਉਸਤਾਦ ਆਪਣੇ ਚੇਲਿਆਂ ਨਾਲ, ਘਰੇਲੂ ਸਹਾਇਕ ਅਤੇ ਉਨ੍ਹਾਂ ਦੇ ਮਾਲਕ, ਜਾਂ ਰਾਜ ਘਰਾਣੇ ਅਤੇ ਉਨ੍ਹਾਂ ਦੀ ਪਰਜਾ।
1784 ਵਿੱਚ ਇੱਕ ਪਾਦਰੀ ਨੇ ਆਪਣੀ ਡਾਇਰੀ ਵਿੱਚ ਲਿਖਿਆ ਕਿ ਇੱਕ ਮਹਿਮਾਨ ਨੇ ਖ਼ਾਸ ਤੌਰ ''ਤੇ ਉਨ੍ਹਾਂ ਦੇ ਨੌਕਰ ਦੇ ਨਾਲ ਸੌਣ ਲਈ ਬੇਨਤੀ ਕੀਤੀ ਸੀ।
ਰਾਤ ਦੇ ਸਮੇਂ ਕੰਬਲਾਂ ਦੀ ਖਿੱਚਧੂਹ ਅਤੇ ਘੰਟਿਆਂਬੱਧੀ ਅਜੀਬ ਸਰੀਰਕ ਆਵਾਜ਼ਾਂ ਇੱਕ ਖ਼ਾਸ ਸਮਾਨਤਾ ਲਿਆਉਂਦੀਆਂ ਸਨ, ਜੋ ਬੈੱਡਰੂਮ ਦੇ ਬਾਹਰ ਮੌਜੂਦ ਨਹੀਂ ਸਨ।
ਰਾਤ ਦੀ ਵਧੀਆ ਨੀਂਦ
ਇਕੱਠੇ ਹੋ ਕੇ ਸੌਣ ਦਾ ਸਭ ਤੋਂ ਵਿਸਤ੍ਰਿਤ ਰਿਕਾਰਡ ਸੈਮੂਅਲ ਪੇਪਸ ਦੀਆਂ ਡਾਇਰੀਆਂ ਵਿੱਚ ਮਿਲਦਾ ਹੈ, ਜੋ 17ਵੀਂ ਸਦੀ ਵਿੱਚ ਜੀਵਨਸ਼ੈਲੀ ਦੀ ਇੱਕ ਤਸਵੀਰ ਪੇਸ਼ ਕਰਦੀਆਂ ਹਨ।
ਉਨ੍ਹਾਂ ਦੇ ਪੰਨੇ ਜਿਨ੍ਹਾਂ ਨੂੰ ਉਨ੍ਹਾਂ ਨੇ ਭਵਿੱਖੀ ਪੀੜ੍ਹੀਆਂ ਲਈ ਮਜ਼ਬੂਤ ਜਿਲਦਾਂ ਵਿੱਚ ਬੰਨ੍ਹ ਦਿੱਤਾ ਸੀ, ਅੱਜ ਵੀ ਕੈਮਬ੍ਰਿਜ, ਯੂਕੇ ਵਿੱਚ ਉਨ੍ਹਾਂ ਦੀ ਲਾਇਬ੍ਰੇਰੀ ਦੇ ਓਕ ਸ਼ੈਲਫਾਂ ਵਿੱਚ ਮੌਜੂਦ ਹਨ।
ਪੇਪਸ ਨੇ 1660 ਤੋਂ ਸ਼ੁਰੂ ਕਰਦੇ ਹੋਏ ਨੌਂ ਸਾਲਾਂ ਤੱਕ ਲਗਭਗ ਹਰ ਰੋਜ਼ ਡਾਇਰੀ ਲਿਖੀ।
ਰੋਜ਼ਾਨਾ ਜੀਵਨ ਦੀਆਂ ਛੋਟੀਆਂ-ਛੋਟੀਆਂ ਗੱਲਾਂ ਅਤੇ ਔਰਤਾਂ ਨਾਲ ਜੁੜੇ ਅਸ਼ਲੀਲ ਵਰਣਨਾਂ ਤੋਂ ਇਲਾਵਾ ਡਾਇਰੀ ਵਿੱਚ ਦਰਜ ਹੈ ਕਿ ਉਹ ਕਿੰਨੀ ਵਾਰ ਦੋਸਤਾਂ, ਸਹਿਕਰਮੀਆਂ ਅਤੇ ਸੰਪੂਰਨ ਅਜਨਬੀਆਂ ਦੇ ਨਾਲ ਇੱਕੋ ਬਿਸਤਰੇ ਵਿੱਚ ਸੁੱਤੇ ਸਨ।
ਉਹ ਇਕੱਠੇ ਸੌਣ ਦੇ ਸਫ਼ਲ ਅਤੇ ਅਸਫ਼ਲ ਤਜਰਬੇ ਨਾਲ ਜੁੜੀਆਂ ਕਈ ਬਾਰੀਕੀਆਂ ਦਾ ਵੀ ਜ਼ਿਕਰ ਕਰਦੇ ਹਨ।
ਪੋਰਟਸਮਾਊਥ ਵਿੱਚ ਇੱਕ ਮੌਕੇ ’ਤੇ ਪੇਪਸ ਇੱਕ ਡਾਕਟਰ ਨਾਲ ਸੌਣ ਲਈ ਗਏ ਸਨ। ਇਹ ਡਾਕਟਰ ਲੰਡਨ ਵਿੱਚ ਰੌਇਲ ਸੁਸਾਇਟੀ ਵਿੱਚ ਕੰਮ ਕਰਦਾ ਸੀ।
ਇਕੱਠੇ ‘‘ਬਹੁਤ ਵਧੀਆ ਅਤੇ ਖੁਸ਼ੀ ਨਾਲ’’ ਲੇਟਣ ਤੋਂ ਇਲਾਵਾ, ਸੰਭਾਵਿਤ ਤੌਰ ’ਤੇ ਦੇਰ ਰਾਤ ਤੱਕ ਗੱਲਾਂ ਕਰਨ ਤੋਂ ਇਲਾਵਾ ਡਾਕਟਰ ਨੂੰ ਪਿੱਸੂਆਂ ਨਾਲ ਦੋ ਚਾਰ ਹੋਣਾ ਪਿਆ, ਨਤੀਜੇ ਵਜੋਂ ਪੇਪਸ ਨੂੰ ਇਕੱਲਾ ਛੱਡ ਦਿੱਤਾ ਗਿਆ।
(ਇਹ ਵੀ ਕਿਹਾ ਗਿਆ ਕਿ ਪਿੱਸੂਆਂ ਨੂੰ ਉਸ ਦਾ ਖੂਨ ਪਸੰਦ ਨਹੀਂ ਸੀ ਅਤੇ ਸ਼ਾਇਦ ਇਸੇ ਕਾਰਨ ਉਹ ਪਲੇਗ ਦੀ ਚਪੇਟ ਵਿੱਚ ਆਉਣ ਤੋਂ ਬਚ ਗਿਆ ਸੀ।)
ਏਕਿਰਚ ਦੱਸਦੇ ਹਨ ਕਿ ਆਪਣੇ ਸਿਰ ’ਤੇ ਟੋਪੀ ਪਾ ਕੇ ਕੰਬਲ ਦੀਆਂ ਕਈ ਪਰਤਾਂ ਦੇ ਹੇਠਾਂ ਲੁਕੇ ਹੋਏ, ਚੰਗੀ ਤਰ੍ਹਾਂ ਘੁਲੇ ਮਿਲੇ ‘ਸੌਣ ਵਾਲੇ ਸਾਥੀ’ (ਬੈੱਡਫੈਲੋ) ਸਵੇਰੇ ਤੜਕੇ ਕਹਾਣੀਆਂ ਦਾ ਚੰਗੀ ਤਰ੍ਹਾਂ ਆਦਾਨ-ਪ੍ਰਦਾਨ ਕਰ ਸਕਦੇ ਹਨ।
ਸ਼ਾਇਦ ਉਹ ਆਪਣੀ ਪਹਿਲੀ ਅਤੇ ਦੂਜੀ ਨੀਂਦ ਦੇ ਵਿਚਕਾਰ ਆਪਣੇ ਸੁਪਨਿਆਂ ਦਾ ਵਿਸ਼ਲੇਸ਼ਣ ਕਰਨ ਲਈ ਵੀ ਜਾਗਦੇ ਹਨ।
ਰਾਤ ਦੇ ਹਨੇਰੇ ਵਿੱਚ ਗੱਲਾਂ ਕਰਦੇ ਹੋਏ ਬਿਤਾਏ ਗਏ ਇਨ੍ਹਾਂ ਘੰਟਿਆਂ ਨੇ ਸਮਾਜਿਕ ਬੰਧਨਾਂ ਨੂੰ ਮਜ਼ਬੂਤ ਕਰਨ ਵਿੱਚ ਮਦਦ ਕੀਤੀ ਅਤੇ ਭੇਤ ਦੀਆਂ ਗੱਲਾਂ ਦੇ ਆਦਾਨ-ਪ੍ਰਦਾਨ ਲਈ ਇੱਕ ਨਿੱਜੀ ਥਾਂ ਪ੍ਰਦਾਨ ਕੀਤੀ।
ਹੈਂਡਲੇ ਨੇ ਇੱਕ ਜਵਾਨ ਕੁੜੀ ਸਾਰਾ ਹਰਸਟ ਜੋ ਕਿ ਇੱਕ ਦਰਜ਼ੀ ਦੀ ਧੀ ਸੀ ਦੀ ਉਦਾਹਰਨ ਦਿੱਤੀ ਹੈ ਜਿਸ ਦੇ ਕਈ ਪਸੰਦੀਦਾ ਸੌਣ ਵਾਲੇ ਸਾਥੀ ਸਨ, ਜਿਨ੍ਹਾਂ ਪ੍ਰਤੀ ਉਸ ਨੂੰ ਬਹੁਤ ਪਿਆਰ ਸੀ।
ਜਦੋਂ ਉਸ ਦੇ ਨਾਲ ਕਈ ਵਾਰੀ ਸੌਣ ਵਾਲੇ ਇੱਕ ਸਾਥੀ ਦੀ ਮੌਤ ਹੋ ਈ ਤਾਂ ਉਸ ਨੇ ਆਪਣੇ ਦੁੱਖ ਨੂੰ ਜ਼ਾਹਰ ਕਰਦੇ ਹੋਏ ਇੱਕ ਕਵਿਤਾ ਲਿਖੀ।
ਹਾਲਾਂਕਿ ਉਸ ਦੇ ਕੋਲ ਬਹੁਤ ਸਾਰੇ ਬੈੱਡ ਸਨ, ਪਰ ਅਜਿਹਾ ਮੰਨਿਆ ਜਾਂਦਾ ਹੈ ਕਿ ਮਹਾਰਾਣੀ ਐਲਿਜ਼ਾਬੈਥ ਪਹਿਲੀ ਆਪਣੇ 44 ਸਾਲਾਂ ਦੇ ਸ਼ਾਸਨਕਾਲ ਦੌਰਾਨ ਕਦੇ ਵੀ ਇਕੱਲੀ ਨਹੀਂ ਸੁੱਤੀ।
ਹਰ ਰਾਤ, ਉਹ ਆਪਣੀਆਂ ਭਰੋਸੇਮੰਦ ਸੇਵਾਦਾਰਨੀਆਂ ਵਿੱਚੋਂ ਇੱਕ ਨਾਲ ਆਪਣੇ ਬੈੱਡਰੂਮ ਵਿੱਚ ਜਾਂਦੀ ਸੀ, ਜਿਸ ਨਾਲ ਗੱਲਬਾਤ ਕਰਕੇ ਉਹ ਆਪਣੇ ਆਪ ਨੂੰ ਬੋਝ ਤੋਂ ਮੁਕਤ ਕਰਦੀ ਸੀ ਅਤੇ ਦਰਬਾਰ ਵਿੱਚ ਦਿਨ ਦੀ ਗਤੀਵਿਧੀ ਦਾ ਵਿਸ਼ਲੇਸ਼ਣ ਕਰਦੀ ਸੀ।
ਇਨ੍ਹਾਂ ਔਰਤਾਂ ਉਨ੍ਹਾਂ ਨੂੰ ਸੁਰੱਖਿਅਤ ਵੀ ਰੱਖਦੀਆਂ ਸਨ।
ਜਿਵੇਂ ਕਿ ਇਤਿਹਾਸਕਾਰ ਐਨਾ ਵ੍ਹਾਈਟਲਾਕ ਨੇ ‘ਦਿ ਕੁਈਨਜ਼ ਬੈੱਡ: ਐਨ ਇੰਟੀਮੇਟ ਹਿਸਟਰੀ ਆਫ਼ ਐਲਿਜ਼ਾਬੈਥ ਕੋਰਟ’ ਨਾਂ ਦੀ ਪੁਸਤਕ ਵਿੱਚ ਦੱਸਿਆ ਹੈ ਕਿ ਪੁਰਸ਼ਾਂ ਦੀ ਘੁਸਪੈਠ ਅਣਸੁਣਿਆ ਵਰਤਾਰਾ ਨਹੀਂ ਸੀ।
ਜਿਵੇਂ ਕਿ ਰਾਣੀ ਦੀ ਛੋਟੀ ਉਮਰ ਵਿੱਚ, ਜਦੋਂ ਉਸ ਦੀ ਮਤਰੇਈ ਮਾਂ ਨਾਲ ਵਿਆਹ ਕਰਨ ਵਾਲਾ ਵਿਅਕਤੀ ਅਚਾਨਕ ਆ ਜਾਂਦਾ ਅਤੇ ਉਸ ਦੇ ਪਿਛਵਾੜੇ ’ਤੇ ਚਪੇੜਾਂ ਮਾਰਦਾ ਸੀ।
ਰਾਣੀ ਦੇ ਲਈ ਆਪਣੇ ਕੁਆਰੇਪਣ ਦੀ ਰੱਖਿਆ ਕਰਨਾ ਜ਼ਰੂਰੀ ਸੀ ਅਤੇ ਇਸ ਲਈ ਇਹ ਘਟਨਾਵਾਂ ਉਸ ਦੇ ਲਈ ਨੁਕਸਾਨਦੇਹ ਹੋ ਸਕਦੀਆਂ ਹਨ।
ਸੌਣ ਦਾ ਸਲੀਕਾ
ਅਜਿਹੇ ਯੁੱਗ ਵਿੱਚ ਜਿੱਥੇ ਇਕੱਠੇ ਸੌਣਾ ਪੂਰੀ ਤਰ੍ਹਾਂ ਆਮ ਸੀ ਅਤੇ ਇਸ ਤੋਂ ਬਚਣਾ ਵੀ ਮੁਸ਼ਕਲ ਸੀ। ਲੋਕਾਂ ਲਈ ਇੱਕ ਖ਼ਾਸ ਸਲੀਕੇ ਦੀ ਪਾਲਣਾ ਕਰਨੀ ਵੀ ਜ਼ਰੂਰੀ ਸੀ ਤਾਂ ਜੋ ਹੋਰ ਕਿਸੇ ਦੇ ਆਰਾਮ ਵਿੱਚ ਵਿਘਨ ਨਾ ਪਵੇ ਅਤੇ ਰਾਤ ਨੂੰ ਹੋਣ ਵਾਲੇ ਝਗੜਿਆਂ ਤੋਂ ਬਚਿਆ ਜਾ ਸਕੇ।
ਸੌਣ ਵਾਲੇ ਸਾਥੀ ਤੋਂ ਉਮੀਦ ਕੀਤੀ ਜਾਂਦੀ ਸੀ ਕਿ ਉਹ ਬਹੁਤ ਜ਼ਿਆਦਾ ਗੱਲ ਕਰਨ ਤੋਂ ਪਰਹੇਜ਼ ਕਰਨ, ਇੱਕ ਦੂਜੇ ਦੀ ਨਿੱਜਤਾ ਦਾ ਆਦਰ ਕਰਨ ਅਤੇ ਝਗੜੇ ਤੋਂ ਬਚਣ।
ਪਰ ਚੀਜ਼ਾਂ ਸਪੱਸ਼ਟ ਤੌਰ ’ਤੇ ਯੋਜਨਾ ਅਨੁਸਾਰ ਨਹੀਂ ਹੁੰਦੀਆਂ ਸਨ।
ਜਿਵੇਂ ਕਿ 9 ਸਤੰਬਰ 1776 ਨੂੰ ਦੇਰ ਰਾਤ ਅਮਰੀਕਾ ਦੇ ਦੋ ਸੰਸਥਾਪਕਾਂ- ਬੈਂਜਾਮਿਨ ਫਰੈਂਕਲਿਨ ਅਤੇ ਜੌਨ ਐਡਮਜ਼ ਨਾਲ ਹੋਇਆ।
ਉਹ ਨਿਊ ਬਰੰਜ਼ਵਿਕ ਵਿੱਚ ਇੱਕ ਸਰਾਏ ਵਿੱਚ ਇੱਕ ਕਮਰਾ ਅਤੇ ਇੱਕ ਬਿਸਤਰਾ ਸਾਂਝਾ ਕਰਦੇ ਸਮੇਂ ਖ਼ੁਦ ਇੱਕ ਭਿਆਨਕ ਬਹਿਸ ਵਿੱਚ ਫਸ ਗਏ।
ਚਰਚਾ ਉਦੋਂ ਸ਼ੁਰੂ ਹੋਈ ਜਦੋਂ ਐਡਮਜ਼ ਖਿੜਕੀ ਬੰਦ ਕਰਨ ਗਿਆ ਸੀ।
ਫਰੈਂਕਲਿਨ ਕਹਿੰਦਾ ਹੈ, ‘‘ਖਿੜਕੀ ਬੰਦ ਨਾ ਕਰੋ। ਸਾਡਾ ਦਮ ਘੁੱਟ ਜਾਵੇਗਾ।’’
ਐਡਮਜ਼ ਨੇ ਜਵਾਬ ਦਿੱਤਾ, ‘‘ਮੈਨੂੰ ਸ਼ਾਮ ਦੀ ਹਵਾ ਤੋਂ ਡਰ ਲੱਗਦਾ ਹੈ।’’ ਬਾਅਦ ਵਿੱਚ ਆਪਣੀ ਡਾਇਰੀ ਵਿੱਚ ਐਡਮਜ਼ ਨੇ ਇਸ ਘਟਨਾ ਨੂੰ ਦਰਜ ਕੀਤਾ।
ਇਸ ਤਰ੍ਹਾਂ ਫਰੈਂਕਲਿਨ ਨੇ ਜ਼ੁਕਾਮ ਬਾਰੇ ਆਪਣੀ ਨਵੀਂ ਧਾਰਨਾ ਬਾਰੇ ਇੱਕ ਲੰਮੀ ਬਹਿਸ ਸ਼ੁਰੂ ਕੀਤੀ, ਜਿਸ ਬਾਰੇ ਉਹ ਮੰਨਦਾ ਸੀ (ਸਹੀ ਢੰਗ ਨਾਲ) ਇਹ ਠੰਢੀ ਤਾਜ਼ੀ ਹਵਾ ਤੋਂ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਇਹ ਇੱਕ ਭਰੇ ਹੋਏ ਕਮਰੇ ਘੱਟ ਹਵਾਦਾਰੀ ਜਿਸ ਕਰਕੇ ਕਮਰੇ ਵਿੱਚ ਨਵੀਂ ਹਵਾ ਨਹੀਂ ਹੁੰਦੀ, ਕਰਕੇ ਹੁੰਦਾ ਹੈ।
ਐਡਮਜ਼ ਇਸ ਲੈਕਚਰ ਤੋਂ ‘‘ਇੰਨਾ ਖੁਸ਼’’ ਹੋਇਆ ਕਿ ਉਹ ਤੁਰੰਤ ਸੌਂ ਗਿਆ।
ਖ਼ਰੂਦ ਪਾਉਣ ਵਾਲੇ ਸੁਭਾਅ ਵਾਲੇੇ ਸਾਥੀਆਂ ਨਾਲ ਨਜਿੱਠਣ ਦੀ ਸਮੱਸਿਆ ਅਜਿਹੀ ਸੀ ਕਿ ਸ਼ੁਰੂਆਤੀ ਆਧੁਨਿਕ ਯੁੱਗ ਦੀ ਫ੍ਰੈਂਚ ਦੀ ਇੱਕ ਕਿਤਾਬ ਨੇ ਅੰਗਰੇਜ਼ੀ ਯਾਤਰੀਆਂ ਨੂੰ ਆਪਣੇ ਸੌਂਦੇ ਹੋਏ ਸਾਥੀ ਨੂੰ ਝੰਜੋੜਨ ਲਈ ਵਰਤੇ ਜਾਣ ਵਾਲੇ ਕੁੱਝ ਚੋਣਵੇਂ ਸ਼ਬਦ ਉਪਲਬਧ ਕਰਾਏ।
ਏਕਿਰਚ ਨੇ ਆਪਣੀ ਕਿਤਾਬ ਦੀ ਖੋਜ ਕਰਦੇ ਸਮੇਂ ਇਹ ਕਿਤਾਬ ਲੱਭੀ ਸੀ। ਇਸ ਵਿੱਚ ਅਨੁਵਾਦ ਰਾਹੀਂ ਸੁਝਾਅ ਦਿੱਤਾ ਗਿਆ ਸੀ ‘‘ਤੁਸੀਂ ਕੁਝ ਨਹੀਂ ਕਰਦੇ ਬੱਸ ਲੱਤਾਂ ਮਾਰਦੇ ਹੋ’’, “ਤੁਸੀਂ ਸਾਰੀਆਂ ਚਾਦਰਾਂ ਆਪਣੇ ਵੱਲ ਖਿੱਚ ਲੈਂਦੇ ਹੋ” ਅਤੇ ‘‘ਤੁਸੀਂ ਮਾੜੇ ਬਿਸਤਰ ਸਾਥੀ ਹੋ।’’
ਹੈਂਡਲੇ ਕਹਿੰਦੇ ਹਨ, ‘‘ਮੇਰੇ ਸਾਹਮਣੇ ਅਜਿਹੇ ਕਈ ਮਜ਼ੇਦਾਰ ਕਿੱਸੇ ਆਏ ਜਦੋਂ ਲੋਕਾਂ ਨੇ ਆਪਣੇ ਨਾਲ ਸੌਣ ਵਾਲੇ ਸਾਥੀ ਦੀ ਗੁਣਵੱਤਾ ਨੂੰ ਉਨ੍ਹਾਂ ਦੀ ਚੰਗੀ ਕਹਾਣੀ ਸੁਣਾਉਣ ਜਾਂ ਘੁਰਾੜੇ ਨਾ ਮਾਰਨ ਦੀ ਯੋਗਤਾ ਦੇ ਆਧਾਰ ’ਤੇ ਮਾਪਿਆ।’’
ਉਹ ਇੱਕ ਗੁੱਸੇ ਵਿੱਚ ਆਏ ਸਕੂਲ ਮਾਸਟਰ ਦੀ ਉਦਾਹਰਨ ਦਿੰਦੇ ਹਨ ਜਿਸ ਨੇ ਆਪਣੇ ਸੌਣ ਵਾਲੇ ਸਾਥੀ ‘ਰੈਕਟਰ’ ਦੀ ਤੁਲਨਾ ਇੱਕ ਸੂਰ ਨਾਲ ਕੀਤੀ ਸੀ। ਰ ਕਟਰ ਨਸ਼ੇ ਦੀ ਹਾਲਤ ਵਿੱਚ ਸੌਂ ਗਿਆ ਸੀ ਅਤੇ ਸੌਣ ਸਮੇਂ ਉਸ ਨੇ ‘ਭਿਆਨਕ ਆਵਾਜ਼ਾਂ’ ਕੱਢੀਆਂ।
ਪੇਪਸ ਦੇ ਆਪਣੇ ਬੈੱਡਮੇਟ ਨਾਲ ਕੁਝ ਝਗੜੇ ਹੋਏ ਜਿਨ੍ਹਾਂ ਵਿੱਚੋਂ ਇੱਕ ਨੂੰ ਉਸ ਨੇ ਬੈੱਡ ਤੋਂ ਉਦੋਂ ਪਾਸੇ ਕਰ ਦਿੱਤਾ ਜਦੋਂ ਉਹ ‘‘ਇੱਕ ਦੂਜੇ ਨਾਲ ਖੇਡਣ ਲੱਗੇ’’ ਜਿਸ ਕਾਰਨ ਉਸ ਦੀ ਸ਼ਿਕਾਇਤ ਕੀਤੀ ਕਿ ਉਸ ਨੂੰ ਸਾਰੀ ਰਾਤ ਇਕੱਲੇ ਹੀ ਲੇਟਣਾ ਪਿਆ।
ਪਰ ਅਜਿਹੀਆਂ ਪ੍ਰਥਾਵਾਂ ਵੀ ਸਨ ਜਿਨ੍ਹਾਂ ਦਾ ਉਦੇਸ਼ ਇਸ ਦੇ ਗੰਭੀਰ ਨਤੀਜਿਆਂ ਤੋਂ ਬਚਣਾ ਸੀ।
ਜ਼ਿਆਦਾਤਰ ਹਾਲਤਾਂ ਵਿੱਚ ਅਣਵਿਆਹੇ ਮਰਦਾਂ ਅਤੇ ਔਰਤਾਂ ਲਈ ਆਪਣੇ ਪਰਿਵਾਰ ਤੋਂ ਬਾਹਰ ਕਿਸੇ ਵਿਅਕਤੀ ਨਾਲ ਬਿਸਤਰਾ ਸਾਂਝਾ ਕਰਨਾ ਅਸਧਾਰਣ ਗੱਲ ਸੀ।
ਜਦੋਂ ਅਜਿਹਾ ਹੋਇਆ, ਤਾਂ ਜੋਖਮਾਂ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਗਈ।
ਏਕਿਰਚ ਨੂੰ 19ਵੀਂ ਸਦੀ ਦੇ ਸ਼ੁਰੂ ਵਿੱਚ ਇੱਕ ਆਇਰਿਸ਼ ਘਰ ਵਿੱਚ ਸੌਣ ਦੀ ਸਖ਼ਤ ਵਿਵਸਥਾ ਬਾਰੇ ਇੱਕ ਪ੍ਰਤੱਖ ਦਰਸ਼ੀ ਨੇ ਦੱਸਿਆ।
ਸਭ ਤੋਂ ਵੱਡੀ ਧੀ ਹਮੇਸ਼ਾ ਦਰਵਾਜ਼ੇ ਤੋਂ ਸਭ ਤੋਂ ਦੂਰ ਕੰਧ ਦੇ ਕੋਲ ਸੌਂਦੀ, ਉਸ ਤੋਂ ਬਾਅਦ ਉਸ ਦੀਆਂ ਧੀਆਂ ਉਮਰ ਦੇ ਘੱਟਦੇ ਕ੍ਰਮ ਵਿੱਚ ਸੌਂਦੀਆਂ, ਫਿਰ ਮਾਂ, ਪਿਤਾ ਅਤੇ ਪੁੱਤਰ ਵੀ ਉਮਰ ਦੇ ਕ੍ਰਮ ਵਿੱਚ ਸੌਂਦੇ।
ਅੰਤ ਵਿੱਚ ਅਜਨਬੀ ‘‘ਭਾਵੇਂ ਉਹ ਘੁਮੱਕੜ, ਦਰਜ਼ੀ ਜਾਂ ਭਿਖਾਰੀ ਹੋਣ’’ ਉਹ ਅੰਤ ਵਿੱਚ ਸੌਂਦੇ ਸਨ, ਜਿੱਥੇ ਉਹ ਪਰਿਵਾਰ ਦੀਆਂ ਔਰਤ ਮੈਂਬਰਾਂ ਤੋਂ ਬਹੁਤ ਦੂਰ ਹੁੰਦੇ ਸਨ।
ਇਸ ਪ੍ਰਥਾ ਨੂੰ ‘ਟੂ ਪਿਗ’ ਵਜੋਂ ਜਾਣਿਆ ਜਾਂਦਾ ਸੀ।
ਅਜਿਹੇ ਮਾਮਲੇ ਵੀ ਸਾਹਮਣੇ ਆਏ ਹਨ ਜਿੱਥੇ ਬੈੱਡ ਦੀ ਘਾਟ ਕਾਰਨ ਮਰਦ ਅਤੇ ਔਰਤ ਘਰੇਲੂ ਕਰਮਚਾਰੀਆਂ ਨੂੰ ਇਕੱਠੇ ਸੌਣਾ ਪੈਂਦਾ ਸੀ।
ਏਕਿਰਚ ਕਹਿੰਦੇ ਹਨ, ‘‘ਇਹ ਇੱਕ ਆਮ ਧਾਰਨਾ ਅਤੇ ਹਾਸੇ ਦਾ ਸਰੋਤ ਸੀ - ਘੱਟੋ ਘੱਟ ਉਨ੍ਹਾਂ ਲਈ ਜਿਨ੍ਹਾਂ ਦੇ ਨੌਕਰ ਉਨ੍ਹਾਂ ਨਾਲ ਸੌਣ ਲਈ ਨਹੀਂ ਹੁੰਦੇ ਸਨ। ਕਿਹਾ ਜਾਂਦਾ ਸੀ ਕਿ ਇਸ ਦੇ ਨਤੀਜੇ ਵਜੋਂ ਕਈ ਵਾਰ ਗਰਭਧਾਰਨ ਹੋ ਜਾਂਦਾ ਹੈ।’’
ਅਜਨਬੀਆਂ ਨਾਲ ਸੌਣ ਸਮੇਂ ਜਿਨਸੀ ਹਿੰਸਾ ਜਾਂ ਕਤਲ ਦਾ ਸਦਾ ਖ਼ਤਰਾ ਬਣਿਆ ਰਹਿੰਦਾ ਸੀ।
1851 ਦੇ ਨਾਵਲ ‘ਮੋਬੀ ਡਿਕ’ ਦੇ ਸ਼ੁਰੂਆਤੀ ਅਧਿਆਇ ਵਿੱਚ ਮੁੱਖ ਪਾਤਰ ਇਹ ਜਾਣ ਕੇ ਘਬਰਾ ਜਾਂਦਾ ਹੈ ਕਿ ਸਰਾਏ ਵਿੱਚ ਉਪਲੱਬਧ ਇੱਕੋ ਇੱਕ ਬਿਸਤਰੇ ਲਈ ਰਹੱਸਮਈ ਅਤੇ ਸੰਭਵ ਤੌਰ ''ਤੇ ਖ਼ਤਰਨਾਕ ਵ੍ਹੇਲ ਹਾਰਪੂਨਰ ਦੇ ਨਾਲ ਸੌਣਾ ਪਵੇਗਾ ਜੋ ਕੁਝ ਡਰਾਉਣੇ ਨਕਲੀ ਸਿਰ ਵੇਚਣ ਲਈ ਸ਼ਹਿਰ ਵਿੱਚ ਆਇਆ ਹੋਇਆ ਸੀ।
ਇਕੱਠੇ ਸੌਣ ਦੇ ਕਈ ਘੱਟ ਆਕਰਸ਼ਕ ਪੱਖ ਵੀ ਸਨ।
ਹਨੇਰੇ ਵਿੱਚ ਗੁਪਤ ਗੱਲਬਾਤ ਦੇ ਰੁਮਾਂਸ ਅਤੇ ਸਾਲਾਂ ਤੱਕ ਸਰੀਰਕ ਨਿੱਘ ਸਾਂਝਾ ਕਰਨ ਦੇ ਬਾਅਦ ਵਿਕਸਤ ਹੋਏ ਆਪਸੀ ਸਨੇਹ ਵਾਲੇ ਬੈੱਡਾਂ ਦੇ ਬਾਵਜੂਦ, ਕਈ ਬੈੱਡ ਕੀਟਾਣੂਆਂ ਅਤੇ ਬਿਮਾਰੀਆਂ ਦੇ ਕੇਂਦਰ ਸਨ।
ਬਹੁਤ ਸਾਰੇ ਲੋਕਾਂ ਦੇ ਇੱਕੋ ਗੱਦੇ ’ਤੇ ਪੈਣ ਕਾਰਨ ਇਹ ਬਹੁਤ ਸਾਰੇ ਕੀੜੇ-ਮਕੌੜਿਆਂ ਲਈ ਲੁਕਣ ਲਈ ਆਦਰਸ਼ ਸਥਾਨ ਪ੍ਰਦਾਨ ਕਰਦੇ ਸਨ।
ਇਨ੍ਹਾਂ ਵਿੱਚ ਅਕਸਰ ਪਿੱਸੂ, ਜੂੰਆਂ ਜਾਂ ਖਟਮਲ ਪੈਦਾ ਹੋ ਜਾਂਦੇ ਸਨ।
ਕਈ ਵਾਰ ਸੌਣ ਵਾਲਿਆਂ ਨੂੰ ਬਿਨਾਂ ਧੋਤੇ ਬਿਸਤਰਿਆਂ, ਪੁਰਾਣੇ ਬਿਸਤਰੇ ਅਤੇ ਵਰਤੇ ਹੋਏ ਚੈਂਬਰ ਦੇ ਬਰਤਨਾਂ ਤੋਂ ਘਿਣਾਉਣੀ ਭਾਰੀ ਗੰਧ ਨਾਲ ਪਰੇਸ਼ਾਨੀ ਹੁੰਦੀ ਸੀ।
ਏਕਿਰਚ ਵੱਲੋਂ ਉਜਾਗਰ ਕੀਤੀ ਗਈ ਇੱਕ ਘਟਨਾ ਵਿੱਚ ਦੋ ਔਰਤਾਂ ਨੇ ਇੱਕ ਦੂਜੇ ’ਤੇ ਬਦਬੂ ਪੈਦਾ ਕਰਨ ਦਾ ਦੋਸ਼ ਲਗਾਇਆ।
ਉਦੋਂ ਤੱਕ ਉਨ੍ਹਾਂ ਨੂੰ ਇਹ ਅਹਿਸਾਸ ਨਹੀਂ ਹੋਇਆ ਸੀ ਕਿ ਉਨ੍ਹਾਂ ਦੇ ਬਿਸਤਰੇ ਦੇ ਸਿਰ ’ਤੇ ਟਾਇਲਟ ਬਣਿਆ ਹੋਇਆ ਹੈ।
ਹੌਲੀ ਹੌਲੀ ਗਿਰਾਵਟ
19ਵੀਂ ਸਦੀ ਦੇ ਅੱਧ ਤੱਕ ਇਕੱਠੇ ਸੌਣਾ ਫੈਸ਼ਨ ਤੋਂ ਬਾਹਰ ਹੋਣਾ ਸ਼ੁਰੂ ਹੋ ਗਿਆ। ਇੱਥੋਂ ਤੱਕ ਕਿ ਵਿਆਹੇ ਜੋੜਿਆਂ ਲਈ ਵੀ।
ਇਹ ਸਭ ਇੱਕ ਪ੍ਰਭਾਵਸ਼ਾਲੀ ਅਮਰੀਕੀ ਡਾਕਟਰ ਦੀ ਵਜ੍ਹਾ ਨਾਲ ਸ਼ੁਰੂ ਹੋਇਆ।
ਵਿਲੀਅਮ ਵਿੱਟੀ ਹਾਲ ਜਿਸ ਦੀ ਬਹੁਤ ਸਾਰੇ ਵਿਸ਼ਿਆਂ ’ਤੇ ਮਜ਼ਬੂਤ ਰਾਇ ਸੀ।
ਉਹ ਇਸ ਵਿਚਾਰ ਦਾ ਉਤਸ਼ਾਹੀ ਸਮਰਥਕ ਬਣ ਗਿਆ ਕਿ ਇਕੱਠੇ ਸੌਣਾ ਨਾ ਸਿਰਫ਼ ਮੂਰਖਤਾ ਹੈ ਸਗੋਂ ਇਹ ‘ਗੈਰ-ਕੁਦਰਤੀ ਅਤੇ ਅਪ੍ਰਜਣਨ’ ਦਾ ਵੀ ਕਾਰਨ ਹੈ।
1861 ਵਿੱਚ ਪ੍ਰਕਾਸ਼ਿਤ ਆਪਣੀ ਕਿਤਾਬ ‘ਸਲੀਪ’ ਵਿੱਚ ਹਾਲ ਨੇ ਸਰਾਏ ਦੀਆਂ ਖਿੜਕੀਆਂ ਖੋਲ੍ਹਣ ਨੂੰ ਲੈ ਕੇ ਹੋਏ ਝਗੜੇ ਵਿੱਚ ਬੈਂਜਾਮਿਨ ਫਰੈਂਕਲਿਨ ਦੇ ਸਮਾਨ ਦਲੀਲ ਦਿੱਤੀ:
‘‘ਇੱਕ ਤੋਂ ਵੱਧ ਸਲੀਪਰ ਵਾਲੇ ਕਮਰੇ ਵਿੱਚ ਹਵਾ ਜਲਦੀ ਪ੍ਰਦੂਸ਼ਿਤ ਹੋ ਸਕਦੀ ਹੈ।’’
ਇਸ ਤੋਂ ਇਲਾਵਾ ਉਨ੍ਹਾਂ ਸੰਤੁਸ਼ਟੀ ਪ੍ਰਗਟਾਈ, ‘‘ਇਹ ਘੱਟ ਰਿਹਾ ਹੈ ਕਿਉਂਕਿ ਇਹ ਉਸ ਆਪਸੀ ਵਿਚਾਰ ਅਤੇ ਸਤਿਕਾਰ ਨੂੰ ਘਟਾਉਂਦਾ ਹੈ ਜੋ ਸਮਾਜਿਕ ਜੀਵਨ ਵਿੱਚ ਹੋਣਾ ਚਾਹੀਦਾ ਹੈ।’’
ਇਸ ਤਰ੍ਹਾਂ, ਇੱਕ ਸਾਥੀ ਦੇ ਰੂਪ ਵਿੱਚ ਇੱਕੋ ਬਿਸਤਰੇ ਵਿੱਚ ਸੌਣਾ ਨਾ ਸਿਰਫ਼ ਗੰਦਾ ਅਤੇ ਗੈਰ-ਸਿਹਤਮੰਦ ਸੀ, ਇਹ ਅਨੈਤਿਕ ਵੀ ਸੀ।
ਉਹ ਇੱਥੋਂ ਤੱਕ ਕਹਿ ਗਏ ਕਿ ਇਹ ਲੋਕਾਂ ਨੂੰ ਜਾਨਵਰਾਂ ਦੇ ਸਾਮਰਾਜ ਵਿੱਚ ‘ਸਭ ਤੋਂ ਘਟੀਆ’ ਜਾਨਵਰਾਂ ਦੇ ਕਰੀਬ ਲੈ ਆਇਆ ਹੈ।
ਉਨ੍ਹਾਂ ਨੇ ਸੁਝਾਅ ਦਿੱਤਾ ਕਿ ਉਹ ਬਜ਼ੁਰਗ ਜੋੜੇ ਜੋ ਦਹਾਕਿਆਂ ਤੋਂ ਵਿਆਹੁਤਾ ਜੀਵਨ ਵਿੱਚ ਇਕੱਠੇ ਸੌਣ ਦੇ ਮਹਾਨ ਖਤਰਿਆਂ ਤੋਂ ਬਚੇ ਹੋਏ ਸਨ, ਉਹ ਖੁਸ਼ਕਿਸਮਤ ਸਨ।
ਜਿਵੇਂ ਕਿ ਇਤਿਹਾਸਕਾਰ ਹਿਲੇਰੀ ਹਿੰਡਸ ਨੇ ‘ਏ ਕਲਚਰਲ ਹਿਸਟਰੀ ਆਫ਼ ਟਵਿਨ ਬੈੱਡਸ’ ਕਿਤਾਬ ਵਿੱਚ ਵਿਆਖਿਆ ਕੀਤੀ ਹੈ, ਇਸ ਨੇ ਨਿੱਜੀ ਤੌਰ ’ਤੇ ਸੌਣ ਦੇ ਉਭਾਰ ਦੀ ਸ਼ੁਰੂਆਤ ਨੂੰ ਦਰਸਾਇਆ ਹੈ।
ਪਰਿਵਾਰਾਂ ਨੇ ਇਕੱਠੇ ਸੌਣ ਦੀ ਪ੍ਰਾਚੀਨ ਪ੍ਰਥਾ ਨੂੰ ਤਿਆਗਣਾ ਸ਼ੁਰੂ ਕਰ ਦਿੱਤਾ ਅਤੇ ਲਗਭਗ ਇੱਕ ਸਦੀ ਤੱਕ ਕਈ ਵਿਆਹੁਤਾ ਜੋੜੇ ਜੁੜਵੇਂ ਬੈੱਡਾਂ ’ਤੇ ਅਲੱਗ-ਅਲੱਗ ਸੌਂਦੇ ਸਨ।
ਇਹ ਵਰਤਾਰਾ 1950 ਦੇ ਦਹਾਕੇ ਵਿੱਚ ਉਲਟਾ ਹੋ ਗਿਆ ਸੀ, ਜਦੋਂ ਲੋਕਾਂ ਨੇ ਅਲੱਗ-ਅਲੱਗ ਬੈੱਡਾਂ ਨੂੰ ਅਸਫਲ ਵਿਆਹ ਦੇ ਸੰਕੇਤ ਦੇ ਰੂਪ ਵਿੱਚ ਦੇਖਣਾ ਸ਼ੁਰੂ ਕਰ ਦਿੱਤਾ ਸੀ।
ਪਰ ਸਮਾਜਿਕ ਪੱਧਰ ’ਤੇ ਇਕੱਠੇ ਸੌਣ ਦੇ ਦੂਜੇ ਸੰਦਰਭਾਂ ਵਿੱਚ ਇਹ ਰੁਝਾਨ ਆਪਣੀ ਪਿਛਲੀ ਹਰਮਨਪਿਆਰਤਾ ਨਾਲ ਕਦੇ ਵਾਪਸ ਨਹੀਂ ਆਇਆ।
ਤਾਂ, ਕੀ ਅਸੀਂ ਕੁੱਝ ਗੁਆ ਰਹੇ ਹਾਂ? ਕੀ ਆਧੁਨਿਕ ਸਿਆਸਤਦਾਨਾਂ ਨੂੰ ਰਿਚਰਡ ਦਿ ਲਾਇਨਹਾਰਟ ਅਤੇ ਫਿਲਿਪ ਦੂਜੇ ਵਾਂਗ ਹੱਥ ਮਿਲਾ ਕੇ ਫੋਟੋ ਖਿਚਾਉਣ ਦੀ ਥਾਂ ਉਨ੍ਹਾਂ ਨਾਲ ਇੱਕ ਪ੍ਰਤੀਕਾਤਮਕ ਰਾਤ ਬਿਤਾਉਣੀ ਚਾਹੀਦੀ ਹੈ?
ਜਾਂ ਕੀ ਇਤਿਹਾਸਕ ਯਾਤਰੀਆਂ ਦੀ ਤਰ੍ਹਾਂ ਬਿਲਕੁਲ ਅਜਨਬੀਆਂ ਨਾਲ ਬਿਸਤਰਾ ਸਾਂਝਾ ਕਰਨ ਨਾਲ ਸੈਰ ਸਪਾਟੇ ਨੂੰ ਲਾਭ ਹੋਏਗਾ?
ਹੈਂਡਲੇ ਕਹਿੰਦੇ ਹਨ, ‘‘ਮੈਨੂੰ ਲੱਗਦਾ ਹੈ ਕਿ ਜਦੋਂ ਲੋਕ ਸਭ ਪ੍ਰਕਾਰ ਦੇ ਕਾਰਨਾਂ ਕਰਕੇ ਇਕੱਲੇ ਸੌਂਦੇ ਹਨ ਤਾਂ ਉਨ੍ਹਾਂ ਨੂੰ ਵਧੀਆ ਨੀਂਦ ਆਉਂਦੀ ਹੈ...।’’
‘‘ਇੱਕ ਵਾਰ ਜਦੋਂ ਤੁਸੀਂ ਉਸ ਕਿਸਮ ਦੇ ਮਨੋਵਿਗਿਆਨਕ ਆਰਾਮ ਨੂੰ ਪਾਰ ਕਰ ਲੈਂਦੇ ਹੋ ਜੋ ਇਕੱਠੇ ਸੌਣ ਨਾਲ ਤੁਹਾਨੂੰ ਮਿਲ ਸਕਦਾ ਹੈ, ਤਾਂ ਜ਼ਿਆਦਾਤਰ ਲੋਕਾਂ ਨੂੰ ਸੌਣ ਦੇ ਅਜਿਹੇ ਮਾਹੌਲ ਦਾ ਫਾਇਦਾ ਹੁੰਦਾ ਹੈ ਜਿਸ ਨੂੰ ਉਹ ਆਪਣੀਆਂ ਵਿਸ਼ੇਸ਼ ਲੋੜਾਂ ਲਈ ਅਪਣਾ ਸਕਦੇ ਹਨ।’’
* ਇਸ ਲੇਖ ਨੂੰ ਇਹ ਸਪੱਸ਼ਟ ਕਰਨ ਲਈ ਅਪਡੇਟ ਕੀਤਾ ਗਿਆ ਹੈ ਕਿ ਇਹ ਮਹਾਰਾਣੀ ਐਲਿਜ਼ਾਬੈਥ ਪਹਿਲੀ ਦੀ ਮਤਰੇਈ ਮਾਂ ਕੈਥਰੀਨ ਪਾਰ ਦਾ ਪਤੀ ਸੀ ਜੋ ਨੌਜਵਾਨ ਰਾਣੀ ਦੇ ਬੈੱਡਰੂਮ ਵਿੱਚ ਘੁਸ ਗਿਆ ਸੀ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)
ਪਾਕਿਸਤਾਨ ਦਾ ਉਹ ਇਲਾਕਾ ਜਿੱਥੇ ਗ਼ੈਰਕਾਨੂੰਨੀ ਢੰਗ ਨਾਲ ਪਾਣੀ ਵਿੱਚੋਂ ਕੱਢਿਆ ਜਾਂਦਾ ਹੈ ਸੋਨਾ
NEXT STORY