ਅਯੁੱਧਿਆ ਵਿੱਚ ਬਣ ਰਹੇ ਰਾਮ ਮੰਦਰ ਵਿੱਚ ਭਗਵਾਨ ਰਾਮ ਦੀ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਦਾ ਸਮਾਗਮ ਪੂਰਾ ਹੋ ਚੁਕਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਦੁਪਹਿਰ 12:29 ਉੱਤੇ ਮੁੱਖ ਪੂਜਾ ਸ਼ੁਰੂ ਕੀਤੀ ਸੀ।
ਪੂਜਾ ਦੇ ਦੌਰਾਨ ਗਰਭਗ੍ਰਹਿ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ, ਯੂਪੀ ਦੀ ਰਾਜਪਾਲ ਆਨੰਦੀ ਬੇਨ ਪਟੇਲ ਅਤੇ ਸੰਘ ਦੇ ਮੁਖੀ ਮੋਹਨ ਭਾਗਵਤ ਦਿਖੇ।
ਦੇਸ਼ ਦੀ ਵੱਡੀਆਂ ਵਪਾਰਕ ਸ਼ਖ਼ਸੀਅਤਾਂ ਅਤੇ ਸਿਨੇਮਾ ਜਗਤ ਦੇ ਵੱਡੇ ਕਲਾਕਾਰ ਇੱਥੇ ਸਨ, ਪਰ ਵਿਰੋਧੀ ਧਿਰਾਂ ਸਮਾਗਮ ਵਿੱਚ ਨਹੀਂ ਦਿਖੀਆਂ।
ਕਾਂਗਰਸ ਕੀ ਕਰ ਰਹੀ ਹੈ
ਕਾਂਗਰਸ ਦੇ ਆਗੂ ਰਾਹੁਲ ਗਾਂਧੀ ਇਸ ਵੇਲੇ ‘ਭਾਰਤ ਜੋੜੇ ਨਿਆਏ ਯਾਤਰਾ'' ਕਰ ਰਹੇ ਹਨ। ਪ੍ਰਾਣ ਪ੍ਰਤਿਸ਼ਠਾ ਦੇ ਦਿਨ ਉਹ ਅਸਾਮ ਵਿੱਚ ਹਨ।
ਉਨ੍ਹਾਂ ਦੇ ਨਾਲ ਇਸ ਯਾਤਰਾ ਵਿੱਚ ਕਾਂਗਰਸ ਦੇ ਕਈ ਵੱਡੇ ਆਗੂ ਵੀ ਹਨ।
ਸੋਮਵਾਰ ਸਵੇਰੇ ਰਾਹੁਲ ਗਾਂਧੀ ਵੈਸ਼ਣਵ ਸੰਤ ਸ਼੍ਰੀਮੰਤ ਸੰਕਰ ਦੇਵ ਦੀ ਸਥਲੀ, ਬੋਰਦੋਵਾ ਥਾਨ ਮੰਦਿਰ ਜਾਣਾ ਚਾਹੁੰਦੇ ਸਨ ਪਰ ਰਸਤੇ ਵਿੱਚ ਹੀ ਪੁਲਿਸ ਨੇ ਉਨ੍ਹਾਂ ਨੂੰ ਰੋਕ ਦਿੱਤਾ।
ਇਸ ਘਟਨਾ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਰਾਹੁਲ ਗਾਂਧੀ ਆਪਣੀ ਗੱਡੀ ਤੋਂ ਉਤਰਕੇ ਪੁਲਿਸ ਮੁਲਾਜ਼ਮਾਂ ਨੂੰ ਪੁੱਛਦੇ ਹਨ ਕਿ ਆਖ਼ਰ ਉਨ੍ਹਾਂ ਨੂੰ ਕਿਉਂ ਰੋਕਿਆ ਜਾ ਰਿਹਾ ਹੈ।
ਇਸ ਵੀਡੀਓ ਵਿੱਚ ਉਹ ਕਹਿ ਰਹੇ ਹਨ, “ਮਾਮਲਾ ਕੀ ਹੈ? ਕੀ ਮੈਂ ਜਾ ਕੇ ਬੈਰੀਕੇਡ ਦੇਖ ਸਕਦਾ ਹਾਂ, ਮੈਂ ਮੰਦਰ ਕਿਉਂ ਨਹੀਂ ਜਾ ਸਕਦਾ, ਕੀ ਮੰਦਰ ਜਾਣ ਦੀ ਇਜਾਜ਼ਤ ਨਹੀਂ ਹੈ, ਮੇਰੇ ਕੋਲ ਪਰਮਿਸ਼ਨ ਹੈ, ਮੈਨੂੰ ਮੰਦਰ ਦੇ ਪ੍ਰਸ਼ਾਸਨ ਨੇ ਬੁਲਾਇਆ ਹੈ, ਮੈਂ ਹੱਥ ਜੋੜਨਾ ਚਾਹੁੰਦਾ ਹਾਂ, ਰੱਬ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ।”
ਇਸ ਘਟਨਾ ਤੋਂ ਬਾਅਦ ਮੀਡੀਆ ਨਾਲ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ, “ਅਸੀਂ ਮੰਦਰ ਵਿੱਚ ਜਾਣ ਦੀ ਕੋਸ਼ਿਸ਼ ਕਰ ਰਹੇ ਹਾਂ, ਸਾਨੂੰ ਬੁਲਾਇਆ ਗਿਆ ਅਤੇ ਹੁਣ ਸਾਨੁੰ ਜਾਣ ਨਹੀਂ ਦਿੱਤਾ ਜਾ ਰਿਹਾ, ਅਸੀਂ ਕੁਝ ਵੀ ਜਬਰਦਸਤੀ ਨਹੀਂ ਕਰਾਂਗੇ, ਅਸੀਂ ਇੱਥੇ ਆਪਣੀ ਯਾਤਰਾ ਕਰਨ ਆਏ ਹਾਂ, ਅਸੀਂ ਤਾਂ ਉਸ ਦਾ ਕਾਰਨ ਜਾਣਨਾ ਚਾਹੁੰਦੇ ਹਾਂ।”
ਰਾਹੁਲ ਗਾਂਧੀ ਨੇ ਇਹ ਵੀ ਕਿਹਾ, “ਲੱਗਦਾ ਹੈ ਕਿ ਅੱਜ ਸਿਰਫ਼ ਇੱਕ ਹੀ ਵਿਅਕਤੀ (ਪੀਐਮ ਨਰਿੰਦਰ ਮੋਦੀ) ਮੰਦਰ ਜਾ ਸਕਦਾ ਹੈ।”
10 ਜਨਵਰੀ ਨੂੰ ਕਾਂਗਰਸ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਵਿੱਚ ਕਾਂਗਰਸ ਦੀ ਚੇਅਰਪਰਸਨ ਸੋਨੀਆ ਗਾਂਧੀ, ਪਾਰਟੀ ਮੁਖੀ ਮਲਿਕਾਰਜੁਨ ਖੜਗੇ ਅਤੇ ਆਗੂ ਅਧੀਰ ਰੰਜਨ ਚੌਧਰੀ ਨਹੀਂ ਹਾਜ਼ਰ ਹੋਣਗੇ।
ਆਪਣੇ ਬਿਆਨ ਵਿੱਚ ਪਾਰਟੀ ਨੇ ਕਿਹਾ ਕਿ ਬੀਤੇ ਮਹੀਨੇ ਉਨ੍ਹਾਂ ਨੁੰ ਇਸ ਸਮਾਗਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ।
ਸਮਾਗਮ ਵਿੱਚ ਸ਼ਾਮਲ ਹੋਣ ਅਤੇ ਨਾ ਹੋਣ ਬਾਰੇ ਪਾਰਟੀ ਦੀ ਬੈਠਕ ਵੀ ਹੋਈ ਸੀ ਜਿਸ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ।
ਕਾਂਗਰਸ ਦਾ ਕਹਿਣਾ ਹੈ, “ਧਰਮ ਵਿਅਕਤੀ ਦਾ ਨਿੱਜੀ ਮਸਲਾ ਹੈ, ਪਰ ਭਾਜਪਾ ਅਤੇ ਆਰਐੱਸਐੱਸ ਲੰਬੇ ਸਮੇਂ ਤੋਂ ਇਸ ਮੁੱਦੇ ਨੂੰ ਰਾਜਨੀਤਕ ਪ੍ਰੋਜੈਕਟ ਬਣਾਉਂਦੇ ਰਹੇ ਹਨ, ਸਪਸ਼ਟ ਹੈ ਕਿ ਇਸ ਨਿਰਮਾਣ ਅਧੀਨ ਮੰਦਰ ਦਾ ਉਦਘਾਟਨ ਸਿਰਫ਼ ਚੋਣਾਂ ਵਿੱਚ ਲਾਭ ਲੈਣ ਲਈ ਕੀਤਾ ਜਾ ਰਿਹਾ ਹੈ।”
ਦੂਜੇ ਪਾਸੇ ਕਾਂਗਰਸ ਨੇਤਾ ਅਤੇ ਸੰਸਦ ਮੈਂਬਰ ਦਿਪੇਂਦਰ ਹੁੱਡਾ ਭਗਵਾਨ ਰਾਮ ਦੀ ਭਗਤੀ ਦੇ ਰੰਗ ਵਿੱਚ ਰੰਗੇ ਹੋਏ ਨਜ਼ਰ ਆਏ।
ਉਨ੍ਹਾਂ ਨੇ ਹਰਿਆਣਾ ਵਿੱਚ ਝੱਜਰ ਦੇ ਪਟੌਦੀ ਵਿੱਚ ਭਗਵਾਨ ਰਾਮ ਦੇ ਮੰਦਰ ਦਾ ਉਦਘਾਟਨ ਅਤੇ ਪ੍ਰਾਣ ਪ੍ਰਤਿਸ਼ਠਾ ਕੀਤੀ।
ਰਾਮ ਦੇ ਰੰਗ ਵਿੱਚ ਆਮ ਆਦਮੀ ਪਾਰਟੀ
ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਦੇ ਦਿਨ ਆਮ ਆਦਮੀ ਪਾਰਟੀ ਦਿੱਲੀ ਵਿੱਚ ਸ਼ੋਭਾ ਯਾਤਰਾ ਕੱਢ ਰਹੀ ਹੈ। ਇਸ ਦੇ ਨਾਲ ਹੀ ਵਿਧਾਨ ਸਭਾ ਹਲਕਿਆਂ ਵਿੱਚ ਭੰਡਾਰਾ ਕਰਵਾਇਆ ਜਾ ਰਿਹਾ ਹੈ।
ਇਸ ਮੌਕੇ ਉੱਤੇ ਦਿੱਲੀ ਦੀ ਸਿੱਖਿਆ ਮੰਤਰੀ ਆਤਿਸ਼ੀ ਨੇ ਰਾਮ ਪੂਜਾ ਅਤੇ ਹਵਨ ਕੀਤਾ।
ਆਪ ਆਗੂ ਦਿਲੀਪ ਪਾਂਡੇ ਨੇ ਦੱਸਿਆ, “ਲਗਭਗ ਸੱਤ ਥਾਵਾਂ ਉੱਤੇ 22 ਤਰੀਕ ਨੂੰ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ, ਇਸ ਤੋਂ ਇਲਾਵਾ ਤਿੰਨ ਵਿਧਾਨ ਸਭਾ ਹਲਕੇ ਅਜਿਹੇ ਹਨ ਜਿੱਥੇ ਫਿਰ ਸੁੰਦਰਕਾਂਡ ਦਾ ਪਾਠ ਕੀਤਾ ਜਾ ਰਿਹਾ ਹੈ। ਕਰੀਬ 16-17 ਹਲਕੇ ਅਜਿਹੇ ਹਨ ਜਿੱਥੇ ਸੁੰਦਰਕਾਂਡ ਅਤੇ ਆਰਤੀ ਤੋਂ ਬਾਅਦ ਫ਼ਲ ਵੰਡੇ ਜਾਣਗੇ।”
ਉਨ੍ਹਾਂ ਨੇ ਕਿਹਾ ਮੁੱਖ ਮੰਤਰੀ ਦੀ ਪ੍ਰੇਰਣਾ ਅਤੇ ਹੁਕਮ ਨਾਲ ਦੇਸ਼ ਦਾ ਸਭ ਤੋਂ ਚੰਗਾ ਰਾਮਲੀਲਾ ਮੰਚ 22 ਜਨਵਰੀ ਨੂੰ ਵੀ ਜਾਰੀ ਰਹੇਗਾ।
21 ਜਨਵਰੀ ਨੂੰ ਇਸ ਰਾਮਲੀਲਾ ਨੂੰ ਦੇਖਣ ਖੁਦ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਪਹੁੰਚੇ ਸਨ।
ਇਸ ਮੌਕੇ ਉੱਤੇ ਮੰਚ ਤੋਂ ਜੈ ਸ਼੍ਰੀਰਾਮ ਦੇ ਨਾਅਰੇ ਲਾਉਂਦੇ ਹੋਏ ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ, “ਅੱਜ ਇਸ ਮੌਕੇ ਉੱਤੇ ਜਦੋਂ ਅਸੀਂ ਭਗਵਾਨ ਰਾਮ ਦੀ ਭਗਤੀ ਕਰ ਰਹੇ ਹਾਂ, ਸਾਨੂੰ ਉਨ੍ਹਾਂ ਦੇ ਜੀਵਨ ਤੋਂ ਅਤੇ ਉਨ੍ਹਾਂ ਦੇ ਵਿਚਾਰਾਂ ਤੋਂ ਉਨ੍ਹਾਂ ਦੇ ਸ਼ਬਦਾਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ।”
ਆਪ ਆਗੂ ਦਿਲੀਪ ਪਾਂਡੇ ਨੇ ਦੱਸਿਆ ਕਿ ਮੁੱਖ ਮੰਤਰੀ ਕੇਜਰੀਵਾਲ ਨੇ ਆਮ ਆਦਮੀ ਪਾਰਟੀ ਦੇ ਕਾਰਕੁਨਾਂ, ਆਗੂਆਂ, ਮੰਤਰੀਆਂ ਅਤੇ ਸਾਰਿਆਂ ਨੂੰ ਸ਼ੋਭਾ ਯਾਤਰਾ ਦਾ ਹਿੱਸਾ ਅਤੇ ਭੰਡਾਰੇ ਵਿੱਚ ਸੇਵਾ ਦੇਣ ਲਈ ਕਿਹਾ ਹੈ।
ਇਸ ਤੋਂ ਪਹਿਲਾਂ ਜਦੋਂ ਮੁੱਖ ਮੰਤਰੀ ਕੇਜਰੀਵਾਲ ਨੂੰ ਪੱਤਰਕਾਰਾਂ ਨੇ ਪ੍ਰਾਣ ਪ੍ਰਤਿਸ਼ਠਾ ਵਿੱਚ ਸ਼ਾਮਲ ਹੋਣ ਬਾਰੇ ਸਵਾਲ ਕੀਤਾ ਸੀ ਤਾਂ ਉਨ੍ਹਾਂ ਨੇ ਕਿਹਾ ਸੀ, “ਉਨ੍ਹਾਂ ਦੀ ਇੱਕ ਚਿੱਠੀ ਆਈ ਸੀ, ਉਸ ਤੋਂ ਬਾਅਦ ਅਸੀਂ ਉਨ੍ਹਾਂ ਨੂੰ ਫੋਨ ਕੀਤਾ, ਉਨ੍ਹਾਂ ਨੇ ਦੱਸਿਆਂ ਕਿ ਵਿਅਕਤੀਗਤ ਤੌਰ ਉੱਤੇ ਸੱਦਾ ਦੇਣ ਲਈ ਉਨ੍ਹਾਂ ਦੀ ਇੱਕ ਟੀਮ ਆਏਗੀ, ਪਰ ਉਹ ਨਹੀਂ ਆਈ।”
ਉਨ੍ਹਾਂ ਨੇ ਕਿਹਾ, “ਮੇਰੀ ਪਤਨੀ ਅਤੇ ਬੱਚਿਆਂ ਦੇ ਨਾਲ-ਨਾਲ ਮੇਰੇ ਮਾਪਿਆਂ ਨੂੰ ਵੀ ਬਹੁਤ ਚਾਅ ਚੜ੍ਹਿਆ ਹੋਇਆ ਹੈ ਕਿ ਅਸੀਂ ਜਾ ਕੇ ਰਾਮਲੱਲਾ ਦੇ ਦਰਸ਼ਨ ਕਰਨੇ ਹਨ, ਆਪਣੇ ਮਾਪਿਆਂ ਅਤੇ ਪਤਨੀ ਦੇ ਨਾਲ ਮੈਂ ਬਾਅਦ ਵਿੱਚ ਜਾਵਾਂਗਾ, ਇੱਕ ਵਾਰ 22 ਤਰੀਕ ਵਾਲਾ ਸਮਾਗਮ ਹੋ ਜਾਵੇ।”
ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇ ਬਜ਼ੁਰਗਾਂ ਨੂੰ ਅਯੁੱਧਿਆ ਵਿੱਚ ਰਾਮਲੱਲਾ ਦੇ ਦਰਸ਼ਨ ਕਰਵਾਉਣ ਦੇ ਲਈ ਉਨ੍ਹਾਂ ਦੀ ਸਰਕਾਰ ਵੱਧ ਤੋਂ ਵੱਧ ਰੇਲ ਗੱਡੀਆਂ ਚਲਵਾਏਗੀ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)
ਪਠਾਨਕੋਟ ਦਾ 28 ਸਾਲਾ ਨੌਜਵਾਨ ਪਨਾਮਾ ਦੇ ਜੰਗਲਾਂ ਵਿੱਚ ਲਾਪਤਾ ਹੋਇਆ, ''ਕਾਨੂੰਨੀ ਤਰੀਕੇ ਕਹਿ ਕੇ ਡੌਂਕੀ...
NEXT STORY