ਡਾ. ਨੀਲਮ ਮਹਿੰਦਰ
ਐਲੋਪੈਥੀ ਅਤੇ ਆਯੁਰਵੇਦ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਦੇਸ਼ ’ਚ ਜੰਗ ਛਿੜੀ ਹੋਈ ਹੈ। ਆਈ. ਐੱਮ. ਏ. ਅਤੇ ਬਾਬਾ ਰਾਮਦੇਵ ਦੀ ਆਪਸੀ ਬਿਆਨਬਾਜ਼ੀ ਨਾਲ ਕੋਵਿਡ ਦੀਆਂ ਮੌਜੂਦਾ ਹਾਲਤਾਂ ’ਚ ਆਮ ਆਦਮੀ ’ਤੇ ਕੀ ਅਸਰ ਪੈ ਰਿਹਾ ਹੋਵੇਗਾ, ਇਸ ਵਿਸ਼ੇ ’ਚ ਸੋਚੇ ਬਿਨਾਂ ਦੋਵਾਂ ’ਚ ਵਿਵਾਦ ਜਾਰੀ ਹੈ। ਹਾਲਾਂਕਿ ਬਾਬਾ ਰਾਮਦੇਵ ਵੱਲੋਂ ਆਪਣਾ ਬਿਆਨ ਵਾਪਸ ਲੈ ਲਿਆ ਗਿਆ ਹੈ ਪਰ ਫਿਰ ਵੀ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ. ਐੱਮ. ਏ.) ਬਾਬਾ ’ਤੇ ਇਕ ਹਜ਼ਾਰ ਕਰੋੜ ਰੁਪਏ ਦੀ ਮਾਣਹਾਨੀ ਦੇ ਦਾਅਵੇ ਦੇ ਨਾਲ ਅਦਾਲਤ ਪਹੁੰਚ ਗਿਆ ਹੈ।
ਇੰਨਾ ਹੀ ਨਹੀਂ ਦੋਵਾਂ ਦਰਮਿਆਨ ਵਿਵਾਦ ਦੇਸ਼ਧ੍ਰੋਹ ਦੇ ਦੋਸ਼ਾਂ ਤੱਕ ਪਹੁੰਚ ਗਿਆ ਹੈ। ਇਕ ਪਾਸੇ ਰਾਮਦੇਵ ਨੂੰ ਕਾਰਪੋਰੇਟ ਬਾਬਾ ਅਤੇ ਵਪਾਰੀ ਬਾਬਾ ਵਰਗੇ ਵਿਸ਼ੇਸ਼ਣ ਦਿੱਤੇ ਗਏ ਤਾਂ ਆਈ. ਐੱਮ. ਏ. ’ਤੇ ਪੱਖਾ, ਤੇਲ, ਸਾਬਣ, ਪੇਂਟ ਅਤੇ ਬੱਲਬ ਵਰਗੀਆਂ ਵਸਤਾਂ ਨੂੰ ਪ੍ਰਮਾਣਿਤ ਕਰ ਕੇ ਉਨ੍ਹਾਂ ਦਾ ਪ੍ਰਚਾਰ ਕਰਨ ਦੇ ਦੋਸ਼ ਲੱਗੇ। ਭਾਜਪਾ ਨੇਤਾ ਕਪਿਲ ਮਿਸ਼ਰਾ ਨੇ ਤਾਂ ਇੱਥੋਂ ਤੱਕ ਕਿਹਾ ਕਿ ਜਿਨ੍ਹਾਂ ਵਿਦੇਸ਼ੀ ਕੰਪਨੀਆਂ ਤੋਂ ਪੈਸਾ ਲੈ ਕੇ ਆਈ. ਏ. ਐੱਮ. ਸਰਟੀਫਿਕੇਟ ਵੰਡ ਰਿਹਾ ਸੀ ਉਸ ਦੀ ਦੁਕਾਨ ਬਾਬਾ ਦੇ ਕਾਰਨ ਠੱਪ ਹੋ ਰਹੀ ਹੈ। ਕੁਲ ਮਿਲਾ ਕੇ ਅਜਿਹਾ ਜਾਪਣ ਲੱਗਾ ਕਿ ਪੂਰੇ ਦੇ ਪੂਰੇ ਵਿਵਾਦ ਦਾ ਕਾਰਨ ਕਾਰੋਬਾਰੀ ਮੁਕਾਬਲੇਬਾਜ਼ੀ ਹੈ।
ਪਰ ਅਜਿਹੇ ਦੌਰ ’ਚ ਜਦੋਂ ਸਾਡਾ ਦੇਸ਼ ਹੀ ਨਹੀਂ ਸਗੋਂ ਮੁਕੰਮਲ ਵਿਸ਼ਵ ਹੀ ਬੇਹੱਦ ਔਖੀਆਂ ਅਤੇ ਨਾਜ਼ੁਕ ਹਾਲਤਾਂ ’ਚੋਂ ਲੰਘ ਰਿਹਾ ਹੈ, ਉਸ ਸਮੇਂ ਮੈਡੀਕਲ ਵਿਗਿਆਨ ਦੀਆਂ ਦੋ ਪ੍ਰਣਾਲੀਆਂ ਦਾ ਖੁਦ ਨੂੰ ਬਿਹਤਰ ਦੱਸਣ ਦੀ ਹੋੜ ’ਚ ਇਕ-ਦੂਜੇ ਨੂੰ ਹੇਠਾਂ ਦਿਖਾਉਣ ਲਈ ਦੋਸ਼-ਪ੍ਰਤੀ ਦੋਸ਼ ਦਾ ਇਹ ਵਰਤਾਰਾ ਬਹੁਤ ਹੀ ਮੰਦਭਾਗਾ ਹੈ। ਜੇਕਰ ਗੰਭੀਰਤਾ ਨਾਲ ਗੱਲ ਕੀਤੀ ਜਾਵੇ ਤਾਂ ਆਯੁਰਵੇਦ ਅਤੇ ਐਲੋਪੈਥੀ ਡਾਕਟਰੀ ਵਿਗਿਆਨ ਦੀਆਂ ਦੋ ਵੱਖ-ਵੱਖ ਅਜਿਹੀਆਂ ਪ੍ਰਣਾਲੀਆਂ ਹਨ ਜਿਨ੍ਹਾਂ ਦਾ ਰੋਗ ਅਤੇ ਰੋਗੀ ਪ੍ਰਤੀ ਮੁੱਢਲਾ ਨਜ਼ਰੀਆ ਹੀ ਨਹੀਂ ਸਗੋਂ ਉਸ ਦੇ ਇਲਾਜ ਅਤੇ ਬੀਮਾਰੀ ਦੇ ਡਾਇਗਨੋਸਿਸ ਦੀ ਵੀ ਵੱਖਰੀ ਪ੍ਰਕਿਰਿਆ ਹੈ। ਵੇਖਿਆ ਜਾਵੇ ਤਾਂ ਰੋਗੀ ਨੂੰ ਤੰਦਰੁਸਤ ਕਰਨ ਦੇ ਟੀਚੇ ਦੇ ਇਲਾਵਾ ਦੋਵਾਂ ’ਚ ਕੋਈ ਸਮਾਨਤਾ ਹੀ ਨਹੀਂ ਹੈ।
ਐਲੋਪੈਥੀ ਦੀ ਗੱਲ ਕਰੀਏ ਤਾਂ 19ਵੀਂ ਸਦੀ ’ਚ ਇਹ ਯੂਰਪ ਅਤੇ ਨਾਰਥ ਅਮਰੀਕਾ ’ਚ ਹੋਂਦ ’ਚ ਆਈ। ਇਹ ਸਾਰੇ ਜਾਣਦੇ ਹਨ ਕਿ ਅੱਜ ਦੀ ਤਰੀਕ ’ਚ ਐਲੋਪੈਥੀ ਸਭ ਤੋਂ ਵਿਗਿਆਨਕ ਮੈਡੀਕਲ ਪ੍ਰਣਾਲੀ ਹੈ। ਲਗਾਤਾਰ ਖੋਜ ਅਤੇ ਬਹੁਤ ਜ਼ਿਆਦਾ ਤਕਨੀਕ ਦੇ ਦਮ ’ਤੇ ਇਹ ਡਾਕਟਰੀ ਵਿਗਿਆਨ ਰੋਜ਼ ਤਰੱਕੀ ਕਰ ਰਿਹਾ ਹੈ। ਅੱਜ ਸਰੀਰ ਦਾ ਕੋਈ ਅੰਗ ਖਰਾਬ ਹੋ ਜਾਵੇ ਤਾਂ ਸਫਲਤਾਪੂਰਵਕ ਉਸ ਨੂੰ ਬਦਲਿਆ ਜਾ ਸਕਦਾ ਹੈ, ਸਟੈਮ ਸੈੱਲ ਥੈਰੇਪੀ ਨਾਲ ਕੈਂਸਰ ਵਰਗੀਆਂ ਕਈ ਬੀਮਾਰੀਆਂ ਦਾ ਇਲਾਜ ਕੀਤਾ ਜਾ ਸਕਦਾ ਹੈ, ਟੀ. ਬੀ., ਪੋਲੀਓ, ਕਾਲੀ ਖੰਘ, ਚੇਚਕ ਵਰਗੇ ਕਈ ਜਾਨਲੇਵਾ ਰੋਗਾਂ ਤੋਂ ਬਚਾਅ ਲਈ ਵੈਕਸੀਨ ਦਾ ਨਿਰਮਾਣ ਵੀ ਆਧੁਨਿਕ ਡਾਕਟਰੀ ਵਿਗਿਆਨ ਦੀ ਹੀ ਦੇਣ ਹੈ। ਬੀਮਾਰੀ ਦਾ ਪਤਾ ਲਗਾਉਣ ਲਈ ਵੱਖ-ਵੱਖ ਤਰ੍ਹਾਂ ਦੀਆਂ ਜਾਂਚਾਂ ’ਚ ਆਧੁਨਿਕ ਤਕਨੀਕ ਦੀ ਵਰਤੋਂ ’ਚ ਵੀ ਐਲੋਪੈਥੀ ਆਯੁਰਵੇਦ ਨਾਲੋਂ ਕਿਤੇ ਅੱਗੇ ਹੈ। ਇੰਨਾ ਹੀ ਨਹੀਂ ਜਦੋਂ ਗੱਲ ਲਾਈਫ ਸੇਵਿੰਗ ਡਰੱਗ ਜਾਂ ਫਿਰ ਦੁਰਘਟਨਾ ਦੀ ਸਥਿਤੀ ’ਚ ਅਤੇ ਜਾਂ ਬਹੁਤ ਹੀ ਜ਼ਿਆਦਾ ਖੂਨ ਵਗ ਜਾਣ ਵਰਗੀਆਂ ਕਿਸੇ ਐਮਰਜੈਂਸੀ ਹਾਲਤਾਂ ਦੀ ਆਉਂਦੀ ਹੈ ਤਾਂ ਆਧੁਨਿਕ ਡਾਕਟਰੀ ਵਿਗਿਆਨ ਦਾ ਕੋਈ ਤੋੜ ਨਹੀਂ ਹੁੰਦਾ।
ਉੱਥੇ ਆਯੁਰਵੇਦ ਦੀ ਜੇਕਰ ਗੱਲ ਕਰੀਏ ਤਾਂ ਇਸ ਦਾ ਇਤਿਹਾਸ ਕੁਝ ਸੌ-ਦੋ ਸੌ ਸਾਲ ਪੁਰਾਣਾ ਨਹੀਂ ਸਗੋਂ ਹਜ਼ਾਰਾਂ ਸਾਲ ਪੁਰਾਣਾ ਹੈ। ਇਸ ਨੂੰ ਤ੍ਰਾਸਦੀ ਹੀ ਕਿਹਾ ਜਾਵੇਗਾ ਕਿ ਇਸ ਦਾ ਹਜ਼ਾਰਾਂ ਸਾਲ ਪੁਰਾਣਾ ਹੋਣਾ ਇਸ ਦੀ ਸਭ ਤੋਂ ਵੱਡੀ ਤਾਕਤ ਹੋਣੀ ਚਾਹੀਦੀ ਸੀ ਪਰ ਅੱਜ ਇਹੀ ਇਸ ਦੀ ਸਭ ਤੋਂ ਵੱਡੀ ਕਮਜ਼ੋਰੀ ਬਣ ਗਈ ਹੈ। ਕਹਿਣਾ ਗਲਤ ਨਹੀਂ ਹੋਵੇਗਾ ਕਿ ਭਾਰਤ ਦੀ ਇਸ ਪ੍ਰਾਚੀਨ ਡਾਕਟਰੀ ਪ੍ਰਣਾਲੀ ’ਤੇ ਰਿਸਰਚ ਅਤੇ ਖੋਜ ਦੇ ਆਧਾਰ ’ਤੇ ਇਸ ’ਚ ਸਮੇਂ ਦੇ ਨਾਲ ਜੋ ਤਬਦੀਲੀਆਂ ਹੋਣੀਆਂ ਚਾਹੀਦੀਆਂ ਸਨ, ਇਸ ’ਤੇ ਕੰਮ ਕਰਨਾ ਤ ਾਂ ਦੂਰ ਦੀ ਗੱਲ ਹੈ, ਸੋਚਿਆ ਤੱਕ ਨਹੀਂ ਗਿਆ।
ਦਰਅਸਲ, ਆਯੁਰਵੇਦ ਜੋ ਕਿ ਭਾਰਤ ਦੀ ਪ੍ਰਾਚੀਨ ਡਾਕਟਰੀ ਪ੍ਰਣਾਲੀ ਹੈ, ਸਿਰਫ ਅਥਰਵਵੇਦ ਦਾ ਹੀ ਅੰਸ਼ ਨਹੀਂ ਹੈ ਸਗੋਂ ਭਾਰਤ ਦੇ ਸਨਾਤਨ ਇਤਿਹਾਸ ਦਾ ਵੀ ਅੰਗ ਹੈ। ਸਨਾਤਨ ਇਤਿਹਾਸ ’ਚ ਆਯੁਰਵੇਦ ਦੁਆਰਾ ਡਾਕਟਰੀ ਇਲਾਜ ਦਾ ਵਰਨਣ ਕਦੇ ਰਾਮਾਇਣ ’ਚ ਲਕਸ਼ਮਣ ਨੂੰ ਮੂਰਛਾ ’ਚੋਂ ਬਾਹਰ ਲਿਆਉਣ ਦੇ ਲਈ ਸੰਜੀਵਨੀ ਬੂਟੀ ਦੀ ਵਰਤੋਂ ਦੇ ਰੂਪ ’ਚ ਮਿਲਦਾ ਹੈ ਤਾਂ ਕਦੀ ਮਹਾਭਾਰਤ ਤੋਂ ਲੈ ਕੇ ਸਾਡੇ ਦੇਸ਼ ਦੇ ਕਈ ਪ੍ਰਾਚੀਨ ਸਾਹਿਤ ਦੇ ਵੇਰਵਿਆਂ ਤੋਂ ਮਿਲਦਾ ਹੈ। ਇਤਿਹਾਸ ਦੀ ਜੇਕਰ ਗੱਲ ਕਰੀਏ ਤਾਂ 3000 ਬੀ. ਸੀ. ਭਾਵ ਅੱਜ ਤੋਂ 2300 ਸਾਲ ਪਹਿਲਾਂ ਭਾਰਤ ’ਚ ਆਚਾਰੀਆ ਚਰਕ ਨੇ ਆਯੁਰਵੇਦ ਡਾਕਟਰੀ ਪ੍ਰਣਾਲੀ ਨੂੰ ਉਸ ਦੀ ਪਛਾਣ ਦਿੱਤੀ ਸੀ, ਇਹੀ ਕਾਰਨ ਹੈ ਕਿ ਉਨ੍ਹਾਂ ਨੂੰ ਫਾਦਰ ਆਫ ਇੰਡੀਅਨ ਮੈਡੀਸਨ ਵੀ ਕਿਹਾ ਜਾਂਦਾ ਹੈ।
ਅਤੇ ਚਰਕ ਤੋਂ ਵੀ 500 ਸਾਲ ਪਹਿਲਾਂ 800 ਬੀ. ਸੀ. ’ਚ ਭਾਵ ਅੱਜ ਤੋਂ 2800 ਸਾਲ ਪਹਿਲਾਂ ਆਚਾਰੀਆ ਸੁਸ਼ਰੁਤ ਨੇ ਭਾਰਤ ’ਚ ਸਰਜਰੀ ’ਤੇ ਪੁਸਤਕ ਸੁਸ਼ਰੁਤਸੰਹਿਤਾ ਦੀ ਰਚਨਾ ਕੀਤੀ ਸੀ ਅਤੇ ਇਸ ਨੂੰ ਭਾਰਤ ਹੀ ਨਹੀਂ ਵਿਸ਼ਵ ਭਰ ’ਚ ਫਾਦਰ ਆਫ ਸਰਜਰੀ ਦੇ ਨਾਲ-ਨਾਲ ਫਾਦਰ ਆਫ ਪਲਾਸਟਿਕ ਸਰਜਰੀ ਵੀ ਕਿਹਾ ਜਾਂਦਾ ਹੈ। ਅੱਜ ਵੀ ਪਲਾਸਟਿਕ ਸਰਜਰੀ ’ਤੇ ਸੁਸ਼ਰੁਤਸੰਹਿਤਾ ਨੂੰ ਹੀ ਵਿਸ਼ਵ ਦੇ ਪ੍ਰਾਚੀਨ ਗ੍ਰੰਥ ਦੇ ਰੂਪ ’ਚ ਪ੍ਰਵਾਨ ਕੀਤਾ ਜਾਂਦਾ ਹੈ।
ਕਾਰਨ ਕਿ ਸੁਸ਼ਰੁਤਸੰਹਿਤਾ ’ਚ ਜਿਸ ਸਰਜਰੀ ਬਾਰੇ ਇਲਾਜ ਦਾ ਵਰਨਣ ਕੀਤਾ ਗਿਆ ਹੈ, ਉਸ ’ਚ ਪਲਾਸਟਿਕ ਸਰਜਰੀ, ਜਣੇਪਾ ਅਤੇ ਇਸਤਰੀ ਰੋਗਾਂ ਨਾਲ ਜੁੜੀ ਸਰਜਰੀ, ਨਾਸਿਕ ਸੰਧਿਆਨ, ਮੋਤੀਆਬਿੰਦ ਦੀ ਸਰਜਰੀ, ਦੰਦਾਂ ਦੀ ਸਰਜਰੀ ਤੋਂ ਲੈ ਕੇ ਸੜਨ ਨਾਲ ਹੋਣ ਵਾਲੇ ਜ਼ਖਮਾਂ ਦਾ ਇਲਾਜ ਹੀ ਨਹੀਂ, 125 ਕਿਸਮਾਂ ਦੀ ਸਰਜਰੀ ਕਿਰਿਆ ’ਚ ਵਰਤੇ ਜਾਣ ਵਾਲੇ ਯੰਤਰਾਂ ਭਾਵ ਮੈਡੀਕਲ ਇੰਸਟਰੂਮੈਂਟਸ ਦਾ ਵਿਸਥਾਰਿਤ ਵਰਨਣ ਹੈ।
ਦੇਖਿਆ ਜਾਵੇ ਤਾਂ ਦੋਵੇਂ ਹੀ ਡਾਕਟਰੀ ਪ੍ਰਣਾਲੀਆਂ ਮਨੁੱਖੀ ਜ਼ਿੰਦਗੀ ਦੀ ਭਲਾਈ ਲਈ ਹੋਂਦ ’ਚ ਆਈਆਂ ਹਨ। ਇਕ ਕੱਲ ਦਾ ਵਿਗਿਆਨ ਹੈ ਤਾਂ ਇਕ ਅੱਜ ਦਾ ਪਰ ਇਸ ਦੇ ਨਾਲ-ਨਾਲ ਦੋਵਾਂ ਦੀਆਂ ਆਪਣੀਆਂ ਹੱਦਾਂ ਵੀ ਹਨ। ਐਲੋਪੈਥੀ ਦੀ ਗੱਲ ਕਰੀਏ ਤਾਂ ਉਸ ਦੀ ਸਭ ਤੋਂ ਵੱਡੀ ਘਾਟ ਇਹ ਹੈ ਕਿ ਉਹ ਰੋਗ ਦਾ ਇਲਾਜ ਕਰਦੀ ਹੈ, ਰੋਗੀ ਦਾ ਨਹੀਂ। ਉਹ ਲੱਛਣਾਂ ਦਾ ਇਲਾਜ ਕਰਦੀ ਹੈ, ਬੀਮਾਰੀ ਦਾ ਨਹੀਂ।
ਜਦਕਿ ਆਯੁਰਵੇਦ ’ਚ ਰੋਗ ਦਾ ਨਹੀਂ ਰੋਗੀ ਦਾ ਇਲਾਜ ਕੀਤਾ ਜਾਂਦਾ ਹੈ ਅਤੇ ਲੱਛਣਾਂ ਦੇ ਆਧਾਰ ’ਤੇ ਬੀਮਾਰੀ ਦੀ ਜੜ੍ਹ ਤੋਂ ਪਤਾ ਲਗਾ ਕੇ ਉਸ ਦਾ ਇਲਾਜ ਕੀਤਾ ਜਾਂਦਾ ਹੈ। ਇਸ ਲਈ ਇਹ ਸਮਝਣਾ ਜ਼ਰੂਰੀ ਹੈ ਕਿ ਮੈਡੀਕਲ ਵਿਗਿਆਨ ਭਾਵੇਂ ਜੋ ਵੀ ਹੋਵੇ ਉਸ ਦਾ ਇਕੋ-ਇਕ ਟੀਚਾ ਮਨੁੱਖ ਜਾਤੀ ਦੀ ਭਲਾਈ ਹੈ।
ਕੋਰੋਨਾ ਨੇ ਮਨੁੱਖ ਨੂੰ ਉਸ ਦੀ ਔਕਾਤ ਦਿਖਾ ਦਿੱਤੀ
NEXT STORY