ਅਕਤੂਬਰ ਮਹੀਨੇ ਦੇ ਅਖੀਰਲੇ ਦਿਨਾਂ ਦੀ ਗੱਲ ਏ ਮੈਂ ਬਠਿੰਡੇ ਤੋਂ ਪਿੰਡ ਆ ਰਿਹਾ ਸੀ ਕਿਉਂਕਿ ਅਗਲੇ ਦਿਨ ਪਟਿਆਲੇ ਆਇਲੈਟਸ ਦਾ ਪੇਪਰ ਸੀ ਸੋ ਸੋਚਿਆ ਵੀ ਪਿੰਡੋਂ ਹੀ ਚਲਾ ਜਾਵਾਂਗਾ ।ਮੈਂ ਭੀਖੀ ਬੱਸ ਅੱਡੇ ਤੇ ਖੜ੍ਹ ਕੇ ਪਿੰਡ ਵਾਲੀ ਬਸ ਦੀ ਉਡੀਕ ਕਰਨ ਲੱਗਾ। ਮੇਰੀ ਨਿਗ੍ਹਾ ਉੱਥੇ ਦਾਰੂ ਵਾਲੇ ਠੇਕੇ ਤੇ ਗਈ ਜਿੱਥੇ ਠੇਕੇ ਵਾਲਾ 23ਕੁ ਸਾਲਾਂ ਦਾ ਭਈਆਂ ਠੇਕੇ ਅੱਗੇ ਖੜ੍ਹੇ ਮੰਗਣ ਵਾਲੇ ਜੁਆਕਾਂ ਨੂੰ ਅਵਾ-ਤਵਾ ਬੋਲ ਕੇ ਭਜਾ ਰਿਹਾ ਸੀ। ਮੈਂ ਨਾ ਚਾਹੁੰਦੇ ਹੋਏ ਵੀ ਉਨ੍ਹਾਂ ਉਪਰੋਂ ਧਿਆਨ ਨਹੀ ਹਟਾ ਪਾਇਆ ਕਿਉਂਕਿ ਉਹ ਤਿੰਨ ਮਾਸੂਮ ਬੱਚੀਆਂ ਜਿੰਨ੍ਹਾਂ ਦੀ ਉਮਰ ਕਰੀਬ 12,9,7ਸਾਲ ਦੇ ਕਰੀਬ ਹੋਣੀ ਏ ਦੇ ਪਾਏ ਹੋਏ ਪਾਟੇ ਕੱਪੜੇ, ਨੰਗੇ ਪੈਰ ਤੇ ਖਿੱਲਰੇ ਹੋਏ ਵਾਲ। ਉਹ ਵਾਰੀ-ਵਾਰੀ ਸਾਰਿਆਂ ਕੋਲੋਂ ਭੀਖ ਮੰਗ ਰਹੀਆਂ ਸਨ। ਇਕ ਕੁੜੀ ਮੇਰੇ ਕੋਲ ਵੀ ਆਈ ਤੇ ਮੈਂ ਸਾਫ ਮਨ੍ਹਾ ਕਰ ਦਿੱਤਾ ਪੈਸੇ ਦੇਣ ਤੋਂ, ਸ਼ਾਇਦ ਉਹ ਵੀ ਲੋਕਾਂ ਦੇ ਚਿਹਰੇ ਪੜ੍ਹਣ ਸਿੱਖ ਗਏ ਸਨ ਜੋ ਮੇਰੇ ਕੋਲ ਵਾਰੀ-ਵਾਰੀ ਮਿੰਨਤਾਂ ਕਰਕੇ ਮੇਰੇ ਕੋਲੋਂ ਪੈਸੇ ਕੱਢਵਾ ਹੀ ਲਏ ਇੰਨੇ ਨੂੰ ਬੱਸ ਆਈ ਤੇ ਬੈਗ ਚੁੱਕ ਕੇ ਬੱਸ 'ਚ ਜਾ ਬੈਠਾ।ਦੂਜੇ ਦਿਨ ਪਟਿਆਲਿਓਂ ਵਾਪਿਸ ਆਉਣ ਵੇਲੇ ਫਿਰ ਸਾਰਾ ਕੁਝ ਓਹੀ ਤੇ ਮੈਨੂੰ ਵੇਖ ਕੇ ਉਹ ਭੱਜ ਕੇ ਕੋਲ ਆ ਗਈਆਂ ਪਰ ਅੱਜ ਮੈਂ ਉਨ੍ਹਾ ਨੂੰ ਪੈਸੇ ਦੇਣ ਦੀ ਬਜਾਏ ਕੁਝ ਖਵਾਉਣ ਦੀ ਪੇਸ਼ਕਸ ਕੀਤੀ ਅਤੇ ਠੇਕੇ ਦੇ ਨਾਲ ਵਾਲੀ ਦੁਕਾਨ ਤੇ ਲੈ ਗਿਆ ਤੇ ਉਨ੍ਹਾਂ ਨੇ 2 ਕੁਰਕਰਿਆਂ ਦੇ10-10 ਵਾਲੇ ਪੈਕਟ ਤੇ ਇਕ ਨੇ ਬਿਸਕੁਟ ਲਏ ਤੇ ਉਹ ਖੁਸ਼ ਲੱਗ ਰਹੀਆਂ ਸਨ। ਉਨ੍ਹਾਂ ਦਾ ਹੱਸਦਾ ਚਿਹਰਾ ਵੇਖ ਕੇ ਮਨ ਨੂੰ ਵੀ ਖੁਸ਼ੀ ਮਿਲੀ ।
ਤੀਸਰੇ ਦਿਨ ਸਪੀਕਿੰਗ ਦੇ ਕੇ ਭੀਖੀ ਆ ਕੇ ਰੁੱਕਿਆ ਤੇ ਬਸ ਉਡੀਕਣ ਲੱਗਾ ।ਉਨ੍ਹਾ 'ਚੋਂ ਸਭ ਤੋਂ ਛੋਟੀ ਕੁੜੀ ਦੀ ਨਜ਼ਰ ਮੇਰੇ ਤੇ ਪਈ ਤੇ ਉਸ ਦੇ ਮੂੰਹੋਂ ਸ਼ਾਇਦ ਆਪਣੇ ਆਪ ਹੀ ਨਿਕਲਿਆ “ਉਹੀ ਵੀਰ'' ਅਤੇ ਮੇਰੇ ਕੋਲ ਭੱਜ ਕੇ ਆ ਕੇ ਮੇਰਾ ਹੱਥ ਫੜ੍ਹ ਕੇ ਓਹੀ ਦੁਕਾਨ ਵੱਲ ਨੂੰ ਹੋ ਤੁਰੀ। ਮੈਂ ਨਾ ਚਾਹੁੰਦੇ ਹੋਏ ਵੀ ਮਨ੍ਹਾ ਨੀ ਕਰ ਸਕਿਆ ਪਤਾ ਨੀ ਕੀ ਸਾਂਝ ਪੈ ਗਈ ਸੀ 3 ਦਿਨਾ 'ਚ ਉਨ੍ਹਾਂ ਨਾਲ। ਅੱਜ ਉਨ੍ਹਾਂ ਨਾਲ 2 ਛੋਟੇ-ਛੋਟੇ ਉਨ੍ਹਾਂ ਦੇ ਭਰਾ ਵੀ ਸਨ ਜੋ ਚੰਗੀ ਤਰ੍ਹਾਂ ਬੋਲਣਾ ਵੀ ਨਹੀਂ ਸੀ ਜਾਣਦੇ। ਫਿਰ ਉਨ੍ਹਾਂ ਨੇ ਓਹੀ 30-40 ਦਾ ਸਮਾਨ ਲਿਆ ਤੇ ਮੈਂ ਪੈਸੇ ਦੇ ਕੇ ਦੁਕਾਨ ਅੱਗੇ ਰੱਖੇ ਤਖਤਪੋਸ ਤੇ ਬੈਠ ਗਿਆ ।ਉਨ੍ਹਾਂ ਤਿੰਨਾਂ ਬੱਚੀਆਂ ਚੋ ਜੋ ਵੱਡੀ ਸੀ (12) ਮੇਰੇ ਕੋਲ ਚੁੱਪ ਕਰਕੇ ਬੈਠ ਗਈ ਤੇ ਅੱਜ ਉਸ ਨੇ ਕੁਰਕਰਿਆਂ ਵਾਲਾ ਪੈਕਟ ਵੀ ਨਹੀਂ ਸੀ ਖੋਲਿਆ ।5ਕੁ ਮਿੰਟਾਂ ਮਗਰੋਂ ਜਦੋਂ ਹੀ ਮੈਂ ਉਸ ਦੀ ਚੁੱਪ ਦਾ ਕਾਰਨ ਪੁੱਛਿਆ ਤਾਂ ਉਹ ਰੋਣ ਲੱਗ ਪਈ। ਮੈਂ ਉਸ ਨੂੰ ਚੁੱਪ ਕਰਵਾਉਣਾ ਚਾਹਿਆ ਪਰ ਉਹ ਪਤਾ ਨੀ ਵਿਚਾਰੀ ਕਿੰਨੀ ਕ ਔਖੀ ਸੀ ਕੀ ਸੋਚ ਰਹੀ ਸੀ ਫਿਰ ਉਹ ਉੱਠੀ ਤੇ ਉਹ ਕੁਰਕੁਰੇ ਵਾਪਿਸ ਕਰ 10 ਮੁੜਵਾ ਲਿਆਈ ਤੇ ਆਪਣੇ ਭੈਣ-ਭਰਾਵਾਂ ਕੋਲੋ 1-1 ਦੋ-ਦੋ ਦੀ ਭਾਣ ਜਿਹੀ ਇਕੱਠੀ ਕਰਕੇ ਹਿਸਾਬ ਜਾ ਲਾ ਕੇ ਕਹਿੰਦੀ ਵੀਰੇ ਤੇਰੇ ਪਰਸੋਂ ਤੋਂ ਲੇ ਕੇ ਹੁਣ ਤੱਕ ਅਸੀਂ 105 ਖਰਚ ਕਰਵਾਏ ਆ ਅਤੇ ਇਹ ਲੋ ਆਪਣੇ 45 ਬਾਕੀ ਮੈਂ ਕੱਲ੍ਹ ਨੂੰ ਦੇ ਦੇਵਾਂਗੀ ਮੈ ਇੱਕਦਮ ਹੈਰਾਨ ਹੋ ਕੇ ਉਸ ਵੱਲ ਵੇਖਦਾ ਈ ਰਹਿ ਗਿਆ ।ਮੈਂ ਪੈਸੇ ਤੇ ਨਹੀ ਫੜ੍ਹੇ ਪਰ ਉਸ ਨਿੱਕੀ ਜੀ ਕੁੜੀ ਨੂੰ ਮੈਂ ਸੀਨੇ ਨਾਲ ਲਾ ਲਿਆ ਮੇਰੀਆ ਵੀ ਅੱਖਾਂ 'ਚ ਪਾਣੀ ਆ ਗਿਆ। ਫਿਰ ਮੈਂ ਉਸ ਨੂੰ ਚੱਪਲਾਂ ਪਵਾਉਣ ਲਈ ਕਿਹਾ ਪਰ ਉਸ ਨੇ ਸਾਫ ਮਨ੍ਹਾ ਕਰਤਾ ਕਹਿੰਦੀ ਜੇ ਅਸੀਂ ਪੈਰਾਂ ਚ ਕੁਝ ਪਾ ਲਿਆ ਤਾਂ ਫਿਰ ਲੋਕ ਸਾਡੇ ਤੇ ਤਰਸ ਕਿਦਾਂ ਕਰਨਗੇ ।ਉਸ ਨੇ ਦੱਸਿਆ ਕੇ ਉਹ ਚੌਥੀ ਜਮਾਤ ਚ ਪੜ੍ਹਦੀ ਹੈ ਅਤੇ ਸਕੂਲ ਪਿੱਛੋਂ ਮੰਗਣ ਆ ਜਾਈਦਾ ਤੇ 80-90 ਇਕੱਠੇ ਕਰਕੇ ਮੰਮੀ ਨੂੰ ਦੇ ਦਿੰਨੇ ਆ ਜਿਸ ਦਾ ਉਹ ਰਾਸ਼ਨ ਪਾਣੀ ਲੈ ਆਉਂਦੇ ਆ। ਉਸ ਨਿੱਕੀ ਜੀ ਕੁੜੀ ਦੀਆਂ ਵੱਡੀਆਂ ਵੱਡੀਆਂ ਗੱਲਾੰ ਨੇ ਮੇਰੇ ਸਰੀਰ ਨੂੰ ਸੁੰਨ੍ਹ ਕਰਤਾ ਸੀ। ਉਹ ਪੂਰੇ 25ਮਿੰਟ ਬੋਲਦੀ ਰਹੀ ਅਤੇ ਮੈਂ ਸਿਰਫ ਉਸ ਨੂੰ ਸੁਣਦਾ ਰਿਹਾ ।ਇੰਨੇ ਨੂੰ ਮੇਰੀ ਬਸ ਆ ਗਈ,ਜਦੋਂ ਉਸ ਕੋਲੋਂ ਉੱਠਿਆ ਤਾਂ ਉਸ ਨੇ ਸਿਰਫ ਇੰਨ੍ਹਾ ਕਿਹਾ “ਵੀਰੇ ਤੂੰ ਬਹੁਤ ਚੰਗਾ ਇਨਸਾਨ ਏ।'' ਮੈਂ ਸਾਰੇ ਰਾਹ ਉਸ ਨਿੱਕੀ ਜੀ ਬੱਚੀ ਬਾਰੇ ਈ ਸੋਚਦਾ ਰਿਹਾ। ਉਸ ਨੇ ਮੇਰੇ ਸਿਰ ਬੋਝ ਜੋ ਪਾ ਦਿੱਤਾ ਸੀ ਇੱਕ ਚੰਗਾ ਇਨਸਾਨ ਕਹਿ ਕੇ ਜੋ ਸ਼ਾਇਦ ਮੈਂ ਪਹਿਲਾਂ ਤਾਂ ਨਹੀਂ ਸੀ ਪਰ ਉਸ ਦਿਨ ਤੋਂ ਕੋਸ਼ਿਸ਼ ਕਰ ਰਿਹਾ ਹਾਂ।
ਜਗਦੀਪ ਬੀਰੋਕੇ
ਜ਼ਿੰਦ 'ਚੋਂ ਰੂਹ ਕੋਈ ਉੱਡ..
NEXT STORY