ਅਹਿਮਦ ਸ਼ਾਹ ਅਬਦਾਲੀ ਨੇ ਭਾਰਤ ’ਤੇ ਕਈ ਹਮਲੇ ਕੀਤੇ ਅਤੇ 1761 ਈ ਵਿਚ ਪਾਨੀਪਤ ਦੀ ਲੜਾਈ ਸਮੇਂ ਉਸ ਨੇ ਸਦਾ ਸ਼ਿਵ ਰਾਓ ਭਾਉ ਦੀਆਂ ਮਰਾਠਾ ਫੌਜਾਂ ਨੂੰ ਹਰਾਇਆ। 1762 ਈ ਵਿਚ ਕੁਪ ਰੋਹੀੜਾ ਨੇੜੇ ਮਾਲੇਰਕੋਟਲਾ ਸਿੱਖਾਂ ਦਾ ਕਤਲੇਆਮ ਕੀਤਾ, ਜਿਸ ਨੂੰ ਵੱਡਾ ਘੱਲੂਘਾਰਾ ਵਜੋਂ ਵੀ ਯਾਦ ਕੀਤਾ ਜਾਂਦਾ ਹੈ। ਉਸ ਦਾ ਵਿਚਾਰ ਸੀ ਕਿ ਹੁਣ ਸਿੰਘ ਕਦੀ ਵੀ ਮੁੜ ਜਥੇਬੰਦ ਨਹੀਂ ਹੋ ਸਕਣਗੇ ਪਰ ਉਸ ਦੀ ਸੋਚ ਦੇ ਬਿਲਕੁਲ ਉਲਟ ,ਜਲਦੀ ਹੀ ਸਿੰਘਾਂ ਦੀ ਸ਼ਕਤੀ ਦੁਬਾਰਾ ਪਹਿਲਾਂ ਤੋਂ ਵੀ ਜ਼ਿਆਦਾ ਜਥੇਬੰਦ ਹੁੰਦੀ ਹੈ ਤੇ ਅਹਿਮਦ ਸ਼ਾਹ ਅਬਦਾਲੀ ਨੂੰ ਜਾਨ ਬਚਾਉਣ ਲਈ ਵਾਪਸ ਅਫਗਾਨਿਸਤਾਨ ਵੱਲ ਭੱਜਣ ਲਈ ਮਜਬੂਰ ਕਰਦੀ ਹੈ। ਉਸ ਦੇ ਹੁੰਦਿਆਂ ਹੀ ਸਿੰਘ ਲਾਹੌਰ ’ਤੇ ਫਤਿਹ ਪ੍ਰਾਪਤ ਕਰਦੇ ਹਨ ਤੇ ਉਹ ਉਸ ਵੱਲ ਜਾਣ ਦੀ ਥਾਂ ਦੂਜੇ ਰਾਹ ਪੈ ਜਾਂਦਾ ਹੈ । ਉਸ ਦੇ ਲਸ਼ਕਰ ਦਾ ਸਾਥੀ ਕਾਜੀ ਨੂਰ ਮੁਹੰਮਦ ਸਾਰੀ ਲੜਾਈ ਦਾ ਹਾਲ ਲਿਖਦਾ ਹੈ ਤੇ ਉਨ੍ਹਾਂ ਸਿੰਘਾਂ ਦੀ ਬਹਾਦਰੀ, ਸਰੀਰਕ ਮਜ਼ਬੂਤੀ ਤੇ ਉੱਚ ਚਰਿੱਤਰ ਬਾਰੇ ਦਰਜ ਕਰਦਾ ਹੈ। ‘‘ਉਹ ਸ਼ੇਰ ਹਨ, ਉਹ ਮਰਦਾਂ ਦੇ ਮਰਦਾਨ ਸ਼ੇਰਾਂ ਵਾਂਗ ਦਲੇਰ ਹਨ । ਜੇਕਰ ਤੈਨੰ ਲੜਾਈ ਦਾ ਕਸਬ ਸਿੱਖਣ ਦੀ ਚਾਹ ਹੈ ਤਾਂ ਰਣਭੂਮੀ ਵਿਚ ਇਨ੍ਹਾਂ ਦੇ ਸਾਹਮਣੇ ਹੋ। ਉਹ ਤੈਨੂੰ ਜੰਗ ਦੇ ਐਸੇ ਐਸੇ ਢੰਗ ਸਿਖਾਉਣਗੇ ਕਿ ਸਾਰੇ ਪਏ ਵਾਹ ਵਾਹ ਕਰਨਗੇ । ਜੇਕਰ ਤੈਨੂੰ ਜੰਗ ਦਾ ਹੁਨਰ ਸਿੱਖਣ ਦੀ ਚਾਹ ਤਾਂ ਇਨ੍ਹਾਂ ਪਾਸੋਂ ਸਿੱਖ ਕਿ ਕਿਸ ਤਰ੍ਹਾਂ ਮਰਦਾਂ ਵਾਂਗ ਵੈਰੀ ਦੇ ਸਾਹਮਣੇ ਹੋਣਾ ਚਾਹੀਦਾ ਹੈ ਤੇ ਕਿਸ ਤਰ੍ਹਾਂ ਲੜਾਈ ਵਿਚੋਂ ਆਪਣੇ ਆਪ ਨੂੰ ਸਾਫ਼ ਬਚਾ ਲਿਜਾਣਾ ਚਾਹੀਦਾ ਹੈ । ਇਨ੍ਹਾਂ ਦਾ ਲਕਬ ਸਿੰਘ ਹੈ।
ਜਦ ਇਹ ਹੱਥ ਵਿਚ ਤਲਵਾਰ ਫੜਦੇ ਹਨ ਤਾਂ ਸਿੰਧ ਤੀਕ ਮਾਰੋ-ਮਾਰ ਕਰਦੇ ਚਲੇ ਜਾਂਦੇ ਹਨ। ਕੋਈ ਆਦਮੀ ਇਨ੍ਹਾਂ ਦੇ ਸਾਹਮਣੇ ਅੜ ਨਹੀਂ ਸਕਦਾ, ਭਾਵੇਂ ਉਹ ਕਿੱਡਾ ਹੀ ਜਰਵਾਣਾ ਕਿਉਂ ਨਾ ਹੋਵੇ। ਜਦ ਇਹ ਹੱਥ ਵਿਚ ਨੇਜ਼ਾ ਫੜਦੇ ਹਨ ਤਾਂ ਵੈਰੀ ਦੀ ਸੈਨਾ ਵਿਚ ਭਾਜੜ ਪਾ ਦਿੰਦੇ ਹਨ। ਜਦ ਉਹ ਨੇਜ਼ੇ ਦੀ ਅਣੀ ਉਤਾਹਾਂ ਨੂੰ ਚੁੱਕਦੇ ਹਨ ਤਾਂ ਅੱਗੇ ਭਾਵੇਂ ਕੋਹ-ਕਾਫ਼ ਹੋਵੇ, ਇਹ ਉਸ ਨੂੰ ਵੀ ਲੀਰੋ-ਲੀਰ ਕਰ ਦਿੰਦੇ ਹਨ। ਜਦ ਇਹ ਕਮਾਨ ਦਾ ਚਿੱਲ੍ਹਾ ਚਾੜ੍ਹਦੇ ਹਨ ਤੇ ਉਸ ਵਿਚ ਵੈਰੀ ਦੀ ਜਾਨ ਲੈਣ ਵਾਲਾ ਤੀਰ ਰੱਖਦੇ ਹਨ ਤੇ ਫਿਰ ਚਿੱਲ੍ਹੇ ਖਿੱਚ ਕੇ ਕੰਨ ਤੀਕ ਲੈ ਜਾਂਦੇ ਹਨ ਤਾਂ ਵੈਰੀ ਦਾ ਸਰੀਰ ਥਰ-ਥਰ ਕੰਬਣ ਲੱਗ ਪੈਂਦਾ ਹੈ।
ਇਨ੍ਹਾਂ ਦਾ ਸਰੀਰ ਵੇਖੋ ਤਾਂ ਇਉਂ ਜਾਪਦਾ ਹੈ ਜਿਵੇਂ ਕਿਸੇ ਪਹਾੜੀ ਦਾ ਟਿੱਲ੍ਹਾ ਅਤੇ ਡੀਲ ਡੌਲ ਵਿਚ ਇਕ ਇਕ ਜਣਾ ਪੰਜਾਹ ਮਰਦਾਂ ਤੋਂ ਵਧੀਕ ਹੈ। ਕਹਿੰਦੇ ਹਨ ਕਿ ਬਹਿਰਾਮ ਗੋਰ, ਗੋਰਾਂ ਦਾ ਸ਼ਿਕਾਰ ਕਰਦਾ ਸੀ ਅਤੇ ਸ਼ੇਰਾਂ ਦੀਆਂ ਚੀਕਾਂ ਕੱਢ ਦਿੰਦਾ ਸੀ ਪਰ ਜੇਕਰ ਬਹਿਰਾਮ ਗੋਰ ਇਨ੍ਹਾਂ ਦੇ ਸਾਹਮਣੇ ਆ ਜਾਵੇ ਤਾਂ ਉਹ ਵੀ ਇਨ੍ਹਾਂ ਅੱਗੇ ਸਿਰ ਨੀਵਾਂ ਕਰ ਦੇਵੇ।
"ਲੜਾਈ ਦੇ ਸਮੇਂ ਜਦ ਇਹ ਬੰਦੂਕ ਫੜਦੇ ਹਨ ਤਾਂ ਸ਼ੇਰਾਂ ਵਾਂਗ ਬੁੱਕਦੇ ਅਤੇ ਪੈਲਾਂ ਪਾਉਂਦੇ ਰਣਭੂਮੀ ਵਿਚ ਆਉਂਦੇ ਹਨ ਅਤੇ ਆਉਂਦੇ ਹੀ ਕਈਆਂ ਦੇ ਸੀਨੇ ਚੀਰ ਘੱਤਦੇ ਹਨ ਤੇ ਕਈਆਂ ਦਾ ਲਹੂ ਮਿੱਟੀ ਵਿਚ ਮਿਲਾਉਂਦੇ ਹਨ । ਇਉਂ ਸਮਝੋ ਕਿ ਇਹ ਬੰਦੂਕ ਕਿਸੇ ਪਿਛਲੇ ਸਮੇਂ ਵਿਚ ਇਨ੍ਹਾਂ ਨੇ ਹੀ ਬਣਾਈ ਹੋਵੇਗੀ । ਲੁਕਮਾਨ ਨੇ ਨਹੀਂ ਬਣਾਈ ਹੋਣੀ । ਭਾਵੇਂ ਬੰਦੂਕਾਂ ਤਾਂ ਹਰ ਕਿਸੇ ਪਾਸ ਬਥੇਰੀਆਂ ਹਨ ਪਰ ਇਨ੍ਹਾਂ ਨਾਲੋਂ ਵਧ ਕੇ ਇਸ ਦਾ ਜਾਨਣ ਵਾਲਾ ਕੋਈ ਨਹੀਂ । ਇਹ ਸੱਜੇ- ਖੱਬੇ, ਅੱਗੇ-ਪਿੱਛੇ ਲਗਾਤਾਰ ਗੋਲੀਆਂ ਦਾਗੀ ਜਾਂਦੇ ਹਨ । ਜੇਕਰ ਮੇਰੀ ਗੱਲ ਦਾ ਨਿਸਚਾ ਨਹੀਂ, ਤਾਂ ਲੜਾਈ ਕਰਨ ਵਾਲਿਆਂ ਪਾਸੋਂ ਪੁੱਛ ਕੇ ਵੇਖ ਕਿ ਉਹ ਮੈਥੋਂ ਵੀ ਵਧ ਕੇ ਦੱਸਣਗੇ ਤੇ ਉਨ੍ਹਾਂ ਦੇ ਜੰਗ ਦੇ ਢੰਗ ਨੂੰ ਚੰਗਾ ਆਖਣਗੇ । ਮੇਰੀ ਗੱਲ ਦੇ ਗਵਾਹ ਉਹ ਤੀਹ ਹਜ਼ਾਰ ਸੂਰਮੇ ਹਨ, ਜੋ ਲੜਾਈ ਵਿਚ ਇਨ੍ਹਾਂ ਨਾਲ ਲੜ ਚੁੱਕੇ ਹਨ ।
"ਜੇਕਰ ਇਹ ਨੱਸ ਉੱਠਣ ਤਾਂ ਇਸ ਨੂੰ ਇਨ੍ਹਾਂ ਦੀ ਭਾਂਜ ਨਾ ਸਮਝ, ਇਹ ਵੀ ਇਨ੍ਹਾਂ ਦੀ ਲੜਾਈ ਦਾ ਇਕ ਢੰਗ ਹੈ । ਵੇਖੀਂ ਇਨ੍ਹਾਂ ਦੀ ਇਸ ਫਾਹੀ ਤੋਂ ਬਚੀਂ । ਇਹ ਢੰਗ ਇਸ ਲਈ ਕੀਤਾ ਜਾਂਦਾ ਹੈ ਕਿ ਵੈਰੀ ਤਕੜਾ ਹੋ ਕੇ ਇਨ੍ਹਾਂ ਦੇ ਮਗਰ ਪੈਂਦਾ ਹੈ ਅਤੇ ਆਪਣੇ ਲਸ਼ਕਰ ਤੋਂ ਅੱਡ ਹੋ ਕੇ ਸਹਾਇਤਾ ਤੋਂ ਦੂਰ ਚਲਿਆ ਜਾਂਦਾ ਹੈ । ਤਦ ਇਹ ਪਿੱਛੇ ਮੁੜ ਪੈਂਦੇ ਹਨ ਅਤੇ ਫਿਰ ਪਾਣੀ ਵਿਚ ਵੀ ਅੱਗ ਲਾ ਦਿੰਦੇ ਹਨ । ਤੂੰ ਨਹੀਂ ਵੇਖਿਆ ਕਿ ਲੜਾਈ ਸਮੇਂ ਆਪਣੇ ਖ਼ਾਨ ਦੇ ਅੱਗੋਂ ਇਹ ਮਕਰ ਨਾਲ ਨੱਸ ਉੱਠੇ ਤੇ ਫਿਰ ਪਿੱਛੇ ਮੁੜ ਕੇ ਉਸ ਨੂੰ ਚੌਤਰਫੋਂ ਘੇਰ ਲਿਆ।
ਐ ਸੂਰਮੇ, ਤੂੰ ਆਪ ਹੀ ਨਿਆਂ ਕਰ ਕਿ ਇਨ੍ਹਾਂ ਦੀ ਲੜਾਈ ਕੈਸੀ ਹੈ ਤੇ ਫ਼ੌਜ ਕੈਸੀ ਹੈ । ਇਨ੍ਹਾਂ ਪਿਸ਼ੌਰ ਤੇ ਮੁਲਤਾਨ ਨੂੰ ਜਾ ਸੋਧਿਆ ਅਤੇ ਸ਼ਹਿਰ ਅੰਦਰ ਵੜ ਕੇ ਸ਼ਹਿਰ ਨੂੰ ਲੁੱਟ ਖਾਧਾ।
ਇਨ੍ਹਾਂ ਦੀ ਲੜਾਈ ਤੋਂ ਵਧ ਕੇ ਇਕ ਹੋਰ ਗੱਲ ਵੀ ਸੁਣ, ਜਿਸ ਵਿਚ ਇਹ ਹੋਰਨ ਸੂਰਮਿਆਂ ਨਾਲੋਂ ਬਹੁਤ ਵਧੇ ਹੋਏ ਹਨ, ਇਹ ਨਮਰਦ ਨੂੰ (ਜੋ ਲੜਾਈ ਵਿਚ ਹਥਿਆਰ ਰੱਖ ਦੇਵੇ) ਕਦੇ ਵੀ ਨਹੀਂ ਮਾਰਦੇ, ਨਾ ਹੀ ਨੱਸੇ ਜਾਂਦੇ ਨੂੰ ਵਲਦੇ ਹਨ । ਨਾ ਹੀ ਕਿਸੇ ਤ੍ਰੀਮਤ ਦਾ ਗਹਿਣਾ ਜਾਂ ਰੁਪਿਆ ਲੁੱਟਦੇ ਹਨ, ਭਾਵੇਂ ਉਹ ਸਵਾਣੀ ਹੋਵੇ, ਭਾਵੇਂ ਗੋਲੀ ਬਾਂਦੀ ਇਨ ਵਿਚ ਵਿਭਚਾਰ ਵੀ ਨਹੀਂ, ਨਾ ਹੀ ਇਹ ਚੋਰੀ ਕਰਦੇ ਹਨ । ਤ੍ਰੀਮਤ ਭਾਵੇਂ ਜਵਾਨ ਹੋਵੇ ਭਾਵੇਂ ਬੁੱਢੀ, ਇਹ ਉਸ ਨੂੰ ਬੁੱਢੀ ਹੀ ਆਖਦੇ ਹਨ । ਹਿੰਦੀ ਵਿਚ 'ਬੁੱਢੀ' ਦੇ ਅਰਥ ਹਰ ਵੱਡੀ ਉਮਰ ਵਾਲੀ ਤ੍ਰੀਮਤ ਹੈ । ਇਹ ਨਾ ਚੋਰੀ ਕਰਦੇ ਹਨ ਨਾ ਹੀ ਸੰਨ੍ਹ ਮਾਰਦੇ ਹਨ ਅਤੇ ਨਾ ਹੀ ਚੋਰ ਜਾਂ ਸੰਨ੍ਹ ਮਾਰਨ ਵਾਲੇ ਨੂੰ ਮਿੱਤਰ ਬਣਾਉਂਦੇ ਹਨ।
ਇਹ ਉਹ ਜੀਵਨ ਤੇ ਚਰਿੱਤਰ ਸੀ ਜਿਸ ਨੇ ਸੰਤ ਸਿਪਾਹੀ ਦੀ ਤਸਵੀਰ ਪੇਸ਼ ਕਰ ਕੇ ਦੁਨੀਆ ਭਰ ਵਿਚ ਇਕ ਆਦਰਸ਼ ਸਥਾਪਿਤ ਕੀਤਾ ਸੀ।
ਅੱਜ ਪੰਜਾਬ ਦੇ ਨੌਜਵਾਨ ਨਸ਼ਿਆਂ ਵਿਚ ਗਲਤਾਂਨ ਹੋਇਆ ਸਰੀਰਕ ਬਲ ਗੁਆ ਚੁੱਕਾ ਹੈ। ਲੂਟਾਂ- ਖੋਹਾਂ ਦੀਆਂ ਵਾਰਦਾਤਾਂ ਵਧ ਰਹੀਆਂ ਹਨ ਤੇ ਧੀਆਂ-ਭੈਣਾਂ ਆਪਣੇ ਘਰਾਂ ਵਿਚ ਹੀ ਸੁਰੱਖਿਅਤ ਨਹੀਂ ਲੱਗਦੀਆਂ। ਇਕ ਬਹਾਦਰ ਨੂੰ ਵੇਖ ਕੇ ਦੂਜਾ ਵੀ ਉਸ ਵਰਗਾ ਬਣਨ ਦਾ ਯਤਨ ਕਰਦਾ ਹੈ ਪਰ ਅੱਜ ਦੇ ਆਗੂ ਵੀ ਉੱਚ ਸੰਤ ਸਿਪਾਹੀ ਜੀਵਨ ਜਾਚ ਭੁੱਲੇ ਨਜ਼ਰ ਆਉਂਦੇ ਹਨ। ਸਮਾਂ ਵਿਚਾਰਨ ਦਾ ਹੈ ਕਿ ਜਿਸ ਚਰਿੱਤਰ ਦੇ ਸਿੰਘ ਦਸ਼ਮੇਸ਼ ਪਿਤਾ ਨੇ ਤਿਆਰ ਕੀਤੇ ਸਨ ਤੇ ਅੱਜ ਕੌਮ ਦੇ ਵਾਰਿਸ ਕਿੱਥੇ ਪੁੱਜ ਗਏ ਹਾਂ।
ਇਕਬਾਲ ਸਿੰਘ ਲਾਲਪੁਰਾ (ਲੇਖਕ ਘੱਟ-ਗਿਣਤੀਆਂ ਰਾਸ਼ਟਰੀ ਕਮਿਸ਼ਨ ਦੇ ਚੇਅਰਮੈਨ ਹਨ)
‘4 ਲੇਬਰ ਕੋਡਸ’ ’ਤੇ ਲਗਭਗ ਸਭ ਸੂਬਿਆਂ ਨੇ ਇਕ ਖਰੜਾ ਤਿਆਰ ਕਰ ਲਿਆ
NEXT STORY