ਬਿਹਾਰ ਵਿਧਾਨ ਸਭਾ ਚੋਣਾਂ ’ਚ ਿਮਲੀ ਕਰਾਰੀ ਹਾਰ ਅਤੇ ਸਰਦ ਰੁੱਤ ਸੈਸ਼ਨ ਦੌਰਾਨ ਸੰਸਦ ’ਚ ਪ੍ਰਿਯੰਕਾ ਗਾਂਧੀ ਦੇ ਸ਼ਾਨਦਾਰ ਪ੍ਰਦਰਸ਼ਨ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਕਈ ਰਾਜਨੀਤਿਕ ਵਿਸ਼ਲੇਸ਼ਕ ਅਤੇ ਕਾਂਗਰਸ ਪਾਰਟੀ ਦੇ ਮੈਂਬਰ ਇਕ ਵਾਰ ਫਿਰ ਰਾਹੁਲ ਗਾਂਧੀ ਦੀ ਅਗਵਾਈ ’ਤੇ ਸਵਾਲ ਉਠਾ ਰਹੇ ਹਨ। ਸ਼੍ਰੀ ਗਾਂਧੀ ਨੇ ਆਪਣੀ ਭਾਰਤ ਜੋੜੋ ਯਾਤਰਾ ਨਾਲ ਜੋ ਰਾਜਨੀਤਿਕ ਪ੍ਰਭਾਵ ਹਾਸਲ ਕੀਤਾ ਸੀ, ਉਹ ਹੁਣ ਲੁਪਤ ਹੁੰਦਾ ਦਿਸ ਰਿਹਾ ਹੈ। ਇਕ ਹੋਰ ਯਾਤਰਾ ਦੀ ਚਰਚਾ ਚੱਲ ਰਹੀ ਹੈ ਸ਼ਾਇਦ ਉਨ੍ਹਾਂ ਦੇ ਅਕਸ ਅਤੇ ਰਾਜਨੀਤਿਕ ਅਪੀਲ ਨੂੰ ਬਣਾਈ ਰੱਖਣ ਲਈ। ਹਾਲਾਂਕਿ ਪਾਰਟੀ ਦੀ ਤਰਸਯੋਗ ਹਾਲਤ ਲਈ ਸਿਰਫ ਸ਼੍ਰੀ ਗਾਂਧੀ ਨੂੰ ਦੋਸ਼ ਦੇਣਾ ਅਣਉਚਿਤ ਹੋਵੇਗਾ।
ਯੂਰਪੀ ਬਸਤੀਵਾਦ ਤੋਂ ਭਾਰਤ ਦੀ ਆਜ਼ਾਦੀ ਲਈ ਰਾਸ਼ਟਰੀ ਅੰਦੋਲਨ ਦੀ ਅਗਵਾਈ ਕਰਨ ਵਾਲੀ ਭਾਰਤੀ ਰਾਸ਼ਟਰੀ ਕਾਂਗਰਸ 1969 ’ਚ ਰਸਮੀ ਤੌਰ ’ਤੇ ਵੰਡੀ ਗਈ ਸੀ। ਸਾਬਕਾ ਪ੍ਰਧਾਨ ਮੰਤਰੀ ਨਰਸਿਮ੍ਹਾ ਰਾਓ ਨੇ ਆਪਣੀ ਕਾਲਪਨਿਕ ਆਤਮਕਥਾ ‘ਦਿ ਇਨਸਾਈਡਰ’ ’ਚ ਆਪਣੇ ਇਕ ਪਾਤਰ ਦੇ ਮਾਧਿਅਮ ਰਾਹੀਂ ਕਿਹਾ ਹੈ ਕਿ ‘‘ਪਾਰਟੀ ਇਕ ਮਾਲਕੀ ਵਾਲੀ ਸੰਸਥਾ ਬਣ ਗਈ ਸੀ।’’ ਪੁਸਤਕ ’ਚ ਇਹ ਟਿੱਪਣੀ ਐਮਰਜੈਂਸੀ ਦੇ ਸਮੇਂ ਦੇ ਆਸਪਾਸ ਕੀਤੀ ਗਈ ਹੈ।
ਪ੍ਰਧਾਨ ਮੰਤਰੀ ਦਫਤਰ ਅਤੇ ਪਰਿਵਾਰ ਦੇ ਅੰਦਰ ਰਾਜਨੀਤਿਕ ਸੱਤਾ ਦੇ ਕੇਂਦਰੀਕਰਨ ਦੇ ਕਾਰਨ, ਜਿਸ ’ਚ ਮੁੱਖ ਮੰਤਰੀਆਂ ਨੂੰ ਸਿਰਫ ਰਬੜ ਸਟੈਂਪ ਬਣ ਕੇ ਰਹਿ ਜਾਣ ਦਾ ਦਰਜਾ ਪ੍ਰਾਪਤ ਹੋ ਗਿਆ ਸੀ, ਨੇ ਮਿਲ ਕੇ ਪਾਰਟੀ ਦੇ ਜਥੇਬੰਦਕ ਪਤਨ ’ਚ ਯੋਗਦਾਨ ਦਿੱਤਾ ਸੀ।
1980 ਦੇ ਦਹਾਕੇ ’ਚ ਪਾਰਟੀ ਦਾ ਥੋੜ੍ਹੇ ਸਮੇਂ ਲਈ ਪੁਨਰ-ਉੱਥਾਨ ਹੋਇਆ ਪਰ ਇਹ ਕੇਂਦਰੀਕ੍ਰਿਤ ਮਾਡਲ ’ਤੇ ਆਧਾਰਿਤ ਸੀ। ਇੰਦਰਾ ਗਾਂਧੀ ਭਾਰਤ ਬਣ ਗਈ। ਇਸ ਤੋਂ ਬਾਅਦ ਹੋਏ ਪਤਨ ਨੂੰ ਰਾਜਨੀਤਿਕ ਵਿਸ਼ਲੇਸ਼ਕਾਂ ਨੇ ਬਾਖੂਬੀ ਦਰਜ ਕੀਤਾ ਹੈ। ਰਾਓ ਦੇ ਪ੍ਰਧਾਨ ਮੰਤਰੀ ਕਾਰਜਕਾਲ ਦੌਰਾਨ ਉਨ੍ਹਾਂ ਨੇ ਪਾਰਟੀ ਸੰਗਠਨ ਨੂੰ ਮੁੜ-ਸੁਰਜੀਤ ਕਰਨ ਦਾ ਯਤਨ ਕੀਤਾ ਅਤੇ ਕਾਂਗਰਸ ਵਰਕਿੰਗ ਕਮੇਟੀ ਦੀਆਂ ਚੋਣਾਂ ਕਰਵਾਈਆਂ, ਪਰ ਇਹ ਅਸਫਲ ਪ੍ਰਯੋਗ ਸਾਬਤ ਹੋਇਆ। ਹਾਲਾਂਕਿ ਜੇਕਰ 1990 ਦੇ ਦਹਾਕੇ ’ਚ ਦੇਸ਼ ਭਰ ’ਚ ਕਾਂਗਰਸ ਦੀ ਲੀਡਰਸ਼ਿਪ ਇਕਜੁੱਟ ਹੋ ਕੇ ਪਾਰਟੀ ਦਾ ਜ਼ਮੀਨੀ ਪੱਧਰ ਤੋਂ ਮੁੜ ਨਿਰਮਾਣ ਕਰਦੀ ਤਾਂ ਉਸ ਕੋਲ ਆਮ, ਮੁੱਖ ਧਾਰਾ ਦੀ ਕੁੱਲ ਹਿੰਦ ਸਿਆਸੀ ਪਾਰਟੀ ਦੇ ਰੂਪ ’ਚ ਖੁਦ ਨੂੰ ਫਿਰ ਤੋਂ ਸਥਾਪਤ ਕਰਨ ਦਾ ਮੌਕਾ ਸੀ, ਜੋ ਕਿਸੇ ਇਕ ਪਰਿਵਾਰ ਦੇ ਕ੍ਰਿਸ਼ਮੇ ’ਤੇ ਨਿਰਭਰ ਨਾ ਹੋਵੇ ਪਰ ਅਜਿਹਾ ਨਹੀਂ ਹੋਇਆ। ਇਸ ਖਲਾਅ ਦਾ ਲਾਭ ਸੋਨੀਆ ਗਾਂਧੀ ਅਤੇ ਉਨ੍ਹਾਂ ਦੇ ਆਸ-ਪਾਸ ਦੇ ਸੱਤਾਧਾਰੀ ਕੁਲੀਨ ਵਰਗ ਨੇ ਉਠਾਇਆ।
ਭਾਰਤੀ ਜਨਤਾ ਪਾਰਟੀ ਦੇ ਉਦੈ ਨੇ ਕਾਂਗਰਸ ਨੂੰ ਖੇਤਰੀ ਦਲਾਂ ਅਤੇ ਕਮਿਊਨਿਸਟਾਂ ਨਾਲ ਮਿਲ ਕੇ 2004 ’ਚ ਗੱਠਜੋੜ ਸਰਕਾਰ ਬਣਾਉਣ ਦਾ ਮੌਕਾ ਦਿੱਤਾ। ਸੱਤਾ ਦੀ ਵਾਪਸੀ ਤੋਂ ਬਾਅਦ ਕਾਂਗਰਸ ਪਾਰਟੀ ਖੇਤਰੀ ਨੇਤਾਵਾਂ ਨੂੰ ਮਜ਼ਬੂਤ ਬਣਾ ਕੇ ਸੂਬਾ ਪੱਧਰ ’ਤੇ ਆਪਣੇ ਸੰਗਠਨ ਨੂੰ ਮੁੜ ਸੁਰਜੀਤ ਕਰ ਸਕਦੀ ਸੀ। ਸਿਰਫ ਵਾਈ. ਐੱਸ. ਰਾਜਸ਼ੇਖਰ ਰੈੱਡੀ ਹੀ ਅਜਿਹਾ ਕਰ ਸਕੇ ਅਤੇ ਅਖੀਰ ਆਂਧਰਾ ਪ੍ਰਦੇਸ਼ ’ਚ ਉਨ੍ਹਾਂ ਵਲੋਂ ਬਣਾਏ ਪਾਰਟੀ ਸੰਗਠਨ ਨੂੰ ਦਿੱਲੀ ਲੀਡਰਸ਼ਿਪ ਨੇ ਧੋਖਾ ਦੇ ਕੇ ਤਿਆਗ ਦਿੱਤਾ। ਹੋਰਨਾਂ ਖੇਤਰਾਂ ’ਚ ਕਾਂਗਰਸ ਸ਼ਰਦ ਪਵਾਰ, ਮਮਤਾ ਬੈਨਰਜੀ, ਵਾਈ. ਐੱਸ. ਜਗਨਮੋਹਨ ਰੈੱਡੀ ਅਤੇ ਹੋਰਨਾਂ ਲੋਕਾਂ ਨੂੰ ਫਿਰ ਤੋਂ ਇਸ ਦੇ ਖੇਮੇ ’ਚ ਲਿਆ ਕਿ ਜਥੇਬੰਦਕ ਤੌਰ ’ਤੇ ਮੁੜ ਸੁਰਜੀਤ ਹੋ ਸਕਦੀ ਸੀ ਪਰ ਅਜਿਹਾ ਨਹੀਂ ਹੋਇਆ।
ਦੂਜੇ ਪਾਸੇ ਕਾਰਜਕਾਲ ਦੀ ਵਰਤੋਂ ਨਹਿਰੂ-ਗਾਂਧੀ ਪਰਿਵਾਰ ਦੀ ਲੀਡਰਸ਼ਿਪ ਨੂੰ ਹੋਰ ਮਜ਼ਬੂਤ ਕਰਨ ਲਈ ਕੀਤੀ ਗਈ। ਇਹ ਸਭ ਨੂੰ ਪਤਾ ਹੀ ਸੀ ਕਿ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਚਾਹੁੰਦੀ ਸੀ ਕਿ ਉਨ੍ਹਾਂ ਦਾ ਬੇਟਾ ਪਾਰਟੀ ਦੀ ਵਾਗਡੋਰ ਸੰਭਾਲੇ, ਜਿੱਥੇ ਕੁਝ ਨੇਤਾਵਾਂ ਜਿਨ੍ਹਾਂ ’ਚ ਮੁਖਰਜੀ ਮੁੱਖ ਸਨ, ਨੇ ਇਸ ਵੰਸ਼ਵਾਦੀ ਉੱਤਰਾਧਿਕਾਰ ਦਾ ਵਿਰੋਧ ਕੀਤਾ, ਉਥੇ ਹੀ ਹੋਰਨਾਂ, ਜਿਨ੍ਹਾਂ ’ਚ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਮੁੱਖ ਸਨ, ਨੇ ਇਸ ਨੂੰ ਸਵੀਕਾਰ ਕਰ ਲਿਆ।
ਸਤੰਬਰ 2013 ’ਚ, ਰਾਹੁਲ ਗਾਂਧੀ ਨੇ ਕੇਂਦਰੀ ਮੰਤਰੀ ਮੰਡਲ ਵਲੋਂ ਪਾਸ ਆਰਡੀਨੈੱਸ ਨੂੰ ਜਨਤਕ ਤੌਰ ’ਤੇ ਸਵੀਕਾਰ ਕਰਕੇ ਪ੍ਰਧਾਨ ਮੰਤਰੀ ਅਹੁਦੇ ਦੇ ਅਧਿਕਾਰ ਨੂੰ ਚੁਣੌਤੀ ਦਿੱਤੀ ਸੀ। ਵਾਸ਼ਿੰਗਟਨ ਡੀ. ਸੀ. ਤੋਂ ਘਰ ਪਰਤਦੇ ਸਮੇਂ ਸਿੰਘ ਨੇ ਅਸਤੀਫਾ ਦੇਣ ਦੀ ਬਜਾਏ ਮੀਡੀਆ ਨੂੰ ਕਿਹਾ ਕਿ ਉਹ ਕਾਂਗਰਸ ਪਾਰਟੀ ’ਚ ਕੋਈ ਵੀ ਭੂਮਿਕਾ ਨਿਭਾਉਣ ਲਈ ਤਿਆਰ ਹਨ ਅਤੇ ਰਾਹੁਲ ਗਾਂਧੀ ਦੀ ਅਗਵਾਈ ’ਚ ਕੰਮ ਕਰਨ ’ਚ ਉਨ੍ਹਾਂ ਨੂੰ ਖੁਸ਼ੀ ਹੋਵੇਗੀ।
ਫੈਸਲਾ ਹੋ ਚੁੱਕਾ ਸੀ, ਇਸ ਸੋਚ ’ਚ ਸਵਾਲ ਉਠਾਉਣ ਵਾਲਿਆਂ ਨੂੰ ਦਰਕਿਨਾਰ ਕਰ ਦਿੱਤਾ ਗਿਆ। ਹੁਣ ਕਾਂਗਰਸੀਆਂ ਲਈ ਬਦਲਵੇਂ ਹੱਲ ਲੱਭਣ ਲਈ ਬਹੁਤ ਦੇਰ ਹੋ ਚੁੱਕੀ ਹੈ।
ਪਾਰਟੀ ਦੀ ਖੇਤਰੀ ਲੀਡਰਸ਼ਿਪ ’ਤੇ 1969 ਦੇ ਬਾਅਦ ਇਕ ਹੀ ਵਿਅਕਤੀ ’ਚ ਰਾਜਨੀਤਿਕ ਅਤੇ ਜਥੇਬੰਦਕ ਸ਼ਕਤੀ ਦੇ ਕੇਂਦਰੀਕਰਨ ਦਾ ਅਸਰ ਪਿਆ। 1998 ’ਚ ਉਸ ਮਾਡਲ ’ਤੇ ਵਾਪਸ ਪਰਤਣ ਨਾਲ ਪਾਰਟੀ ਦੇ ਆਧਾਰ ’ਚ ਹੋਰ ਜ਼ਿਆਦਾ ਗਿਰਾਵਟ ਆਈ। ਰਾਹੁਲ ਗਾਂਧੀ ਨੂੰ ਇਹੀ ਕਮਜ਼ੋਰ ਆਧਾਰ ਵਿਰਾਸਤ ’ਚ ਮਿਲਿਆ।
ਭਾਜਪਾ ਨੇ ਜਦੋਂ ਇਸ ਮਾਹੌਲ ’ਚ ਇਕ ਸੰਗਠਨ ਅਤੇ ਵਰਕਰ ਆਧਾਰਿਤ ਪਾਰਟੀ ਦੇ ਰੂਪ ’ਚ ਕਦਮ ਰੱਖਿਆ ਤਾਂ ਇਕ ਦਹਾਕੇ ਦੇ ਅੰਦਰ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਨੂੰ ਇਕ ਵਿਅਕਤੀ ਆਧਾਰਿਤ ਪਾਰਟੀ ’ਚ ਬਦਲ ਦਿੱਤਾ। ਭਾਜਪਾ ਦੇ ਅੰਦਰ ਖੇਤਰੀ ਨੇਤਾਵਾਂ ਨੂੰ ਕਮਜ਼ੋਰ ਕਰ ਦਿੱਤਾ ਗਿਆ, ਜਦਕਿ ਸਿਆਸੀ ਤੌਰ ’ਤੇ ਕਮਜ਼ੋਰ ਲੋਕਾਂ ਨੂੰ ਸੱਤਾ ਦੇ ਅਹੁਦਿਆਂ ’ਤੇ ਬਿਠਾ ਦਿੱਤਾ ਗਿਆ ਹੈ, ਜੇਕਰ ਭਾਜਪਾ ਇਸੇ ਰਾਹ ’ਤੇ ਚੱਲਦੀ ਰਹੀ ਤਾਂ ਆਰ. ਐੱਸ. ਐੱਸ. ਤੋਂ ਵਰਤਮਾਨ ’ਚ ਮਿਲ ਰਹੇ ਸਮਰਥਨ ਦੇ ਬਾਵਜੂਦ, ਜਥੇਬੰਦਕ ਤੌਰ ’ਤੇ ਉਸ ਦਾ ਵੀ ਪਤਨ ਹੋਵੇਗਾ।
ਸ਼ਖਸੀਅਤ ਆਧਾਰਿਤ ਰਾਜਨੀਤੀ ਵੱਲ ਝੁਕਾਅ ਦਾ ਇਕ ਨਤੀਜਾ ਇਹ ਹੈ ਕਿ ਹਰੇਕ ਸਿਆਸੀ ਨੇਤਾ ਆਪਣੀ ਸ਼ਖਸੀਅਤ ਨੂੰ ਪ੍ਰਦਰਸ਼ਿਤ ਕਰਕੇ ਆਪਣੀ ਸਥਿਤੀ ਮਜ਼ਬੂਤ ਕਰਨ ਲਈ ਪ੍ਰੇਰਿਤ ਹੁੰਦਾ ਹੈ। ਭਾਜਪਾ ਦੇ ਮੁੱਖ ਮੰਤਰੀ ਅਜਿਹਾ ਕਰਨ ਤੋਂ ਡਰਦੇ ਹਨ, ਕਿਉਂਕਿ ਮੋਦੀ ਨੇ ਸ਼ਿਵਰਾਜ ਿਸੰਘ ਚੌਹਾਨ ਵਰਗੇ ਖੇਤਰੀ ਨੇਤਾਵਾਂ ਨੂੰ ਹਾਸ਼ੀਏ ’ਤੇ ਧੱਕ ਦਿੱਤਾ ਹੈ, ਉਥੇ ਹੀ ਕਾਂਗਰਸ ਪਾਰਟੀ ’ਚ ਕੌਮੀ ਲੀਡਰਸ਼ਿਪ ਦੀ ਕਮਜ਼ੋਰੀ ਕਰਨਾਟਕ ’ਚ ਸਿੱਧਰਮਈਆ ਅਤੇ ਤੇਲੰਗਾਨਾ ’ਚ ਰੇਵੰਤ ਰੈੱਡੀ ਵਰਗੇ ਖੇਤਰੀ ਨੇਤਾਵਾਂ ਨੂੰ ਬੜਬੋਲੇ ਹੋਣ ਲਈ ਉਤਸ਼ਾਹਿਤ ਕਰ ਰਹੀ ਹੈ।
ਸ਼ਸ਼ੀ ਥਰੂਰ, ਦਿਗਵਿਜੇ ਸਿੰਘ, ਮਨੀਸ਼ ਤਿਵਾੜੀ, ਅਸ਼ਵਨੀ ਕੁਮਾਰ ਅਤੇ ਪ੍ਰਿਥਵੀਰਾਜ ਚੌਹਾਨ ਵਰਗੇ ਹੋਰਨਾਂ ਨੇਤਾਵਾਂ ਦਾ ਹਾਲ ਹੀ ’ਚ ਜ਼ਿਆਦਾ ਬੜਬੋਲੇ ਅਤੇ ਸਰਗਰਮ ਹੋਣਾ ਵੀ ਇਸ ਗੱਲ ਦਾ ਸੰਕੇਤ ਦਿੰਦਾ ਹੈ ਕਿ ਇਸ ਕੇਂਦਰੀਕ੍ਰਿਤ ਮਾਡਲ ਨੂੰ ਚੁਣੌਤੀ ਦੇਣ ਦਾ ਯਤਨ ਕੀਤਾ ਜਾ ਰਿਹਾ ਹੈ। ਕਾਂਗਰਸ ’ਚ ਲੀਡਰਸ਼ਿਪ ਦਾ ਵਿਕੇਂਦਰੀਕਰਨ ਉਸ ਦੇ ਭਵਿੱਖ ਲਈ ਸ਼ੁੱਭ ਸਿੱਧ ਹੋਵੇਗਾ, ਠੀਕ ਉਸੇ ਤਰ੍ਹਾਂ ਜਿਵੇਂ ਭਾਜਪਾ ’ਚ ਕੇਂਦਰੀਕਰਨ ਉਸ ਦੇ ਪਤਨ ਦਾ ਕਾਰਨ ਬਣ ਸਕਦਾ ਹੈ।
ਸੰਜੇ ਬਾਰੂ
ਜੀਵਨਸ਼ੈਲੀ ਨਿਰਧਾਰਤ ਕਰਨ ’ਚ ਪਹਾੜਾਂ ਦਾ ਯੋਗਦਾਨ ਬਹੁਤ ਜ਼ਿਆਦਾ
NEXT STORY