ਡਾ. ਵੇਦਪ੍ਰਤਾਪ ਵੈਦਿਕ
ਟਰਾਂਸਪੇਰੈਂਸੀ ਇੰਟਰਨੈਸ਼ਨਲ ਦੀ ਤਾਜ਼ਾ ਰਿਪੋਰਟ ਅਨੁਸਾਰ ਏਸ਼ੀਆ ’ਚ ਸਭ ਤੋਂ ਵੱਧ ਭ੍ਰਿਸ਼ਟਾਚਾਰ ਜੇਕਰ ਕਿਤੇ ਹੈ ਤਾਂ ਉਹ ਭਾਰਤ ’ਚ ਹੈ। ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਨੂੰ ਇਸ ਨਾਲੋਂ ਗੰਦਾ ਪ੍ਰਮਾਣ-ਪੱਤਰ ਕੀ ਮਿਲ ਸਕਦਾ ਹੈ? ਇਸ ਦਾ ਅਰਥ ਕੀ ਹੋਇਆ? ਕੀ ਇਹ ਨਹੀਂ ਕਿ ਭਾਰਤ ’ਚ ਲੋਕਤੰਤਰ ਜਾਂ ਲੋਕਸ਼ਾਹੀ ਨਹੀਂ, ਨੇਤਾਸ਼ਾਹੀ ਅਤੇ ਨੌਕਰਸ਼ਾਹੀ ਹੈ? ਭਾਰਤ ’ਚ ਭ੍ਰਿਸ਼ਟਾਚਾਰ ਦੀਆਂ ਇਹ ਦੋ ਹੀ ਜੜ੍ਹਾਂ ਹਨ।
ਪਿਛਲੇ ਪੰਜ-ਛੇ ਸਾਲਾਂ ’ਚ ਨੇਤਾਵਾਂ ਦੇ ਭ੍ਰਿਸ਼ਟਾਚਾਰ ਦੀਆਂ ਖਬਰਾਂ ਕਾਫੀ ਘੱਟ ਆਈਆਂ ਹਨ। ਇਸ ਦਾ ਭਾਵ ਇਹ ਨਹੀਂ ਕਿ ਭਾਰਤ ਦੀ ਸਿਆਸੀ ਵਿਵਸਥਾ ਭ੍ਰਿਸ਼ਟਾਚਾਰ ਮੁਕਤ ਹੋ ਗਈ ਹੈ। ਉਸ ਦਾ ਭ੍ਰਿਸ਼ਟਾਚਾਰ ਮੁਕਤ ਹੋਣਾ ਅਸੰਭਵ ਹੈ। ਜੇਕਰ ਨੇਤਾ ਲੋਕ ਰਿਸ਼ਵਤ ਨਹੀਂ ਖਾਣਗੇ, ਡਰਾ-ਧਮਕਾ ਕੇ ਪੈਸੇ ਵਸੂਲ ਨਹੀਂ ਕਰਨਗੇ ਅਤੇ ਵੱਡੇ ਸੇਠਾਂ ਦੀ ਦਲਾਲੀ ਨਹੀਂ ਕਰਨਗੇ ਤਾਂ ਉਹ ਚੋਣਾਂ ’ਚ ਖਰਚ ਹੋਣ ਵਾਲੇ ਕਰੋੜਾਂ ਰੁਪਏ ਕਿੱਥੋਂ ਲਿਆਉਣਗੇ?
ਉਨ੍ਹਾਂ ਦੇ ਰੋਜ਼ਾਨਾ ਖਰਚ ਹੋਣ ਵਾਲੇ ਹਜ਼ਾਰਾਂ ਰੁਪਿਆਂ ਦਾ ਪ੍ਰਬੰਧ ਕਿਵੇਂ ਹੋਵੇਗਾ? ਉਨ੍ਹਾਂ ਦੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਐਸ਼ੋ-ਇਸ਼ਰਤ ਦੀ ਜ਼ਿੰਦਗੀ ਕਿਵੇਂ ਨਿਭੇਗੀ? ਇਸ ਲਾਜ਼ਮੀਅਤਾ ਨੂੰ ਹੁਣ ਤੋਂ ਢਾਈ ਹਜ਼ਾਰ ਸਾਲ ਪਹਿਲਾਂ ਅਚਾਰੀਅਾ ਚਾਣੱਕਿਆ ਅਤੇ ਯੂਨਾਨੀ ਦਾਰਸ਼ਨਿਕ ਪਲੈਟੋ ਨੇ ਚੰਗੀ ਤਰ੍ਹਾਂ ਮਹਿਸੂਸ ਕੀਤਾ ਸੀ। ਇਸ ਲਈ ਚਾਣੱਕਿਆ ਨੇ ਆਪਣੇ ਅਤੀਸ਼ੁੱਧ ਅਤੇ ਸੱਚੇ ਆਚਰਨ ਦੀ ਉਦਾਹਰਣ ਪੇਸ਼ ਕੀਤੀ ਅਤੇ ਪਲੈਟੋ ਨੇ ਆਪਣੇ ਗ੍ਰੰਥ ‘ਰਿਪਬਲਿਕ’ ’ਚ ‘ਦਾਰਸ਼ਨਿਕ ਰਾਜਾ’ ਦੀ ਕਲਪਨਾ ਕੀਤੀ, ਜਿਸ ਦਾ ਨਾ ਤਾਂ ਕੋਈ ਨਿੱਜੀ ਪਰਿਵਾਰ ਹੁੰਦਾ ਹੈ ਅਤੇ ਨਾ ਹੀ ਨਿੱਜੀ ਜਾਇਦਾਦ।
ਪਰ ਅੱਜ ਦੀ ਰਾਜਨੀਤੀ ਦਾ ਮਕਸਦ ਇਕਦਮ ਉਲਟਾ ਹੈ। ਪਰਿਵਾਰਵਾਦ ਅਤੇ ਨਿੱਜੀ ਜਾਇਦਾਦਾਂ ਦੇ ਲਾਲਚ ਨੇ ਹਿੰਦੁਸਤਾਨ ਦੀ ਰਾਜਨੀਤੀ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ। ਉਸ ਨੂੰ ਠੀਕ ਕਰਨ ਦੇ ਉਪਾਅ ’ਤੇ ਫਿਰ ਕਦੇ ਲਿਖਾਂਗਾ ਪਰ ਨੇਤਾਵਾਂ ਦਾ ਭ੍ਰਿਸ਼ਟਾਚਾਰ ਹੀ ਨੌਕਰਸ਼ਾਹਾਂ ਨੂੰ ਭ੍ਰਿਸ਼ਟ ਹੋਣ ਲਈ ਉਤਸ਼ਾਹਿਤ ਕਰਦਾ ਹੈ। ਹਰ ਨੌਕਰਸ਼ਾਹ ਆਪਣੇ ਮਾਲਕ (ਨੇਤਾ) ਦੀ ਨਬਜ਼ ਤੋਂ ਜਾਣੂ ਹੁੰਦਾ ਹੈ। ਉਸ ਨੂੰ ਉਸ ਦੇ ਹਰ ਭ੍ਰਿਸ਼ਟਾਚਾਰ ਦਾ ਪਤਾ ਜਾਂ ਅੰਦਾਜ਼ਾ ਹੁੰਦਾ ਹੈ। ਇਸ ਲਈ ਨੌਕਰਸ਼ਾਹ ਦੇ ਭ੍ਰਿਸ਼ਟਾਚਾਰ ’ਤੇ ਨੇਤਾ ਉਂਗਲ ਨਹੀਂ ਚੁੱਕ ਸਕਦੇ। ਭ੍ਰਿਸ਼ਟਾਚਾਰ ਦੀ ਇਸ ਨਰਕ ਵਰਗੀ ਨਦੀ ਦੇ ਜਲ ਦੀ ਵਰਤੋਂ ਕਰਨ ’ਚ ਸਰਕਾਰੀ ਬਾਬੂ ਅਤੇ ਪੁਲਸ ਵਾਲੇ ਵੀ ਪਿੱਛੇ ਕਿਉਂ ਰਹਿਣ?
ਇਸ ਲਈ ਇਕ ਸਰਵੇਖਣ ਤੋਂ ਪਤਾ ਲੱਗਾ ਕਿ ਭਾਰਤ ਦੇ ਲਗਭਗ 90 ਫੀਸਦੀ ਲੋਕਾਂ ਦੇ ਕੰਮ ਰਿਸ਼ਵਤ ਦੇ ਬਿਨਾਂ ਨਹੀਂ ਹੁੰਦੇ। ਇਸ ਲਈ ਹੁਣ ਤੋਂ 60 ਸਾਲ ਪਹਿਲਾਂ ਇੰਦੌਰ ’ਚ ਵਿਨੋਭਾ ਜੀ ਦੇ ਨਾਲ ਪੈਦਲ ਯਾਤਰਾ ਸ਼ੁਰੂ ਕਰਦੇ ਹੋਏ ਮੈਂ ਉਨ੍ਹਾਂ ਦੇ ਮੁਖ ਤੋਂ ਸੁਣਿਆ ਸੀ ਕਿ ਅੱਜਕਲ ਭ੍ਰਿਸ਼ਟਾਚਾਰ ਹੀ ਸ਼ਿਸ਼ਟਾਚਾਰ ਹੈ। ਸਾਡੇ ਨੇਤਾਵਾਂ ਅਤੇ ਨੌਕਰਸ਼ਾਹਾਂ ਨੂੰ ਮਾਣ ਹੋਣਾ ਚਾਹੀਦਾ ਹੈ ਕਿ ਏਸ਼ੀਆ ’ਚ ਸਭ ਤੋਂ ਵੱਧ ਸ਼ਿਸ਼ਟ (ਭ੍ਰਿਸ਼ਟ) ਹੋਣ ਦੀ ਉਪਾਧੀ ਭਾਰਤ ਨੂੰ ਇਨ੍ਹਾਂ ਦੀ ਕ੍ਰਿਪਾ ਨਾਲ ਮਿਲੀ ਹੈ।
ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ’ਚ ਬਗਾਵਤੀ ਸੁਰ!
NEXT STORY