ਸ਼ਰਾਬ ਪੀਣ ਦੇ ਲਈ ਪੈਸੇ ਨਾ ਦੇਣ ’ਤੇ ਨਵੰਬਰ, 2023 ’ਚ ਇਕ ਹੋਰ ਵਿਦਿਆਰਥੀ ਨੂੰ ਬੈਲਟ ਨਾਲ ਕੁੱਟਣ, ਉਸ ਦਾ ਸਿਰ ਟ੍ਰਿਮਰ ਨਾਲ ਮੁੰਨ ਦੇਣ ਅਤੇ ਉਸ ਨੂੰ 5 ਘੰਟਿਆਂ ਤੱਕ ਹੋਸਟਲ ਦੇ ਕਮਰੇ ’ਚ ਬੰਦ ਰੱਖਣ ਦੇ ਦੋਸ਼ ’ਚ ਅਪਰਾਧਿਕ ਮਾਮਲਾ ਝੱਲ ਰਹੇ ‘ਪੀ.ਐੱਸ.ਜੀ. ਕਾਲਜ ਆਫ ਟੈਕਨੋਲਾਜੀ’ ’ਚ ਇੰਜੀਨੀਅਰਿੰਗ ਦੇ 8 ਵਿਦਿਆਰਥੀਆਂ ਨੂੰ ਮਦਰਾਸ ਹਾਈ ਕੋਰਟ ਦੇ ਜੱਜ ਐੱਨ. ਵੈਂਕਟੇਸ਼ ਨੇ ਖੁੱਲ੍ਹ ਦੇ ਝਾੜ ਪਾਈ ਹੈ।
22 ਫਰਵਰੀ, 2024 ਨੂੰ ਜਸਟਿਸ ਐੱਨ. ਆਨੰਦ ਵੈਂਕਟੇਸ਼ ਨੇ ਮੁਲਜ਼ਮ ਵਿਦਿਆਰਥੀਆਂ ਨੂੰ ਕਿਹਾ, ‘‘ਜੇਕਰ ਤੁਸੀਂ ਰੈਗਿੰਗ ਵਰਗੇ ਨਫ਼ਰਤ ਵਾਲੇ ਕਾਰਜ ’ਚ ਸ਼ਾਮਲ ਹੋਵੋਗੇ ਤਾਂ ਤੁਹਾਡੇ ਕਾਲਜ ਆਉਣ ਦਾ ਕੀ ਲਾਭ? ਅਜਿਹੇ ਕਾਰਿਆਂ ’ਚ ਸ਼ਾਮਲ ਹੋਣ ਨਾਲੋਂ ਚੰਗਾ ਹੈ ਕਿ ਤੁਸੀਂ ਅਨਪੜ੍ਹ ਅਤੇ ਅਣਸਿੱਖਿਅਤ ਹੀ ਰਹੋ। ਜੇਕਰ ਕੋਈ ਵਿਅਕਤੀ ਕਿਸੇ ਨੂੰ ਦੁੱਖ ਦੇ ਕੇ ਆਨੰਦ ਪ੍ਰਾਪਤ ਕਰ ਰਿਹਾ ਹੈ, ਤਾਂ ਇਸ ਦਾ ਅਰਥ ਹੈ ਕਿ ਉਹ ਮਨੋਰੋਗ ਦਾ ਸ਼ਿਕਾਰ ਹੈ।’’
ਵਿਦਿਆਰਥੀਆਂ ਦੇ ਕਹਿਣ ’ਤੇ ਕਿ ਇਹ ਉਨ੍ਹਾਂ ਦੀ ਗਲਤੀ ਸੀ ਅਤੇ ਹੁਣ ਉਹ ਅਜਿਹੀ ਗਲਤੀ ਨਹੀਂ ਦੁਹਰਾਉਣਗੇ, ਜੱਜ ਐੱਨ. ਵੈਂਕਟੇਸ਼ ਨੇ ਕਿਹਾ, ‘‘ਹੁਣ ਤੁਹਾਡੇ ਲੋਕਾਂ ਦੇ ਕਰਨ ਦੇ ਲਈ ਹੋਰ ਬਚਿਆ ਹੀ ਕੀ ਹੈ? ਤੁਸੀਂ ਲੋਕ ਪਹਿਲਾਂ ਹੀ ਬੜਾ ਨੁਕਸਾਨ ਕਰ ਚੁੱਕੇ ਹੋ। ਕੀ ਤੁਹਾਨੂੰ ਪਤਾ ਹੈ ਕਿ ਉਸ ਨੌਜਵਾਨ ਨੂੰ ਕਿੰਨੀ ਪੀੜ ਹੋਈ ਹੋਵੇਗੀ? ਜੇਕਰ ਤੁਸੀਂ ਲੋਕਾਂ ਨੇ ਅਮਲ ਨਹੀਂ ਕਰਨਾ ਤਾਂ ਸਕੂਲ ’ਚ ਚੰਗੀਆਂ ਗੱਲਾਂ ਸਿੱਖਣ ਦੀ ਤੁਕ ਹੀ ਕੀ ਹੈ?’’
22 ਫਰਵਰੀ, 2024 ਨੂੰ ਪੀੜਤ ਵਿਦਿਆਰਥੀ ਦੇ ਨਾਲ-ਨਾਲ ਅੱਠ ਮੁਲਜ਼ਮ ਅਦਾਲਤ ਵਿਚ ਆਪਣੇ ਮਾਪਿਆਂ ਦੇ ਨਾਲ ਆਪਣੇ ਵਿਰੁੱਧ ਕਾਰਵਾਈ ਰੱਦ ਕਰਵਾਉਣ ਦੀ ਰਿਟ ਦੇ ਨਾਲ ਮੌਜੂਦ ਸਨ ਜਿਸ ਵਿਚ ਦੱਸਿਆ ਗਿਆ ਸੀ ਕਿ ਉਨ੍ਹਾਂ ਨੇ ਪੀੜਤ ਵਿਦਿਆਰਥੀ ਤੋਂ ਮੁਆਫੀ ਮੰਗ ਲਈ ਹੈ, ਇਸ ਲਈ ਉਹ ਹੁਣ ਇਸ ਮਾਮਲੇ ਨੂੰ ਹੋਰ ਅੱਗੇ ਨਹੀਂ ਵਧਾਉਣਾ ਚਾਹੁੰਦੇ।
ਪੀੜਤ ਵਿਦਿਆਰਥੀ, ਜੋ ਆਪਣੇ ਪਿਤਾ ਨਾਲ ਅਦਾਲਤ ਵਿਚ ਮੌਜੂਦ ਸੀ, ਨੇ ਜਸਟਿਸ ਵੈਂਕਟੇਸ਼ ਨੂੰ ਦੱਸਿਆ ਕਿ ਮੁਲਜ਼ਮਾਂ ਨੇ ਆਪਣੇ ਕਾਰੇ ਲਈ ਮੁਆਫੀ ਮੰਗ ਲਈ ਹੈ। ਪੀੜਤ ਦੇ ਪਿਤਾ ਨੇ ਵੀ ਕਿਹਾ ਕਿ ਮੁਲਜ਼ਮਾਂ ਨੇ ਉਨ੍ਹਾਂ ਦੇ ਘਰ ਆ ਕੇ ਗਿੜਗਿੜਾ ਕੇ ਮੁਆਫੀ ਮੰਗੀ ਸੀ ਜਿਸ ’ਤੇ ਉਨ੍ਹਾਂ ਨੇ ਵਿਦਿਆਰਥੀਆਂ ਵਿਰੁੱਧ ਕਾਰਵਾਈ ਰੱਦ ਕਰਨ ਦਾ ਫੈਸਲਾ ਕੀਤਾ ਹੈ। ਇਸ ਦੇ ਬਾਅਦ ਜੱਜ ਨੇ ਮੁਲਜ਼ਮ ਵਿਦਿਆਰਥੀਆਂ ਵਿਰੁੱਧ ਅਗਲੀ ਕਾਰਵਾਈ ਰੱਦ ਕਰ ਦਿੱਤੀ।
ਅੱਠ ਮੁਲਜ਼ਮ ਵਿਦਿਆਰਥੀ ਘਟਨਾ ਦੇ ਦਿਨ ਤੋਂ ਹੀ ਮੁਅੱਤਲ ਚਲੇ ਆ ਰਹੇ ਸਨ, ਜਿਨ੍ਹਾਂ ਵਿਰੁੱਧ ਪੁਲਸ ਨੇ ਭਾਰਤੀ ਦੰਡਾਵਲੀ ਅਤੇ ਤਮਿਲਨਾਡੂ ਰੈਗਿੰਗ ਵਿਰੋਧੀ ਕਾਨੂੰਨ ਦੇ ਤਹਿਤ ਕੇਸ ਦਰਜ ਕੀਤਾ ਸੀ। ਜਸਟਿਸ ਐੱਨ. ਵੈਂਕਟੇਸ਼ ਦਾ ਇਹ ਕਹਿਣਾ ਸਹੀ ਹੈ ਕਿ ਜੇਕਰ ਪੜ੍ਹ-ਲਿਖ ਕੇ ਵੀ ਬੁਰੇ ਕੰਮ ਹੀ ਕਰਨੇ ਹਨ, ਤਾਂ ਇਸ ਨਾਲੋਂ ਤਾਂ ਚੰਗਾ ਹੈ ਕਿ ਆਦਮੀ ਅਨਪੜ੍ਹ ਹੀ ਰਹੇ।
ਅਜਿਹੇ ’ਚ ਅੱਲ੍ਹੜਾਂ ਦੇ ਮਾਤਾ-ਪਿਤਾ ਅਤੇ ਅਧਿਆਪਕਾਂ ਨੂੰ ਉਨ੍ਹਾਂ ਦੇ ਹਿੰਸਕ ਵਤੀਰੇ ਦੇ ਸੰਕੇਤਾਂ ਦੇ ਪ੍ਰਤੀ ਵੱਧ ਚੌਕਸ ਰਹਿਣਾ ਚਾਹੀਦਾ ਹੈ ਕਿਉਂਕਿ ਜਦੋਂ ਬੱਚੇ ਕਿਸੇ ਸਮੂਹ ’ਚ ਕੰਮ ਕਰ ਕਰਦੇ ਹਨ ਤਾਂ ਉਨ੍ਹਾਂ ਦੇ ਹਮਲਾਵਰ ਅਤੇ ਹਿੰਸਕ ਹੋਣ ਦੀ ਸੰਭਾਵਨਾ ਵਧ ਹੁੰਦੀ ਹੈ। ਨਾਲ ਮਿਲ ਕੇ ਉਹ ਮਜ਼ਬੂਤ ਮਹਿਸੂਸ ਕਰਦੇ ਹਨ ਅਤੇ ਕਾਨੂੰਨ ਦਾ ਡਰ ਵੀ ਉਨ੍ਹਾਂ ’ਚ ਘੱਟ ਹੋ ਜਾਂਦਾ ਹੈ।
-ਵਿਜੇ ਕੁਮਾਰ
ਹੁਣ ਮਿਲੇਗਾ ਬੇਲੋੜੀਆਂ ਮੋਬਾਈਲ ਕਾਲਾਂ ਤੋਂ ਛੁਟਕਾਰਾ
NEXT STORY