ਡੇਂਗੂ ਨੂੰ ਹੱਢ ਭੰਨਵਾਂ ਬੁਖਾਰ ਵੀ ਕਿਹਾ ਜਾਂਦਾ ਹੈ। ਇਸ ’ਚ 104 ਡਿਗਰੀ ਤਕ ਤੇਜ਼ ਬੁਖਾਰ ਹੋ ਸਕਦਾ ਹੈ। ਇਸ ਦਾ ਦਿਮਾਗ ’ਤੇ ਅਸਰ ਪੈ ਕੇ ਇਹ ਜਾਨਲੇਵਾ ਵੀ ਸਿੱਧ ਹੋ ਸਕਦਾ ਹੈ। ਸਿਰਦਰਦ, ਬਦਨ ਦਰਦ, ਜੋੜਾਂ ਅਤੇ ਪਿੱਠ ’ਚ ਦਰਦ, ਭੁੱਖ ਨਾ ਲੱਗਣ, ਜੀਅ ਮਚਲਾਉਣ ਅਤੇ ਸਰੀਰ ’ਚ ਲਾਲ ਧੱਬੇ ਪੈਣੇ, ਅੱਖਾਂ ਦੇ ਪਿੱਛੇ ਦਰਦ, ਸੋਜ ਆਦਿ ਦੀਆਂ ਸ਼ਿਕਾਇਤਾਂ ਹੁੰਦੀਆਂ ਹਨ।
ਕਦੇ-ਕਦੇ ਰੋਗੀ ਦੇ ਸਰੀਰ ’ਚ ਅੰਦਰੂਨੀ ਖੂਨ ਵੀ ਵਗਦਾ ਹੈ। ਇਸ ਦੇ ਨਾਲ ਹੀ ਕਮਜ਼ੋਰੀ ਅਤੇ ਚੱਕਰ ਵੀ ਆਉਂਦੇ ਹਨ। ਇਸ ’ਚ ਪਲੇਟਲੈਟਸ ਘਟਣ ਜਾਂ ਬਲੱਡ ਪ੍ਰੈਸ਼ਰ ਘੱਟ ਹੋਣ ਦਾ ਵੀ ਖਤਰਾ ਵੱਧ ਜਾਂਦਾ ਹੈ। ਜੇਕਰ ਪਾਣੀ ਪੀਣ ਅਤੇ ਕੁਝ ਵੀ ਖਾਣ ’ਚ ਦਿੱਕਤ ਹੋਵੇ ਅਤੇ ਵਾਰ-ਵਾਰ ਉਲਟੀ ਆਏ ਤਾਂ ਡੀ-ਹਾਈਡ੍ਰੇਸ਼ਨ ਦਾ ਖਤਰਾ ਪੈਦਾ ਹੋ ਜਾਂਦਾ ਹੈ।
ਇਸ ਸਮੇਂ ‘ਡੇਂਗੂ’ ਨੇ ਦੇਸ਼ ਦੇ ਕਈ ਸੂਬਿਆਂ ਨੂੰ ਲਪੇਟ ’ਚ ਲਿਆ ਹੋਇਆ ਹੈ ਅਤੇ ਕਰਨਾਟਕ, ਕੇਰਲ, ਮਹਾਰਾਸ਼ਟਰ ਆਦਿ ’ਚ 100 ਦੇ ਲਗਭਗ ਮੌਤਾਂ ਵੀ ਹੋ ਚੁੱਕੀਆਂ ਹਨ। ਪੰਜਾਬ ’ਚ ਵੀ ‘ਡੇਂਗੂ’ ਦਾ ਪ੍ਰਕੋਪ ਵਧਦਾ ਜਾ ਰਿਹਾ ਹੈ। ਬੀਤੇ ਹਫਤੇ ਜਿਥੇ ਪੰਜਾਬ ’ਚ ਇਕ ਦਿਨ ’ਚ ‘ਡੇਂਗੂ’ ਦੇ ਲਗਭਗ 50-60 ਮਾਮਲੇ ਆ ਰਹੇ ਸਨ, ਉਥੇ ਹੀ ਹੁਣ ਇਨ੍ਹਾਂ ਦੀ ਗਿਣਤੀ ਵਧ ਕੇ ਰੋਜ਼ਾਨਾ 70 ਹੋ ਗਈ ਹੈ।
‘ਡੇਂਗੂ’ ਤੋਂ ਬਚਾਅ ਲਈ ਸਰੀਰ ਦੇ ਅੰਗਾਂ ਨੂੰ ਢੱਕ ਕੇ ਰੱਖਣਾ ਚਾਹੀਦਾ ਹੈ। ਮੱਛਰਰੋਕੂ ਕ੍ਰੀਮ ਦੀ ਵਰਤੋਂ ਅਤੇ ਨਿੱਜੀ ਸਵੱਛਤਾ ਤੋਂ ਇਲਾਵਾ ਸਭ ਤੋਂ ਮਹੱਤਵਪੂਰਨ ਹੈ ਖੜ੍ਹੇ ਹੋਏ ਪਾਣੀ ਨੂੰ ਕੀਟਾਣੂ ਰਹਿਤ ਕਰਨਾ। ਡੇਂਗੂ ਤੋਂ ਪੀੜਤ ਰੋਗੀ ਨੂੰ ਪੌਸ਼ਟਿਕ ਭੋਜਨ ਫਲ, ਦਾਲ, ਦੁੱਧ ਆਦਿ ਲੈਣਾ ਚਾਹੀਦਾ ਹੈ।
‘ਡੇਂਗੂ’ ਬੁਖਾਰ ‘ਏਡੀਜ਼’ ਨਾਂ ਦੇ ਮਾਦਾ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਇਹ ਗੰਦੇ ਪਾਣੀ ਦੀ ਬਜਾਏ ਸਾਫ ਅਤੇ ਖੜ੍ਹੇ ਹੋਏ ਪਾਣੀ ’ਚ ਪੈਦਾ ਹੁੰਦਾ ਹੈ। ਇਸ ਲਈ ਪਾਣੀ ਦੇ ਬਰਤਨ ਜਾਂ ਟੈਂਕੀ ਨੂੰ ਹਰ ਸਮੇਂ ਢੱਕ ਕੇ ਰੱਖਣਾ ਚਾਹੀਦਾ ਹੈ ਅਤੇ ਜੇਕਰ ਲੋੜ ਹੋਵੇ ਤਾਂ ਉਸ ’ਚ ਉਚਿਤ ਕੀਟਾਣੂਨਾਸ਼ਕ ਦੀ ਵਰਤੋਂ ਵੀ ਕਰਨੀ ਚਾਹੀਦੀ ਹੈ।
ਇਸ ਤੋਂ ਇਲਾਵਾ ਗਮਲਿਆਂ, ਕੂਲਰਾਂ, ਪੁਰਾਣੇ ਟਾਇਰਾਂ ਆਦਿ ’ਚ ਪਾਣੀ ਜਮਾ ਨਾ ਹੋਣ ਦਿਓ, ਸਫਾਈ ਰੱਖਣ ਅਤੇ ਸਰਕਾਰ ਵਲੋਂ ਢੁਕਵੀਂ ਫੌਗਿੰਗ ਆਦਿ ਨਿਯਮਤ ਤੌਰ ’ਤੇ ਕਰਵਾਉਣ ਨਾਲ ਹੀ ਇਸ ’ਤੇ ਰੋਕ ਲਗਾਈ ਜਾ ਸਕਦੀ ਹੈ।
–ਵਿਜੇ ਕੁਮਾਰ
ਦੇਸ਼ ’ਚ ਥਾਂ-ਥਾਂ ਫੜੇ ਜਾ ਰਹੇ ਨਾਜਾਇਜ਼ ਹਥਿਆਰ ਬਣਾਉਣ ਦੇ ਕਾਰਖਾਨੇ
NEXT STORY