ਜਿਨ੍ਹਾਂ ਦਿਨਾਂ ’ਚ ਮੈਂ ਪੜ੍ਹਾਉਂਦਾ ਸੀ ਉਦੋਂ ਅਕਸਰ ਆਪਣੇ ਵਿਦਿਆਰਥੀਆਂ ਨੂੰ ਇਕ ਖੇਡ ਦੇ ਬਹਾਨੇ ਦੇਸ਼ ਦੀ ਅਸਲੀ ਤਸਵੀਰ ਦਿਖਾਉਂਦਾ ਸੀ। ਮੈਂ ਉਨ੍ਹਾਂ ਨੂੰ ਪੁੱਛਦਾ ਸੀ ਕਿ ਜੇ 100 ਡੰਡਿਆ ਵਾਲੀ ਉੱਚੀ ਪੌੜੀ ’ਤੇ ਦੇਸ਼ ਦੇ ਹਰ ਵਿਅਕਤੀ ਨੂੰ ਉਸ ਦੀ ਆਮਦਨ ਦੇ ਹਿਸਾਬ ਨਾਲ ਖੜ੍ਹਾ ਕਰ ਦਿੱਤਾ ਜਾਵੇ ਤਾਂ ਜੋ ਸਭ ਤੋਂ ਗਰੀਬ ਵਿਅਕਤੀ ਪਹਿਲੇ ਅਤੇ ਸਭ ਤੋਂ ਅਮੀਰ ਵਿਅਕਤੀ ਸੌਵੇਂ ਡੰਡੇ ’ਤੇ ਖੜ੍ਹਾ ਹੋਵੇ ਤਾਂ ਉਨ੍ਹਾਂ ਦਾ ਪਰਿਵਾਰ ਕਿਹੜੇ ਡੰਡੇ ’ਤੇ ਹੋਵੇਗਾ। ਫਿਰ ਉਨ੍ਹਾਂ ਦਾ ਜਵਾਬ ਲੈਣ ਤੋਂ ਬਾਅਦ ਮੈਂ ਉਨ੍ਹਾਂ ਨੂੰ ਅਸਲੀ ਅੰਕੜੇ ਦਿਖਾਉਂਦਾ ਸੀ। ਅਕਸਰ ਮੇਰੇ ਵਿਦਿਆਰਥੀ ਹੈਰਾਨ ਰਹਿ ਜਾਂਦੇ ਸਨ। ਇਸ ਨਾਲ ਸ਼ੁਰੂ ਹੁੰਦੀ ਸੀ ਉਨ੍ਹਾਂ ਵਿਦਿਆਰਥੀਆਂ ਦੀ ‘ਭਾਰਤ ਦੀ ਖੋਜ’।
ਹਾਲ ਹੀ ’ਚ ਭਾਰਤ ਸਰਕਾਰ ਨੇ ਸਾਲ 2023-24 ਲਈ ਦਿਹਾਤੀ ਅਤੇ ਸ਼ਹਿਰੀ ਭਾਰਤ ਦੀ ਪਰਿਵਾਰਕ ਆਮਦਨ ਦੇ ਅੰਕੜੇ ਛਾਪੇ ਹਨ। ਤਕਨੀਕੀ ਤੌਰ ’ਤੇ ਇਸ ਨੂੰ ‘ਘਰੇਲੂ ਖਪਤ ਖਰਚਾ ਸਰਵੇਖਣ’ ਕਿਹਾ ਜਾਂਦਾ ਹੈ। ਅਰਥਸ਼ਾਸਤਰੀਆਂ ਦਾ ਤਜਰਬਾ ਹੈ ਕਿ ਲੋਕਾਂ ਤੋਂ ਜੇ ਉਨ੍ਹਾਂ ਦੀ ਆਮਦਨ ਬਾਰੇ ਪੁੱਛਿਆ ਜਾਵੇ ਤਾਂ ਲੋਕ ਸਹੀ ਜਵਾਬ ਜਾਂ ਤਾਂ ਦੇ ਨਹੀਂ ਪਾਉਂਦੇ ਹਨ ਜਾਂ ਫਿਰ ਦੇਣਾ ਨਹੀਂ ਚਾਹੁੰਦੇ ਹਨ। ਇਸ ਲਈ ਉਨ੍ਹਾਂ ਦੀ ਆਮਦਨ ਦਾ ਅੰਦਾਜ਼ਾ ਲਗਾਉਣ ਲਈ ਉਨ੍ਹਾਂ ਤੋਂ ਉਨ੍ਹਾਂ ਦੇ ਖਰਚਿਆਂ ਬਾਰੇ ਪੁੱਛੋ ਤਾਂ ਸਹੀ ਜਵਾਬ ਮਿਲ ਜਾਂਦਾ ਹੈ।
ਪਿਛਲੇ ਕਈ ਦਹਾਕਿਆਂ ਤੋਂ ਰਾਸ਼ਟਰੀ ਸੈਂਪਲ ਸਰਵੇਖਣ ਸੰਗਠਨ ਲੋਕਾਂ ਤੋਂ ਉਨ੍ਹਾਂ ਦੇ ਰੋਜ਼ਾਨਾ ਦੇ ਰਸੋਈ ਦੇ ਖਰਚੇ ਤੋਂ ਲੈ ਕੇ ਕੱਪੜੇ, ਸਿੱਖਿਆ ਅਤੇ ਹਸਪਤਾਲ ਜਾਂ ਮਨੋਰੰਜਨ ਵਰਗੇ ਹਰ ਛੋਟੇ-ਵੱਡੇ ਖਰਚੇ ਦੀ ਸੂਚਨਾ ਦੇ ਆਧਾਰ ’ਤੇ ਪ੍ਰਤੀਵਿਅਕਤੀ ਪ੍ਰਤੀ ਮਹੀਨਾ ਖਰਚੇ ਦਾ ਅੰਦਾਜ਼ਾ ਲਗਾ ਰਿਹਾ ਹੈ। ਵੱਡੇ ਸੈਂਪਲ ਅਤੇ ਭਰੋਸੇਯੋਗ ਤਕਨੀਕ ’ਤੇ ਆਧਾਰਿਤ ਇਸ ਸਰਵੇਖਣ ਨੂੰ ਦੇਸ਼ ਦੇ ਸਭ ਤੋਂ ਭਰੋਸੇਮੰਦ ਸਰੋਤਾਂ ’ਚ ਮੰਨਿਆ ਜਾਂਦਾ ਹੈ। ਸਰਕਾਰ ਦੀਆਂ ਜ਼ਿਆਦਾ ਨੀਤੀਆਂ ਇਸ ’ਤੇ ਆਧਾਰਿਤ ਹੁੰਦੀਆਂ ਹਨ।
ਤਾਂ ਆਓ ਇਨ੍ਹਾਂ ਅੰਕੜਿਆਂ ਦੀ ਮਦਦ ਨਾਲ ਹੀ ਅਸੀਂ ‘ਭਾਰਤ ਦੀ ਖੋਜ’ ਵਾਲੀ ਖੇਡ ਖੇਡੀਏ। ਸਭ ਤੋਂ ਪਹਿਲਾਂ ਕ੍ਰਿਸ਼ਨਨ ਸਾਹਿਬ ਦੇ ਘਰ ਚੱਲਦੇ ਹਾਂ ਜੋ ਸਰਕਾਰੀ ਬੈਂਕ ’ਚ ਪ੍ਰਮੋਟ ਹੋ ਕੇ ਬ੍ਰਾਂਚ ਮੈਨੇਜਰ ਬਣੇ ਹਨ। ਉਨ੍ਹਾਂ ਦੀ ਆਪਣੀ ਮਹੀਨੇ ਦੀ ਤਨਖਾਹ 1.25 ਲੱਖ ਹੈ, ਪਤਨੀ ਇਕ ਪ੍ਰਾਈਵੇਟ ਸਕੂਲ ’ਚ ਅਧਿਆਪਿਕਾ ਹੈ, ਕੁੱਲ 35 ਹਜ਼ਾਰ ਪ੍ਰਤੀ ਮਹੀਨਾ ਪਾਉਂਦੀ ਹੈ। ਪਹਿਲਾਂ ਕਿਰਾਏ ਦੇ ਘਰ ’ਚ ਰਹਿੰਦੇ ਸਨ ਪਰ ਪਿਛਲੇ 5 ਸਾਲਾਂ ਤੋਂ ਆਪਣਾ ਫਲੈਟ ਲੈ ਲਿਆ ਹੈ ਅਤੇ ਦੋ ਬੱਚਿਆਂ ਸਮੇਤ ਉਸ ’ਚ ਰਹਿੰਦੇ ਹਨ। ਇਕ ਆਮ ਮਾਡਲ ਦੀ ਕਾਰ ਹੈ, ਬੇਟੇ ਨੇ ਮੋਟਰਸਾਈਕਲ ਲਿਆ ਹੈ, ਬੈੱਡਰੂਮ ’ਚ ਏ. ਸੀ. ਲੱਗਾ ਹੈ, ਭਾਵ ਇਕ ਆਮ ‘ਮਿਡਲ ਕਲਾਸ ਫੈਮਿਲੀ’ ਤੋਂ ਹਨ।
ਉਨ੍ਹਾਂ ਦੇ ਘਰ ’ਚ ਕੰਮ ਕਰਨ ਕਾਂਤਾ ਆਉਂਦੀ ਹੈ, ਕਈ ਘਰਾਂ ’ਚ ਕੰਮ ਕਰ ਕੇ ਮਹੀਨੇ ’ਚ 8 ਹਜ਼ਾਰ ਕਮਾ ਲੈਂਦੀ ਹੈ ਅਤੇ ਉਸ ਦਾ ਪਤੀ ਸੁਰੇਸ਼ ਡਰਾਈਵਰ ਹੈ, ਮਹੀਨੇ ’ਚ 15 ਹਜ਼ਾਰ ਤਨਖਾਹ ਹੈ। ਇੰਨੇ ’ਚ ਪਤੀ-ਪਤਨੀ ਅਤੇ ਤਿੰਨ ਬੱਚੇ ਕਿਰਾਏ ਦੇ ਮਕਾਨ ’ਚ ਰਹਿ ਕੇ ਆਪਣਾ ਗੁਜ਼ਾਰਾ ਕਰਦੇ ਹਨ, ਸਕੂਟਰ ਖਰੀਦਣ ਦੀ ਯੋਜਨਾ ਹੈ। ਭਾਵ ਇਕ ਮਿਹਨਤਕਸ਼ ਪਰਿਵਾਰ।
ਕ੍ਰਿਸ਼ਨਨ ਸਾਹਿਬ ਦੇ ਬੈਂਕ ’ਚ ਖੰਨਾ ਸਾਹਿਬ ਦਾ ਅਕਾਊਂਟ ਹੈ। ਖਾਂਦਾ ਪੀਂਦਾ ਪਰਿਵਾਰ ਹੈ। ਜਿਨ੍ਹਾਂ ਦੀ ਇਕ ਛੋਟੀ ਜਿਹੀ ਫੈਕਟਰੀ ’ਚ 6 ਲੋਕ ਕੰਮ ਕਰਦੇ ਹਨ। ਮਹੀਨੇ ’ਚ ਢਾਈ-ਤਿੰਨ ਲੱਖ ਦੀ ਕਮਾਈ ਹੋ ਜਾਂਦੀ ਹੈ। ਘਰ ’ਚ ਪਤਨੀ ਅਤੇ ਦੋ ਬੱਚਿਆਂ ਦੇ ਨਾਲ ਬਜ਼ੁਰਗ ਮਾਂ ਵੀ ਰਹਿੰਦੀ ਹੈ। ਵੱਡਾ ਘਰ ਹੈ, 2 ਗੱਡੀਆਂ ਹਨ, ਇਕ ਵਾਰ ਵਿਦੇਸ਼ ਵੀ ਘੁੰਮ ਆਏ ਹਨ ਪਰ ਕੋਠੀ ’ਚ ਰਹਿਣ ਵਾਲੇ ਖਾਨਦਾਨੀ ਅਮੀਰ ਨਹੀਂ ਹਨ।
ਸ਼ਹਿਰੀ ਸਮਾਜ ਦੀ ਆਮ ਭਾਸ਼ਾ ’ਚ ਕ੍ਰਿਸ਼ਨਨ ਸਾਹਿਬ ਨੂੰ ਮੱਧ ਵਰਗ ਦਾ ਪਰਿਵਾਰ ਦੱਸਿਆ ਜਾਵੇਗਾ, ਖੰਨਾ ਸਾਹਿਬ ਨੂੰ ‘ਅਪਰ ਮਿਡਲ’ ਕਿਹਾ ਜਾਵੇਗਾ ਅਤੇ ਕਾਂਤਾ ਨੂੰ ਗਰੀਬ ਸਮਝਿਆ ਜਾਵੇਗਾ। ਜੇ 100 ਡੰਡਿਆਂ ’ਤੇ ਉਨ੍ਹਾਂ ਦੀ ਜਗ੍ਹਾ ਦੱਸਣ ਲਈ ਕਿਹਾ ਜਾਂਦਾ ਹੈ ਤਾਂ ਅਸੀਂ ਸ਼ਾਇਦ ਕਾਂਤਾ ਨੂੰ 20ਵੇਂ ਡੰਡੇ ’ਤੇ ਰੱਖਾਂਗੇ, ਕ੍ਰਿਸ਼ਨਨ ਜੀ ਨੂੰ 50-60 ਦੇ ਨੇੜੇ ਅਤੇ ਖੰਨਾ ਸਾਹਿਬ ਨੂੰ 80-90 ਦੇ ਵਿਚਾਲੇ। ਇਹੀ ਸਾਡੀ ਸਮਝ ਦੀ ਕਮੀ ਹੈ।
ਹੁਣ ਇਸ ਸਮਝ ਦੀ ਜਾਂਚ ਪ੍ਰਮਾਣਿਕ ਅੰਕੜਿਆਂ ਨਾਲ ਕਰੋ। ਤਾਜ਼ਾ ਅੰਕੜਿਆਂ ਦੇ ਹਿਸਾਬ ਨਾਲ ਸ਼ਹਿਰਾਂ ’ਚ ਰਹਿਣ ਤੋਂ ਬਾਅਦ ਮੱਧ ਵਰਗ (ਭਾਵ ਜੋ 40ਵੇਂ ਅਤੇ 60ਵੇਂ ਡੰਡੇ ਦੇ ਵਿਚਾਲੇ ਹਨ) ਦਾ ਔਸਤ ਮਹੀਨਾਵਾਰ ਖਰਚ 4,000 ਰੁਪਏ ਤੋਂ ਘੱਟ ਹੈ ਭਾਵ ਕਿ 20-25 ਹਜ਼ਾਰ ’ਚ 4 ਲੋਕਾਂ ਦਾ ਪਰਿਵਾਰ ਚਲਾਉਣ ਵਾਲੇ ਕਾਂਤਾ ਅਤੇ ਸੁਰੇਸ਼ ਅਸਲ ’ਚ ਸ਼ਹਿਰੀ ਭਾਰਤ ਦਾ ਸੱਚਾ ਮੱਧ ਵਰਗ ਦਾ ਪਰਿਵਾਰ ਹੈ। ਸ਼ਹਿਰੀ ਹੇਠਲੇ 20 ਡੰਡਿਆਂ ’ਤੇ ਉਹ ਪਰਿਵਾਰ ਹੈ ਜੋ ਹਰ ਮਹੀਨੇ ਹਰ ਵਿਅਕਤੀ ’ਤੇ 3,000 ਰੁਪਏ ਵੀ ਖਰਚ ਨਹੀਂ ਕਰ ਪਾਉਂਦਾ ਹੈ। ਪਿਛਲੇ 5 ਸਾਲ ਦੇ ਅੰਕੜਿਆਂ ਦੇ ਹਿਸਾਬ ਨਾਲ ਜੋ ਪਰਿਵਾਰ ਪ੍ਰਤੀ ਵਿਅਕਤੀ ਪ੍ਰਤੀ ਮਹੀਨਾ 20,000 ਰੁਪਏ ਤੋਂ ਵੱਧ ਖਰਚ ਕਰਦਾ ਹੈ ਉਹ ਸ਼ਹਿਰੀ ਲੋਕਾਂ ਦੇ ਸਰਵਉੱਚ 5 ਫੀਸਦੀ ’ਚ ਹੈ। ਪ੍ਰਤੀ ਵਿਅਕਤੀ ਪ੍ਰਤੀ ਮਹੀਨੇ ’ਚ 30 ਹਜ਼ਾਰ ਰੁਪਏ ਤੋਂ ਵੱਧ ਖਰਚ ਕਰਨ ਵਾਲਾ ਪਰਿਵਾਰ ਸ਼ਹਿਰੀ ਲੋਕਾਂ ਦੇ ਟਾਪ 1 ਫੀਸਦੀ ਪਰਿਵਾਰਾਂ ’ਚੋਂ ਹੈ। ਭਾਵ ਉਨ੍ਹਾਂ ਨੂੰ ਭਾਵੇਂ ਹੀ ਯਕੀਨ ਨਾ ਹੋਵੇ ਪਰ ਕ੍ਰਿਸ਼ਨਨ ਜੀ 95ਵੇਂ ਅਤੇ ਖੰਨਾ ਜੀ ਸਭ ਤੋਂ ਉਪਰ ਸੌਂਵੇਂ ਸਥਾਨ ’ਤੇ ਖੜ੍ਹੇ ਹਨ।
ਜ਼ਾਹਿਰ ਹੈ ਕਿ ਦਿਹਾਤੀ ਇਲਾਕਿਆਂ ’ਚ ਹਾਲਾਤ ਹੋਰ ਵੀ ਔਖੇ ਹਨ। ਪਿੰਡ ’ਚ ਹੀ ਗੁਜ਼ਾਰਾ ਕਰਨ ਵਾਲਾ ਜੋ ਵੀ ਪਰਿਵਾਰ ਪ੍ਰਤੀ ਵਿਅਕਤੀ ਪ੍ਰਤੀ ਮਹੀਨਾ 7 ਹਜ਼ਾਰ ਰੁਪਏ ਖਰਚ ਕਰਨ ਦੀ ਹੈਸੀਅਤ ਰੱਖਦਾ ਹੈ ( ਭਾਵ 5 ਲੋਕਾਂ ਦੇ ਜਿਸ ਦਿਹਾਤੀ ਪਰਿਵਾਰ ਨੂੰ 35 ਹਜ਼ਾਰ ਤੋਂ ਵੱਧ ਆਮਦਨ ਹੈ), ਉਹ ਦਿਹਾਤੀ ਭਾਰਤ ਦੇ ਸਰਵਉੱਚ 10 ਫੀਸਦੀ ਵਰਗ ਦਾ ਹਿੱਸਾ ਹੈ। ਦਿਹਾਤੀ ਮੱਧ ਵਰਗ ਉਨ੍ਹਾਂ ਪਰਿਵਾਰਾਂ ਨੂੰ ਕਿਹਾ ਜਾਵੇਗਾ ਿਜਨ੍ਹਾਂ ਨੇ 5 ਲੋਕਾਂ ਦੇ ਪਰਿਵਾਰ ’ਚ ਮਹੀਨੇ ’ਚ 20 ਹਜ਼ਾਰ ਰੁਪਏ ’ਚ ਕੰਮ ਚਲਾਉਣਾ ਹੁੰਦਾ ਹੈ।
ਦਿਹਾਤੀ ਇਲਾਕਿਆਂ ਦੇ ਗਰੀਬ ਪਰਿਵਾਰ ਉਹ ਹਨ ਜਿਥੇ ਪਰਿਵਾਰ ਦੇ 6 ਲੋਕ ਅੱਜ ਵੀ ਇਕ ਮਹੀਨੇ ’ਚ 10,000 ਰੁਪਏ ਦੇ ਅੰਦਰ ਗੁਜ਼ਾਰਾ ਕਰਦੇ ਹਨ। ਇਹ ਤਾਂ ਪੂਰੇ ਦੇਸ਼ ਦੀ ਔਸਤ ਹੈ। ਜੇ ਇਸ ਔਸਤ ਨੂੰ ਵੱਖ-ਵੱਖ ਸੂਬਿਆਂ ਦੇ ਹਿਸਾਬ ਨਾਲ ਦੇਖੀਏ ਤਾਂ ਪੂਰਬੀ ਭਾਰਤੀ (ਛੱਤੀਸਗੜ੍ਹ, ਬਿਹਾਰ, ਝਾਰਖੰਡ, ਓਡਿਸ਼ਾ, ਬੰਗਾਲ, ਅਸਾਮ ਅਤੇ ਪੂਰਬੀ ਉੱਤਰ ਪ੍ਰਦੇਸ਼) ਦੀ ਹਾਲਤ ਸਭ ਤੋਂ ਤਰਸਯੋਗ ਹੈ। ਉੱਥੇ ਤਾਂ ਮਹੀਨੇ ’ਚ 15 ਹਜ਼ਾਰ ਖਰਚ ਕਰਨ ਦੀ ਹੈਸੀਅਤ ਵਾਲੇ ਪਰਿਵਾਰ ਅੱਧੇ ਤੋਂ ਘੱਟ ਹੋਣਗੇ।
ਮੈਂ ‘ਭਾਰਤ ਦੀ ਖੋਜ’ ਵਾਲੀ ਇਹ ਖੇਡ ਪਤਾ ਨਹੀਂ ਕਿੰਨੀ ਵਾਰ ਖੇਡੀ ਹੈ ਅਤੇ ਹਮੇਸ਼ਾ ਇਕ ਹੀ ਗੱਲ ਸਾਹਮਣੇ ਆਈ ਹੈ– ਦੇਸ਼ ਦੇ ਆਰਥਿਕ ਸਥਾਨਾਂ ਬਾਰੇ ਵੀ ਸਾਡਾ ਨਜ਼ਰੀਆ ਬਹੁਤ ਟੇਢਾ ਹੈ। ਉਮੀਦ ਅਨੁਸਾਰ ਅਮੀਰੀ ਦੇ ਬੁਲਬੁਲੇ ’ਚ ਰਹਿਣ ਵਾਲੇ ਸ਼ਹਿਰੀ ਭਾਰਤੀਆਂ ਨੂੰ ਪਤਾ ਹੀ ਨਹੀਂ ਹੈ ਕਿ ਇਕ ਆਮ ਭਾਰਤੀ ਕਿਸ ਹਾਲਤ ’ਚ ਰਹਿੰਦਾ ਹੈ ਜੋ ਸਚਮੁੱਚ ਗਰੀਬ ਹੈ, ਉਹ ਸਾਡੀਆਂ ਅੱਖਾਂ ਤੋਂ ਗਾਇਬ ਹੈ। ਜੋ ਮੱਧ ਵਰਗੀ ਹੈ, ਉਸ ਨੂੰ ਅਸੀਂ ਗਰੀਬ ਸਮਝਦੇ ਹਾਂ ਅਤੇ ਜੋ ਟਾਪ ’ਤੇ ਕਾਬਜ਼ ਹਨ, ਉਨ੍ਹਾਂ ਨੂੰ ਅਸੀਂ ਮਿਡਲ ਕਲਾਸ ਕਹਿੰਦੇ ਹਾਂ। ਕਦੋਂ ਇਸ ਖੁਸ਼ਫਹਿਮੀ ਤੋਂ ਮੁਕਤ ਹੋਵੇਗਾ ਇਸ ਦੇਸ਼ ਦਾ ਸੱਤਾਧਾਰੀ ਵਰਗ?
ਯੋਗੇਂਦਰ ਯਾਦਵ
ਕਿਉਂ ਵਧ ਰਿਹਾ ਔਰਤਾਂ ਵਲੋਂ ਪਤੀਆਂ ਨੂੰ ਛੱਡਣ ਦਾ ਰੁਝਾਨ
NEXT STORY