ਅੱਜ-ਕੱਲ ਦੇਸ਼ ’ਚ ਵਿਆਹੁਤਾ ਔਰਤਾਂ ਵਲੋਂ ਪਤੀ ਨੂੰ ਬਗੈਰ ਤਲਾਕ ਦੇ ਛੱਡਣ ਅਤੇ ਵੱਖ ਰਹਿਣ ਦਾ ਰੁਝਾਨ ਲਗਾਤਾਰ ਵਧ ਰਿਹਾ ਹੈ। ਇਹ ਇਕ ਚਿੰਤਾਜਨਕ ਸਮਾਜਿਕ ਮੁੱਦਾ ਹੈ। ਆਖਿਰ ਔਰਤਾਂ ਅਜਿਹੇ ਕਦਮ ਕਿਉਂ ਚੁੱਕ ਰਹੀਆਂ ਹਨ, ਇਸਦਾ ਡੂੰਘਾ ਵਿਸ਼ਲੇਸ਼ਣ ਨਾਜ਼ੁਕ ਵੀ ਹੈ ਅਤੇ ਮਜ਼ੇਦਾਰ ਵੀ। ਇਕ ਵਿਆਹੁਤਾ ਔਰਤ ਆਪਣੇ ਪਤੀ ਨੂੰ ਛੱਡਣ ਦਾ ਫੈਸਲਾ ਕਈ ਕਾਰਨਾਂ ਕਾਰਨ ਲੈ ਸਕਦੀ ਹੈ ਅਤੇ ਇਹ ਹਰ ਵਿਅਕਤੀ ਦੇ ਹਾਲਾਤ, ਤਜਰਬੇ ਅਤੇ ਭਾਵਨਾਵਾਂ ’ਤੇ ਨਿਰਭਰ ਕਰਦਾ ਹੈ। ਪਤੀ-ਪਤਨੀ ਦਾ ਸੰਬੰਧ ਗੁੰਝਲਦਾਰ ਹੁੰਦਾ ਹੈ ਅਤੇ ਕਈ ਵਾਰ ਹਾਲਾਤ ਅਜਿਹੇ ਬਣ ਜਾਂਦੇ ਹਨ ਕਿ ਔਰਤ ਨੂੰ ਮਜਬੂਰਨ ਇਹ ਕਦਮ ਚੁੱਕਣਾ ਪੈਂਦਾ ਹੈ।
ਸਭ ਤੋਂ ਪਹਿਲਾਂ, ਜੇ ਪਤਨੀ ਨੂੰ ਪਤੀ ਵਲੋਂ ਭਾਵਨਾਤਮਕ, ਮਾਨਸਿਕ ਜਾਂ ਸਰੀਰਕ ਸ਼ੋਸ਼ਣ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਹ ਇਹ ਕਦਮ ਚੁੱਕ ਸਕਦੀ ਹੈ। ਸਰੀਰਕ ਹਿੰਸਾ, ਅਪਮਾਨਜਨਕ ਰਵੱਈਆ, ਗਾਲ੍ਹਾਂ, ਮਾਨਸਿਕ ਦਬਾਅ ਜਾਂ ਹੋਰ ਕਿਸੇ ਤਰ੍ਹਾਂ ਦਾ ਸ਼ੋਸ਼ਣ ਵਿਅਕਤੀ ਦੇ ਆਤਮ-ਸਨਮਾਨ ਅਤੇ ਮਾਨਸਿਕ ਸ਼ਾਂਤੀ ਨੂੰ ਨੁਕਸਾਨ ਪਹੁੰਚਾਉਂਦਾ ਹੈ। ਲੰਬੇ ਸਮੇਂ ਤੱਕ ਇਸ ਤਰ੍ਹਾਂ ਦੇ ਅੱਤਿਆਚਾਰ ਨੂੰ ਸਹਿਣ ਕਰਨਾ ਕਿਸੇ ਲਈ ਵੀ ਸੰਭਵ ਨਹੀਂ ਹੁੰਦਾ ਅਤੇ ਅਕਸਰ ਪਤਨੀ ਅਜਿਹੇ ਹਾਲਾਤ ’ਚੋਂ ਬਾਹਰ ਨਿਕਲਣ ਲਈ ਤਲਾਕ ਜਾਂ ਵੱਖ ਹੋਣ ਦਾ ਕਦਮ ਚੁੱਕਦੀ ਹੈ।
ਜੇ ਪਤੀ ਦਾ ਵਿਆਹ ਤੋਂ ਬਾਅਦ ਕਿਸੇ ਹੋਰ ਨਾਲ ਸੰਬੰਧ ਹੈ ਜਾਂ ਉਸ ਨੇ ਧੋਖਾ ਦਿੱਤਾ ਹੈ, ਤਾਂ ਔਰਤ ਲਈ ਇਹ ਬਹੁਤ ਵੱਡਾ ਝਟਕਾ ਹੋ ਸਕਦਾ ਹੈ। ਵਿਆਹ ’ਚ ਭਰੋਸੇ ਅਤੇ ਇਮਾਨਦਾਰੀ ਦਾ ਬਹੁਤ ਮਹੱਤਵ ਹੁੰਦਾ ਹੈ ਅਤੇ ਜਦ ਇਹ ਟੁੱਟਦਾ ਹੈ ਤਾਂ ਪਤਨੀ ਨੂੰ ਲੱਗਦਾ ਹੈ ਕਿ ਸੰਬੰਧ ਨੂੰ ਬਚਾਉਣਾ ਸੰਭਵ ਨਹੀਂ ਹੈ। ਜੇ ਦੋਵਾਂ ਵਿਚਾਲੇ ਗੱਲਬਾਤ ਦੀ ਕਮੀ ਹੈ ਤਾਂ ਉਹ ਆਪਣੀਆਂ ਭਾਵਨਾਵਾਂ, ਵਿਚਾਰਾਂ ਜਾਂ ਸਮੱਸਿਆਵਾਂ ਨੂੰ ਸਾਂਝਾ ਨਹੀਂ ਕਰ ਪਾਉਂਦੇ, ਤਾਂ ਰਿਸ਼ਤੇ ’ਚ ਤਰੇੜ ਪੈ ਸਕਦੀ ਹੈ।
ਲਗਾਤਾਰ ਤਕਰਾਰ ਅਤੇ ਅਣਬਣ ਰਿਸ਼ਤੇ ਨੂੰ ਕਮਜ਼ੋਰ ਕਰ ਦਿੰਦੀ ਹੈ। ਜੇ ਗੱਲਬਾਤ ਨਾਲ ਸਮੱਸਿਆ ਦਾ ਹੱਲ ਨਹੀਂ ਹੋ ਪਾਉਂਦਾ ਅਤੇ ਔਰਤ ਨੂੰ ਲੱਗਦਾ ਹੈ ਕਿ ਰਿਸ਼ਤੇ ’ਚ ਕੋਈ ਭਵਿੱਖ ਨਹੀਂ ਹੈ ਤਾਂ ਉਹ ਵੱਖ ਹੋ ਜਾਂਦੀ ਹੈ। ਜੇ ਔਰਤ ਨੂੰ ਲੱਗਦਾ ਹੈ ਕਿ ਉਹ ਆਪਣੀ ਪਛਾਣ ਅਤੇ ਕਰੀਅਰ ’ਚ ਅੱਗੇ ਵਧ ਸਕਦੀ ਹੈ ਅਤੇ ਆਰਥਿਕ ਤੌਰ ’ਤੇ ਆਜ਼ਾਦ ਹੋ ਸਕਦੀ ਹੈ ਤਾਂ ਵੀ ਉਹ ਵੱਖ ਹੋਣ ਦਾ ਕਦਮ ਚੁੱਕ ਸਕਦੀ ਹੈ।
ਕਦੇ-ਕਦੇ ਪਤੀ ਦੇ ਨਾਲ ਲਗਾਤਾਰ ਤਣਾਅ, ਝਗੜਾ ਅਤੇ ਸਮੱਸਿਆ ਹੋਣ ਨਾਲ ਔਰਤਾਂ ਦੀ ਮਾਨਸਿਕ ਅਤੇ ਸਰੀਰਕ ਸਿਹਤ ’ਤੇ ਅਸਰ ਪੈ ਸਕਦਾ ਹੈ। ਜੇ ਉਸਦੀ ਸਿਹਤ ਲਗਾਤਾਰ ਖਰਾਬ ਹੁੰਦੀ ਹੈ ਅਤੇ ਉਹ ਮਹਿਸੂਸ ਕਰਦੀ ਹੈ ਕਿ ਇਹ ਰਿਸ਼ਤੇ ’ਚ ਬਣੇ ਰਹਿਣ ਲਈ ਠੀਕ ਨਹੀਂ ਹੋ ਰਿਹਾ ਤਾਂ ਉਹ ਪਤੀ ਤੋਂ ਵੱਖ ਹੋ ਸਕਦੀ ਹੈ। ਇਕ ਸਿਹਤਮੰਦ ਅਤੇ ਖੁਸ਼ਹਾਲ ਜੀਵਨ ਜਿਊਣ ਦੀ ਇੱਛਾ ਕਦੇ-ਕਦੇ ਪਤਨੀ ਨੂੰ ਵੱਖਰੇਵੇਂ ਵੱਲ ਲੈ ਜਾਂਦੀ ਹੈ।
ਕੁਝ ਔਰਤਾਂ ਆਪਣੇ ਜੀਵਨ ’ਚ ਵਿਅਕਤੀਗਤ ਵਿਕਾਸ ਅਤੇ ਆਤਮ ਪਛਾਣ ਲਈ ਇਕ ਵੱਖਰਾ ਰਸਤਾ ਅਪਣਾਉਂਦੀਆਂ ਹਨ। ਜੇ ਉਹ ਮਹਿਸੂਸ ਕਰਦੀਆਂ ਹਨ ਕਿ ਉਨ੍ਹਾਂ ਦੇ ਜੀਵਨ ਦਾ ਮਕਸਦ ਅਤੇ ਦਿਸ਼ਾ ਕੁਝ ਹੋਰ ਹੈ ਤਾਂ ਉਹ ਆਪਣੇ ਪਤੀ ਤੋਂ ਵੱਖ ਹੋਣ ਦਾ ਫੈਸਲਾ ਲੈ ਸਕਦੀਆਂ ਹਨ। ਇਹ ਹਾਲਾਤ ਉਦੋਂ ਹੁੰਦੇ ਹਨ ਜਦ ਪਤਨੀ ਨੂੰ ਲੱਗਦਾ ਹੈ ਕਿ ਉਹ ਆਪਣੇ ਜੀਵਨ ਦੇ ਟੀਚਿਆਂ ਅਤੇ ਸੁਪਨਿਆਂ ਨੂੰ ਪਤੀ ਦੇ ਨਾਲ ਮਿਲ ਕੇ ਪੂਰਾ ਨਹੀਂ ਕਰ ਸਕਦੀ। ਕਦੇ-ਕਦੇ ਪਰਿਵਾਰਕ ਦਬਾਅ, ਸਮਾਜ ਦੀ ਨਜ਼ਰਅੰਦਾਜ਼ਗੀ ਅਤੇ ਸੰਸਕਾਰ ਵੀ ਕਿਸੇ ਔਰਤ ਨੂੰ ਆਪਣੇ ਪਤੀ ਤੋਂ ਵੱਖ ਹੋਣ ਲਈ ਪ੍ਰੇਰਿਤ ਕਰਦੇ ਹਨ। ਇਸ ਤਰ੍ਹਾਂ ਦੇ ਹਾਲਾਤ ਖਾਸ ਤੌਰ ’ਤੇ ਉਦੋਂ ਪੈਦਾ ਹੁੰਦੇ ਹਨ ਜਦ ਪਤਨੀ ਨੂੰ ਪਰਿਵਾਰ ਜਾਂ ਸਮਾਜ ਵਲੋਂ ਪੈਦਾ ਗਲਤਫਹਿਮੀਆਂ ਜਾਂ ਦਬਾਅ ਦਾ ਸਾਹਮਣਾ ਕਰਨਾ ਪੈਂਦਾ ਹੈ।
ਜੇ ਪਤੀ ਸ਼ਰਾਬ ਜਾਂ ਕਿਸੇ ਹੋਰ ਨਸ਼ੇ ਦੀ ਲਤ ’ਚ ਹੈ ਅਤੇ ਇਸ ਕਾਰਨ ਘਰ ’ਚ ਸ਼ਾਂਤੀ ਨਹੀਂ ਰਹਿੰਦੀ ਜਾਂ ਉਹ ਪਰਿਵਾਰ ਦੀ ਦੇਖਭਾਲ ਨਹੀਂ ਕਰਦਾ ਤਾਂ ਪਤਨੀ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਇਸ ਰਿਸ਼ਤੇ ਦਾ ਕੋਈ ਭਵਿੱਖ ਨਹੀਂ ਹੈ। ਇਸ ਹਾਲਤ ’ਚ ਉਹ ਪਤੀ ਤੋਂ ਵੱਖ ਹੋਣ ਦਾ ਫੈਸਲਾ ਲੈ ਸਕਦੀ ਹੈ। ਜੇ ਕਿਸੇ ਔਰਤ ਨੂੰ ਲੱਗਦਾ ਹੈ ਕਿ ਉਸ ਦਾ ਸਮਾਂ ਫਜ਼ੂਲ ਜਾ ਰਿਹਾ ਹੈ ਅਤੇ ਉਹ ਕਿਸੇ ਅਜਿਹੇ ਵਿਅਕਤੀ ਨਾਲ ਸਮਾਂ ਬਿਤਾ ਰਹੀ ਹੈ ਜੋ ਉਸ ਦੀਆਂ ਭਾਵਨਾਵਾਂ, ਇੱਛਾਵਾਂ ਜਾਂ ਸੁਪਨਿਆਂ ਨੂੰ ਨਹੀਂ ਸਮਝਦਾ ਤਾਂ ਇਹ ਉਸ ਨੂੰ ਇਸ ਰਿਸ਼ਤੇ ’ਚੋਂ ਬਾਹਰ ਨਿਕਲਣ ਲਈ ਪ੍ਰੇਰਿਤ ਕਰ ਸਕਦਾ ਹੈ। ਘਰ ਦੇ ਮਾਹੌਲ ’ਚ ਸ਼ਾਂਤੀ ਅਤੇ ਪਿਆਰ ਦੀ ਕਮੀ ਦੇ ਕਾਰਨ ਬੱਚਿਆਂ ਦੇ ਮਾਨਸਿਕ ਅਤੇ ਭਾਵਨਾਤਮਕ ਵਿਕਾਸ ’ਤੇ ਨਾਂਹਪੱਖੀ ਅਸਰ ਪੈ ਸਕਦਾ ਹੈ। ਬੱਚਿਆਂ ਲਈ ਬਿਹਤਰ ਭਵਿੱਖ ਅਤੇ ਮਾਹੌਲ ਯਕੀਨੀ ਕਰਨ ਲਈ ਉਹ ਆਪਣੇ ਪਤੀ ਤੋਂ ਵੱਖ ਹੋਣ ਦਾ ਫੈਸਲਾ ਲੈ ਸਕਦੀ ਹੈ।
ਹਰ ਔਰਤ ਦਾ ਜੀਵਨ ਅਤੇ ਹਾਲਾਤ ਵੱਖ ਹੁੰਦੇ ਹਨ ਅਤੇ ਇਸ ਲਈ ਇਹ ਫੈਸਲਾ ਵੀ ਨਿੱਜੀ ਅਤੇ ਵਿਸ਼ੇਸ਼ ਹਾਲਾਤ ’ਚ ਹੁੰਦਾ ਹੈ ਹਾਲਾਂਕਿ ਅਜਿਹਾ ਫੈਸਲਾ ਲੈਣ ਤੋਂ ਪਹਿਲਾਂ ਔਰਤਾਂ ਨੂੰ ਆਪਣੀਆਂ ਭਾਵਨਾਵਾਂ, ਮਾਨਸਿਕ ਸਥਿਤੀ ਅਤੇ ਭਵਿੱਖ ਬਾਰੇ ਪੂਰੀ ਤਰ੍ਹਾਂ ਨਾਲ ਵਿਚਾਰ ਕਰ ਲੈਣਾ ਚਾਹੀਦਾ ਹੈ।
-ਡਾ. ਵਰਿੰਦਰ ਭਾਟੀਆ
ਔਰਤਾਂ ਦੀ ਇੱਜ਼ਤ ਨਾਲ ਖਿਲਵਾੜ ’ਚ ਨੇਤਾ ਵੀ ਪਿੱਛੇ ਨਹੀਂ
NEXT STORY