ਖਾਣ-ਪੀਣ ਦੀਆਂ ਚੀਜ਼ਾਂ ’ਚ ਮਿਲਾਵਟ ਕਰ ਕੇ ਵੇਚਣਾ ਅਪਰਾਧ ਦੀ ਸ਼੍ਰੇਣੀ ’ਚ ਆਉਂਦਾ ਹੈ। ਖੁਰਾਕ ਸੁਰੱਖਿਆ ਅਤੇ ਮਾਨਕ ਐਕਟ, 2006 ਦੇ ਪ੍ਰਬੰਧ ਦੇ ਤਹਿਤ ਮਿਲਾਵਟੀ ਖਾਣ-ਪੀਣ ਦੀਆਂ ਚੀਜ਼ਾਂ ਵੇਚਣ ਵਾਲਿਆਂ ਨੂੰ 7 ਸਾਲ ਤੱਕ ਦੀ ਕੈਦ ਹੋ ਸਕਦੀ ਹੈ। ਇਸ ਦੇ ਬਾਵਜੂਦ ਦੇਸ਼ ’ਚ ਮਿਲਾਵਟੀ ਖਾਣ-ਪੀਣ ਦੀਆਂ ਚੀਜ਼ਾਂ ਵਿਕਣ ਦਾ ਸਿਲਸਿਲਾ ਰੁਕ ਨਹੀਂ ਰਿਹਾ।
ਖਾਸ ਤੌਰ ’ਤੇ ਦੇਸ਼ ’ਚ ਮਿਲਾਵਟੀ ਪਨੀਰ ਬਣਾਉਣ ਦਾ ਧੰਦਾ ਜ਼ੋਰਾਂ-ਸ਼ੋਰਾਂ ਨਾਲ ਜਾਰੀ ਹੈ ਅਤੇ ਨਕਲੀ ਪਨੀਰ ਬਣਾਉਣ ਵਾਲੇ ਆਪਣੇ ਫਾਇਦੇ ਲਈ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ।
ਪਿਛਲੇ ਸਿਰਫ 35 ਦਿਨਾਂ ਵਿਚ ਦੇਸ਼ ’ਚ ਮਿਲਾਵਟੀ ਪਨੀਰ ਦੀ ਬਰਾਮਦਗੀ ਦੇ ਸਾਹਮਣੇ ਆਏ ਮਾਮਲਿਆਂ ਦਾ ਵੇਰਵਾ ਹੇਠਾਂ ਦਰਜ ਹੈ :
* 5 ਮਾਰਚ ਨੂੰ, ਪੁਣੇ ਪੁਲਸ ਅਤੇ ਫੂਡ ਐਂਡ ਡਰੱਗ ਕੰਟਰੋਲ ਐਡਮਿਨਿਸਟ੍ਰੇਸ਼ਨ (ਐੱਫ. ਡੀ. ਸੀ. ਏ.) ਨੇ ਇਕ ਫੈਕਟਰੀ ’ਤੇ ਛਾਪਾ ਮਾਰਿਆ ਅਤੇ 1,400 ਕਿਲੋਗ੍ਰਾਮ ਮਿਲਾਵਟੀ ਪਨੀਰ ਜ਼ਬਤ ਕੀਤਾ। ਇਸ ਦੌਰਾਨ ਪਨੀਰ ਬਣਾਉਣ ਲਈ ਵਰਤਿਆ ਜਾਣ ਵਾਲਾ 400 ਕਿਲੋ ਗਲਿਸਰੋਲ ਮੋਨੋਸਟੀਅਰੇਟ ਪਾਊਡਰ, 1,800 ਕਿਲੋ ਸਕਿਮਡ ਦੁੱਧ ਪਾਊਡਰ ਅਤੇ 718 ਲੀਟਰ ਪਾਮ ਤੇਲ ਜ਼ਬਤ ਕੀਤਾ ਗਿਆ।
* 9 ਮਾਰਚ ਨੂੰ, ਖੁਰਾਕ ਸੁਰੱਖਿਆ ਵਿਭਾਗ ਦੀ ਟੀਮ ਨੇ ਉੱਤਰਾਖੰਡ ਦੇ ਰੁੜਕੀ ਵਿਚ ਮੰਗਲੌਰ-ਦੇਵਬੰਦ ਸੜਕ ’ਤੇ ਸਥਿਤ ਇਕ ਫੈਕਟਰੀ ’ਤੇ ਛਾਪਾ ਮਾਰਿਆ ਅਤੇ ਕੈਮੀਕਲ ਅਤੇ ਰਿਫਾਈਂਡ ਨਾਲ ਬਣਿਆ ਇਕ ਕੁਇੰਟਲ ਨਕਲੀ ਪਨੀਰ ਬਰਾਮਦ ਕੀਤਾ।
* 21 ਮਾਰਚ ਨੂੰ ਹਰਿਆਣਾ ਦੇ ਪਿਪਲੀ ’ਚ ਸੀ.ਐੱਮ. ਫਲਾਇੰਗ ਸਕੁਐਡ ਨੇ ਇਕ ਦੁਕਾਨ ’ਤੇ ਛਾਪਾ ਮਾਰਿਆ ਅਤੇ ਭਾਰੀ ਮਾਤਰਾ ਵਿਚ ਨਕਲੀ ਪਨੀਰ ਬਰਾਮਦ ਕਰ ਕੇ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ।
* 29 ਮਾਰਚ ਨੂੰ, ਮਹਾਰਾਸ਼ਟਰ ਦੇ ‘ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ’ (ਐੱਫ. ਡੀ. ਏ.) ਨੇ ‘ਦੁੱਧ ਮਿਲਾਵਟ ਰੋਕਥਾਮ ਕਮੇਟੀ’ ਨਾਲ ਇਕ ਸਾਂਝੇ ਆਪ੍ਰੇਸ਼ਨ ਵਿਚ ‘ਧੂਲੇ’ ਜ਼ਿਲੇ ਵਿਚ ਇਕ ਫੈਕਟਰੀ ’ਚੋਂ 250 ਕਿਲੋਗ੍ਰਾਮ ਨਕਲੀ ਪਨੀਰ ਜ਼ਬਤ ਕਰ ਕੇ ਨਸ਼ਟ ਕਰ ਦਿੱਤਾ।
* 2 ਅਪ੍ਰੈਲ ਨੂੰ ਪੰਜਾਬ ਦੇ ਪਟਿਆਲਾ ਵਿਚ ‘ਫੂਡ ਸੇਫਟੀ ਟੀਮ’ ਨੇ ਜ਼ਿਲਾ ਸਿਹਤ ਅਧਿਕਾਰੀ ਗੁਰਪ੍ਰੀਤ ਕੌਰ ਅਤੇ ਫੂਡ ਸੇਫਟੀ ਅਧਿਕਾਰੀ ਈਸ਼ਾਨ ਬਾਂਸਲ ਦੀ ਅਗਵਾਈ ਵਿਚ ਚਲਾਈ ਗਈ ਇਕ ਮੁਹਿੰਮ ਦੌਰਾਨ ਰਾਜਪੁਰਾ ਵਿਚ ਹਰਿਆਣਾ ਤੋਂ ਆ ਰਹੇ ਇਕ ਵਾਹਨ ਵਿੱਚੋਂ 1,380 ਕਿਲੋ ਨਕਲੀ ਪਨੀਰ ਬਰਾਮਦ ਕੀਤਾ।
ਰੈਸਟੋਰੈਂਟਾਂ ਅਤੇ ਬਾਜ਼ਾਰਾਂ ਵਿਚ ਨਕਲੀ ਅਤੇ ਮਿਲਾਵਟੀ ਪਨੀਰ ਦੀ ਵਿਕਰੀ ਦੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਖਪਤਕਾਰ ਮਾਮਲਿਆਂ ਦੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਜੇ. ਪੀ. ਨੱਡਾ ਨੂੰ ਪੱਤਰ ਲਿਖ ਕੇ ਇਸ ਮਾਮਲੇ ’ਚ ਕਾਰਵਾਈ ਕਰਨ ਦੀ ਬੇਨਤੀ ਵੀ ਕੀਤੀ ਹੈ।
ਜੋਸ਼ੀ ਨੇ ਲਿਖਿਆ, ‘‘ਇਸ ਮਾਮਲੇ ਵਿਚ ਖਪਤਕਾਰਾਂ ਵੱਲੋਂ ਰਾਸ਼ਟਰੀ ਖਪਤਕਾਰ ਹੈਲਪਲਾਈਨ ਪੋਰਟਲ ’ਤੇ ਬਹੁਤ ਸਾਰੀਆਂ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਹਨ, ਜੋ ਕਿ ਦੇਸ਼ ਭਰ ਵਿਚ ਨਕਲੀ ਅਤੇ ਮਿਲਾਵਟੀ ਪਨੀਰ ਵੇਚਣ ਦੇ ਵਧ ਰਹੇ ਰੁਝਾਨ ਨੂੰ ਦਰਸਾਉਂਦੀਆਂ ਹਨ। ਅਜਿਹੀਆਂ ਨਕਲੀ ਅਤੇ ਮਿਲਾਵਟੀ ਖਾਣ-ਪੀਣ ਵਾਲੀਆਂ ਚੀਜ਼ਾਂ ਦਾ ਸੇਵਨ ਕਰਨ ਨਾਲ ਲੋਕਾਂ ਦੀ ਸਿਹਤ ਨੂੰ ਗੰਭੀਰ ਨੁਕਸਾਨ ਪਹੁੰਚ ਰਿਹਾ ਹੈ।’’
ਦੇਸ਼ ਵਿਚ ਤਿਉਹਾਰਾਂ ਦੇ ਮੌਸਮ ਦੌਰਾਨ ਦੁੱਧ ਅਤੇ ਇਸ ਤੋਂ ਬਣਨ ਵਾਲੇ ਉਤਪਾਦਾਂ ਦੀ ਮੰਗ ਅਕਸਰ ਵਧ ਜਾਂਦੀ ਹੈ। ਮਾਰਚ ਦੇ ਮਹੀਨੇ ਵਿਚ ਹੋਲੀ ਦਾ ਤਿਉਹਾਰ ਅਤੇ ਇਸ ਮਹੀਨੇ ਨਰਾਤਿਆਂ ਕਾਰਨ ਮਿਲਾਵਟੀ ਪਨੀਰ ਬਣਾਉਣ ਵਾਲੇ ਅਤੇ ਵੇਚਣ ਵਾਲੇ ਸਰਗਰਮ ਰਹੇ।
ਨਕਲੀ ਪਨੀਰ ਕਈ ਗੰਭੀਰ ਸਿਹਤ ਸਮੱਸਿਆਵਾਂ ਪੈਦਾ ਕਰ ਰਿਹਾ ਹੈ ਅਤੇ ਖੋਜ ’ਚ ਸਾਹਮਣੇ ਆਇਆ ਹੈ ਕਿ ਇਹ ਕੈਂਸਰ ਦਾ ਕਾਰਨ ਵੀ ਬਣ ਸਕਦਾ ਹੈ। ਇਸ ਤੋਂ ਬਚਣ ਲਈ ਆਮ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ ਅਤੇ ਲੋਕਾਂ ਨੂੰ ਨਕਲੀ ਪਨੀਰ ਦੀ ਪਛਾਣ ਕਰਨੀ ਸਿੱਖਣੀ ਚਾਹੀਦੀ ਹੈ।
ਇਸ ਦੇ ਨਾਲ ਹੀ ਅਸੀਂ ਸਿਹਤ ਮੰਤਰੀ ਜੇ. ਪੀ. ਨੱਡਾ ਤੋਂ ਵੀ ਉਮੀਦ ਕਰਦੇ ਹਾਂ ਕਿ ਉਹ ਇਸ ਸਬੰਧ ਵਿਚ ਖਪਤਕਾਰ ਮਾਮਲਿਆਂ ਦੇ ਮੰਤਰੀ ਪ੍ਰਹਿਲਾਦ ਜੋਸ਼ੀ ਵਲੋਂ ਉਨ੍ਹਾਂ ਨੂੰ ਲਿਖੇ ਪੱਤਰ ਦਾ ਨੋਟਿਸ ਲੈਣ ਅਤੇ ਦੇਸ਼ ਵਿਚ ਨਕਲੀ ਪਨੀਰ ਬਣਾਉਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ।
ਇਸ ਲਈ ਮੌਜੂਦਾ ਕਾਨੂੰਨ ਵਿਚ ਸਖ਼ਤ ਪ੍ਰਬੰਧ ਕਰ ਕੇ ਇਸ ’ਚ ਹੋਣ ਵਾਲੀ ਸਜ਼ਾ ਨੂੰ 7 ਸਾਲ ਤੋਂ ਵਧਾ ਕੇ ਉਮਰ ਕੈਦ ਕੀਤਾ ਜਾਵੇ। ਇਸੇ ਤਰ੍ਹਾਂ ਲੋਕਾਂ ਨੂੰ ਨਕਲੀ ਪਨੀਰ ਤੋਂ ਬਚਾ ਕੇ ਉਨ੍ਹਾਂ ਦੀ ਸਿਹਤ ਨੂੰ ਬਰਬਾਦ ਹੋਣ ਤੋਂ ਬਚਾਇਆ ਜਾ ਸਕਦਾ ਹੈ।
-ਵਿਜੇ ਕੁਮਾਰ
35 ਸਾਲ ਦੀ ਉਮਰ ਦਾ ਸਰਾਪ
NEXT STORY