ਇਨ੍ਹੀਂ ਦਿਨੀਂ ਕਿਸਾਨਾਂ ਵੱਲੋਂ ਪਰਾਲੀ ਸਾੜਨ, ਮੀਂਹ ਨਾ ਪੈਣ ਕਾਰਨ ਅਤੇ ਪਹਾੜਾਂ ਵਿਚ ਬਰਫਬਾਰੀ ਨਾਲ ਕਈ ਸੂਬਿਆਂ ਵਿਚ ਘੱਟੋ-ਘੱਟ ਤਾਪਮਾਨ ਵਿਚ ਤੇਜ਼ੀ ਨਾਲ ਗਿਰਾਵਟ ਅਤੇ ਸਮੌਗ ਦਾ ਕਹਿਰ ਵਧ ਜਾਣ ਨਾਲ ਦਿੱਲੀ-ਐੱਨ.ਸੀ.ਆਰ. ਸਮੇਤ ਉੱਤਰੀ ਭਾਰਤ ਦੇ ਸੂਬਿਆਂ ਵਿਚ ਹਵਾ ਗੁਣਵੱਤਾ ਵਿਚ ਭਾਰੀ ਗਿਰਾਵਟ ਆ ਗਈ ਹੈ। ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਲੋਕਾਂ ਦੇ ਸਾਹ ਘੁਟ ਰਹੇ ਹਨ ਅਤੇ ਦਮ ਨਿਕਲ ਰਿਹਾ ਹੈ।
ਇਕ ਪਾਸੇ ਠੰਢ ਅਤੇ ਪ੍ਰਦੂਸ਼ਣ ਵਧਣ ਕਾਰਨ ਲੋਕ ਬੀਮਾਰ ਹੋ ਰਹੇ ਹਨ ਅਤੇ ਦੂਜੇ ਪਾਸੇ ਸੜਕ ਹਾਦਸੇ ਵਧ ਰਹੇ ਹਨ ਅਤੇ ਰੇਲ ਤੇ ਹਵਾਈ ਯਾਤਰਾ ਵੀ ਪ੍ਰਭਾਵਿਤ ਹੋ ਰਹੀ ਹੈ। ਕਈ ਫਲਾਈਟਾਂ ਅਤੇ ਰੇਲਗੱਡੀਆਂ ਤੈਅ ਸਮੇਂ ਤੋਂ ਜਾਂ ਤਾਂ ਘੰਟਿਆਂਬੱਧੀ ਲੇਟ ਚੱਲ ਰਹੀਆਂ ਜਾਂ ਰੱਦ ਕੀਤੇ ਜਾਣ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਹੋ ਰਹੀ ਹੈ।
ਦਿੱਲੀ-ਐੱਨ.ਸੀ.ਆਰ. ਵਿਚ ਖਤਰਨਾਕ ਪ੍ਰਦੂਸ਼ਣ ਅਤੇ ਜ਼ਹਿਰੀਲੀ ਧੁੰਦ ਕਾਰਨ ਕੁਝ ਇਲਾਕਿਆਂ ਵਿਚ ਹਵਾ ਗੁਣਵੱਤਾ ਸੂਚਕ ਅੰਕ ਇਸ ਸੀਜ਼ਨ ਵਿਚ ਸਭ ਤੋਂ ਵੱਧ 500 ਦੇ ਪੱਧਰ ਤਕ ਪਹੁੰਚ ਗਿਆ ਹੈ। ਇਸ ’ਤੇ ਕਾਬੂ ਪਾਉਣ ਲਈ ਗ੍ਰੈਪ-4 (‘ਗ੍ਰੇਡਿਡ ਰਿਸਪਾਂਸ ਐਕਸ਼ਨ ਪਲਾਨ’) ਲਾਗੂ ਕਰ ਦਿੱਤਾ ਗਿਆ ਹੈ। ਇਸ ਦੇ ਤਹਿਤ ਹੋਰ ਪਾਬੰਦੀਆਂ ਤੋਂ ਇਲਾਵਾ 12ਵੀਂ ਜਮਾਤ ਤਕ ਦੇ ਵਿਦਿਆਰਥੀ ਆਗਾਮੀ ਹੁਕਮਾਂ ਤਕ ਸਕੂਲ ਨਹੀਂ ਜਾ ਸਕਣਗੇ ਅਤੇ ਉਨ੍ਹਾਂ ਦੀਆਂ ਕਲਾਸਾਂ ਆਨਲਾਈਨ ਚੱਲਣਗੀਆਂ।
ਹੁਣ ਉੱਤਰ ਪ੍ਰਦੇਸ਼ ’ਚ ਬਾਗਪਤ, ਮੇਰਠ, ਹਾਪੁੜ ਅਤੇ ਬੁਲੰਦਸ਼ਹਿਰ ਆਦਿ ਵਿਚ 12ਵੀਂ ਤਕ ਸਕੂਲ ਅਗਲੇ ਹੁਕਮ ਤਕ ਬੰਦ ਕਰ ਦਿੱਤੇ ਗਏ ਹਨ। ਹਰਿਆਣਾ ਵਿਚ 10 ਜ਼ਿਲ੍ਹਿਆਂ ਗੁਰੂਗ੍ਰਾਮ, ਫਰੀਦਾਬਾਦ, ਨੂਹ, ਝੱਜਰ, ਰੋਹਤਕ, ਰੇਵਾੜੀ, ਭਿਵਾਨੀ, ਮਹਿੰਦਰਗੜ੍ਹ, ਚਰਖੀ ਦਾਦਰੀ ਅਤੇ ਸੋਨੀਪਤ ਵਿਚ 12ਵੀਂ ਤਕ ਸਕੂਲ ਬੰਦ ਕੀਤੇ ਜਾ ਚੁੱਕੇ ਹਨ ਜਦ ਕਿ ਪਾਨੀਪਤ ਅਤੇ ਜੀਂਦ ਵਿਚ 5ਵੀਂ ਤਕ ਦੇ ਸਕੂਲ ਪਹਿਲਾਂ ਹੀ ਬੰਦ ਕੀਤੇ ਜਾ ਚੁੱਕੇ ਹਨ।
ਸੁਪਰੀਮ ਕੋਰਟ ਨੇ ਪ੍ਰਦੂਸ਼ਣ ਵਿਚ ਚਿੰਤਾਜਨਕ ਵਾਧਾ ਰੋਕਣ ਲਈ ਸਖ਼ਤ ਕਦਮ ਉਠਾਉਣ ਵਿਚ ਦੇਰੀ ’ਤੇ ਨਾਰਾਜ਼ਗੀ ਪ੍ਰਗਟ ਕਰਦਿਆਂ ਕਿਹਾ ਹੈ ਕਿ ਹਵਾ ਗੁਣਵੱਤਾ ਸੂਚਕ ਅੰਕ 450 ਤੋਂ ਹੇਠਾਂ ਆਉਣ ’ਤੇ ਵੀ ਗ੍ਰੈਪ-4 ਦੇ ਤਹਿਤ ਪਾਬੰਦੀਆਂ ਲਾਗੂ ਰਹਿਣਗੀਆਂ।
ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਪੱਛਮੀ ਰਾਜਸਥਾਨ, ਪੱਛਮੀ ਅਤੇ ਪੂਰਬੀ ਮੱਧ ਪ੍ਰਦੇਸ਼, ਪੱਛਮੀ ਅਤੇ ਪੂਰਬੀ ਉੱਤਰ ਪ੍ਰਦੇਸ਼ ਆਦਿ ਵਿਚ ਵੀ, ਜਿਥੇ ਪ੍ਰਦੂਸ਼ਣ ਬੇਹੱਦ ਗੰਭੀਰ ਸ਼੍ਰੇਣੀ ਵਿਚ ਪੁੱਜਿਆ ਹੋਇਆ ਹੈ, ਉਥੇ ਕੋਹਰੇ ਦਾ ਅਲਰਟ ਜਾਰੀ ਕੀਤਾ ਗਿਆ ਹੈ।
ਸਮੌਗ ਨੂੰ ਲੈ ਕੇ ਅਜਿਹੀ ਗੰਭੀਰ ਸਥਿਤੀ ਦਰਮਿਆਨ ਲੋਕਾਂ ਨੂੰ ਕਈ ਸਾਵਧਾਨੀਆਂ ਵਰਤਣਾ ਜ਼ਰੂਰੀ ਹੈ। ਇਸ ਲਈ ਮਾਸਕ ਲਾਉਣਾ, ਘਰ, ਗੱਡੀ ਜਾਂ ਦਫਤਰ ਵਿਚ ਖਿੜਕੀਆਂ ਬੰਦ ਰੱਖਣਾ, ਘਰ ਜਾਂ ਆਫਿਸ ’ਚ ਏਅਰ ਪਿਓਰੀਫਾਇਰ ਦੀ ਵਰਤੋਂ, ਰੋਗਾਂ ਤੋਂ ਬਚਣ ਦੀ ਸਮਰੱਥਾ ਮਜ਼ਬੂਤ ਰੱਖਣ ਲਈ ਪੌਸ਼ਟਿਕ ਭੋਜਨ ਕਰਨਾ, ਵੱਧ ਤਰਲ ਪਦਾਰਥ, ਨਿੰਬੂ ਪਾਣੀ, ਨਾਰੀਅਲ ਪਾਣੀ, ਜੂਸ ਆਦਿ ਲੈਣਾ, ਗੱਡੀ ਚਲਾਉਂਦੇ ਸਮੇਂ ‘ਫੌਗ ਲਾਈਟਸ’ ਆਦਿ ਦੀ ਵਰਤੋਂ ਕਰਨਾ ਜ਼ਰੂਰੀ ਹੈ।
-ਵਿਜੇ ਕੁਮਾਰ
ਕੁਵੇਲੇ ਮੌਤਾਂ ਦਾ ਕਾਰਨ ਵਧਦੇ ਸੜਕ ਹਾਦਸੇ
NEXT STORY