ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 75ਵੇਂ ਜਨਮਦਿਨ ਦੇ ਜਸ਼ਨਾਂ ਦੌਰਾਨ ਭਾਜਪਾ ਦੇ ‘ਉਮਰ ਹੱਦ’ ਨਿਯਮ ਨੂੰ ਲੈ ਕੇ ਕਿਆਸ ਤੇਜ਼ ਹੋ ਗਏ ਹਨ। ਮੀਡੀਆ ਅਤੇ ਸਿਆਸੀ ਚਰਚਾ ਨੇ ਲਾਲ ਕ੍ਰਿਸ਼ਨ ਅਡਵਾਨੀ ਅਤੇ ਮੁਰਲੀ ਮਨੋਹਰ ਜੋਸ਼ੀ ਵਰਗੇ ਦਿੱਗਜਾਂ ਦੀ ਸੇਵਾਮੁਕਤੀ ਵੱਲ ਇਸ਼ਾਰਾ ਵੀ ਕੀਤਾ। ਆਲੋਚਕਾਂ ਨੇ ਪੁੱਛਿਆ ਕਿ ਮੋਦੀ ਨਾਲ ਵੱਖਰਾ ਵਿਵਹਾਰ ਕਿਉਂ ਕੀਤਾ ਜਾਣਾ ਚਾਹੀਦਾ ਹੈ।
1990 ਦੇ ਦਹਾਕੇ ਵਿਚ ਸਿਆਸੀ ਸੰਚਾਰ ਅਤੇ ਪ੍ਰਤੀਕਵਾਦ ਵਿਚ ਇਕ ਮਹੱਤਵਪੂਰਨ ਤਬਦੀਲੀ ਦੇਖੀ ਗਈ। ਇਸਦੇ ਨਤੀਜਿਆਂ ਵਿਚ ਇਕ ਉਮਰਵਾਦੀ ਪੰਥ ਸ਼ਾਮਲ ਸੀ ਜਿਸ ਨੇ ਸਰਕਾਰ ਵਿਚ ਨੌਜਵਾਨਾਂ ਨੂੰ ਆਪਣੇ ਆਪ ਵਿਚ ਇਕ ਮੰਤਵ ਦੇ ਸਾਧਨ ਵਜੋਂ ਹੱਲਾਸ਼ੇਰੀ ਦਿੱਤੀ। ਇਸ ਨੇ ਇਕ ਰਾਜਨੇਤਾ ਦੀ ਅਸਲ ਸਾਖ਼ ’ਤੇ ਮੁਕਾਬਲਤਨ ਬਹੁਤ ਘੱਟ ਜ਼ੋਰ ਦਿੱਤਾ, ਜੋ ਕਿ ਜ਼ਰੂਰੀ ਨਹੀਂ ਕਿ ਉਨ੍ਹਾਂ ਦੀ ਉਮਰ ਨਾਲ ਜੁੜੇ ਹੋਣ। ਉਦਾਹਰਣ ਵਜੋਂ, ਯੂਨਾਈਟਿਡ ਕਿੰਗਡਮ ਅਤੇ ਸੰਯੁਕਤ ਰਾਜ ਅਮਰੀਕਾ ਵਿਚ ਜੇਕਰ ਕੋਈ ਵਿਅਕਤੀ ਬਹੁਤ ਘੱਟ ਅਤੇ ਬਿਲਕੁਲ ਬੇਲੋੜੀ ਉਮਰ ਹੱਦ ਨੂੰ ਪਾਰ ਕਰ ਜਾਂਦਾ ਸੀ, ਤਾਂ ਉਨ੍ਹਾਂ ਨੂੰ ਚੁਣੇ ਜਾਣ ਦੇ ਯੋਗ ਮੰਨਿਆ ਜਾਣਾ ਮੁਸ਼ਕਿਲ ਸੀ।
ਕੁਝ ਉਦਾਹਰਣਾਂ ਦੇਖਦੇ ਹਾਂ। ਸੰਯੁਕਤ ਰਾਜ ਅਮਰੀਕਾ ਵਿਚ ਬਿਲ ਕਲਿੰਟਨ ਨੇ 54 ਸਾਲ ਦੀ ਉਮਰ ਵਿਚ ਆਪਣਾ ਦੂਜਾ ਕਾਰਜਕਾਲ ਪੂਰਾ ਕੀਤਾ, ਜਾਰਜ ਡਬਲਿਊ. ਬੁਸ਼ ਨੇ 62 ਸਾਲ ਦੀ ਉਮਰ ਵਿਚ ਅਤੇ ਬਰਾਕ ਓਬਾਮਾ ਨੇ 55 ਸਾਲ ਦੀ ਉਮਰ ਵਿਚ। ਬੇਸ਼ੱਕ, ਕਾਰਜਕਾਲ ਦੀਆਂ ਹੱਦਾਂ ਨੇ ਤੀਜਾ ਕਾਰਜਕਾਲ ਰੋਕਿਆ, ਪਰ ਵੱਡਾ ਮੁੱਦਾ ਇਹ ਸੀ ਕਿ ਇਕ ਵੱਡੀ ਉਮਰ ਦੇ ਵਿਰੋਧੀ ਲਈ ਪਾਰਟੀ ਪ੍ਰਾਇਮਰੀ ਜਿੱਤਣਾ ਵੀ ਅਸੰਭਵ ਸੀ। ਉਦੋਂ ਸਿਆਸੀ ਹੁਨਰਾਂ ਦੀ ਇਕ ਪੂਰੀ ਪੀੜ੍ਹੀ ਬਰਬਾਦ ਹੋ ਗਈ, ਜਾਂ ਉਨ੍ਹਾਂ ਦਾ ਕਰੀਅਰ ਖਤਮ ਹੋ ਗਿਆ ਜਦੋਂ ਉਨ੍ਹਾਂ ਕੋਲ ਅਜੇ ਵੀ ਯੋਗਦਾਨ ਪਾਉਣ ਲਈ ਕਾਫ਼ੀ ਕੁਝ ਬਾਕੀ ਸੀ। ਬ੍ਰਿਟੇਨ ਥੋੜ੍ਹਾ ਵੱਖਰਾ ਸੀ। ਟੋਨੀ ਬਲੇਅਰ 54 ਸਾਲ ਦੀ ਉਮਰ ਵਿਚ ਸੇਵਾਮੁਕਤ ਹੋਏ, ਜਦਕਿ ਕੈਮਰਨ 49 ਸਾਲ ਦੀ ਉਮਰ ਵਿਚ ਅਤੇ ਰਿਸ਼ੀ ਸੁਨਕ 44 ਸਾਲ ਦੀ ਉਮਰ ਵਿਚ 10 ਡਾਊਨਿੰਗ ਸਟਰੀਟ ਛੱਡ ਕੇ ਚਲੇ ਗਏ।
ਜਨਤਕ ਜੀਵਨ ਵਿਚ ਕਾਰਜਕਾਰੀ ਪ੍ਰਤਿਭਾ ਸੀਮਤ ਹੈ। ਇਸ ਨੂੰ ਵਿਧਾਨਪਾਲਿਕਾ ਅਤੇ ਸਰਕਾਰ ਵਿਚ ਸਾਲਾਂ ਦੇ ਤਜਰਬੇ ਨਾਲ ਆਉਣ ਵਾਲੀ ਪਕੜ ਨਾਲ ਜੋੜ ਕੇ ਵੇਖੋ, ਤਾਂ ਪਤਾ ਲੱਗਦਾ ਹੈ ਕਿ ਪੱਛਮ ਨੇ ਕਿਵੇਂ ਟੈਲੀਵਿਜ਼ਨ-ਅਨੁਕੂਲ, ਮੀਡੀਆ-ਸੰਚਾਲਿਤ ਜਵਾਨੀ ਦੇ ਉਤਸ਼ਾਹ ਦਾ ਸ਼ਿਕਾਰ ਹੋ ਕੇ ਆਪਣੀ ਲੀਡਰਸ਼ਿਪ ਨੂੰ ਬਰਬਾਦ ਕਰ ਦਿੱਤਾ ਹੈ।
ਹੌਲੀ-ਹੌਲੀ, ਬ੍ਰਿਟੇਨ ਅਤੇ ਸੰਯੁਕਤ ਰਾਜ ਅਮਰੀਕਾ ਨੇ ਵੀ ਆਪਣੇ ਰੁਖ਼ ਨੂੰ ਸੁਧਾਰਿਆ ਹੈ। 1997 ਅਤੇ 2013 ਦੇ ਵਿਚਾਲੇ ਇਕ ਕਾਰਜਕਾਲ ਦੀ ਸ਼ੁਰੂਆਤ ਵਿਚ ਇਕ ਅਮਰੀਕੀ ਰਾਸ਼ਟਰਪਤੀ ਦੀ ਔਸਤ ਉਮਰ 52 ਸਾਲ ਸੀ। 2017 ਅਤੇ 2025 ਦਰਮਿਆਨ ਇਹ ਵਧ ਕੇ 75 ਹੋ ਗਈ। 79 ਸਾਲ ਦੀ ਉਮਰ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਕਲਿੰਟਨ ਦੇ ਬਰਾਬਰ ਅਤੇ ਓਬਾਮਾ ਤੋਂ ਡੇਢ ਦਹਾਕਾ ਵੱਡੇ ਹਨ। ਬ੍ਰਿਟੇਨ ਵਿਚ ਕੀਰ ਸਟਾਰਮਰ ਨੇ 61 ਸਾਲ ਦੀ ਉਮਰ ਵਿਚ ਅਹੁਦਾ ਸੰਭਾਲਿਆ। ਉਹ ਬਲੇਅਰ ਤੋਂ ਸੱਤ ਸਾਲ ਵੱਡੇ ਸਨ, ਜਦਕਿ ਬਲੇਅਰ ਪੂਰੇ ਇਕ ਦਹਾਕੇ ਲਈ ਪ੍ਰਧਾਨ ਮੰਤਰੀ ਵਜੋਂ ਸੇਵਾ ਨਿਭਾਉਣ ਤੋਂ ਬਾਅਦ ਸੇਵਾਮੁਕਤ ਹੋਏ।
ਸਪੱਸ਼ਟ ਤੌਰ ’ਤੇ ਜਿਵੇਂ-ਜਿਵੇਂ ਸਿਆਸੀ ਆਰਥਿਕਤਾ ਵਧੇਰੇ ਗੁੰਝਲਦਾਰ ਅਤੇ ਚੁਣੌਤੀਪੂਰਨ ਹੁੰਦੀ ਜਾ ਰਹੀ ਹੈ, ਵੋਟਰ ਸਰਕਾਰ ਨੂੰ ਵੱਖਰੇ ਢੰਗ ਨਾਲ ਦੇਖਣਾ ਸ਼ੁਰੂ ਕਰ ਰਹੇ ਹਨ। ਨੇਤਾਵਾਂ ਵਿਚ ਉਨ੍ਹਾਂ ਹੁਨਰਾਂ ਵਿਚ ਉਮਰ ਸਪੱਸ਼ਟ ਤੌਰ ’ਤੇ ਇਕ ਕਾਰਕ ਹੈ, ਜੋ ਉਹ ਭਾਲਦੇ ਹਨ। ਦੂਜੇ ਸ਼ਬਦਾਂ ਵਿਚ, ਨੌਜਵਾਨ ਤਰਜੀਹ ਦੇ ਰੂਪ ਵਿਚ ਮਹੱਤਵਪੂਰਨ ਨਹੀਂ ਹਨ। ਵਿਚਾਰਧਾਰਕ (ਇੱਥੋਂ ਤੱਕ ਕਿ ਸਿਧਾਂਤਕ) ਬੁਨਿਆਦ ਦੇ ਨਾਲ ਹੁਨਰਮੰਦ, ਦ੍ਰਿੜ੍ਹ ਲੀਡਰਸ਼ਿਪ ਵਧੇਰੇ ਮਾਅਨੇ ਰੱਖਦੀ ਹੈ ਅਤੇ ਉਮਰ ਨੂੰ ਮੁਕਾਬਲਤਨ ਘੱਟ ਮਹੱਤਵ ਦਿੱਤਾ ਜਾਂਦਾ ਹੈ।
ਭਾਰਤ ਵਿਚ ਕਈ ਪ੍ਰਧਾਨ ਮੰਤਰੀ ਕਥਿਤ ਉਮਰ ਹੱਦ ਨੂੰ ਪਾਰ ਕਰਨ ਤੋਂ ਬਾਅਦ ਵੀ ਕਿਤੇ ਜ਼ਿਆਦਾ ਪ੍ਰਭਾਵਸ਼ਾਲੀ ਰਹੇ ਹਨ। ਪੀ. ਵੀ. ਨਰਸਿਮਹਾ ਰਾਓ 70 ਸਾਲ ਤੋਂ ਵੱਧ ਉਮਰ ਦੇ ਸਨ ਜਦੋਂ ਉਨ੍ਹਾਂ ਨੇ 1991 ਦੇ ਵਿੱਤੀ ਸੁਧਾਰਾਂ ਰਾਹੀਂ ਦੇਸ਼ ਦੀ ਅਗਵਾਈ ਕੀਤੀ। ਮੋਦੀ ਤੋਂ ਪਹਿਲਾਂ ਮਨਮੋਹਨ ਸਿੰਘ ਨੇ 81 ਸਾਲ ਦੀ ਉਮਰ ਤੱਕ ਸ਼ਾਸਨ ਕੀਤਾ। ਅੱਜ ਵੀ, ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਜਾਂ ਐੱਨ. ਸੀ. ਪੀ. ਦੇ ਸ਼ਰਦ ਪਵਾਰ 80 ਸਾਲ ਤੋਂ ਵੱਧ ਉਮਰ ਵਿਚ ਵੀ ਕੇਂਦਰੀ ਭੂਮਿਕਾਵਾਂ ਨਿਭਾਅ ਰਹੇ ਹਨ।
ਭਾਜਪਾ ਦਾ ਇਤਿਹਾਸ ਵੀ ਇਸ ਨੂੰ ਦਰਸਾਉਂਦਾ ਹੈ। 2004 ਵਿਚ, ਅਟਲ ਬਿਹਾਰੀ ਵਾਜਪਾਈ ਨੇ 79 ਸਾਲ ਦੀ ਉਮਰ ਵਿਚ ਦੁਬਾਰਾ ਚੋਣ ਲਈ ਪ੍ਰਚਾਰ ਕੀਤਾ ਅਤੇ 84 ਸਾਲ ਦੀ ਉਮਰ ਤੱਕ ਸੰਸਦ ਵਿਚ ਰਹੇ। ਅਡਵਾਨੀ ਨੇ 80 ਸਾਲਾਂ ਤੋਂ ਵੱਧ ਸਮੇਂ ਤੱਕ ਨਿਰੰਤਰ ਮੁਹਿੰਮ ਚਲਾਈ, ਪਾਰਟੀ ਨੂੰ ਅੱਗੇ ਵਧਾਇਆ ਅਤੇ ਅੰਤ ਵਿਚ 91 ਸਾਲ ਦੀ ਉਮਰ ਵਿਚ ਆਪਣੇ ਸੰਸਦੀ ਕਰੀਅਰ ਨੂੰ ਅਲਵਿਦਾ ਆਖਿਆ। ਮੁਰਲੀ ਮਨੋਹਰ ਜੋਸ਼ੀ 85 ਸਾਲ ਦੀ ਉਮਰ ਵਿਚ ਆਪਣੇ ਕਾਰਜਕਾਲ ਦੇ ਅੰਤ ਤੱਕ, ਪ੍ਰਭਾਵਸ਼ਾਲੀ ਸੰਸਦੀ ਕਮੇਟੀਆਂ ਦੀ ਅਗਵਾਈ ਕਰਦੇ ਰਹੇ ਅਤੇ ਸਿੱਖਿਆ ਅਤੇ ਊਰਜਾ ’ਤੇ ਬਹਿਸਾਂ ਨੂੰ ਨਵਾਂ ਸਰੂਪ ਦਿੱਤਾ ਦਿੱਤਾ।
2014 ਵਿਚ ਵੀ ਬਦਲਾਅ ਦਾ ਕਾਰਨ ਭਾਜਪਾ ਦਾ ਉਮਰ ਨਿਯਮ ਨਹੀਂ ਸੀ, ਬਲਕਿ ਮੋਦੀ ਨੂੰ ਮਿਲੇ ਵੱਡੇ ਜਨਮਤ ਨੂੰ ਹੋਰ ਵਧੀਆ ਢੰਗ ਨਾਲ ਦਰਸਾਉਣ ਲਈ ਪਾਰਟੀ ਦਾ ਪੁਨਰਗਠਨ ਕੀਤਾ ਜਾ ਰਿਹਾ ਸੀ ਅਤੇ ਇਹ ਇਕ ਪੀੜ੍ਹੀਗਤ ਬਦਲਾਅ ਸੀ। ਇਹ ਕਦੇ ਵੀ ਵਿਵੇਕ ਤੋਂ ਬਿਨਾਂ ਲਾਗੂ ਕੀਤਾ ਗਿਆ ਇਕ ਮਕੈਨੀਕਲ ਫਾਰਮੂਲਾ ਨਹੀਂ ਸੀ। ਇਸ ਲਈ, ਮੁੱਖ ਕਾਰਕ ਉਮਰ ਨਹੀਂ, ਸਗੋਂ ਸਮਰੱਥਾ ਅਤੇ ਯੋਗਤਾ ਹੈ। ਆਪਣੀ ਸਮਝੀ ਜਾਂਦੀ ਵਧਦੀ ਉਮਰ ਦੇ ਬਾਵਜੂਦ, ਮੋਦੀ ਨੇ 2024 ਦੇ ਤਿੰਨ ਮਹੀਨਿਆਂ ਦੇ ਚੋਣ ਪ੍ਰਚਾਰ ਦੌਰਾਨ 200 ਤੋਂ ਵੱਧ ਜਨਤਕ ਮੀਟਿੰਗਾਂ ਨੂੰ ਸੰਬੋਧਨ ਕੀਤਾ। ਜ਼ਿਆਦਾਤਰ ਦਿਨਾਂ ਵਿਚ, ਤੇਜ਼ ਗਰਮੀ ਦੇ ਬਾਵਜੂਦ ਤਿੰਨ ਜਾਂ ਚਾਰ ਭਾਸ਼ਣਾਂ ਤੋਂ ਬਾਅਦ, ਉਹ ਸਰਕਾਰੀ ਮੀਟਿੰਗਾਂ, ਨੀਤੀਗਤ ਜਾਇਜ਼ੇ ਅਤੇ ਫੈਸਲੇ ਲੈਣ ਲਈ ਦਿੱਲੀ ਵਾਪਸ ਆ ਜਾਂਦੇ ਸਨ। ਸੰਖੇਪ ਵਿਚ, ਉਹ ਇਸ ਕੰਮ ਲਈ ਤਿਆਰ ਸਨ-ਅਤੇ ਹਨ।
ਸਿਆਸੀ ਤੌਰ ’ਤੇ ਲੰਮੀ ਉਮਰ ਹੋਣੀ ਸਰੀਰਕ ਤਾਕਤ ਤੋਂ ਵਧ ਕੇ ਹੁੰਦੀ ਹੈ। ਆਪਣੀ ਪੀੜ੍ਹੀ ਦੇ ਸਭ ਤੋਂ ਪ੍ਰਤਿਭਾਸ਼ਾਲੀ ਅਤੇ ਬੌਧਿਕ ਤੌਰ ’ਤੇ ਚੁਸਤ ਸਿਆਸਤਦਾਨ ਹੋਣ ਦੇ ਨਾਤੇ, ਮੋਦੀ ਦੀ ਪ੍ਰਸਿੱਧੀ ਦੀ ਕੁੰਜੀ ਉਨ੍ਹਾਂ ਦਾ ਸ਼ਲਾਘਾਯੋਗ ਅਤੇ ਨਿਰੰਤਰ ਵਿਕਾਸ ਹੈ। ਉਹ ਕਿਸੇ ਵੀ ਮੰਤਵ ਦੇ ਅਨੁਕੂਲ ਆਪਣੇ ਆਪ ਨੂੰ ਮੁੜ ਸਿਖਲਾਈ ਦਿੰਦੇ ਹਨ। ਉਨ੍ਹਾਂ ਦੀ ਨੀਤੀਗਤ ਸਲਾਹ, ਨਾਗਰਿਕਾਂ ਦੀਆਂ ਇੱਛਾਵਾਂ ਅਤੇ ਮੰਗਾਂ ਨਾਲ ਉਨ੍ਹਾਂ ਦਾ ਨਿਰੰਤਰ ਸਬੰਧ, ਉਨ੍ਹਾਂ ਦੀ ਬਾਹਰੀ ਸ਼ਮੂਲੀਅਤ ਦੀ ਰਣਨੀਤੀ, ਉਨ੍ਹਾਂ ਦੀ ਆਰਥਿਕ ਹੱਲਾਸ਼ੇਰੀ : ਉਹ ਅਜੇ ਵੀ ਭਾਰਤ ਦੀ ਸਮਕਾਲੀ ਰਾਜਨੀਤੀ ਵਿਚ ਸਭ ਤੋਂ ਸੂਝਵਾਨ ਰਾਜਨੇਤਾ ਹਨ।
ਵੱਖ-ਵੱਖ ਵਿਸ਼ਿਆਂ ਬਾਰੇ ਹੋਰ ਲੋਕ ਜਾਣਦੇ ਹੋ ਸਕਦੇ ਹਨ, ਪਰ ਸਮੁੱਚੇ ਤੌਰ ’ਤੇ ਇਸ ਮੁਕਾਮ ’ਤੇ ਕੋਈ ਹੋਰ ਨਹੀਂ ਹੈ-ਇਥੋਂ ਤੱਕ ਕਿ ਉਨ੍ਹਾਂ ਤੋਂ ਸਾਲਾਂ ਬਾਅਦ ਪੈਦਾ ਹੋਏ ਲੋਕ ਵੀ ਨਹੀਂ। ਫਿਨਟੈਕ ਤੋਂ ਸੈਮੀਕੰਡਕਟਰ ਤੱਕ, ਉੱਭਰ ਰਹੀਆਂ ਤਕਨਾਲੋਜੀਆਂ ਤੋਂ ਲੈ ਕੇ ਵਪਾਰਕ ਸਮਝੌਤਿਆਂ ਵਿਚ ਅਭਿਲਾਸ਼ਾ ਤੱਕ, ਉਹ ਇਸ ਖੇਤਰ ਵਿਚ ਸਭ ਤੋਂ ਨੌਜਵਾਨ ਨਹੀਂ ਹਨ, ਪਰ ਯਕੀਨੀ ਤੌਰ ’ਤੇ ਆਪਣੀ ਸੋਚ ਵਿਚ ਸਭ ਤੋਂ ਆਧੁਨਿਕ ਹਨ। ਇਹੀ ਕਾਰਨ ਹੈ ਕਿ ਭਾਰਤੀ ਲੋਕ ਉਨ੍ਹਾਂ ’ਤੇ ਭਰੋਸਾ ਰੱਖਦੇ ਹਨ। ਇਸ ਲਈ, ਸਿਆਸੀ ਕਰੀਅਰ ਅਤੇ ਮੋਦੀ ਦੀ ਸਥਾਈ ਅਪੀਲ ਦਾ ਸਿਰਫ਼ ਸਰੀਰਕ ਉਮਰ ਦੇ ਅਾਧਾਰ ’ਤੇ ਫੈਸਲਾ ਕਰਨਾ ਨਾ ਸਿਰਫ਼ ਅਣਉਚਿਤ ਹੈ ਸਗੋਂ ਅਸਲੀਅਤ ਤੋਂ ਕੋਹਾਂ ਦੂਰ ਵੀ ਹੈ। ਵੋਟਰਾਂ ਦੀ ਪਸੰਦ ਉਮਰ ਤੋਂ ਰਹਿਤ ਹੁੰਦੀ ਹੈ।
-ਅਸ਼ੋਕ ਮਲਿਕ
(ਲੇਖਕ ‘ਦਿ ਏਸ਼ੀਆ ਗਰੁੱਪ’ ਦੇ ਸਹਿਯੋਗੀ ਅਤੇ ਭਾਰਤ ਵਿਚ ਇਸਦੇ ਮੁਖੀ ਹਨ)
ਸੰਪੂਰਨ ਆਫਤ ਬੀਮਾ : ਨਾਜ਼ੁਕ ਹਾਲਾਤ ਤੋਂ ਰਾਹਤ ਦਾ ਪੱਕਾ ਉਪਾਅ
NEXT STORY