ਬੀਤੇ ਦਿਨੀਂ ਦੁਬਈ ’ਚ ਭਾਰਤ-ਪਾਕਿਸਤਾਨ ਦਰਮਿਆਨ ਟੀ-20 ਕ੍ਰਿਕਟ ਮੈਚ ਹੋਏ, ਜਿਨ੍ਹਾਂ ਦਾ ਸੰਦੇਸ਼ ਖੇਡ ਤੋਂ ਕਿਤੇ ਵੱਧ ਸੀ। ਇਨ੍ਹਾਂ ਮੁਕਾਬਲਿਆਂ ਦੇ ਨਤੀਜੇ ਅਤੇ ਘਟਨਾਕ੍ਰਮ ਨੇ ਦੋਵਾਂ ਦੇਸ਼ਾਂ ਦਰਮਿਆਨ ਸਿਆਸੀ, ਆਰਥਿਕ, ਸਮਾਜਿਕ ਅਸਮਾਨਤਾਵਾਂ ਦੇ ਨਾਲ-ਨਾਲ ਆਪਸੀ ਸੰਬੰਧਾਂ ’ਚ ਵਿਆਪਕ ਕੁੜੱਤਣ ਨੂੰ ਫਿਰ ਤੋਂ ਉਜਾਗਰ ਕਰ ਦਿੱਤਾ। ਭਾਰਤੀ ਖਿਡਾਰੀਆਂ ਵਲੋਂ ਪਾਕਿਸਤਾਨੀ ਖਿਡਾਰੀਆਂ ਨਾਲ ਹੱਥ ਨਾ ਮਿਲਾਉਣਾ, ਇਕ ਪਾਕਿਸਤਾਨੀ ਖਿਡਾਰੀ ਦਾ ਬੱਲੇ ਨੂੰ ਕਾਲਪਨਿਕ ਬੰਦੂਕ ਬਣਾ ਕੇ ਦਰਸ਼ਕਾਂ ਵਲ ਤਾਣਨਾ ਅਤੇ ਖਿਡਾਰੀਆਂ ਦਰਮਿਆਨ ਨੋਕ-ਝੋਕ ਇਸ ਦਾ ਪ੍ਰਮਾਣ ਹੈ।
ਇਕ ਸਮਾਂ ਸੀ, ਜਦੋਂ ਕ੍ਰਿਕਟ ’ਚ ਪਾਕਿਸਤਾਨੀ ਟੀਮ ਸਖਤ ਚੁਣੌਤੀ ਦਿੰਦੀ ਸੀ ਪਰ ਹਾਲੀਆ ਸਾਲਾਂ ’ਚ ਉਸ ਦਾ ਪ੍ਰਦਰਸ਼ਨ ਉਸੇ ਤਰ੍ਹਾਂ ਕਮਜ਼ੋਰ ਪਿਆ ਹੈ ਜਿਵੇਂ ਉਹ ਇਕ ਬਣਾਉਟੀ ਰਾਸ਼ਟਰ ਦੇ ਰੂਪ ’ਚ ਡੂੰਘੇ ਆਰਥਿਕ ਸੰਕਟ, ਬੇਹਿਸਾਬ ਕਰਜ਼ੇ, ਅਨਾਜਾਂ ਦੀ ਕਮੀ ਅਤੇ ਆਸਮਾਨ ਨੂੰ ਛੂੰਹਦੀ ਮਹਿੰਗਾਈ ਨਾਲ ਜੂਝ ਰਿਹਾ ਹੈ। 2022 ਤੋਂ ਦੋਵਾਂ ਟੀਮਾਂ ਵਿਚਾਲੇ 7 ਮੁਕਾਬਲੇ (ਸਾਰੇ ਰੂਪਾਂ ’ਚ) ਹੋਏ, ਜਿਨ੍ਹਾਂ ’ਚ ਭਾਰਤ ਨੇ 7-0 ਦੀ ਅਜੇਤੂ ਲੀਡ ਬਣਾਈ ਹੋਈ ਹੈ। ਜਿਥੇ ਭਾਰਤ ਸੰਸਾਰਕ ਪ੍ਰਤੀਯੋਗਿਤਾਵਾਂ ਦੇ ਸੈਮੀਫਾਈਨਲ-ਫਾਈਨਲ ਤਕ ਪਹੁੰਚ ਰਿਹਾ ਹੈ, ਉਥੇ ਹੀ ਪਾਕਿਸਤਾਨੀ ਟੀਮ ਸ਼ੁਰੂਆਤੀ ਪੜਾਅ ’ਚ ਹੀ ਲੜਖੜਾ ਜਾਂਦੀ ਹੈ। ਸਾਲ 2024 ਦੇ ਟੀ-20 ਵਿਸ਼ਵ ਕੱਪ ’ਚ ਉਸ ਨੂੰ ਅਮਰੀਕਾ ਵਰਗੀ ਕਮਜ਼ੋਰ ਟੀਮ ਨੇ ਹਰਾ ਕੇ ਪ੍ਰਤੀਯੋਗਿਤਾ ’ਚੋਂ ਬਾਹਰ ਕਰ ਦਿੱਤਾ ਸੀ। ਸਪੱਸ਼ਟ ਹੈ ਕਿ ਪਾਕਿਸਤਾਨੀ ਟੀਮ ’ਚ ਹੁਣ ਨਾ ਦਮ ਨਜ਼ਰ ਆਉਂਦਾ ਹੈ ਅਤੇ ਨਾ ਹੀ ਮੁਕਾਬਲਾ।
ਇਸ ਵਾਰ ਚਰਚਾ ਏਸ਼ੀਆ ਕੱਪ ’ਚ ਕ੍ਰਿਕਟ ਤੋਂ ਜ਼ਿਆਦਾ ਦੋਵਾਂ ਦੇਸ਼ਾਂ ਵਿਚਾਲੇ ਵਧਦੇ ਤਣਾਅ ਨੂੰ ਲੈ ਕੇ ਰਹੀ। ਵਿਰੋਧੀ ਖਿਡਾਰੀਆਂ ਦਰਮਿਆਨ ਤਣਾਤਣੀ ਪਹਿਲਾਂ ਵੀ ਹੋਈ ਹੈ ਪਰ ਇਸ ਵਾਰ ਹਾਲਾਤ ਵੱਖਰੇ ਹਨ। 14 ਅਤੇ 21 ਸਤੰਬਰ ਨੂੰ ਖੇਡੇ ਗਏ ਮੈਚਾਂ ’ਚ ਭਾਰਤੀ ਖਿਡਾਰੀਆਂ ਨੇ ਪਾਕਿਸਤਾਨੀ ਖਿਡਾਰੀਆਂ ਨਾਲ ਹੱਥ ਨਹੀਂ ਮਿਲਾਇਆ। ਦੂਸਰੇ ਮੁਕਾਬਲੇ ’ਚ ਪਾਕਿਸਤਾਨੀ ਬੱਲੇਬਾਜ਼ ਸਾਹਿਬਜ਼ਾਦਾ ਫਰਹਾਨ ਨੇ ਅਰਧ ਸੈਂਕੜਾ ਪੂਰਾ ਹੁੰਦੇ ਹੀ ਦਰਸ਼ਕਾਂ ਵੱਲ ਬੱਲੇ ਨੂੰ ਕਾਲਪਨਿਕ ਬੰਦੂਕ ਵਾਂਗ ਲਹਿਰਾ ਕੇ ਜਸ਼ਨ ਮਨਾਇਆ ਤਾਂ ਪਾਕਿਸਤਾਨੀ ਗੇਂਦਬਾਜ਼ ਹਾਰਿਸ ਰਉਫ ਨੇ ਵੀ ਫੀਲਡਿੰਗ ਕਰਦੇ ਸਮੇਂ ‘ਜਹਾਜ਼ ਡੇਗਣ’ ਦਾ ਇਸ਼ਾਰਾ ਕੀਤਾ, ਜਿਵੇਂ ਦੋਵੇਂ ਸੁਪਨਿਆਂ ਦੀ ਦੁਨੀਆ ’ਚ ਜੀਅ ਰਹੇ ਹੋਣ।
ਦੂਜੇ ਮੈਚ ’ਚ ਅਭਿਸ਼ੇਕ-ਸ਼ੁਭਮਨ ਦੀ ਹਮਲਾਵਰੀ ਪਾਰੀ ਤੋਂ ਬੌਖਲਾਏ ਪਾਕਿਸਤਾਨੀ ਗੇਂਦਬਾਜ਼ ਜ਼ੁਬਾਨੀ ਜੰਗ ’ਤੇ ਵੀ ਉਤਰ ਆਏ ਸਨ। ਇਸ ਤੋਂ ਅਗਲੇ ਹੀ ਦਿਨ ਪਾਕਿਸਤਾਨ ਦੇ ਅੰਡਰ-17 ਫੁੱਟਬਾਲ ਖਿਡਾਰੀ ਮੁਹੰਮਦ ਅਬਦੁੱਲਾ ਨੇ ਭਾਰਤ ਦੇ ਵਿਰੁੱਧ ਮੈਚ ’ਚ ਰਉਫ ਵਰਗੀ ਹਰਕਤ ਦੁਹਰਾਈ ਪਰ ਇਥੇ ਵੀ ਪਾਕਿਸਤਾਨ ਨੂੰ 3-2 ਨਾਲ ਹਰਾ ਕੇ ਭਾਰਤ ਨੇ ਆਪਣੀ ਸ੍ਰੇਸ਼ਠਤਾ ਸਾਬਿਤ ਕਰ ਦਿੱਤੀ।
ਫਰਹਾਨ-ਰਉਫ-ਅਬਦੁੱਲਾ ਦੀਆਂ ਹਰਕਤਾਂ ਕੋਈ ਅਪਵਾਦ ਨਹੀਂ ਹਨ। ਇਹ ਸਭ ਉਸ ਵਿਚਾਰਕ ਢਾਂਚੇ ਦੇ ਮੁਤਾਬਕ ਹੀ ਹੈ, ਜਿਸ ’ਚ ਪਾਕਿਸਤਾਨ ਦਾ ਜਨਮਾਨਸ ਅਗਸਤ 1947 ਤੋਂ ਪਲਿਆ-ਵਧਿਆ ਹੈ। ਇਸ ਦੀ ਸੌੜੀ ਮਾਨਸਿਕਤਾ ਨੂੰ ‘ਕਾਫਿਰ-ਕੁਫਰ’ ਧਾਰਨਾ ਤੋਂ ਪ੍ਰੇਰਣਾ ਮਿਲਦੀ ਹੈ, ਜਿਸ ਨਾਲ ਪਾਕਿਸਤਾਨੀ ਖਿਡਾਰੀ ਵੀ ਗ੍ਰਸਤ ਹਨ। ਪਾਕਿਸਤਾਨ ਦੇ ਸਾਬਕਾ ਕ੍ਰਿਕਟ ਕਪਤਾਨ ਅਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ 1980 ਦੇ ਦੌਰ ’ਚ ਭਾਰਤ ਵਿਰੁੱਧ ਹਰ ਮੈਚ ਨੂੰ ‘ਜਿਹਾਦ’ ਸਮਝਦੇ ਸਨ। ਇਸੇ ਲੜੀ ’ਚ, ਸਾਬਕਾ ਭਾਰਤੀ ਖਿਡਾਰੀ ਮੋਹਿੰਦਰ ਅਮਰਨਾਥ ਨੇ ਆਪਣੀ ਹਾਲੀਆ ਆਤਮਕਥਾ ‘ਫੀਅਰਲੈੱਸ’ ਵਿਚ ਲਿਖਿਆ ਹੈ ਕਿ 1978 ਦੇ ਪਾਕਿਸਤਾਨੀ ਦੌਰੇ ’ਚ ਭਾਰਤੀ ਖਿਡਾਰੀਆਂ ਨੂੰ ਇਕ ਕੈਂਬ੍ਰਿਜ ਤੋਂ ਪੜ੍ਹੇ-ਲਿਖੇ ਪਾਕਿਸਤਾਨੀ ਖਿਡਾਰੀ ਨੇ ‘ਕਾਫਿਰ’ ਕਿਹਾ ਸੀ।
ਇਸੇ ਦੌਰਾਨ ਭਾਰਤ ਦਾ ‘ਮੋਸਟ ਵਾਂਟੇਡ’ ਅਪਰਾਧੀ ਅਤੇ 1993 ਦੇ ਮੁੰਬਈ ਅੱਤਵਾਦੀ ਹਮਲੇ ਦਾ ਮਾਸਟਰਮਾਈਂਡ ਦਾਊਦ ਇਬ੍ਰਾਹੀਮ, ਜਿਸ ਨੂੰ ਅਮਰੀਕਾ ਵੀ ਅੱਤਵਾਦੀ ਐਲਾਨ ਕਰ ਚੁੱਕਾ ਹੈ, ਉਸ ਦਾ ਰਿਸ਼ਤੇਦਾਰ ਜਾਵੇਦ ਮਿਆਂਦਾਦ ਹੈ। ਇਕ ਦਿਨ ਸ਼ਾਹਿਦ ਅਫਰੀਦੀ ਨੇ ਆਪਣਾ ਟੀ. ਵੀ. ਇਸ ਲਈ ਤੋੜ ਦਿੱਤਾ ਸੀ ਕਿਉਂਕਿ ਉਨ੍ਹਾਂ ਦੀ ਬੇਟੀ ਭਾਰਤੀ ਟੀ. ਵੀ. ਸੀਰੀਅਲ ਦੇਖ ਕੇ ਆਰਤੀ ਕਰ ਰਹੀ ਸੀ। ਇਸੇ ਅਫਰੀਦੀ ’ਤੇ ਪਾਕਿਸਤਾਨ ਦੇ ਸਾਬਕਾ ਹਿੰਦੂ ਖਿਡਾਰੀ ਦਾਨਿਸ਼ ਕਨੇਰੀਆ ਨੇ ਧਰਮ ਬਦਲਣ ਦਾ ਦਬਾਅ ਬਣਾਉਣ ਦਾ ਦੋਸ਼ ਲਗਾਇਆ ਸੀ। ਸ਼ੋਏਬ ਅਖਤਰ ਕਈ ਵਾਰ ਖੁੱਲ੍ਹੇ ਮੰਚਾਂ ’ਤੇ ‘ਗਜਵਾ-ਏ-ਹਿੰਦ’ ਅਤੇ ‘ਦੋ ਰਾਸ਼ਟਰ ਸਿਧਾਂਤ’ ਵਰਗੀਆਂ ਮਜ਼੍ਹਬੀ ਧਾਰਨਾਵਾਂ ਦਾ ਸਮਰਥਨ ਤਾਂ ਫਹੀਮ ਅਸ਼ਰਫ ਸੋਸ਼ਲ ਮੀਡੀਆ ’ਤੇ ਹਿੰਦੂ ਪ੍ਰੰਪਰਾ ਦਾ ਮਜ਼ਾਕ ਕਰਦੇ ਹੋਏ ਇਕ ਇਤਰਾਜ਼ਯੋਗ ਪੋਸਟ ਕਰ ਚੁੱਕਾ ਹੈ। ਅਸਲ ’ਚ ਇਸੇ ਜ਼ਹਿਰੀਲੀ ਮਾਨਸਿਕਤਾ ’ਚ ਹੀ ਹਿੰਦੂ-ਮੁਸਲਿਮ ਤਣਾਅ ਦਾ ਮੂਲ ਕਾਰਨ ਲੁਕਿਆ ਹੈ।
ਸਾਲ 1997 ’ਚ ਅਮਰੀਕੀ ਲੇਖਕ-ਪੱਤਰਕਾਰ ਮਾਈਕ ਮਾਰਕਯੂਸੀ ਦੀ ਕਿਤਾਬ ‘ਵਾਰ ਮਾਈਨਸ ਦਿ ਸ਼ੂਟਿੰਗ’ ਪ੍ਰਕਾਸ਼ਿਤ ਹੋਈ ਸੀ। ਇਹ ਪੁਸਤਕ 1996 ਵਿਸ਼ਵ ਕੱਪ, ਖਾਸ ਕਰ ਕੇ ਭਾਰਤ-ਪਾਕਿਸਤਾਨ ਮੁਕਾਬਲਿਆਂ ਨੂੰ ਖੇਡ ਤੋਂ ਕਿਤੇ ਅੱਗੇ ਲਿਜਾ ਕੇ ਉਸ ਸਮੇਂ ਦੇ ਹਾਲਾਤ ਨਾਲ ਜੋੜਦੀ ਹੈ। ਇਹ ਉਹੀ ਦੌਰ ਸੀ, ਜਦੋਂ 1971 ਦੀ ਜੰਗ ’ਚ ਸ਼ਰਮਨਾਕ ਹਾਰ ਤੋਂ ਬਾਅਦ ਪਾਕਿਸਤਾਨ ਨੇ ਕਾਲਾਂਤਰ ’ਚ ਆਪਣੇ ਵਲੋਂ ਸਪਾਂਸਰਡ ਵੱਖਵਾਦ ਨਾਲ ਕਸ਼ਮੀਰ-ਪੰਜਾਬ ’ਚ ਨਿਰਪਰਾਧ ਹਿੰਦੂਆਂ ਦੇ ਕਤਲੇਆਮ ਦੀ ਸਕ੍ਰਿਪਟ ਲਿਖੀ ਸੀ।
ਉਦੋਂ ਤਕ ਸਰਹੱਦ ਪਾਰ ਅੱਤਵਾਦ ਨੇ ਭਾਰਤ ਦੇ ਹੋਰਨਾਂ ਸ਼ਹਿਰਾਂ, ਜਿਨ੍ਹਾਂ ’ਚ ਮੁੰਬਈ ਵੀ ਸ਼ਾਮਲ ਹੈ, ਵਿਚ ਆਪਣੀਆਂ ਜੜ੍ਹਾਂ ਜਮਾ ਲਈਆਂ ਸਨ। ਉਦੋਂ ਵੀ ਪਾਕਿਸਤਾਨ ’ਤੇ ਭਾਰਤ ਦਾ ਅਵਿਸ਼ਵਾਸ ਇੰਨਾ ਡੂੰਘਾ ਸੀ ਕਿ 1999 ਦੀ ਕਾਰਗਿਲ ਜੰਗ ਉਦੋਂ ਸ਼ੁਰੂ ਹੋਈ ਜਦੋਂ ਤਿੰਨ ਮਹੀਨੇ ਪਹਿਲਾਂ ਹੀ ਪਾਕਿਸਤਾਨੀ ਟੀਮ ਭਾਰਤ ਦਾ ਦੌਰਾ ਕਰ ਕੇ ਗਈ ਸੀ ਤਾਂ ਤਤਕਾਲੀ ਭਾਰਤੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਮਿੱਤਰਤਾ ਦਾ ਸੰਦੇਸ਼ ਲੈ ਕੇ ਲਾਹੌਰ ਪਹੁੰਚੇ ਸਨ ਪਰ ਪਾਕਿਸਤਾਨ ਆਪਣੀ ਜ਼ਹਿਰੀਲੀ ਮਾਨਸਿਕਤਾ ਅਨੁਸਾਰ ਜਿਹਾਦੀ ਸਾਜ਼ਿਸ਼ ਦਾ ਜਾਲ ਬੁਣਦਾ ਰਿਹਾ। ਇਸੇ ਸੋਚ ’ਚ ਅੱਜ ਵੀ ਰੱਤੀ ਭਰ ਬਦਲਾਅ ਨਹੀਂ ਆਇਆ ਹੈ।
ਮਨਪਸੰਦ ਖੇਡ ਹੋਣ ਦੇ ਬਾਵਜੂਦ ਭਾਰਤ-ਸਮਰਥਕ ਕ੍ਰਿਕਟ ਪ੍ਰੇਮੀਆਂ ਦਾ ਇਕ ਵਰਗ ਇਸ ਵਾਰ ਭਾਰਤ-ਪਾਕਿਸਤਾਨ ਮੈਚਾਂ ਦੇ ਆਯੋਜਨ ’ਤੇ ਇਤਰਾਜ਼ ਜਤਾ ਰਿਹਾ ਹੈ। ਇਹ ਸੁਭਾਵਿਕ ਵੀ ਹੈ ਕਿਉਂਕਿ ਕੁਝ ਹੀ ਮਹੀਨੇ ਪਹਿਲਾਂ ‘ਆਪ੍ਰੇਸ਼ਨ ਸਿੰਧੂਰ’ ਦੇ ਪਹਿਲੇ ਪੜਾਅ ’ਚ ਭਾਰਤੀ ਫੌਜ ਨੇ ਪਹਿਲਗਾਮ ਦੇ ਮਜ਼੍ਹਬੀ ਜਨੂੰਨ ਤੋਂ ਪ੍ਰੇਰਿਤ ਘਿਨੌਣੇ ਅੱਤਵਾਦੀ ਹਮਲੇ ਦਾ ਬਦਲਾ ਲਿਆ ਸੀ। ਇਸ ਕਾਰਵਾਈ ’ਚ ਪਾਕਿਸਤਾਨ ਸਥਿਤ 9 ਅੱਤਵਾਦੀ ਠਿਕਾਣਿਆਂ ’ਤੇ 24 ਹਵਾਈ ਹਮਲੇ ਕੀਤੇ ਗਏ, ਜਿਨ੍ਹਾਂ ’ਚ 100 ਤੋਂ ਵੱਧ ਖੂੰਖਾਰ ਜਿਹਾਦੀਆਂ ਨੂੰ ‘ਜੰਨਤ’ ਭੇਜ ਦਿੱਤਾ ਗਿਆ।
ਉਪਰੋਕਤ ਪਿਛੋਕੜ ’ਚ ਭਾਰਤ ਦੇ ਵਿਰੁੱਧ ਖੇਡਾਂ ’ਚ ਵੀ ਪਾਕਿਸਤਾਨ ਦਾ ਪਿਛੜਨਾ ਦੱਸਦਾ ਹੈ ਕਿ ਉਸ ਦਾ ਜਿਹਾਦੀ ਦ੍ਰਿਸ਼ਟੀਕੋਣ ਉਸ ਨੂੰ ਪੂਰੀ ਤਰ੍ਹਾਂ ਪਤਨ ਵੱਲ ਲਿਜਾ ਰਿਹਾ ਹੈ ਜਦਕਿ ਭਾਰਤ ਹਰ ਖੇਤਰ ’ਚ ਭਵਿੱਖ ਦੀ ਸੰਸਾਰਕ ਤਾਕਤ ਬਣਨ ਦੇ ਰਾਹ ’ਤੇ ਹੈ।
ਬਲਬੀਰ ਪੁੰਜ
‘ਧਨ ਲੁੱਟਣ ਵਾਲੇ ਕਰਮਚਾਰੀ’ ਸਖਤ ਅਤੇ ਸਿੱਖਿਆਦਾਇਕ ਸਜ਼ਾ ਦੇ ਅਧਿਕਾਰੀ!
NEXT STORY