ਹੋਲੀ ਆ ਗਈ। ਇਸ ਤਿਉਹਾਰ ਬਾਰੇ ਸੋਚਦੇ ਹੀ ਤਰ੍ਹਾਂ-ਤਰ੍ਹਾਂ ਦੇ ਗਾਣੇ ਕੰਨਾਂ ’ਚ ਗੂੰਜਦੇ ਰਹਿੰਦੇ ਹਨ। ਅਮਿਤਾਭ ਬੱਚਨ ਦੀ ਆਵਾਜ਼ ’ਚ ‘ਰੰਗ ਬਰਸੇ ਭੀਗੇ ਚੁਨਰ ਵਾਲੀ ਰੰਗ ਬਰਸੇ’ ਜਾਂ ‘ਆਜ ਬਿਰਜ ਮੇਂ ਹੋਲੀ ਰੇ ਰਸੀਆ’। ਫੱਗਣ ਦਾ ਮਹੀਨਾ ਸ਼ੁਰੂ ਹੁੰਦੇ ਹੀ ਹੋਲੀ ਦੀ ਆਹਟ ਸੁਣਾਈ ਦੇਣ ਲੱਗਦੀ ਹੈ। ਜਿਸ ਬ੍ਰਜ ਪ੍ਰਦੇਸ਼ ਦੀ ਹਾਂ ਉਥੋਂ ਦੀ ਹੋਲੀ ਦੇ ਤਾਂ ਕਹਿਣੇ ਹੀ ਕੀ। ਮਥੁਰਾ-ਵ੍ਰਿੰਦਾਵਨ ’ਚ ਰੰਗਾਂ ਦੇ ਨਾਲ-ਨਾਲ ਫੁੱਲਾਂ ਅਤੇ ਦਹੀਂ ਦੀ ਹੋਲੀ ਵੀ ਖੇਡੀ ਜਾਂਦੀ ਹੈ। ਇਹ ਉਤਸਵ 7 ਦਿਨ ਚੱਲਦਾ ਹੈ। ਬਰਸਾਨੇ ਦੀ ਲੱਠਮਾਰ ਹੋਲੀ ਨੂੰ ਤਾਂ ਦੂਰ-ਦੂਰ ਤੋਂ ਲੋਕ ਦੇਖਣ ਆਉਂਦੇ ਹਨ।
ਬਚਪਨ ’ਚ ਪਿੰਡ-ਪਿੰਡ ਹੋਲੀ ਦੇ ਹੁਰਿਆਰੇ ਘਰਾਂ ਦੀਆਂ ਔਰਤਾਂ ਨੂੰ ਗੁਲਾਲ ਲਾਉਣ ਅਤੇ ਉਨ੍ਹਾਂ ’ਤੇ ਰੰਗ ਪਾਉਣ ਲਈ ਹੁਸ਼ਿਆਰ ਰਹਿੰਦੇ ਸਨ ਅਤੇ ਔਰਤਾਂ ਹੱਥਾਂ ’ਚ ਕੱਪੜੇ ਦੇ ਬਣੇ ਕੋੜੇ ਫੜੀ ਰੱਖਦੀਆਂ ਸਨ। ਇਕ ਤਰ੍ਹਾਂ ਨਾਲ ਮੁਕਾਬਲਾ ਹੁੰਦਾ ਸੀ ਕਿ ਕੌਣ ਰੰਗ ਲਾਉਂਦਾ ਹੈ, ਕੌਣ ਕੋੜੇ ਖਾਂਦਾ ਹੈ। ਸਭ ਕੁਝ ਹਾਸੇ-ਮਜ਼ਾਕ ਨਾਲ ਭਰਿਆ ਹੁੰਦਾ ਸੀ। ਚਿੱਕੜ ਦੀ ਹੋਲੀ ਵੀ ਖੂਬ ਹੁੰਦੀ ਸੀ। ਰੰਗਾਂ ਦੀ ਹੋਲੀ ਤੋਂ ਇਕ ਦਿਨ ਪਹਿਲਾਂ ਪੂਜਾ ਵਾਲੀ ਹੋਲੀ ਹੁੰਦੀ ਸੀ। ਲੱਕੜੀ, ਪਾਥੀਆਂ ਅਤੇ ਜੋ ਵੀ ਮਿਲੇ ਉਸ ਨਾਲ ਹੋਲੀ ਸਜਾਈ ਜਾਂਦੀ ਸੀ। ਦਿਲਚਸਪ ਇਹ ਹੁੰਦਾ ਸੀ ਕਿ ਜੇਕਰ ਕਿਸੇ ਦੀ ਲੱਕੜੀ ਦੀ ਮੰਜੀ ਮਿਲ ਗਈ ਤਾਂ ਉਸ ਨੂੰ ਵੀ ਹੋਲੀ ਦੇ ਹਵਾਲੇ ਕਰ ਦਿੱਤਾ ਜਾਂਦਾ ਸੀ। ਇਸ ਲਈ ਇਸ ਦੌਰਾਨ ਆਪਣੇ ਘਰਾਂ ਦੀਆਂ ਮੰਜੀਆਂ ਅਤੇ ਪਾਥੀਆਂ ਨੂੰ ਘਰ ਦੇ ਅੰਦਰ ਹੀ ਰੱਖ ਦਿੱਤਾ ਜਾਂਦਾ ਸੀ ਕਿਉਂਕਿ ਇਸ ਮੌਕੇ ’ਤੇ ਨਾ ਕਿਸੇ ਨੂੰ ਕੋਈ ਸ਼ਿਕਾਇਤ ਕੀਤੀ ਜਾਂਦੀ ਸੀ ਅਤੇ ਨਾ ਹੀ ਕੋਈ ਸ਼ਿਕਾਇਤ ਸੁਣਦਾ ਸੀ। ਸਭ ਕੁਝ ਆਨੰਦ ਅਤੇ ਮਜ਼ੇ ਲਈ ਸੀ।
ਘਰਾਂ ’ਚ ਗੋਹੇ ਦੀਆਂ ਗੂਲਰੀਆਂ ਮਹੀਨਾ ਭਰ ਪਹਿਲਾਂ ਬਣਾ ਕੇ ਸੁਕਾ ਲਈਆਂ ਜਾਂਦੀਆਂ ਸਨ ਅਤੇ ਵਿਹੜੇ ’ਚ ਛੋਟੀ ਹੋਲੀ ਬਲਦੀ ਸੀ। ਪੂਰੇ ਪਿੰਡ ਦੇ ਲੋਕ ਕਣਕ ਦੀਆਂ ਬੱਲੀਆਂ ਲੈ ਕੇ ਘਰ-ਘਰ ਜਾਂਦੇ ਸਨ। ਉਨ੍ਹਾਂ ਨੂੰ ਭੁੰਨ ਕੇ ਖਾਣ ਦਾ ਰਿਵਾਜ ਸੀ। ਜਿਸ ਘਰ ਕੋਈ ਅਫਸੋਸ ਹੋਵੇ, ਉਸ ਬਹਾਨੇ ਨਵਾਂ ਅੰਨ ਦੇ ਕੇ, ਇਸ ਮੌਕੇ ’ਤੇ ਉਸ ਘਰ ਦਾ ਅਫਸੋਸ ਵੀ ਖਤਮ ਕੀਤਾ ਜਾਂਦਾ ਸੀ ਭਾਵ ਕਿ ਅਫਸੋਸ ਹੁਣ ਜੁਦਾ ਹੋਇਆ। ਫਿਰ ਤੋਂ ਜ਼ਿੰਦਗੀ ਦੀ ਗਤੀ ਅਤੇ ਆਨੰਦ ’ਚ ਸ਼ਾਮਲ ਹੋ ਜਾਓ।
ਇਹ ਨਵਾਂ ਅੰਨ ਭਾਵ ਕਿ ਹੁਣ ਵਰਤੋਂ ਲਈ ਨਵਾਂ ਅੰਨ ਆ ਗਿਆ ਹੈ ਅਤੇ ਸਭ ਦੇ ਘਰ ਧਨ-ਦੁੱਧ ਨਾਲ ਭਰੇ ਰਹਿਣ। ਉਂਝ ਵੀ ਖੇਤੀਬਾੜੀ ਵਾਲੇ ਸਮਾਜਾਂ ’ਚ ਤਿਉਹਾਰਾਂ ਦੀ ਟਾਈਮਿੰਗ ਉਹੀ ਹੈ, ਜਦੋਂ ਖੇਤਾਂ ’ਚ ਫਸਲ ਤਿਆਰ ਹੁੰਦੀ ਹੈ, ਖੇਤਾਂ ’ਚ ਕੋਈ ਖਾਸ ਕੰਮ ਨਹੀਂ ਹੁੰਦਾ ਅਤੇ ਲੋਕਾਂ ਕੋਲ ਆਮ ਤੌਰ ’ਤੇ ਤਿਉਹਾਰ ਮਨਾਉਣ ਲਈ ਸਮਾਂ ਹੁੰਦਾ ਹੈ। ਇਸ ਮੌਕੇ ’ਤੇ ਘਰਾਂ ’ਚ ਤਰ੍ਹਾਂ-ਤਰ੍ਹਾਂ ਦੇ ਪਕਵਾਨ ਬਣਦੇ ਸਨ। ਗੁਜੀਆ, ਨਮਕੀਨ, ਕਾਂਜੀ, ਦਹੀਂ ਬੜੇ ਅਤੇ ਦਿਲਚਸਪ ਇਹ ਹੈ ਕਿ ਹਰ ਘਰ ’ਚ ਬਣੇ ਪਕਵਾਨਾਂ ਦਾ ਸਵਾਦ ਵੱਖਰਾ। ਸ਼ਾਮ ਨੂੰ ਸਾਰਿਆਂ ਦੇ ਘਰਾਂ ’ਚ ਹੋਲੀ ਮਿਲਣ ਲਈ ਜਾਇਆ ਜਾਂਦਾ ਸੀ ਅਤੇ ਇਨ੍ਹਾਂ ਪਕਵਾਨਾਂ ਦਾ ਆਨੰਦ ਮਾਣਿਆ ਜਾਂਦਾ ਸੀ। ਇਹੀ ਭਾਰਤੀ ਖਾਣ-ਪੀਣ ਦੀ ਵਿਸ਼ੇਸ਼ਤਾ ਵੀ ਹੈ।
ਫੱਗਣ ਸ਼ੁਰੂ ਹੁੰਦਿਆਂ ਹੀ ਸ਼ਾਮ ਵੇਲੇ ਵਿਹੜੇ ’ਚ ਆਟੇ ਦਾ ਚੌਕ ਪੂਰ ਕੇ ਉਸ ਨੂੰ ਸੱਤਿਆਨਾਸ਼ੀ ਦੇ ਪੀਲੇ ਫੁੱਲਾਂ ਨਾਲ ਸਜਾਇਆ ਜਾਂਦਾ ਸੀ। ਫਿਰ ਢੋਲ ’ਤੇ ਫਾਗ ਗਾਇਆ ਜਾਂਦਾ ਸੀ। ਇਸ ’ਚ ਮੁਹੱਲੇ ਭਰ ਦੀਆਂ ਔਰਤਾਂ ਇਕੱਠੀਆਂ ਹੋ ਜਾਂਦੀਆਂ ਸਨ। ਖੂਬ ਗਾਣਾ-ਵਜਾਉਣਾ, ਨਾਚ ਵੀ ਹੁੰਦਾ ਸੀ। ਇਕ ਤਰ੍ਹਾਂ ਨਾਲ ਇਹ ਇਸਤਰੀਆਂ ਦੇ ਮਨੋਰੰਜਨ ਅਤੇ ਪ੍ਰਗਟਾਵੇ ਦਾ ਤਿਉਹਾਰ ਵੀ ਸੀ। ਹੁਣ ਸਮਾਂ ਬਦਲ ਗਿਆ ਹੈ। ਜੋ ਪਕਵਾਨ ਘਰਾਂ ’ਚ ਬਣਦੇ ਸਨ, ਸਾਰੇ ਹੁਣ ਬਾਜ਼ਾਰ ’ਚ ਮਿਲਦੇ ਹਨ। ਮਹਾਨਗਰਾਂ ’ਚ ਕੰਮਕਾਜੀ ਔਰਤਾਂ ਕੋਲ ਇੰਨਾ ਸਮਾਂ ਵੀ ਨਹੀਂ ਕਿ ਉਹ ਇਨ੍ਹਾਂ ਸਾਰਿਆਂ ਨੂੰ ਘਰਾਂ ’ਚ ਬਣਾ ਸਕਣ, ਪਰ ਫਿਰ ਵੀ ਹੋਲੀ ਰੰਗਾਂ ਦਾ ਤਿਉਹਾਰ ਹੈ। ਮੇਲ-ਮਿਲਾਪ ਅਤੇ ਗਿਲੇ-ਸ਼ਿਕਵੇ ਮਿਟਾਉਣ ਦਾ ਮੌਕਾ ਵੀ ਹੈ।
ਇਕ ਵਾਰ ਹੋਲੀ ਤੋਂ ਕੁਝ ਦਿਨ ਪਹਿਲਾਂ ਮੱਧ ਪ੍ਰਦੇਸ਼ ਦੇ ਕਾਨਹਾ ਨੈਸ਼ਨਲ ਪਾਰਕ ਗਈ ਸੀ। ਇਹ ਪਾਰਕ ਬਾਘਾਂ ਲਈ ਮਸ਼ਹੂਰ ਹੈ। ਅਸੀਂ ਖੁਸ਼ਕਿਸਮਤ ਸੀ ਕਿ ਬਾਘ ਸਾਨੂੰ ਦਿਸਿਆ ਵੀ ਸੀ। ਯਾਤਰਾ ਦੀ ਸ਼ੁਰੂਆਤ ਤੋਂ ਹੀ ਚਾਰੋਂ ਪਾਸੇ ਉੱਚੇ-ਉੱਚੇ ਸੰਘਣੇ ਰੁੱਖ, ਚਿੜੀਆਂ ਦਾ ਚਹਿਕਣਾ, ਨਾ ਧੂੜ, ਨਾ ਧੂੰਆਂ, ਬਸ ਸ਼ਾਂਤੀ ਹੀ ਸ਼ਾਂਤੀ। ਕੁਝ ਦੂਰ ਗਏ ਤਾਂ ਲੱਗਾ ਜਿਵੇਂ ਆਸਮਾਨ ਲਾਲ ਹੋ ਗਿਆ। ਹਰ ਪਾਸੇ ਖਿੜੇ ਹੋਏ ਪਲਾਸ਼ (ਢੱਕ) ਦੇ ਫੁੱਲ। ਇਨ੍ਹਾਂ ਨੂੰ ਅੰਗਰੇਜ਼ੀ ’ਚ ਫਲੇਮ ਆਫ ਫਾਰੈਸਟ ਵੀ ਕਿਹਾ ਜਾਂਦਾ ਹੈ। ਮਹਾਨ ਬੰਗਲਾ ਨਾਵਲਕਾਰ ਵਿਭੂਤੀਭੂਸ਼ਣ ਬੰਧੋਪਾਧਿਆਏ ਨੇ ਆਪਣੇ ਨਾਵਲ ‘ਆਰਣਯਕ’ ’ਚ ਪਲਾਸ਼ ਦੇ ਜੰਗਲ ਬਾਰੇ ਲਿਖਿਆ ਹੈ। ਇਸ ਨੂੰ ਦੇਖ ਕੇ ਲੱਗਦਾ ਹੈ ਜਿਵੇਂ ਜੰਗਲ ’ਚ ਅੱਗ ਲੱਗ ਗਈ ਹੋਵੇ। ਪਲਾਸ਼ ਦਾ ਇਕ ਨਾਂ ਟੇਸੂ (ਕੇਸੂ) ਵੀ ਹੈ।
ਇਨ੍ਹਾਂ ਦੇ ਫੁੱਲਾਂ ਨੂੰ ਸੁਕਾ ਕੇ ਹੋਲੀ ਦੇ ਮੌਕੇ ’ਤੇ ਪੀਲਾ ਰੰਗ ਵੀ ਤਿਆਰ ਕੀਤਾ ਜਾਂਦਾ ਹੈ। ਇਸ ਨੂੰ ਆਰਗੈਨਿਕ ਰੰਗ ਵੀ ਕਹਿੰਦੇ ਹਨ ਜਿਸ ਦਾ ਕੋਈ ਨੁਕਸਾਨ ਵੀ ਨਹੀਂ ਹੈ। ਘਰਾਂ ’ਚ ਇਨ੍ਹਾਂ ਨੂੰ ਪਾਣੀ ’ਚ ਭਿਓਂ ਕੇ ਰੰਗ ਤਿਆਰ ਕੀਤਾ ਜਾਂਦਾ ਹੈ। ਇਹ ਪੀਲਾ ਹੁੰਦਾ ਹੈ। ਅਕਸਰ ਹੋਲੀ ਦੇ ਮੌਕੇ ’ਤੇ ਕਿਹਾ ਜਾਂਦਾ ਹੈ ਕਿ ਮਿਲਾਵਟੀ ਰੰਗਾਂ ਅਤੇ ਮਿਲਾਵਟੀ ਗੁਲਾਲ ਤੋਂ ਬਚੋ। ਇਨ੍ਹਾਂ ਦੀ ਵਰਤੋਂ ਨਾਲ ਚਮੜੀ ਅਤੇ ਅੱਖਾਂ ਨੂੰ ਨੁਕਸਾਨ ਹੋ ਸਕਦਾ ਹੈ। ਮਠਿਆਈਆਂ ’ਚ ਮਿਲਾਵਟ ਦੀ ਗੱਲ ਵੀ ਹੁੰਦੀ ਹੈ।
ਇਹ ਗੱਲ ਸੱਚ ਹੈ ਕਿ ਰਸਾਇਣਕ ਰੰਗ ਅਤੇ ਗੁਲਾਲ ਹਾਨੀਕਾਰਕ ਹਨ ਪਰ ਜੇ ਥੋੜ੍ਹੀ ਬਹੁਤ ਵਰਤੋਂ ਕਰ ਰਹੇ ਹੋ ਤਾਂ ਕਰ ਸਕਦੇ ਹੋ। ਬਸ ਅੱਖਾਂ ਨੂੰ ਬਚਾਓ ਅਤੇ ਸਾਹ ’ਚ ਨਾ ਜਾ ਸਕੇ। ਖੈਰ, ਇਨ੍ਹਾਂ ਸਾਰੀਆਂ ਗੱਲਾਂ ਤੋਂ ਇਤਰ ਹੋਲੀ ਇਕ ਅਜਿਹਾ ਤਿਉਹਾਰ ਹੈ ਜਿਸ ਨੂੰ ਹਾਸੇ-ਖੁਸ਼ੀ ਦਾ ਤਿਉਹਾਰ ਕਿਹਾ ਜਾਂਦਾ ਹੈ। ਹੋਲੀ ਖੇਡਣ ਪਿੱਛੋਂ ਸ਼ਾਮ ਨੂੰ ਹੋਲੀ ਮਿਲਣ ਦਾ ਭਾਵ ਪੁਰਾਣੇ ਗਿਲੇ-ਸ਼ਿਕਵੇ ਭੁਲਾ ਦੇਣਾ ਵੀ ਹੈ।
-ਸ਼ਮਾ ਸ਼ਰਮਾ
‘ਵਾੜ ਹੀ ਖੇਤ ਨੂੰ ਰਹੀ ਖਾ’, ‘ਸੁਰੱਖਿਆ ਮੁਲਾਜ਼ਮ ਜੇਲਾਂ ’ਚ ਪਹੁੰਚਾ ਰਹੇ ਨਸ਼ੇ’
NEXT STORY