ਵਿੱਤੀ ਸਾਲ 2020-21 ’ਚ ਦੇਸ਼ ਦੇ ਏਅਰਪੋਰਟਸ ’ਤੇ ਸਮੱਗਲਿੰਗ ਰਾਹੀਂ ਵਿਦੇਸ਼ਾਂ ਤੋਂ ਲਿਆਂਦਾ ਗਿਆ 455 ਕਰੋੜ ਰੁਪਏ ਦਾ ਸੋਨਾ ਫੜਿਆ ਗਿਆ ਸੀ ਅਤੇ ਵਿੱਤੀ ਸਾਲ 2023-24 ’ਚ ਇਹ ਅੰਕੜਾ ਵਧ ਕੇ 2148 ਕਰੋੜ ਰੁਪਏ ਤੱਕ ਪਹੁੰਚ ਗਿਆ। ਇਸੇ ਤਰ੍ਹਾਂ 2020-21 ’ਚ ਦੇਸ਼ ਦੇ ਏਅਰਪੋਰਟਸ ’ਤੇ ਕੁੱਲ 15 ਕਿਲੋਗ੍ਰਾਮ ਕੋਕੀਨ ਫੜੀ ਗਈ ਅਤੇ 2023-24 ’ਚ ਇਹ ਅੰਕੜਾ 102 ਕਿਲੋਗ੍ਰਾਮ ਤੱਕ ਪਹੁੰਚ ਗਿਆ।
ਸਾਲ 2026 ’ਚ ਵੀ ਏਅਰਪੋਰਟਸ ਰਾਹੀਂ ਦੇਸ਼ ’ਚ ਸੋਨੇ ਅਤੇ ਡਰੱਗਜ਼ ਦੀ ਸਮੱਗਲਿੰਗ ਰੁਕ ਨਹੀਂ ਰਹੀ। ਪਿਛਲੇ ਲੱਗਭਗ ਸਵਾ ਮਹੀਨੇ ’ਚ ਏਅਰਪੋਰਟਸ ’ਤੇ ਫੜੇ ਗਏ ਸੋਨੇ ਅਤੇ ਨਸ਼ਾ ਸਮੱਗਲਿੰਗ ਦੇ ਮਾਮਲੇ ਹੇਠਾਂ ਦਰਜ ਹਨ :
* 3 ਮਾਰਚ ਨੂੰ ਕਸਟਮ ਅਧਿਕਾਰੀਆਂ ਨੇ ਚੇਨਈ ਦੇ ਅੰਨਾ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਸਿੰਗਾਪੁਰ ਤੋਂ ਆਈ ਇਕ ਫਲਾਈਟ ’ਚ ਆਏ ਸਮੱਗਲਰ ਨੂੰ ਖ਼ੁਫ਼ੀਆ ਸੂਚਨਾ ਦੇ ਅਾਧਾਰ ’ਤੇ ਰੋਕ ਕੇ ਤਲਾਸ਼ੀ ਲਈ। ਤਲਾਸ਼ੀ ਦੌਰਾਨ ਕਾਲੇ ਰੰਗ ਦੀ ਟੇਪ ’ਚ ਲਿਪਟੇ 2 ਪਾਰਦਰਸ਼ੀ ਪਲਾਸਟਿਕ ਦੇ ਪਾਊਚਾਂ ’ਚ ਭਰਿਆ 750 ਗ੍ਰਾਮ ਸੋਨਾ ਬਰਾਮਦ ਕੀਤਾ ਗਿਆ।
* 4 ਮਾਰਚ ਨੂੰ ਕਸਟਮ ਵਿਭਾਗ ਨੇ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਵੱਖ-ਵੱਖ ਮਾਮਲਿਆਂ ’ਚ 46 ਕਰੋੜ ਰੁਪਏ ਤੋਂ ਵੱਧ ਮੁੱਲ ਦੇ ਨਸ਼ੀਲੇ ਪਦਾਰਥ, ਵਿਦੇਸ਼ੀ ਮੁਦਰਾ, ਸੋਨਾ ਅਤੇ ਕੀਮਤੀ ਪੱਥਰ ਜ਼ਬਤ ਕੀਤੇ। ਅਧਿਕਾਰੀਆਂ ਅਨੁਸਾਰ ਬੈਂਕਾਕ ਤੋਂ ਪਹੁੰਚੇ 9 ਯਾਤਰੀਆਂ ਤੋਂ ਕੁੱਲ 44.292 ਕਿਲੋਗ੍ਰਾਮ ਸ਼ੱਕੀ ਹਾਈਡ੍ਰੋਪੋਨਿਕ ਗਾਂਜਾ ਬਰਾਮਦ ਕੀਤਾ ਗਿਆ, ਜਿਸ ਦਾ ਬਾਜ਼ਾਰੀ ਮੁੱਲ 44.29 ਕਰੋੜ ਰੁਪਏ ਹੈ।
ਉੱਥੇ ਹੀ ਬਰਾਮਦ ਸੋਨੇ ਦੀ ਕੀਮਤ 1.14 ਕਰੋੜ ਰੁਪਏ ਦੱਸੀ ਗਈ ਹੈ। ਕਸਟਮ ਅਧਿਕਾਰੀਆਂ ਨੇ ਸਮੱਗਲਰ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ ’ਚ ਪੇਸ਼ ਕੀਤਾ ਅਤੇ ਸਮੱਗਲਰ ਨੂੰ ਜੇਲ ਭੇਜ ਦਿੱਤਾ ਗਿਆ।
* 6 ਅਪ੍ਰੈਲ ਨੂੰ ਚੇਨਈ ’ਚ ਸਿੰਗਾਪੁਰ ਤੋਂ ਆਈ ਏਅਰ ਇੰਡੀਆ ਦੀ ਫਲਾਈਟ (ਏ-1347) ਦੀ ਸਫਾਈ ਦੌਰਾਨ ਇਕ ਯਾਤਰੀ ਦੀ ਸੀਟ ਦੇ ਹੇਠਾਂ ਲੁਕਾ ਕੇ ਰੱਖਿਆ ਗਿਆ 1.15 ਕਰੋੜ ਰੁਪਏ ਦੀ ਕੀਮਤ ਦਾ 2.2 ਕਿਲੋਗ੍ਰਾਮ ਸੋਨਾ ਬਰਾਮਦ ਕੀਤਾ ਗਿਆ। ਕਸਟਮ ਅਧਿਕਾਰੀਆਂ ਮੁਤਾਬਕ ਚੇਨਈ ’ਚ ਰੁਕੀ ਇਸ ਫਲਾਈਟ ਨੇ ਅਸਲ ’ਚ ਮੁੰਬਈ ਜਾਣਾ ਸੀ ਪਰ ਖ਼ਰਾਬ ਮੌਸਮ ਦੇ ਕਾਰਨ ਇਹ ਫਲਾਈਟ ਚੇਨਈ ਦੀ ਬਜਾਏ ਬੈਂਗਲੁਰੂ ਚਲੀ ਗਈ। ਜੇਕਰ ਇਹ ਫਲਾਈਟ ਸਮੇਂ ਸਿਰ ਚੇਨਈ ਆਉਂਦੀ ਤਾਂ ਸੋਨਾ ਮੁੰਬਈ ’ਚ ਬੈਠੇ ਸਮੱਗਲਰਾਂ ਕੋਲ ਪਹੁੰਚ ਸਕਦਾ ਸੀ ਪਰ ਮੌਸਮ ਦੀ ਖ਼ਰਾਬੀ ਕਾਰਨ ਫੜਿਆ ਗਿਆ।
* 8 ਅਪ੍ਰੈਲ ਨੂੰ ਕਸਟਮ ਅਧਿਕਾਰੀਆਂ ਨੇ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਬੈਂਕਾਕ ਤੋਂ ਆਏ ਇਕ ਯਾਤਰੀ ਤੋਂ 12.91 ਕਰੋੜ ਰੁਪਏ ਮੁੱਲ ਦਾ ਗਾਂਜਾ ਜ਼ਬਤ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਯਾਤਰੀ ਵੱਲੋਂ ਲਿਆਂਦੇ ਗਏ ਪੋਲੀਥੀਨ ਦੇ 13 ਬੈਗਾਂ ਨੂੰ ਜਾਂਚ ਲਈ ਸਕੈਨਿੰਗ ਮਸ਼ੀਨ ’ਚ ਪਾਉਣ ’ਤੇ ਹਰੇ ਰੰਗ ਦਾ ਸ਼ੱਕੀ ਪਦਾਰਥ ਮਿਲਿਆ, ਜਿਸ ਦੇ ਗਾਂਜਾ ਹੋਣ ਦੇ ਸ਼ੱਕ ’ਚ ਯਾਤਰੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
* 9 ਅਪ੍ਰੈਲ ਨੂੰ ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀ. ਆਰ. ਆਈ.) ਦੀ ਟੀਮ ਨੇ ਬੈਂਗਲੁਰੂ ਦੇ ਕੈਂਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਸੋਨੇ ਦੀ ਸਮੱਗਲਿੰਗ ਦੇ ਅੰਤਰਰਾਸ਼ਟਰੀ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ 5 ਕਰੋੜ ਰੁਪਏ ਦਾ ਸੋਨਾ ਜ਼ਬਤ ਕੀਤਾ। ਸਮੱਗਲਰ ਸੋਨੇ ਨੂੰ ਕੈਪਸੂਲਾਂ ਦੇ ਅੰਦਰ ਲੁਕਾ ਕੇ ਲਿਆਏ ਸਨ।
* ਅਤੇ ਹੁਣ 10 ਅਪ੍ਰੈਲ ਨੂੰ ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ ਨੇ ਸੋਨੇ ਦੀ ਸਮੱਗਲਿੰਗ ’ਚ ਸ਼ਾਮਲ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਮੁੰਬਈ ਏਅਰਪੋਰਟ ’ਤੇ 29.37 ਕਿਲੋ ਸੋਨੇ ਦੇ ਨਾਲ ਨੈਰੋਬੀ ਤੋਂ ਆਈਆਂ 24 ਔਰਤਾਂ ਨੂੰ ਗ੍ਰਿਫ਼ਤਾਰ ਕੀਤਾ। ਫੜੇ ਗਏ ਸੋਨੇ ਦੀ ਕੀਮਤ 37.74 ਕਰੋੜ ਰੁਪਏ ਦੱਸੀ ਗਈ ਹੈ। ਫੜੇ ਗਏ ਸੋਨੇ ’ਚ 25.10 ਕਿਲੋ ਸੋਨੇ ਦੀਆਂ ਇੱਟਾਂ ਅਤੇ 4.27 ਕਿਲੋ ਸੋਨੇ ਦੇ ਗਹਿਣੇ ਸ਼ਾਮਲ ਹਨ।
ਜਹਾਜ਼ਾਂ ਰਾਹੀਂ ਹੋ ਰਹੀ ਸੋਨੇ ਅਤੇ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਨੂੰ ਰੋਕਣ ’ਚ ਕਸਟਮ ਅਧਿਕਾਰੀ ਕੁਝ ਹੱਦ ਤੱਕ ਕਾਮਯਾਬ ਵੀ ਹੋ ਰਹੇ ਹਨ ਪਰ ਸਮੱਗਲਿੰਗ ਦੇ ਮਾਮਲਿਆਂ ਨੂੰ ਰੋਕਣ ਲਈ ਦੇਸ਼ ਦੇ ਸਾਰੇ ਹਵਾਈ ਅੱਡਿਆਂ ’ਤੇ ਸੁਰੱਖਿਆ ਅਤੇ ਨਿਗਰਾਨੀ ਤੰਤਰ ਹੋਰ ਸਖਤ ਕਰਨ ਦੀ ਲੋੜ ਹੈ। ਇਸ ਦੇ ਨਾਲ ਹੀ ਸਮੱਗਲਰਾਂ ਨੂੰ ਫੜਨ ਵਾਲੇ ਸੁਰੱਖਿਆ ਬਲਾਂ ਅਤੇ ਕਸਟਮ ਦੇ ਜਵਾਨਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਇਸ ਤਰ੍ਹਾਂ ਦੇ ਵੱਧ ਤੋਂ ਵੱਧ ਮਾਮਲੇ ਫੜੇ ਜਾ ਸਕਣ।
—ਵਿਜੇ ਕੁਮਾਰ
ਘਰਾਂ ਦਾ ਬਜਟ ਵਿਗਾੜਦੀ ਮਹਿੰਗੀ ਸਕੂਲ ਸਿੱਖਿਆ
NEXT STORY