ਦੁਨੀਆ ਦਾ ਹਰ ਦਿਨ ਨਵਾਂ ਹੁੰਦਾ ਹੈ। ਕੋਈ ਅਜਿਹਾ ਦਿਨ ਨਹੀਂ ਜਦੋਂ ਖੋਜ ਅਤੇ ਸੁਧਾਰ ’ਤੇ ਗੱਲਾਂ ਨਾ ਹੋਣ। ਇਹ ਸਿਲਸਿਲਾ ਇਨਸਾਨੀ ਤਰੱਕੀ ਦਾ ਉਹ ਹਿੱਸਾ ਹੈ ਜੋ ਸ਼ੁਰੂ ਤੋਂ ਲੈ ਕੇ ਹੁਣ ਤੱਕ ਲਗਾਤਾਰ ਜਾਰੀ ਹੈ। ਅਜਿਹੀਆਂ ਪ੍ਰਾਪਤੀਆਂ ਵਿਚ ਇੰਟਰਨੈੱਟ ਵੀ ਇਕ ਹੈ। ਇਹ ਉਹ ਲੋੜ ਬਣ ਗਿਆ ਹੈ ਜਿਸ ਤੋਂ ਬਿਨਾਂ ਜ਼ਿੰਦਗੀ ਹੁਣ ਅਧੂਰੀ ਲੱਗਣ ਲੱਗ ਪਈ ਹੈ।
ਹਾਂ, ਬੱਚਿਆਂ ਤੋਂ ਲੈ ਕੇ ਅੱਲ੍ਹੜ ਉਮਰ ਦੀ ਪੀੜ੍ਹੀ ਲਈ ਇਹ ਇਕ ਵੱਡੀ ਸਿਰਦਰਦੀ ਬਣ ਗਿਆ ਹੈ। ਲੋਕਾਂ ਦਾ ਇਕ ਤਬਕਾ ਇਸ ਦੀ ਆਦਤ ਦਾ ਅਜਿਹਾ ਸ਼ਿਕਾਰ ਹੋਇਆ ਕਿ ਠੀਕ ਘੱਟ ਅਤੇ ਗਲਤ ਵਰਤੋਂ ਵੱਧ ਹੋਣ ਨਾਲ ਜ਼ਿੰਦਗੀਆਂ ਤਬਾਹ ਹੋਣ ਲੱਗੀਆਂ। ਇਕ ਵੱਡਾ ਸੱਚ ਇਹ ਹੈ ਕਿ ਕੋਰੋਨਾ ਦੌਰਾਨ ਸਮੁੱਚੀ ਦੁਨੀਆ ਜਦੋਂ ਲਾਕਡਾਊਨ ਦੀ ਲਪੇਟ ’ਚ ਸੀ, ਉਦੋਂ ਇੰਟਰਨੈੱਟ ਨੂੰ ਸਿੱਖਿਆ ਦੇ ਖੇਤਰ ਵਿਚ ਇਕ ਨਵੀਂ ਤਰੱਕੀ ਵਜੋਂ ਵੇਖਣਾ ਇਕ ਵੱਡੀ ਗਲਤੀ ਸੀ ਜੋ ਸਰਾਪ ਬਣ ਕੇ ਹੁਣ ਚੁਣੌਤੀ ਬਣ ਗਿਆ ਹੈ। ਅਧਿਆਪਕਾਂ ਤੋਂ ਦੂਰ ਰਹਿ ਕੇ ਵੀ ਘਰ ’ਚ ਬੈਠੇ ਸਿੱਖਿਆ ਦਾ ਸੁਪਨਾ ਵਿਖਾਉਣ ਵਾਲੇ ਇੰਟਰਨੈੱਟ ਨੇ ਕਦੋਂ ਸਾਡੀ ਨਵੀਂ ਪੀੜ੍ਹੀ ਨੂੰ ਆਪਣਾ ਸ਼ਿਕਾਰ ਬਣਾ ਲਿਆ, ਸਮਝ ਵੀ ਨਹੀਂ ਆਇਆ।
ਦੁਨੀਆ ’ਚ ਇਸ ਸਮੇਂ 5.3 ਬਿਲੀਅਨ ਤੋਂ ਵੀ ਵੱਧ ਲੋਕ ਇੰਟਰਨੈੱਟ ਦੀ ਵਰਤੋਂ ਕਰਦੇ ਹਨ। ‘ਇੰਟਰਨੈੱਟ ਇਨ ਇੰਡੀਆ’ ਰਿਪੋਰਟ 2022 ਦੱਸਦੀ ਹੈ ਕਿ ਭਾਰਤ ਵਿਚ ਇੰਟਰਨੈੱਟ ਦੀ ਵਰਤੋਂ ਕਰਨ ਵਾਲੇ ਲੋਕਾਂ ਦੀ ਗਿਣਤੀ 76 ਕਰੋੜ ਹੈ। ਇਨ੍ਹਾਂ ਵਿਚੋਂ 40 ਕਰੋੜ ਲੋਕ ਪੇਂਡੂ ਹਨ ਅਤੇ 36 ਕਰੋੜ ਸ਼ਹਿਰੀ ਹਨ। ਸਿਰਫ 1 ਸਾਲ ਵਿਚ ਭਾਰਤ ਦੇ ਸ਼ਹਿਰਾਂ ਵਿਚ ਇੰਟਰਨੈੱਟ ਦੀ ਵਰਤੋਂ 6 ਫੀਸਦੀ ਅਤੇ ਪਿੰਡਾਂ ’ਚ 14 ਫੀਸਦੀ ਵਧੀ।
ਜੇ ਇਹ ਰਫਤਾਰ ਇਸੇ ਤਰ੍ਹਾਂ ਚਲਦੀ ਰਹੀ ਤਾਂ 2025 ਤੱਕ ਇੰਟਰਨੈੱਟ ਦੀ ਵਰਤੋਂ ਕਰਨ ਵਾਲੇ 56 ਫੀਸਦੀ ਨਵੇਂ ਲੋਕ ਪਿੰਡਾਂ ’ਚੋਂ ਹੋਣਗੇ। ਗੋਆ ’ਚ ਸਭ ਤੋਂ ਵੱਧ 70 ਫੀਸਦੀ ਅਤੇ ਬਿਹਾਰ ’ਚ ਸਭ ਤੋਂ ਘੱਟ 32 ਫੀਸਦੀ ਲੋਕ ਇੰਟਰਨੈੱਟ ਦੀ ਵਰਤੋਂ ਕਰਦੇ ਹਨ। ਭਾਰਤ ਵਿਚ 54 ਫੀਸਦੀ ਮਰਦ ਇੰਟਰਨੈੱਟ ਯੂਜ਼ਰ ਹਨ।
ਔਰਤਾਂ ਦਾ ਰੁਝਾਨ ਵੇਖ ਕੇ ਲੱਗਦਾ ਹੈ ਕਿ 2025 ਤੱਕ ਉਨ੍ਹਾਂ ਦੀ ਫੀਸਦੀ 65 ਤੱਕ ਪਹੁੰਚ ਜਾਏਗੀ। ਇੰਟਰਨੈੱਟ ਮੋਬਾਇਲ ਐਸੋਸੀਏਸ਼ਨ ਆਫ ਇੰਡੀਆ ਭਾਵ ਆਈ. ਏ. ਐੱਮ. ਏ. ਆਈ. ਨੇ ਕੁਝ ਸਮਾਂ ਪਹਿਲਾਂ ਇਕ ਹੈਰਾਨ ਕਰਨ ਵਾਲਾ ਡਾਟਾ ਸਾਂਝਾ ਕੀਤਾ ਸੀ। ਇਸ ਵਿਚ ਦੱਸਿਆ ਗਿਆ ਸੀ ਕਿ ਦੇਸ਼ ਦੇ 7.1 ਕਰੋੜ ਬੱਚੇ ਇੰਟਰਨੈੱਟ ਦੀ ਵਰਤੋਂ ਕਰਦੇ ਹਨ। ਅਜਿਹੇ ਬੱਚਿਆਂ ਦੀ ਉਮਰ 5 ਤੋਂ 11 ਸਾਲ ਦਰਮਿਆਨ ਹੈ। ਅਜਿਹੇ ਬੱਚੇ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਫੋਨ ਦੀ ਵਰਤੋਂ ਕਰਦੇ ਹਨ।
ਇਸੇ ਦੌਰਾਨ ਅਕਸਰ ਹੀ ਇੰਟਰਨੈੱਟ ਦਾ ਸ਼ਿਕਾਰ ਹੋ ਰਹੇ ਬੱਚਿਆਂ ਦੀਆਂ ਇਕ ਤੋਂ ਵੱਧ ਇਕ ਹੈਰਾਨ ਕਰ ਦੇਣ ਵਾਲੀਆਂ ਗੱਲਾਂ ਵੱਡੀ ਚਿੰਤਾ ਦਾ ਕਾਰਨ ਬਣੀਆਂ ਹੋਈਆਂ ਹਨ। ਤੇਜ਼ੀ ਨਾਲ ਇੰਟਰਨੈੱਟ ਨਾਲ ਦੋਸਤੀ ਪਾ ਰਹੇ ਬੱਚੇ ਅਣਜਾਣਪੁਣੇ ’ਚ ਕਈ ਮਾੜੀਆਂ ਗੱਲਾਂ ਦਾ ਸ਼ਿਕਾਰ ਹੋ ਰਹੇ ਹਨ। ਤਕਨੀਕੀ ਭਾਸ਼ਾ ’ਚ ਇਸ ਨੂੰ ਸਾਈਬਰ ਬੁਲਿੰਗ ਕਿਹਾ ਜਾਂਦਾ ਹੈ। ਇਸ ਦੀ ਲਪੇਟ ’ਚ ਆਉਣ ਵਾਲੇ ਬੱਚੇ ਅਸ਼ੋਭਨੀਕ, ਅਸ਼ਲੀਲ ਭਾਸ਼ਾ, ਤਸਵੀਰਾਂ, ਧਮਕੀਆਂ, ਹੈਕਿੰਗ, ਚਾਈਲਡ ਪੋਰਨੋਗ੍ਰਾਫੀ, ਸਾਈਬਰ ਸਟਾਕਿੰਗ, ਸਾਫਟਵੇਅਰ ਪਾਇਰੇਸੀ, ਕ੍ਰੈਡਿਟ ਕਾਰਡ ਫਰਾਡ ਅਤੇ ਫਿਸ਼ਿੰਗ ਆਦਿ ਦਾ ਸ਼ਿਕਾਰ ਹੋ ਜਾਂਦੇ ਹਨ।
ਅਜਿਹੇ ਸਾਈਬਰ ਅਪਰਾਧੀਆਂ ਦੀ ਪਛਾਣ ਕਰਨ ਵਿਚ ਭਾਰੀ ਮੁਸ਼ਕਲ ਆਉਂਦੀ ਹੈ। ਕਈ ਵਾਰ ਤਾਂ ਅਜਿਹੇ ਅਪਰਾਧ ਦੀ ਜਾਣਕਾਰੀ ਸਭ ਕੁਝ ਖਤਮ ਹੋਣ ਤੋਂ ਬਾਅਦ ਹੀ ਪਤਾ ਲੱਗਦੀ ਹੈ।
ਇੰਟਰਨੈੱਟ ਡਿਸਆਰਡਰ ਕਾਰਨ ਕਈ ਹੈਰਾਨ ਕਰਨ ਵਾਲੇ ਖੁਲਾਸੇ ਵੀ ਹੋਏ ਹਨ। ਸਭ ਖੋਜਾਂ ਤੋਂ ਸਾਬਿਤ ਹੋਇਆ ਹੈ ਕਿ ਇੰਟਰਨੈੱਟ ਦਾ ਨਸ਼ਾ ਵੀ ਦਿਮਾਗ ਦੇ ਉਸ ਹਿੱਸੇ ਨੂੰ ਉਸੇ ਤਰ੍ਹਾਂ ਪ੍ਰਭਾਵਿਤ ਕਰਦਾ ਹੈ ਜਿਵੇਂ ਸ਼ਰਾਬੀਆਂ ਜਾਂ ਡਰੱਗਜ਼ ਲੈਣ ਵਾਲਿਆਂ ਨੂੰ ਪ੍ਰਭਾਵਿਤ ਕਰਦਾ ਹੈ। ਐੱਮ. ਆਰ. ਆਈ. ਤੋਂ ਵੀ ਇਸ ਸੱਚਾਈ ’ਤੇ ਮੋਹਰ ਲੱਗੀ। ਅਜਿਹੇ ਮਾਨਸਿਕ ਪੱਖੋਂ ਬੀਮਾਰ ਵਿਅਕਤੀਆਂ ਦੀ ਗਿਣਤੀ ਕੋਰੋਨਾ ਤੋਂ ਬਾਅਦ ਬਹੁਤ ਤੇਜ਼ੀ ਨਾਲ ਵਧੀ ਹੈ।
ਅਸਲ ’ਚ ਇਸ ਨੇ ਦਿਮਾਗ ਦੇ ਉਸ ਸਟ੍ਰਾਈਟਲ ਨਿਊਕਲੀਅਰ ਡੋਪਾਮਿਨਜ੍ਰਿਕ ਸਿਸਟਮ ਨੂੰ ਪ੍ਰਭਾਵਿਤ ਕੀਤਾ ਹੈ ਜੋ ਡੋਪਾਮਿਨ ਹਾਰਮੋਨ ਰਿਲੀਜ਼ ਕਰਦਾ ਹੈ, ਇਹੀ ਹਾਰਮੋਨ ਉਸ ਰੋਟ੍ਰਾਂਸਮੀਟਰ ਵਜੋਂ ਕੰਮ ਕਰਦਾ ਹੈ ਜੋ ਸਾਡੇ ਦਿਮਾਗ ਨੂੰ ਮੂਵਮੈਂਟ, ਯਾਦਦਾਸ਼ਤ, ਧਿਆਨ, ਇਕਾਗਰਤਾ, ਸਰਗਰਮੀ ਵਰਗੇ ਕੰਮਾਂ ਨੂੰ ਕੰਟਰੋਲ ਕਰਦਾ ਹੈ। ਸਰੀਰ ’ਚ ਲੋੜੀਂਦੀ ਮਾਤਰਾ ’ਚ ਡੋਪਾਮਿਨ ਸੰਤੁਲਨ ਜ਼ਰੂਰੀ ਹੈ ਪਰ ਇੰਟਰਨੈੱਟ ਦਾ ਆਦੀ ਹੋਣ ਨਾਲ ਇਹ ਸੰਤੁਲਨ ਹੁਣ ਵਿਗੜ ਗਿਆ ਹੈ। ਇਸ ਕਾਰਨ ਲੋਕ ਗੁੱਸੇ, ਡਿਪ੍ਰੈਸ਼ਨ, ਪਾਰਕਿੰਸਨਜ਼ ਵਰਗੀਆਂ ਬੀਮਾਰੀਆਂ ਦਾ ਸ਼ਿਕਾਰ ਹੋਣ ਦੇ ਨਾਲ-ਨਾਲ ਹੋਰਨਾਂ ਰੋਗਾਂ ’ਚ ਵੀ ਘਿਰ ਗਏ ਹਨ।
ਇਕ ਖੋਜ ਤੋਂ ਪਤਾ ਲੱਗਾ ਹੈ ਕਿ ਇੰਟਰਨੈੱਟ ਦੀ 40 ਤੋਂ 80 ਘੰਟਿਆਂ ਤੱਕ ਵਰਤੋਂ ਕਰਨ ਵਾਲੇ ਲੋਕ ਇਸ ਦੇ ਆਦੀ ਹੋਏ। ਇਹ ਗੱਲ ਵੀ ਸਾਹਮਣੇ ਆਈ ਹੈ ਕਿ ਅਜਿਹੇ ਬੱਚੇ ਅਤੇ ਨੌਜਵਾਨ ਜੋ ਸਾਰਾ ਦਿਨ ਮੋਬਾਇਲ ਫੋਨ ’ਚ ਰੁੱਝੇ ਰਹਿੰਦੇ ਹਨ, ਗੱਲ-ਗੱਲ ’ਤੇ ਿਚੜਚਿੜਾਉਂਦੇ ਹਨ ਅਤੇ ਪੜ੍ਹਾਈ ’ਚ ਉਨ੍ਹਾਂ ਦਾ ਮਨ ਨਹੀਂ ਲੱਗਦਾ। ਮੁੱਢਲੇ ਦੌਰ ’ਚ ਕਾਫੀ ਹੱਲ ਕਾਊਂਸਲਿੰਗ ਨਾਲ ਹੀ ਨਿਕਲ ਜਾਂਦੇ ਹਨ ਪਰ ਲੰਬੇ ਸਮੇਂ ਤੋਂ ਇੰਟਰਨੈੱਟ ਦੀ ਵਰਤੋਂ ਕਰਨ ਵਾਲਿਆਂ ’ਤੇ ਦਵਾਈਆਂ ਜਾਂ ਹੋਰ ਕੋਸ਼ਿਸ਼ਾਂ ਵੀ ਜਲਦੀ ਅਸਰ ਨਹੀਂ ਕਰਦੀਆਂ।
ਸਾਨੂੰ ਚੀਨ ਤੋਂ ਸਿੱਖਣਾ ਹੋਵੇਗਾ। ਉੱਥੇ ਸ਼ੀ ਜਿਨਪਿੰਗ ਨੇ ਇਕ ਖਰੜਾ ਤਿਆਰ ਕੀਤਾ ਹੈ ਜਿਸ ਮੁਤਾਬਕ ਬੱਚੇ ਸਿਰਫ ਦੋ ਘੰਟੇ ਹੀ ਮੋਬਾਇਲ ਫੋਨ ਦੀ ਵਰਤੋਂ ਕਰ ਸਕਣਗੇ। ਨਾਬਾਲਗਾਂ ਨੂੰ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਮੋਬਾਇਲ ਇੰਟਰਨੈੱਟ ਦੀ ਵਰਤੋਂ ਕਰਨ ਦੀ ਆਗਿਆ ਨਹੀਂ ਹੋਵੇਗੀ। 16 ਸਾਲ ਤੋਂ 18 ਸਾਲ ਦੀ ਉਮਰ ਦੇ ਅੱਲ੍ਹੜ ਦਿਨ ਵਿਚ 2 ਘੰਟੇ ਅਤੇ 8 ਤੋਂ 15 ਸਾਲ ਦੀ ਉਮਰ ਦੇ ਨੌਜਵਾਨ ਸਿਰਫ 1 ਘੰਟਾ ਸਮਾਰਟਫੋਨ ਦੀ ਵਰਤੋਂ ਕਰ ਸਕਣਗੇ।
ਇਸ ਲਈ ਸਾਈਬਰ ਸਪੇਸ ਐਡਮਨਿਸਟ੍ਰੇਸ਼ਨ ਆਫ ਚਾਈਨਾ ਭਾਵ ਸੀ. ਏ. ਸੀ. ਨੇ ਆਪਣੀ ਵੈੱਬਸਾਈਟ ’ਤੇ ਖਰੜੇ ਬਾਰੇ ਸੇਧ-ਲੀਹਾਂ ਜਾਰੀ ਕੀਤੀਆਂ ਹਨ। ਸਭ ਮੋਬਾਇਲ ਡਿਵਾਈਸ ਅਤੇ ਐਪ ਸਟੋਰਾਂ ’ਚ ਇਕ ਬਿਲਟ ਇਨ ਮਾਈਨਰ ਮੋਡ ਜ਼ਰੂਰ ਹੋਵੇਗਾ ਜੋ ਉਮਰ ਦੇ ਹਿਸਾਬ ਨਾਲ ਰੋਜ਼ਾਨਾ ਸਕ੍ਰੀਨ ਟਾਈਮਿੰਗ ਦੇ ਵੱਧ ਤੋਂ ਵੱਧ ਘੰਟਿਆਂ ਨੂੰ ਕੰਟਰੋਲ ਕਰੇਗਾ। ਇਸ ਨੂੰ ਪ੍ਰਵਾਨਗੀ ਮਿਲਦਿਆਂ ਹੀ ਕਾਨੂੰਨ ਬਣ ਜਾਏਗਾ। ਫਿਰ ਤਾਜ਼ਾ ਉਪਾਵਾਂ ਦਾ ਪਸਾਰ ਹੋਵੇਗਾ।
ਚੀਨ ਦਾ ਮਕਸਦ ਬੱਚਿਆਂ ਦੇ ਸਕ੍ਰੀਨ ਟਾਈਮ ਨੂੰ ਸੀਮਿਤ ਕਰ ਕੇ ਬੇਲੋੜੀ ਜਾਣਕਾਰੀ ਕਾਰਨ ਹੋਣ ਵਾਲੇ ਖਤਰਿਆਂ ਤੋਂ ਰੋਕਣਾ ਹੈ, ਜੋ ਸ਼ਲਾਘਾਯੋਗ ਹੈ। ਭਾਰਤ ਵਿਚ ਵੀ ਤੁਰੰਤ ਅਜਿਹੀਆਂ ਸਖਤ ਪਾਬੰਦੀਆਂ ਦੀ ਲੋੜ ਹੈ।
ਹਾਲਾਂਕਿ ਭਾਰਤ ਚੌਕਸ ਹੈ। ਮਾਨਸਿਕ ਸਿਹਤ ’ਤੇ ਹੋਏ ਮਾੜੇ ਪ੍ਰਭਾਵ ਬਾਰੇ ਕੇਂਦਰੀ ਬਜਟ ਵਿਚ ਇਸ ਵਾਰ ਵੱਖਰਾ ਪ੍ਰਬੰਧ ਕੀਤਾ ਗਿਆ ਹੈ। ਸਰਕਾਰ ਦੀ ਚਿੰਤਾ ਜਾਇਜ਼ ਹੈ। ਕੁਝ ਸੂਬਿਆਂ ’ਚ ਇੰਟਰਨੈੱਟ ਦਾ ਆਦੀ ਹੋਣ ਤੋਂ ਬਚਾਉਣ ਲਈ ਕੇਂਦਰ ਵੀ ਖੁੱਲ੍ਹ ਰਹੇ ਹਨ। ਡਿਜੀਟਲ ਯੁੱਗ ’ਚ ਭਵਿੱਖ ਦੀ ਪੀੜ੍ਹੀ ਨੂੰ ਇੰਟਰਨੈੱਟ ਦਾ ਆਦੀ ਹੋਣ ਤੋਂ ਬਚਾਉਣਾ ਹੀ ਹੋਵੇਗਾ। ਜੇ ਹੁਣੇ ਹੀ ਨਾ ਬਚਾਇਆ ਤਾਂ ਦੇਰ ਹੋ ਜਾਏਗੀ। ਇਹ ਸੱਚ ਹੈ ਅਤੇ ਮੰਨਣ ’ਚ ਕੋਈ ਝਿਜਕ ਨਹੀਂ ਕਿ ਵੱਡੀ ਗਿਣਤੀ ’ਚ ਬੱਚੇ, ਨੌਜਵਾਨ ਅਤੇ ਵੱਡੀ ਉਮਰ ਦੇ ਵਿਅਕਤੀ ਵੀ ਇੰਟਰਨੈੱਟ ਦੇ ਆਦੀ ਹੋ ਚੁੱਕੇ ਹਨ।
ਕਦੇ ਕਿਸੇ ਟਾਸਕ ਦੇ ਨਾਂ ’ਤੇ ਤਾਂ ਕਦੇ ਕਿਸੇ ਲਾਲਚ ਕਾਰਨ ਅਣਜਾਣੀਆਂ ਸਾਈਟਸ ਅਤੇ ਹੈਕਰਜ਼ ਇਨ੍ਹਾਂ ਨੂੰ ਆਪਣਾ ਸ਼ਿਕਾਰ ਬਣਾ ਲੈਂਦੇ ਹਨ। ਅਕਸਰ ਗੇਮਿੰਗ ਜਾਂ ਟਾਸਕ ਪੂਰਾ ਕਰਨ ਦੇ ਜਨੂੰਨ ਕਾਰਨ ਆਤਮਹੱਤਿਆ ਤੱਕ ਦੀਆਂ ਅਚਾਨਕ ਵਧ ਰਹੀਆਂ ਘਟਨਾਵਾਂ ਨੇ ਸਮਾਜ ਨੂੰ ਬੇਹੱਦ ਹੈਰਾਨ ਕਰ ਦਿੱਤਾ ਹੈ ਅਤੇ ਡਰਾ ਦਿੱਤਾ ਹੈ।
ਰਿਤੂਪਰਣ ਦਵੇ
ਸਾਡੀ ਅੱਗੇ ਦੀ ਯਾਤਰਾ ’ਚ ਮਾਰਗਦਰਸ਼ਕ ਰਹਿਣਗੇ ਮਦਨ ਦਾਸ ਦੇਵੀ ਜੀ
NEXT STORY