ਬੇਵਫਾਈ ’ਚ ਜਾਨ ਗੁਆਉਣ ਵਾਲਾ ਰਾਜਾ ਰਘੂਵੰਸ਼ੀ ਪਹਿਲਾਂ ਇਨਸਾਨ ਨਹੀਂ। ਹਾਂ, ਵਿਆਹੁਤਾ ਜੀਵਨ ਦਾ ਸਭ ਤੋਂ ਖੂਬਸੂਰਤ ਅਤੇ ਯਾਦਗਾਰ ਸਮਾਂ ਮੰਨ ਲਏ ਗਏ ਹਨੀਮੂਨ ’ਤੇ ਹੀ ਪਤਨੀ ਦੀ ਸਾਜ਼ਿਸ਼ ਨਾਲ ਪਤੀ ਦੀ ਹੱਤਿਆ ਦਾ ਦੇਸ਼ ’ਚ ਇਹ ਪਹਿਲਾਂ ਮਾਮਲਾ ਹੋ ਸਕਦਾ ਹੈ। ਘੱਟ ਉਮਰ ਦੀ ਗੱਲ ਜਾਣਦੇ ਹੋਏ ਵੀ ਸਾਵਿਤਰੀ ਦੇ ਸੱਤਿਆਵਾਨ ਨਾਲ ਵਿਆਹ ਅਤੇ ਯਮਰਾਜ ਨਾਲ ਤਰਕ ਕਰ ਕੇ ਉਸ ਦੇ ਪ੍ਰਾਣ ਵਾਪਸ ਲੈ ਆਉਣ ਦੀ ਭਾਰਤੀ ਪੌਰਾਣਿਕ ਕਥਾ ਤੋਂ ਪ੍ਰੇਰਿਤ ਹੋ ਕੇ ਅੱਜ ਵੀ ਭਾਰਤ ’ਚ ਕਰੋੜਾਂ ਔਰਤਾਂ ਪਤੀ ਦੀ ਲੰਬੀ ਉਮਰ ਲਈ ਵਟ ਸਾਵਿਤਰੀ ਵਰਤ ਰੱਖਦੀਆਂ ਹਨ।
ਉਸੇ ਭਾਰਤ ’ਚ ਹੁਣ ਸੋਨਮ ’ਤੇ ਮੇਘਾਲਿਆ ’ਚ ਹਨੀਮੂਨ ਦੌਰਾਨ ਹੀ ਸਾਜ਼ਿਸ਼ ਰਚ ਕੇ ਪਤੀ ਰਾਜਾ ਦੀ ਹੱਤਿਆ ਦਾ ਦੋਸ਼ ਹੈ। ਸੋਨਮ ਅਤੇ ਉਸ ਦੇ ਪ੍ਰੇਮੀ ਰਾਜ ਕੁਸ਼ਵਾਹਾ ਨੂੰ ਕਟਹਿਰੇ ’ਚ ਖੜ੍ਹੇ ਕਰਨ ਵਾਲੀ ਪੁਲਸ ਦੀ ਇਸ ਥਿਊਰੀ ਦਾ ਸੱਚ ਤਾਂ ਅਦਾਲਤ ’ਚ ਹੀ ਪਤਾ ਲੱਗੇਗਾ ਪਰ ਇਸ ਹੱਤਿਆਕਾਂਡ ਨੇ ਭਾਰਤੀ ਸੰਵੇਦਨਾਵਾਂ ਨੂੰ ਬੁਰੀ ਤਰ੍ਹਾਂ ਝੰਜੋੜ ਦਿੱਤਾ। 7 ਜਨਮਾਂ ਦਾ ਸਾਥ ਵਰਗੀ ਕੋਈ ਚੀਜ਼ ਨਾ ਵੀ ਹੁੰਦੀ ਹੋਵੇ ਪਰ ਇਸੇ ਜੀਵਨ ਦਾ ਪ੍ਰੇਮ ਭਰਿਆ ਸਾਥ ਅਤੇ ਵਿਸ਼ਵਾਸ ਸੰਕਟ ’ਚ ਕਿਉਂ ਹੈ। ਸੋਨਮ ਦਾ ਰਾਜ ਕੁਸ਼ਵਾਹਾ ਨਾਲ ਪ੍ਰੇਮ ਪ੍ਰਸੰਗ ਦੱਸਿਆ ਜਾ ਰਿਹਾ ਹੈ ਪਰ ਪਰਿਵਾਰ ਨੇ ਇੱਛਾ ਦੇ ਵਿਰੁੱਧ ਉਸ ਦਾ ਵਿਆਹ ਰਾਜਾ ਰਘੂਵੰਸ਼ੀ ਨਾਲ ਕਰ ਦਿੱਤਾ।
ਅਜਿਹਾ ਹੈ ਤਾਂ ਵਿਆਹ ਲਈ ਸੋਨਮ ਅਤੇ ਉਸ ਦੇ ਪਰਿਵਾਰਕ ਮੈਂਬਰ ਹੀ ਜ਼ਿੰਮੇਵਾਰ ਹਨ ਪਰ ਜਾਨ ਗੁਆਉਣੀ ਪਈ ਰਾਜਾ ਨੂੰ। ਇਹ ਵੀ ਕਿਹਾ ਜਾ ਰਿਹਾ ਹੈ ਕਿ ਆਪਣੀ ਕੁੰਡਲੀ ’ਚ ਮੰਗਲ ਦੋਸ਼ ਦੇ ਨਿਵਾਰਣ ਲਈ ਸੋਨਮ ਨੇ ਇਹ ਵਿਆਹ ਸਾਜ਼ਿਸ਼ ਤਹਿਤ ਕੀਤਾ। ਸੋਨਮ ਦੇ ਪਰਿਵਾਰਕ ਮੈਂਬਰ ਵੀ ਕੁੰਡਲੀ ਦੋਸ਼ ਤੋਂ ਅਣਜਾਣ ਨਹੀਂ ਹੋਣਗੇ। ਕੁੰਡਲੀ ਦੋਸ਼ ’ਚ ਨਵੀਂ ਪੀੜ੍ਹੀ ਦਾ ਵਿਸ਼ਵਾਸ ਬਹਿਸ ਦਾ ਵਿਸ਼ਾ ਹੈ ਪਰ ਨਿਵਾਰਣ ਦੇ ਬਦਲਵੇਂ ਉਪਾਅ ਹੁੰਦੇ ਹੋਏ ਵੀ ਹੱਤਿਆ ਦੀ ਸਾਜ਼ਿਸ਼ ਆਸਾਨੀ ਨਾਲ ਗਲੇ ਨਹੀਂ ਉਤਰਦੀ। ਸੋਨਮ ਕਾਂਡ ਦਾ ਇਹ ਸਬਕ ਵੀ ਹੈ ਕਿ ਸਮਾਜਿਕ, ਆਰਥਿਕ ਹੈਸੀਅਤ ਜਾਂ ਹੋਰ ਰਵਾਇਤੀ ਕਸੌਟੀਆਂ ’ਤੇ ਜੇਕਰ ਸੰਤਾਨ ਹੀ ਤੁਹਾਡੀ ਸੋਚ ਦਾ ਸਨਮਾਨ ਨਹੀਂ ਕਰਦੀ ਤਾਂ ਆਪਣਾ ਫੈਸਲਾ ਥੋਪਣਾ ਤਬਾਹਕੁੰਨ ਹੋ ਸਕਦਾ ਹੈ। ਮਾਤਾ-ਪਿਤਾ ਤਾਂ ਜ਼ਿੰਦੇ ਹੀ ਸੰਤਾਨ ਦੀ ਖੁਸ਼ੀ ਲਈ ਹਨ। ਬਦਲਦੇ ਸਮੇਂ ਦੇ ਨਾਲ ਨਵੀਂ ਪੀੜ੍ਹੀ ਖੁਦ ਨੂੰ ਜ਼ਿਆਦਾ ਸਮਝਦਾਰ ਮੰਨਣ ਲੱਗੀ ਹੈ। ਬਦਲਦੇ ਸਮਾਜਿਕ ਪਰਿਪੇਖ ’ਚ ਆਪਣੀਆਂ ਹੱਦਾਂ ਸਵੀਕਾਰਦੇ ਹੋਏ ਪਰਿਵਾਰਕ ਮੈਂਬਰਾਂ ਨੇ ਸੋਨਮ ਦਾ ਵਿਆਹ ਪ੍ਰੇਮੀ ਰਾਜ ਨਾਲ ਕਰ ਦਿੱਤਾ ਹੁੰਦਾ ਤਾਂ ਇਹ ਦੁਖਦਾਈ ਹੱਤਿਆ ਕਾਂਡ ਨਾ ਹੁੰਦਾ। ਬੇਸ਼ੱਕ ਸੋਨਮ ਸਭ ਤੋਂ ਜ਼ਿਆਦਾ ਜ਼ਿੰਮੇਵਾਰ ਹੈ।
ਸੋਨਮ ਅਸਲ ’ਚ ਰਾਜ ਕੁਸ਼ਵਾਹਾ ਨਾਲ ਪਿਆਰ ਕਰਦੀ ਸੀ, ਤਾਂ ਉਸ ਨੂੰ ਰਾਜਾ ਰਘੂਵੰਸ਼ੀ ਨਾਲ ਵਿਆਹ ਕਰਾਉਣਾ ਹੀ ਨਹੀਂ ਚਾਹੀਦਾ ਸੀ। ਪਿਆਰ ਕਰਦੇ ਹਾਂ ਤਾਂ ਉਸ ਨੂੰ ਸਵੀਕਾਰ ਕਰ ਕੇ ਨਿਭਾਉਣ ਦੀ ਹਿੰਮਤ ਵੀ ਹੋਣੀ ਚਾਹੀਦੀ ਹੈ। ਸੋਨਮ ਨੇ ਹਿੰਮਤ ਦਿਖਾਈ ਹੁੰਦੀ ਤਾਂ ਰਾਜਾ ਰਘੂਵੰਸ਼ੀ ਜਿਊਂਦਾ ਹੁੰਦਾ ਅਤੇ ਉਹ ਵੀ ਪੁਲਸ ਦੀ ਗ੍ਰਿਫਤ ’ਚ ਆਉਣ ਦੀ ਬਜਾਏ ਖੁਸ਼ਹਾਲ ਜੀਵਨ ਜੀਅ ਰਹੀ ਹੁੰਦੀ। ਬੇਸ਼ੱਕ ਪਤੀ ਜਾਂ ਪਤਨੀ ਵਲੋਂ ਇਕ-ਦੂਜੇ ਦੀ ਜਾਨ ਲੈਣ ਦੀ ਹੱਦ ਤੱਕ ਚਲੇ ਜਾਣ ਦੀ ਇਹ ਪਹਿਲੀ ਘਟਨਾ ਨਹੀਂ। ਇਸੇ ਸਾਲ ਮੇਰਠ ’ਚ ਇਕ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਦੀ ਹੱਤਿਆ ਕਰ ਕੇ ਉਸ ਨੂੰ ਡਰੰਮ ’ਚ ਸੀਮੈਂਟ ਪਾ ਕੇ ਜਮਾ ਦਿੱਤਾ।
ਇਸ਼ਕ ਅਤੇ ਗੁਨਾਹ ਲੁਕਾਏ ਨਹੀਂ ਲੁਕਦੇ। ਇਕ ਦਿਨ ਰਾਜ਼ ਖੁੱਲ੍ਹ ਗਿਆ। ਜਿਸ ਸਾਹਿਲ ਦੀ ਆਸ਼ਿਕੀ ’ਚ ਮੁਸਕਾਨ ਨੇ ਸੌਰਭ ਦੀ ਹੱਤਿਆ ਦੀ ਸਾਜ਼ਿਸ਼ ਰਚੀ, ਉਨ੍ਹਾਂ ਦੋਵਾਂ ’ਚ ਤੁਲਨਾ ਵੀ ਕੋਈ ਸਮਝਦਾਰ ਇਨਸਾਨ ਨਹੀਂ ਕਰ ਸਕਦਾ। ਸ਼ਾਇਦ ਇਸ ਲਈ ਕਹਿੰਦੇ ਹਨ ਕਿ ਪਿਆਰ ਅਕਸਰ ਅੰਨ੍ਹਾ ਹੁੰਦਾ ਹੈ। ਉਸ ਤੋਂ ਬਾਅਦ ਪਤਨੀਆਂ ਵਲੋਂ ਆਪਣੇ ਪ੍ਰੇਮ ਪ੍ਰਸੰਗ ’ਚ ਅੜਿੱਕਾ ਬਣੇ ਪਤੀਆਂ ਨੂੰ ਡਰੰਮ ’ਚ ਸੀਮੈਂਟ ਬਣਾ ਦੇਣ ਦੀਆਂ ਧਮਕੀਆਂ ਦੀਆਂ ਖਬਰਾਂ ਵਧ ਜਾਣਾ ਦੱਸਦਾ ਹੈ ਕਿ ਬੇਵਫਾ ਪਤਨੀ ਵਲੋਂ ਪਤੀ ਦੀ ਯੋਜਨਾਬੱਧ ਹੱਤਿਆ ਸ਼ਰਮਿੰਦਗੀ ਦੀ ਬਜਾਏ ਹੌਸਲਾ ਅਫਜ਼ਾਈ ਦਾ ਕਾਰਨ ਬਣ ਰਹੀ ਹੈ! ਇਹ ਕਿਹੋ-ਜਿਹਾ ਸਮਾਜ ਬਣ ਗਏ ਹਾਂ ਅਸੀਂ।
ਉੱਤਰ ਪ੍ਰਦੇਸ਼ ਦੇ ਓਰੇਈਆ ’ਚ ਪ੍ਰਗਤੀ ਦਾ ਵਿਆਹ ਪਰਿਵਾਰਕ ਮੈਂਬਰਾਂ ਨੇ ਦੋਵਾਂ ਪਰਿਵਾਰਾਂ ਦੀ ਸਹਿਮਤੀ ਨਾਲ ਕਰੋੜਪਤੀ ਕਾਰੋਬਾਰੀ ਦਿਲੀਪ ਨਾਲ ਕੀਤਾ ਪਰ 15 ਦਿਨ ਬਾਅਦ ਹੀ ਉਸ ਨੇ ਪ੍ਰੇਮੀ ਅਨੁਰਾਗ ਦੀ ਖਾਤਿਰ ਮੂੰਹ ਦਿਖਾਈ ਦੀ ਰਕਮ ਨਾਲ ਸੁਪਾਰੀ ਦੇ ਕੇ ਪਤੀ ਦੀ ਹੱਤਿਆ ਕਰਵਾ ਦਿੱਤੀ। ਪਿਛਲੇ ਦਿਨੀਂ ਮਹਾਰਾਸ਼ਟਰ ਤੋਂ ਖਬਰ ਆਈ ਕਿ ਪਤੀ ਵਲੋਂ ਯੌਨ ਸੰਬੰਧ ਬਣਾਉਣ ਦੀ ਜ਼ਿੱਦ ’ਤੇ ਪਤਨੀ ਨੇ ਉਸ ਦੀ ਹੱਤਿਆ ਕਰ ਦਿੱਤੀ।
ਸਿਰਫ 15 ਦਿਨ ਪਹਿਲਾਂ ਦੋਵਾਂ ਦਾ ਵਿਆਹ ਹੋਇਆ ਸੀ। ਰਿਸ਼ਤਿਆਂ ਦੇ ਕਤਲ ਦੀ ਲਿਸਟ ਲੰਬੀ ਬਣ ਸਕਦੀ ਹੈ। ਆਤਮਹੱਤਿਆ ਲਈ ਮਜਬੂਰ ਕਰ ਦੇਣ ਵਾਲੇ ਪਤੀ-ਪਤਨੀਆਂ ਦੇ ਕਿੱਸੇ ਵੀ ਘੱਟ ਨਹੀਂ। ਸਿਰਫ ਪਤਨੀਆਂ ਹੀ ਨਹੀਂ, ਪਤੀ ਜਾਂ ਪ੍ਰੇਮੀ ਵੀ ਆਪਣੇ ਪਿਆਰ ਦੀ ਹੱਤਿਆ ਕਰਨ-ਕਰਵਾਉਣ ’ਚ ਪਿੱਛੇ ਨਹੀਂ। ਪ੍ਰੇਮਿਕਾ ਤੋਂ ਲੈ ਕੇ ਲਿਵ ਇਨ ਪਾਰਟਨਰ ਅਤੇ ਪਤਨੀ ਤੱਕ ਦੀ ਯੋਜਨਾਬੱਧ ਹੱਤਿਆ ਦੇ ਦਿਲ ਦਹਿਲਾ ਦੇਣ ਵਾਲੇ ਮਾਮਲੇ ਸਾਹਮਣੇ ਆ ਰਹੇ ਹਨ। ਕਿਤੇ ਲਾਸ਼ ਸੂਟਕੇਸ ’ਚ ਬੰਦ ਮਿਲਦੀ ਹੈ ਤਾਂ ਕਿਤੇ ਫਰਿੱਜ ’ਚ।
ਹਾਲ ਹੀ ’ਚ ਹਰਿਆਣਾ ਦੇ ਰੇਵਾੜੀ ’ਚ ਇਕ ਨੌਜਵਾਨ ਨੇ ਆਪਣੀ ਲਿਵ ਇਨ ਪਾਰਟਨਰ ਦੀ ਹੱਤਿਆ ਕਰ ਕੇ ਖੁਦ ਵੀ ਆਤਮਹੱਤਿਆ ਕਰ ਲਈ। 2017 ’ਚ ਪ੍ਰੇਮ ਵਿਆਹ ਕਰਨ ਵਾਲਾ 2 ਬੱਚਿਆਂ ਦਾ ਪਿਤਾ ਇਹ ਨੌਜਵਾਨ ਹੁਣ ਤਿੰਨ ਬੱਚਿਆਂ ਦੀ ਮਾਂ ਨਾਲ ਲਿਵ ਇਨ ’ਚ ਰਹਿ ਰਿਹਾ ਸੀ। ਨੌਜਵਾਨ ਦੀ ਲਾਸ਼ ਪੱਖੇ ਨਾਲ ਫਾਹੇ ’ਤੇ ਲਟਕੀ ਮਿਲੀ, ਜਦਕਿ ਲਿਵ ਇਨ ਪਾਰਟਨਰ ਦੀ ਲਾਸ਼ ਬੈੱਡ ਦੇ ਅੰਦਰ। ਮੁਜ਼ੱਫਰਨਗਰ ’ਚ ਇਕ ਵਿਆਹੁਤਾ ਨੇ ਪ੍ਰੇਮੀ ਨਾਲ ਵਿਆਹ ਕਰਨ ਦੀ ਖਾਤਿਰ ਆਪਣੇ ਮਾਸੂਮ ਬੇਟੇ-ਬੇਟੀ ਨੂੰ ਕੀਟਨਾਸ਼ਕ ਖੁਆ ਕੇ ਮਾਰ ਦਿੱਤਾ। ਤਾਜ਼ਾ ਖਬਰ ਬੁਲੰਦਸ਼ਹਿਰ ਤੋਂ ਆਈ ਹੈ ਕਿ ਇਕ-ਦੂਜੇ ਦੇ ਪਿਆਰ ’ਚ ਪਾਗਲ ਘਰੋਂ ਦੌੜੇ ਮਾਮੀ-ਭਾਣਜੇ ਨੇ ਇਕ ਹੋਟਲ ’ਚ ਜ਼ਹਿਰ ਖਾ ਲਿਆ।
ਨੈਤਿਕ ਕਦਰਾਂ-ਕੀਮਤਾਂ, ਸੰਸਕਾਰਾਂ ਅਤੇ ਪਰਿਵਾਰ-ਸੰਸਕ੍ਰਿਤੀ ਲਈ ਵਿਸ਼ਵ ਭਰ ’ਚ ਸਲਾਹੁਣਯੋਗ ਭਾਰਤੀ ਸਮਾਜ ਆਤਮਘਾਤੀ ਕੰਢੇ ’ਤੇ ਪਹੁੰਚਦਾ ਦਿਸ ਰਿਹਾ ਹੈ ਤਾਂ ਵੱਖ-ਵੱਖ ਕਾਰਨਾਂ ਕਰਕੇ ਸੰਯੁਕਤ ਪਰਿਵਾਰਾਂ ਦਾ ਟੁੱਟਣਾ ਅਤੇ ਆਧੁਨਿਕਤਾ ਦੇ ਨਾਂ ’ਤੇ ਅਪ-ਸੰਸਕ੍ਰਿਤੀ ਦਾ ਧਮਾਕਾ ਹੀ ਇਸ ਦੇ ਮੁੱਖ ਕਾਰਨ ਲੱਗਦੇ ਹਨ। ਵਿਆਹ ਤੋਂ ਪਹਿਲਾਂ ਅਤੇ ਵਿਆਹ ਦੇ ਬਾਹਰਲੇ ਸੰਬੰਧ ਫੈਸ਼ਨ ਬਣਦੇ ਜਾ ਰਹੇ ਹਨ। ਨਿੱਜੀ ਆਜ਼ਾਦੀ ਦੀ ਵੱਡੀ ਖਾਹਿਸ਼ ਵਾਲੇ ਦੌਰ ’ਚ ਜਦੋਂ ਕੁਆਰਾਪਨ ਭੰਗ ਕਰਨ ਦੀ ਦੌੜ ਹੈ, ਤਾਂ ਨੈਤਿਕ ਕਦਰਾਂ-ਕੀਮਤਾਂ ਅਤੇ ਸੰਸਕਾਰਾਂ ਦੀ ਗੱਲ ਕੌਣ ਕਰੇਗਾ ਜਾਂ ਸੁਣੇਗਾ?
ਰਾਜ ਕੁਮਾਰ ਸਿੰਘ
ਕੁਝ ਅਧਿਆਪਕ-ਅਧਿਆਪਿਕਾਵਾਂ ਬੱਚਿਆਂ ਦੇ ਜੀਵਨ ਨਾਲ ਕਰ ਰਹੇ ਖਿਲਵਾੜ!
NEXT STORY