ਪਿਛਲੇ ਦਿਨੀਂ ਸੁਪਰੀਮ ਕੋਰਟ ਨੇ ਕਿਹਾ ਕਿ ਵੱਡੀ ਗਿਣਤੀ ਵਿਚ ਰੁੱਖਾਂ ਨੂੰ ਕੱਟਣਾ ਕਿਸੇ ਵਿਅਕਤੀ ਦੀ ਹੱਤਿਆ ਨਾਲੋਂ ਵੀ ਗੰਭੀਰ ਮਾਮਲਾ ਹੈ। ਇਹ ਫੈਸਲਾ ਮਥੁਰਾ-ਵ੍ਰਿੰਦਾਵਨ ਦੇ ਇਕ ਵਿਅਕਤੀ ਸ਼ਿਵਸ਼ੰਕਰ ਅਗਰਵਾਲ ਬਾਰੇ ਸੀ। ਅਗਰਵਾਲ ’ਤੇ ਬਿਨਾਂ ਇਜਾਜ਼ਤ ਦੇ 454 ਰੁੱਖ ਕੱਟਣ ਦਾ ਦੋਸ਼ ਹੈ। ਅਦਾਲਤ ਨੇ ਇਹ ਵੀ ਕਿਹਾ ਕਿ ਇਨ੍ਹਾਂ ਸੈਂਕੜੇ ਰੁੱਖਾਂ ਦੀ ਜੋ ਹਰਿਆਲੀ ਸੀ, ਹਰਿਆ-ਭਰਿਆ ਖੇਤਰ ਸੀ, ਉਸ ਨੂੰ ਵਿਕਸਤ ਹੋਣ ਵਿਚ ਘੱਟੋ-ਘੱਟ ਸੌ ਸਾਲ ਲੱਗਣਗੇ। ਅਦਾਲਤ ਨੇ ਕੇਂਦਰੀ ਅਧਿਕਾਰ ਪ੍ਰਾਪਤ ਕਮੇਟੀ ਦੀ ਰਿਪੋਰਟ ਨੂੰ ਵੀ ਸਵੀਕਾਰ ਕਰ ਲਿਆ ਜਿਸ ਵਿਚ ਹਰੇਕ ਰੁੱਖ ਲਈ 1 ਲੱਖ ਰੁਪਏ ਦਾ ਜੁਰਮਾਨਾ ਲਾਇਆ ਗਿਆ ਸੀ। ਅਗਰਵਾਲ ਦੇ ਵਕੀਲ ਨੇ ਦਲੀਲ ਦਿੱਤੀ ਕਿ ਉਸ ਨੇ ਆਪਣੀ ਗਲਤੀ ਮੰਨ ਲਈ ਹੈ ਪਰ ਅਦਾਲਤ ਨੇ ਜੁਰਮਾਨੇ ਦੀ ਰਕਮ ਘਟਾਉਣ ਦੀ ਅਪੀਲ ਨੂੰ ਰੱਦ ਕਰ ਦਿੱਤਾ।
ਦਰਅਸਲ ਅਦਾਲਤ ਦਾ ਫੈਸਲਾ ਉਨ੍ਹਾਂ ਲੋਕਾਂ ਲਈ ਇਕ ਮਿਸਾਲ ਬਣਨੀ ਚਾਹੀਦੀ ਹੈ ਜੋ ਸਮੇਂ-ਸਮੇਂ ’ਤੇ ਰੱੁਖਾਂ ’ਤੇ ਆਰੇ ਅਤੇ ਕੁਹਾੜੀਆਂ ਚਲਾਉਂਦੇ ਰਹਿੰਦੇ ਹਨ। ਅਸੀਂ ਸਾਰੇ ਜਾਣਦੇ ਹਾਂ ਕਿ ਰੁੱਖ ਸਾਡੀ ਜ਼ਿੰਦਗੀ ਲਈ ਕਿੰਨੇ ਜ਼ਰੂਰੀ ਹਨ। ਭਾਰਤੀ ਦਰਸ਼ਨ ਵਿਚ ਤਾਂ ਪਤਾ ਨਹੀਂ ਕਿੰਨੇ ਰੱੁਖ ਹਨ ਜਿਨ੍ਹਾਂ ਦੀ ਪੂਜਾ ਕੀਤੀ ਜਾਂਦੀ ਹੈ ਪਰ ਇਹ ਕਿਹੋ ਜਿਹਾ ਵਿਚਾਰ ਹੈ ਕਿ ਰੁੱਖਾਂ ਦੀ ਪੂਜਾ ਕੀਤੀ ਜਾਵੇ ਅਤੇ ਜਦੋਂ ਮਰਜ਼ੀ ਉਨ੍ਹਾਂ ਨੂੰ ਕੱਟ ਦਿੱਤਾ ਜਾਵੇ। ਪੂਰੀ ਦੁਨੀਆ ਵਿਚ ਹਰਿਆਲੀ ਘਟ ਰਹੀ ਹੈ। ਹਰਿਆਲੀ ਘਟ ਰਹੀ ਹੈ। ਗਰਮੀ ਵਧ ਰਹੀ ਹੈ। ਗਲੇਸ਼ੀਅਰ ਪਿਘਲ ਰਹੇ ਹਨ। ਅੰਟਾਰਕਟਿਕਾ ਦੇ ਸਮੁੰਦਰਾਂ ਵਿਚ ਵੀ ਬਰਫ਼ ਨਹੀਂ ਬਚੀ ਹੈ ਪਰ ਮੁਨਾਫ਼ਾਖੋਰ ਲੋਕਾਂ ਨੂੰ ਇਸ ਨਾਲ ਕੀ ਫ਼ਰਕ ਪੈਂਦਾ ਹੈ।
ਕਬਾਇਲੀ ਇਲਾਕਿਆਂ ਵਿਚ ਇਕ ਪ੍ਰੰਪਰਾ ਹੈ ਕਿ ਜੇਕਰ ਕਿਸੇ ਕਾਰਨ ਕਰ ਕੇ ਦਰੱਖਤ ਨੂੰ ਕੱਟਣਾ ਪੈਂਦਾ ਹੈ ਤਾਂ ਪਹਿਲਾਂ ਉਸ ਦੀ ਪੂਜਾ ਕੀਤੀ ਜਾਂਦੀ ਹੈ। ਮੁਆਫ਼ੀ ਮੰਗਦੇ ਹਨ। ਫਿਰ ਇਸ ਨੂੰ ਕੱਟਦੇ ਹਨ। ਉਸ ਦੀ ਜਗ੍ਹਾ ਇਕ ਨਵਾਂ ਰੁੱਖ ਲਾਇਆ ਜਾਂਦਾ ਹੈ। ਅਕਸਰ, ਰੁੱਖ ਲਗਾਉਣ ਅਤੇ ਰੁੱਖਾਂ ਨੂੰ ਬਚਾਉਣ ਲਈ ਮੁਹਿੰਮਾਂ ਚੱਲਦੀਆਂ ਰਹਿੰਦੀਆਂ ਹਨ ਪਰ ਬੂਟੇ ਲਗਾਉਣ ਤੋਂ ਬਾਅਦ, ਉਨ੍ਹਾਂ ਦੀ ਵੱਡੇ ਪੱਧਰ ’ਤੇ ਦੇਖਭਾਲ ਨਹੀਂ ਕੀਤੀ ਜਾਂਦੀ ਅਤੇ ਉਹ ਖਤਮ ਹੋ ਜਾਂਦੇ ਹਨ।
ਪਿੰਡਾਂ ਵਿਚ ਨਿੰਮ ਨੂੰ ਅਕਸਰ ਵਿਹੜਿਆਂ ਵਿਚ ਲਾਇਆ ਜਾਂਦਾ ਸੀ ਕਿਉਂਕਿ ਇਸ ਦੇ ਰੋਗ-ਰੋਧਕ ਗੁਣ ਹੁੰਦੇ ਸਨ ਪਰ ਅੱਜ ਪਿੰਡਾਂ ਵਿਚ ਵੀ, ਵਿਹੜੇ ਬਣਾਉਣ ਦਾ ਰਿਵਾਜ ਖਤਮ ਹੁੰਦਾ ਜਾ ਰਿਹਾ ਹੈ, ਤਾਂ ਫਿਰ ਰੁੱਖ ਕਿਵੇਂ ਲਗਾਏ ਜਾ ਸਕਦੇ ਹਨ? ਅਸੀਂ ਰੁੱਖਾਂ ਦੀ ਪੂਜਾ ਇਸ ਤਰ੍ਹਾਂ ਕਰਦੇ ਹਾਂ ਜਿਵੇਂ ਉਹ ਦੇਵਤੇ ਹੋਣ ਪਰ ਅਸੀਂ ਆਮ ਤੌਰ ’ਤੇ ਉਨ੍ਹਾਂ ਦੀ ਸੁਰੱਖਿਆ ਲਈ ਕੋਈ ਉਪਾਅ ਨਹੀਂ ਕਰਦੇ। ਪੱਛਮ ਵਿਚ ਸ਼ਾਇਦ ਹੀ ਕੋਈ ਰੁੱਖਾਂ ਦੀ ਪੂਜਾ ਕਰਦਾ ਹੈ ਪਰ ਉਹ ਆਪਣੀ ਹਰਿਆਲੀ ਨੂੰ ਸੰਭਾਲ ਕੇ ਰੱਖਦੇ ਹਨ। ਖੈਰ, ਇਕ ਰੁੱਖ ਸਿਰਫ਼ ਮਨੁੱਖਾਂ ਲਈ ਹੀ ਨਹੀਂ ਸਗੋਂ ਬਹੁਤ ਸਾਰਿਆਂ ਲਈ ਲਾਭਦਾਇਕ ਹੈ। ਬਹੁਤ ਸਾਰੇ ਪੰਛੀ, ਬਾਂਦਰ, ਕਾਟੋਆਂ ਅਤੇ ਗਿਰਗਿਟ ਉਨ੍ਹਾਂ ’ਤੇ ਬਸੇਰਾ ਕਰਦੇ ਹਨ। ਧੁੱਪ ਵਿਚ ਤੁਰਦੇ ਸਮੇਂ ਮਨੁੱਖ ਅਤੇ ਜਾਨਵਰ ਕਿਸੇ ਦਰੱਖਤ ਦੀ ਛਾਂ ਭਾਲਦੇ ਹਨ।
ਪਹਿਲਾਂ, ਸੜਕਾਂ ਦੇ ਕਿਨਾਰਿਆਂ ’ਤੇ ਲੰਬੇ ਸਮੇਂ ਤੱਕ ਿਜਊਂਦੇ ਰਹਿਣ ਵਾਲੇ ਫ਼ਲ਼ ਅਤੇ ਛਾਂਦਾਰ ਰੁੱਖ ਲਾਏ ਜਾਂਦੇ ਸਨ, ਤਾਂ ਜੋ ਰਾਹਗੀਰ ਉਨ੍ਹਾਂ ਦੀ ਛਾਂ ਵਿਚ ਤੁਰ ਸਕਣ, ਆਰਾਮ ਕਰ ਸਕਣ ਅਤੇ ਲੋੜ ਪੈਣ ’ਤੇ ਫਲ ਖਾ ਸਕਣ। ਫਿਰ ਪਤਾ ਨਹੀਂ ਕਿ ਕਿਹੜੀ ਰਸਮ ਚੱਲੀ ਕਿ ਸੜਕਾਂ ਦੇ ਕਿਨਾਰਿਆਂ ’ਤੇ ਫਲਦਾਰ ਰੁੱਖ ਲਾਉਣੇ ਬੰਦ ਕਰ ਦਿੱਤੇ ਗਏ। ਆਖ਼ਿਰ ਕਿਉਂ? ਅੰਬ, ਤੂਤ, ਜਾਮਣ, ਬੋਹੜ, ਨਿੰਮ, ਪਿੱਪਲ, ਗੁਲਮੋਹਰ, ਪਲਾਸ਼ ਸਾਰੇ ਰੁੱਖ, ਜੇਕਰ ਇਕ ਵਾਰ ਲਾਏ ਜਾਣ ਤਾਂ ਉਨ੍ਹਾਂ ਦੀ ਉਮਰ ਲੰਬੀ ਹੁੰਦੀ ਹੈ। ਜਦੋਂ ਸ਼ੇਰ ਸ਼ਾਹ ਸੂਰੀ ਨੇ ਪਿਸ਼ਾਵਰ ਤੋਂ ਕੋਲਕਾਤਾ ਤੱਕ ਗ੍ਰੈਂਡ ਟਰੰਕ ਰੋਡ ਬਣਾਈ ਸੀ, ਤਾਂ ਉਸ ਨੇ ਉੱਥੇ ਵੱਡੀ ਗਿਣਤੀ ਵਿਚ ਫਲਾਂ ਦੇ ਰੁੱਖ ਲਾਏ ਸਨ। ਅੱਜ ਹਾਈਵੇਅ ਦੇ ਕਿਨਾਰਿਆਂ ’ਤੇ ਮੀਲਾਂ ਤੱਕ ਰੁੱਖ ਦਿਖਾਈ ਨਹੀਂ ਦਿੰਦੇ।
ਟਾਲਸਟਾਏ ਮਾਰਗ ਉਸ ਦਫ਼ਤਰ ਦੇ ਨਾਲ ਹੈ ਜਿੱਥੇ ਮੈਂ ਕੰਮ ਕਰਦੀ ਸੀ। ਸੜਕ ਦੇ ਦੋਵੇਂ ਪਾਸੇ ਦੋ ਕਤਾਰਾਂ ਵਿਚ ਜਾਮਣ ਦੇ ਸੰਘਣੇ ਰੁੱਖ ਸਨ। ਫਿਰ ਜਦੋਂ ਸੜਕ ਚੌੜੀ ਕੀਤੀ ਗਈ ਤਾਂ ਸੜਕ ’ਤੇ ਲੱਗੇ ਇਨ੍ਹਾਂ ਦਰੱਖਤਾਂ ਦੀ ਇਕ ਪੂਰੀ ਕਤਾਰ ਕੱਟ ਦਿੱਤੀ ਗਈ। ਉਨ੍ਹਾਂ ਦੇ ਤਣੇ ਉਨ੍ਹਾਂ ਦੇ ਬਹੁਤ ਪੁਰਾਣੇ ਹੋਣ ਦੀ ਗਵਾਹੀ ਦਿੰਦੇ ਸਨ। ਜਦੋਂ ਲੁਟੀਅਨਜ਼ ਨੇ ਨਵੀਂ ਦਿੱਲੀ ਵਸਾਈ ਸੀ ਤਾਂ ਉਸ ਨੇ ਭਾਰਤੀ ਰੁੱਖ ਲਗਾਉਣ ਦਾ ਬਹੁਤ ਧਿਆਨ ਰੱਖਿਆ ਸੀ। ਇਸੇ ਲਈ ਅੱਜ ਵੀ ਕੁਝ ਸੜਕਾਂ ’ਤੇ ਇਮਲੀ ਦੇ ਰੁੱਖ, ਕੁਝ ਥਾਵਾਂ ’ਤੇ ਨਿੰਮ ਹੀ ਨਿੰਮ, ਕੁਝ ਥਾਵਾਂ ’ਤੇ ਜਾਮਣ ਜਾਂ ਗੁਲਮੋਹਰ ਦਿਖਾਈ ਦਿੰਦੇ ਹਨ। ਬਾਰਾਖੰਭਾ ਰੋਡ ’ਤੇ ਕੰਚਨ ਰੋਟੀ ਅਤੇ ਮੋਲੀਸ਼੍ਰੀ ਦੇ ਰੁੱਖ ਦੇਖੇ ਜਾ ਸਕਦੇ ਹਨ। ਹਾਲਾਂਕਿ, ਜਦੋਂ ਮੈਟਰੋ ਬਣੀ ਸੀ ਤਾਂ ਇਨ੍ਹਾਂ ਵਿਚੋਂ ਬਹੁਤ ਸਾਰੇ ਰੁੱਖ ਕੱਟ ਦਿੱਤੇ ਗਏ ਸਨ।
ਇਸ ਲੇਖਿਕਾ ਨੇ ਕਈ ਸਾਲ ਪਹਿਲਾਂ ਇਕ ਵੀਡੀਓ ਦੇਖਿਆ ਸੀ। ਇਸ ਵਿਚ ਦੇਸ਼ ਦਾ ਨਾਂ ਨਹੀਂ ਸੀ ਪਰ ਇਸ ਵਿਚ ਦੱਸਿਆ ਗਿਆ ਸੀ ਕਿ ਇਕ ਪੂਰੇ ਰੁੱਖ ਨੂੰ ਦੂਜੀ ਜਗ੍ਹਾ ਕਿਵੇਂ ਲਿਜਾਇਆ ਜਾ ਸਕਦਾ ਹੈ। ਇਸ ਦਾ ਮਤਲਬ ਹੈ ਕਿ ਕੰਮ ਵੀ ਹੋ ਗਿਆ ਅਤੇ ਰੁੱਖ ਵੀ ਬਚ ਗਿਆ। ਅਸੀਂ ਇਹ ਕਿਉਂ ਨਹੀਂ ਕਰ ਸਕਦੇ? ਜੇ ਅਸੀਂ ਰੁੱਖ ਕੱਟਦੇ ਹਾਂ, ਤਾਂ ਅਸੀਂ ਨਵੇਂ ਕਿਉਂ ਨਹੀਂ ਲਾਉਂਦੇ, ਜੇ ਅਸੀਂ ਲਾਉਂਦੇ ਵੀ ਹਾਂ, ਤਾਂ ਅਸੀਂ ਉਨ੍ਹਾਂ ਦੀ ਦੇਖਭਾਲ ਅਤੇ ਉਨ੍ਹਾਂ ਦੇ ਜੀਵਨ ਦੀ ਸੁਰੱਖਿਆ ਦਾ ਕੋਈ ਪ੍ਰਬੰਧ ਕਿਉਂ ਨਹੀਂ ਕਰਦੇ?
ਇੱਥੋਂ ਤੱਕ ਕਿ ਪਹਾੜਾਂ ਵਿਚ ਜਿੱਥੇ ਲੋਕ ਗਰਮੀਆਂ ਵਿਚ ਜਾਂਦੇ ਹਨ, ਬਹੁਤ ਸਾਰੇ ਰੁੱਖ ਕੱਟੇ ਗਏ ਹਨ ਅਤੇ ਸੈਲਾਨੀਆਂ ਦੀ ਵਧਦੀ ਗਿਣਤੀ ਕਾਰਨ ਹਵਾ ਪ੍ਰਦੂਸ਼ਣ ਵੀ ਵਧਿਆ ਹੈ। ਇਸੇ ਕਰ ਕੇ ਉੱਥੇ ਗਰਮੀ ਕਈ ਵਾਰ ਮੈਦਾਨੀ ਇਲਾਕਿਆਂ ਨਾਲੋਂ ਜ਼ਿਆਦਾ ਪੈਣ ਲੱਗੀ ਹੈ। ਰੁੱਖਾਂ ਦੀ ਘਾਟ ਕਾਰਨ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਿਚ ਬਹੁਤ ਵਾਧਾ ਹੋਇਆ ਹੈ। ਅਸੀਂ ਕਦੋਂ ਜਾਗਰੂਕ ਹੋਵਾਂਗੇ? ਅਸੀਂ ਹੀ ਨਹੀਂ ਸਗੋਂ ਪੂਰੀ ਦੁਨੀਆ ਕਦੋਂ ਜਾਗੇਗੀ? ਸਾਡੇ ਤੋਂ ਇਲਾਵਾ ਹੋਰ ਜੀਵਨ ਰੂਪ ਜਿਵੇਂ ਕਿ ਜਾਨਵਰ, ਪੰਛੀ, ਪੌਦੇ, ਸਮੁੰਦਰੀ ਜੀਵ ਸਾਰੇ ਸਾਡੀ ਵਾਤਾਵਰਣ ਪ੍ਰਣਾਲੀ ਲਈ ਜ਼ਰੂਰੀ ਹਨ। ਸਾਨੂੰ ਇਹ ਸੋਚਣਾ ਛੱਡ ਦੇਣਾ ਚਾਹੀਦਾ ਹੈ ਕਿ ਭਾਵੇਂ ਸਭ ਕੁਝ ਤਬਾਹ ਹੋ ਜਾਵੇ, ਅਸੀਂ ਬਚੇ ਰਹਾਂਗੇ।
ਸਾਡੇ ਸ਼ਾਸਤਰਾਂ, ਲੋਕ ਕਥਾਵਾਂ ਅਤੇ ਦਾਦੀ-ਨਾਨੀ ਦੀਆਂ ਕਹਾਣੀਆਂ ਵਿਚ ਰੁੱਖਾਂ ਦੀ ਮੌਜੂਦਗੀ ਭਰਪੂਰ ਮਾਤਰਾ ਵਿਚ ਮਿਲਦੀ ਹੈ। ਹਿੰਦੀ ਸਾਹਿਤ ਵਿਚ ਵੀ ਰੁੱਖਾਂ ਦਾ ਜ਼ਿਕਰ ਮਿਲਦਾ ਹੈ। ਪ੍ਰਸਿੱਧ ਕਵੀ ਨਾਗਾਰਜੁਨ ਦਾ ਨਾਵਲ ਹੈ - ਬਾਬਾ ਬਟੇਸਰਨਾਥ। ਇਸੇ ਤਰ੍ਹਾਂ ਮਸ਼ਹੂਰ ਲੇਖਕ ਭੀਸ਼ਮ ਸਾਹਨੀ ਦੀ ਇਕ ਕਹਾਣੀ ਹੈ, ‘ਦੋ ਚਿੜੀਆਂ’ ਜੋ ਚਿੜੀਆਂ ਅਤੇ ਇਕ ਅੰਬ ਦੇ ਰੁੱਖ ਬਾਰੇ ਹੈ।
ਸ਼ਮਾ ਸ਼ਰਮਾ
ਗਰੀਬ ਜ਼ਿਆਦਾ ਗਰੀਬ ਅਤੇ ਅਮੀਰ ਜ਼ਿਆਦਾ ਅਮੀਰ ਹੋ ਰਿਹਾ
NEXT STORY