ਮੌਤ ਕਿਹੋ ਜਿਹੀ ਵੀ ਕਿਉਂ ਨਾ ਹੋਵੇ, ਪਰਿਵਾਰਕ ਮੈਂਬਰਾਂ ਨੂੰ ਭਾਰੀ ਦੁੱਖ ਦਿੰਦੀ ਹੈ। ਘਰ ਦਾ ਬਜ਼ੁਰਗ ਵੀ ਚਲਾ ਜਾਵੇ ਤਾਂ ਇਕ ਅਜਿਹਾ ਘਾਟਾ ਛੱਡ ਜਾਂਦਾ ਹੈ ਜੋ ਫਿਰ ਕਦੇ ਪੂਰਾ ਨਹੀਂ ਕੀਤਾ ਜਾ ਸਕਦਾ। ਉਸ ਦੀ ਹਾਜ਼ਰੀ ਕਈ ਮਹੀਨਿਆਂ ਤੱਕ ਪਰਿਵਾਰਕ ਮੈਂਬਰਾਂ ਨੂੰ ਮਹਿਸੂਸ ਹੁੰਦੀ ਰਹਿੰਦੀ ਹੈ। ਉਸ ਦੀ ਰੋਜ਼ਮੱਰਾ ਨੂੰ ਯਾਦ ਕਰ ਕੇ ਪਰਿਵਾਰਕ ਮੈਂਬਰ ਦਿਨ ’ਚ ਕਈ ਵਾਰ ਹੰਝੂ ਵਹਾਅ ਲੈਂਦੇ ਹਨ।
ਘਰ ’ਚ ਕੋਈ ਤਿਉਹਾਰ, ਸ਼ੁੱਭ ਕੰਮ ਜਾਂ ਯੱਗ ਹੋਵੇ ਤਾਂ ਆਪਣੇ ਵਿਛੜੇ ਜੀਅ ਦੀ ਯਾਦ ਇਕਦਮ ਆ ਜਾਂਦੀ ਹੈ। ਜਦੋਂ ਮ੍ਰਿਤਕਾਂ ਦੀ ਯਾਦ ਲਈ ਇੰਨਾ ਕੁਝ ਕੀਤਾ ਜਾਂਦਾ ਹੈ ਤਾਂ ਜਦੋਂ ਕੋਈ ਆਪਣਾ ਜ਼ਿੰਦਗੀ ਖਤਮ ਕਰ ਕੇ ਅੰਤਿਮ ਯਾਤਰਾ ਵੱਲ ਰਵਾਨਾ ਹੁੰਦਾ ਹੈ ਉਦੋਂ ਪਰਿਵਾਰਕ ਮੈਂਬਰਾਂ ਦੇ ਦਿਲ ’ਤੇ ਕੀ ਬੀਤਦੀ ਹੈ, ਸ਼ਬਦਾਂ ’ਚ ਬਿਆਨ ਨਹੀਂ ਕੀਤਾ ਜਾ ਸਕਦਾ। ਘਰ ’ਚ ਜਿਵੇਂ ਹੀ ਮੌਤ ਹੁੰਦੀ ਹੈ, ਪਹਿਲੀ ਪ੍ਰਤੀਕਿਰਿਆ ਤਾਂ ਸਦਮੇ ਦੀ ਹੁੰਦੀ ਹੈ। ਸਾਰਾ ਪਰਿਵਾਰ ਇਕ ਵੱਡੇ ਸੋਗ ’ਚ ਡੁੱਬ ਜਾਂਦਾ ਹੈ ਅਤੇ ਫਿਰ ਤੁਰੰਤ ਹੀ ਅੰਤਿਮ ਯਾਤਰਾ ਦੀ ਤਿਆਰੀ ਸ਼ੁਰੂ ਕਰ ਦਿੱਤੀ ਜਾਂਦੀ ਹੈ।
ਜਿਊਂਦੇ ਜੀਅ ਆਪਣੇ ਪਿਆਰੇ ਨੂੰ ਕਿੰਨਾ ਹੀ ਪਿਆਰ ਕਿਉਂ ਨਾ ਕਰਦੇ ਹੋਈਏ, ਉਸ ਦੀ ਮੌਤ ਦੇ ਬਾਅਦ, ਮ੍ਰਿਤਕ ਦੇਹ ਨੂੰ ਕੋਈ ਬਹੁਤਾ ਸਮਾਂ ਘਰ ’ਚ ਨਹੀਂ ਰੱਖਣਾ ਚਾਹੁੰਦਾ। ਅਰਥੀ ਸਜਾਉਣ ਤੋਂ ਲੈ ਕੇ ਸ਼ਮਸ਼ਾਨਘਾਟ ਤੱਕ ਲਿਜਾਣ ਦਾ ਪ੍ਰੋਗਰਾਮ ਬੜਾ ਰੁੱਝੇ ਹੋਣ ਵਾਲਾ ਹੁੰਦਾ ਹੈ। ਜਿੱਥੇ ਘਰ ਦੀਆਂ ਔਰਤਾਂ ਵੈਣ ਪਾਉਂਦੀਆਂ ਹਨ, ਉੱਥੇ ਮਰਦ ਅੰਤਿਮ ਸੰਸਕਾਰ ਦੇ ਲੋੜੀਂਦੇ ਪ੍ਰਬੰਧਾਂ ’ਚ ਜੁਟ ਜਾਂਦੇ ਹਨ। ਆਪਣੀ ਸਮਰੱਥਾ ਅਤੇ ਭਾਵਨਾ ਅਨੁਸਾਰ ਲੋਕ ਆਪਣੇ ਪਿਆਰੇ ਜੀਅ ਦੀ ਅੰਤਿਮ ਯਾਤਰਾ ਨੂੰ ਵੱਧ ਤੋਂ ਵੱਧ ਵਿਸ਼ਾਲ ਬਣਾਉਣ ਦੀ ਕੋਸ਼ਿਸ਼ ਕਰਦੇ ਹਨ।
ਸ਼ਮਸ਼ਾਨਘਾਟਾਂ ਦੀ ਭੈੜੀ ਹਾਲਤ ਬਾਰੇ ਕੋਈ ਜ਼ਿਆਦਾ ਖਬਰਾਂ ਨਹੀਂ ਛਪਦੀਆਂ। ਇਹ ਇਕ ਗੰਭੀਰ ਵਿਸ਼ਾ ਹੈ ਅਤੇ ਹੈਰਾਨੀ ਦੀ ਗੱਲ ਹੈ ਕਿ ਮਰਦੇ ਸਾਰੇ ਹਨ ਪਰ ਮੌਤ ਦੀ ਗੱਲ ਕਰਨ ਤੋਂ ਵੀ ਸਾਨੂੰ ਡਰ ਲੱਗਦਾ ਹੈ। ਜਦ ਤੱਕ ਕਿਸੇ ਵੀ ਪਰਿਵਾਰ ’ਚ ਅਜਿਹਾ ਹਾਦਸਾ ਨਾ ਹੋਵੇ, ਉਹ ਸ਼ਾਇਦ ਹੀ ਸ਼ਮਸ਼ਾਨਘਾਟ ਤੱਕ ਕਦੀ ਜਾਂਦਾ ਹੈ।
ਉਸ ਮੌਕੇ ’ਤੇ ਅੰਤਿਮ ਯਾਤਰਾ ’ਚ ਲੋਕ ਸ਼ਮਸ਼ਾਨਘਾਟ ਦੀ ਭੈੜੀ ਹਾਲਤ ’ਤੇ ਬਹਿਸ ਕਰਨ ਲਈ ਬੜੇ ਉਤਸ਼ਾਹਿਤ ਨਹੀਂ ਹੁੰਦੇ। ਜਿਵੇਂ ਵੀ ਵਿਹਾਰ ਮਿਲੇ, ਸਹਿ ਕੇ ਚੁੱਪਚਾਪ ਨਿਕਲ ਜਾਂਦੇ ਹਨ ਪਰ ਇਕ ਚੀਸ ਤਾਂ ਮਨ ’ਚ ਰਹਿ ਜਾਂਦੀ ਹੈ ਕਿ ਸਾਡਾ ਪਿਆਰਾ ਵਿਦਾਈ ਦੇ ਅੰਤਿਮ ਪਲ ਅਜਿਹੀ ਅਵਿਵਸਥਾ ’ਚੋਂ ਕਿਉਂ ਲੰਘਿਆ? ਕੀ ਇਸ ਤੋਂ ਵਧੀਆ ਵਿਵਸਥਾ ਨਹੀਂ ਹੋ ਸਕਦੀ ਸੀ?
ਅਕਸਰ ਦੇਸ਼ ਦੇ ਸ਼ਹਿਰਾਂ ’ਚ ਸ਼ਮਸ਼ਾਨਘਾਟ ’ਤੇ ਅਤੇ ਉਸ ਦੇ ਚਾਰੇ ਪਾਸੇ ਗੰਦਗੀ ਦਾ ਸਾਮਰਾਜ ਹੁੰਦਾ ਹੈ, ਸੜੀਆਂ ਲੱਕੜੀਆਂ, ਖਿਲਰੇ ਸੁੱਕੇ ਫੁੱਲ, ਪਹਿਲਾਂ ਆਈਆਂ ਮ੍ਰਿਤਕ ਦੇਹਾਂ ਦੇ ਸੁੱਟੇ ਗਏ ਪੁਰਾਣੇ ਵਸਤਰ, ਪਲਾਸਟਿਕ ਦੇ ਲਿਫਾਫੇ, ਅਗਰਬੱਤੀਆਂ ਦੇ ਡੱਬੇ, ਘਿਓ ਦੇ ਖਾਲੀ ਡੱਬੇ, ਟੁੱਟੇ ਨਾਰੀਅਲ, ਟੁੱਟੇ ਘੜਿਆਂ ਦੀਆਂ ਠੀਕਰੀਆਂ ਵਰਗਾ ਸਾਰਾ ਸਾਮਾਨ ਗੰਦਗੀ ਫੈਲਾਉਂਦਾ ਹੈ, ਜਿਨ੍ਹਾਂ ਨੂੰ ਮਹੀਨਿਆਂ ਤੱਕ ਕੋਈ ਨਹੀਂ ਚੁੱਕਦਾ।
ਉਨ੍ਹਾਂ ’ਤੇ ਪਸ਼ੂ-ਪੰਛੀ ਘੁੰਮਦੇ ਰਹਿੰਦੇ ਹਨ। ਜਿੱਥੇ ਮ੍ਰਿਤਕ ਦੇਹ ਲਿਆ ਕੇ ਰੱਖੀ ਜਾਂਦੀ ਹੈ, ਉਹ ਚਬੂਤਰਾ ਅਕਸਰ ਬੜਾ ਸਨਮਾਨਯੋਗ ਸਥਿਤੀ ’ਚ ਨਹੀਂ ਹੁੰਦਾ। ਉਸ ਦਾ ਟੁੱਟਾ ਪਲੱਸਤਰ ਅਤੇ ਉਸ ’ਤੇ ਪੰਛੀਆਂ ਦੀਆਂ ਬਿੱਠਾਂ ਵਰਗੀ ਗੰਦਗੀ ਪਰਿਵਾਰਕ ਮੈਂਬਰਾਂ ਦਾ ਦਿਲ ਤੋੜ ਦਿੰਦੀ ਹੈ। ਸਭ ਤੋਂ ਵੱਧ ਤਾਂ ਸ਼ਮਸ਼ਾਨਘਾਟ ਦੇ ਪ੍ਰਬੰਧਕਾਂ ਦਾ ਰੁੱਖਾ ਵਿਹਾਰ ਚੁੱਭਦਾ ਹੈ।
ਇਹ ਠੀਕ ਹੈ ਕਿ ਨਿੱਤ ਅੰਤਿਮ ਯਾਤਰਾਵਾਂ ਨੂੰ ਸੰਭਾਲਦੇ-ਸੰਭਾਲਦੇ ਉਨ੍ਹਾਂ ਦੀ ਚਮੜੀ ਕਾਫੀ ਮੋਟੀ ਹੋ ਜਾਂਦੀ ਹੈ ਅਤੇ ਭਾਵਨਾਵਾਂ ਜ਼ੀਰੋ ਹੋ ਜਾਂਦੀਆਂ ਹਨ, ਪਰ ਉਨ੍ਹਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਜਿਹੜੇ ਲੋਕਾਂ ਨਾਲ ਉਨ੍ਹਾਂ ਦਾ ਰੋਜ਼ ਸਾਹਮਣਾ ਹੁੰਦਾ ਹੈ ਉਨ੍ਹਾਂ ਲਈ ਇਹ ਕੋਈ ਰੋਜ਼ ਵਾਪਰਨ ਵਾਲੀ ਆਮ ਘਟਨਾ ਨਹੀਂ ਹੁੰਦੀ। ਟੁੱਟੇ ਮਨ, ਵਗਦੇ ਨੈਣ ਅਤੇ ਬੋਝਲ ਕਦਮਾਂ ਨਾਲ ਚੱਲਦੇ ਹੋਏ ਲੋਕ ਜਦੋਂ ਸ਼ਮਸ਼ਾਨਘਾਟ ਦੇ ਪ੍ਰਬੰਧਕਾਂ ਨੂੰ ਮਿਲਦੇ ਹਨ ਤਾਂ ਉਨ੍ਹਾਂ ਨੂੰ ਪਿਆਰ, ਤਰਸ, ਹੌਸਲੇ ਅਤੇ ਹਰ ਤਰ੍ਹਾਂ ਦੇ ਸਹਿਯੋਗ ਦੀ ਤਤਪਰਤਾ ਦਾ ਵਿਹਾਰ ਮਿਲਣਾ ਚਾਹੀਦਾ ਹੈ।
ਬਦਕਿਸਮਤੀ ਨਾਲ ਅਸੀਂ ਹਿੰਦੂ ਹੋਣ ਦਾ ਮਾਣ ਤਾਂ ਕਰਦੇ ਹਾਂ ਪਰ ਆਪਣੇ ਸ਼ਮਸ਼ਾਨਘਾਟਾਂ ਨੂੰ ਕਸਾਈਖਾਨੇ ਵਾਂਗ ਚਲਾਉਂਦੇ ਹਾਂ, ਜਦਕਿ ਪੱਛਮੀ ਦੇਸ਼ਾਂ ’ਚ ਕਬਰਿਸਤਾਨ ਤੱਕ ਜਾਣ ਦੀ ਯਾਤਰਾ ’ਚ ਚਰਚ ਤੇ ਸਮਾਜ ਦੀ ਭੂਮਿਕਾ ਸ਼ਾਨਦਾਰ ਹੁੰਦੀ ਹੈ। ਉੱਥੇ ਤਾਂ ਹਰ ਕਮਿਊਨਿਟੀ ਦੀ ਲਾਇਬ੍ਰੇਰੀ ’ਚ ਇਕ ਵਿਸ਼ੇਸ਼ ਸੈਕਸ਼ਨ ਅਜਿਹੀਆਂ ਕਿਤਾਬਾਂ ਦਾ ਹੁੰਦਾ ਹੈ ਜਿਸ ’ਚ ਮੌਤ ਨਾਲ ਜੂਝਣ ਦੇ ਨੁਸਖੇ ਦੱਸੇ ਜਾਂਦੇ ਹਨ।
ਪਿਛਲੇ ਹਫਤੇ ਮੈਨੂੰ ਹਰਿਆਣਾ ਦੇ ਇਕ ਆਈ. ਏ. ਐੱਸ. ਅਧਿਕਾਰੀ ਦਾ ਸੁਨੇਹਾ ਆਇਆ ਜਿਸ ’ਚ ਉਨ੍ਹਾਂ ਨੇ ਇਸ ਗੱਲ ’ਤੇ ਚਿੰਤਾ ਪ੍ਰਗਟਾਈ ਕਿ ਹਰਿਆਣਾ ’ਚ ਪ੍ਰਤੀ ਵਿਅਕਤੀ ਕੇਵਲ 1.33 ਰੁੱਖ ਹਨ, ਜਦਕਿ ਅੰਤਿਮ ਸੰਸਕਾਰ ਲਈ ਪ੍ਰਤੀ ਵਿਅਕਤੀ ਦੋ ਰੁੱਖਾਂ ਦੀ ਲੋੜ ਹੁੰਦੀ ਹੈ।
ਉਨ੍ਹਾਂ ਨੇ ਘੱਟ ਲਾਗਤ ਵਾਲੇ ਗ੍ਰੀਨ ਸ਼ਮਸ਼ਾਨਘਾਟ ਨੂੰ ਬਣਾਉਣ ਲਈ ਹਰਿਆਣਾ ਮਨੁੱਖੀ ਅਧਿਕਾਰ ਕਮਿਸ਼ਨ ’ਚ ਇਕ ਰਿੱਟ ਦਾਇਰ ਕੀਤੀ ਅਤੇ ਕਮਿਸ਼ਨ ਨੇ ਉਨ੍ਹਾਂ ਦੇ ਪੱਖ ’ਚ ਗ੍ਰੀਨ ਸ਼ਮਸ਼ਾਨਘਾਟ ਬਣਾਉਣ ਦੇ ਸੰਬੰਧ ’ਚ ਇਕ ਹੁਕਮ ਜਾਰੀ ਕੀਤਾ, ਜੋ ਸਰੀਰ ਦੀ ਚਮੜੀ ਨੂੰ 760 ਡਿਗਰੀ ਸੈਲਸੀਅਸ ਤੱਕ ਗਰਮ ਕਰਨ ਅਤੇ ਫਿਰ ਸਰੀਰ ਦੀ ਚਮੜੀ ਨਾਲ ਲਾਸ਼ ਦਾ ਅੰਤਿਮ ਸੰਸਕਾਰ ਕਰਨ ਲਈ ਸਿਰਫ 60 ਕਿਲੋਗ੍ਰਾਮ ਜੈਵਿਕ ਈਂਧਨ ਦੀ ਵਰਤੋਂ ਕਰ ਕੇ ਐੱਸ. ਪੀ. ਐੱਮ., ਗੈਸ ਦੀ ਨਿਕਾਸੀ ਅਤੇ ਸਵਾਹ ਨੂੰ 85 ਫੀਸਦੀ ਤੱਕ ਘੱਟ ਕਰਦਾ ਹੈ।
ਇੱਥੇ ਇਕ ਚੰਗੀ ਪਹਿਲ ਹੈ। ਆਸ ਹੈ ਕਿ ਹੁਣ ਹਰਿਆਣਾ ਸਰਕਾਰ ਇਸ ਮੁੱਦੇ ਨੂੰ ਉਠਾਏਗੀ, ਜਿਸ ਨਾਲ ਅੰਤਿਮ ਸੰਸਕਾਰ ਦੀ ਲਾਗਤ 90 ਫੀਸਦੀ ਘੱਟ ਹੋ ਕੇ 1100 ਰੁਪਏ ਹੀ ਰਹਿ ਜਾਵੇਗੀ। ਸਿਰਸਾ, ਫਤਿਹਾਬਾਦ, ਬਠਿੰਡਾ, ਫਾਜ਼ਿਲਕਾ, ਅਬੋਹਰ ਆਦਿ ’ਚ ਪਹਿਲਾਂ ਤੋਂ ਹੀ 750 ਤੋਂ ਵੱਧ ਅਜਿਹੇ ਗ੍ਰੀਨ ਸ਼ਮਸ਼ਾਨਘਾਟ ਕੰਮ ਕਰ ਰਹੇ ਹਨ। ਜੇਕਰ ਇਹ ਪ੍ਰਯੋਗ ਇਕ ਸੂਬੇ ’ਚ ਕਾਮਯਾਬ ਹੋ ਸਕਦਾ ਹੈ ਤਾਂ ਭਾਰਤ ’ਚ ਸਾਰੇ ਅੰਤਿਮ ਸੰਸਕਾਰ ਗ੍ਰੀਨ ਸ਼ਮਸ਼ਾਨਘਾਟ ’ਚ ਬਦਲ ਸਕਦੇ ਹਨ।
ਇਹ ਜਨਤਕ ਹਿੱਤ ਦਾ ਕਾਰਜ ਹੈ, ਇਸ ਦੇ ਲਈ ਆਪਣੇ ਹਲਕੇ ਦੇ ਸੰਸਦ ਮੈਂਬਰ ਅਤੇ ਵਿਧਾਇਕਾਂ ਦੀ ਵਿਕਾਸ ਰਾਸ਼ੀ ’ਚੋਂ ਵੀ ਮਦਦ ਲਈ ਜਾ ਸਕਦੀ ਹੈ ਪਰ ਸਰਕਾਰੀ ਧਨ ’ਤੇ ਿਨਰਭਰ ਰਹਿਣ ਨਾਲੋਂ ਚੰਗਾ ਹੋਵੇਗਾ ਕਿ ਲੋਕ ਆਪਣੇ ਨਿੱਜੀ ਯਤਨਾਂ ਨਾਲ ਇਸ ਕੰਮ ਨੂੰ ਪੂਰਾ ਕਰਨ।
ਵਿਨੀਤ ਨਾਰਾਇਣ
ਬਰਾਬਰੀ, ਨਿਆਂ ਅਤੇ ਵਧੀਆ ਭਵਿੱਖ ਲਈ ਲੜਾਈ ਲੜ ਰਹੀਆਂ ‘ਆਸ਼ਾ ਵਰਕਰ’
NEXT STORY