26 ਜਨਵਰੀ ਨੂੰ ਭਾਰਤ ਆਪਣਾ 76ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ। ਦਿੱਲੀ ਵਿਚ ਮੁੱਖ ਗਣਤੰਤਰ ਦਿਵਸ ਸਮਾਰੋਹ ਵਿਚ ਕਿਸੇ ਵਿਦੇਸ਼ੀ ਹਸਤੀ ਨੂੰ ਮੁੱਖ ਮਹਿਮਾਨ ਵਜੋਂ ਸੱਦਾ ਦੇਣ ਦੀ ਰਵਾਇਤ ਹੈ। ਇਸ ਵਾਰ ਦੇ ਗਣਤੰਤਰ ਦਿਵਸ ਸਮਾਰੋਹ ’ਚ ਇੰਡੋਨੇਸ਼ੀਆ ਦੇ ਰਾਸ਼ਟਰਪਤੀ ‘ਪ੍ਰਬੋਵੋ ਸੁਬਿਆਂਤੋ’ ਦੇ ਭਾਰਤ ਆਉਣ ਦਾ ਪਤਾ ਲੱਗਣ ’ਤੇ ਮੈਨੂੰ ਆਪਣੀ ਇੰਡੋਨੇਸ਼ੀਆ ਯਾਤਰਾ ਦੀ ਯਾਦ ਆ ਗਈ।
1 ਸਤੰਬਰ ਤੋਂ 6 ਸਤੰਬਰ 1992 ਤੱਕ ਇੰਡੋਨੇਸ਼ੀਆ ਦੀ ਰਾਜਧਾਨੀ ‘ਜਕਾਰਤਾ’ ਵਿਚ ਹੋਏ ਗੁੱਟ-ਨਿਰਲੇਪ ਸਿਖਰ ਸੰਮੇਲਨ ਵਿਚ ਸ਼ਾਮਲ ਹੋਣ ਲਈ ਗਏ ਤਤਕਾਲੀ ਪ੍ਰਧਾਨ ਮੰਤਰੀ ਪੀ. ਵੀ. ਨਰਸਿਮ੍ਹਾ ਰਾਓ ਨਾਲ ਪੱਤਰਕਾਰ ਮੰਡਲੀ ਦੇ ਮੈਂਬਰ ਵਜੋਂ ਮੈਂ ਵੀ ਉੱਥੇ ਗਿਆ ਸੀ, ਜਿਸ ਦੌਰਾਨ ਮੈਨੂੰ ਦੋਵਾਂ ਦੇਸ਼ਾਂ ਦੇ ਪੁਰਾਣੇ ਸੰਬੰਧਾਂ ਬਾਰੇ ਬਹੁਤ ਕੁਝ ਜਾਨਣ ਦਾ ਮੌਕਾ ਮਿਲਿਆ।
ਜਕਾਰਤਾ ਹਵਾਈ ਅੱਡੇ ’ਤੇ ਉਤਰਨ ਤੋਂ ਬਾਅਦ ਜਦੋਂ ਸਾਨੂੰ ਹੋਟਲ ’ਚ ਪਹੁੰਚਾਇਆ ਗਿਆ ਤਾਂ ਸਾਡੇ ਲਈ ਕਮਰੇ ਖਾਲੀ ਕੀਤੇ ਜਾ ਰਹੇ ਸਨ। ਹੋਟਲ ਦੇ ਸੇਵਾਦਾਰਾਂ ਨੇ ਸਾਨੂੰ ਆਪਣਾ ਸਾਮਾਨ ਰੱਖਣ ਲਈ ਕਿਹਾ। ਇਸੇ ਦੌਰਾਨ ਇੰਡੋਨੇਸ਼ੀਆ ਦੇ ਮੀਡੀਆ ਸਲਾਹਕਾਰ ਨੇ ਆ ਕੇ ਸਾਨੂੰ ਕਿਹਾ, “ਤੁਹਾਡੇ ਲਈ ਕਮਰੇ ਤਿਆਰ ਹੋਣ ਵਿਚ ਕੁਝ ਸਮਾਂ ਲੱਗੇਗਾ। ਉਦੋਂ ਤੱਕ, ਜੇ ਤੁਸੀਂ ਚਾਹੋ, ਤਾਂ ਘੰਟਾ-ਅੱਧਾ ਘੰਟਾ ਸ਼ਹਿਰ ਵਿਚ ਘੁੰਮ ਆਓ।’’
ਉੱਥੇ ਹੀ ਮੇਰੀ ਮੁਲਾਕਾਤ ਇਕ ਉਰਦੂ ਰੋਜ਼ਾਨਾ ਦੇ ਸੰਪਾਦਕ ਨਾਲ ਹੋ ਗਈ। ਉਹ ਮੈਨੂੰ ਇਕ ਚੌਕ ਵਿਚ ਲੈ ਗਏ ਜਿੱਥੇ ਅਰਜੁਨ ਅਤੇ ਉਨ੍ਹਾਂ ਦੇ ਸਾਰਥੀ ਬਣੇ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਬਹੁਤ ਵਿਸ਼ਾਲ ਮੂਰਤੀ ਲੱਗੀ ਹੋਈ ਸੀ। ਉਹੋ ਜਿਹੀ ਮੂਰਤੀ ਮੈਂ ਅੱਜ ਤੱਕ ਆਪਣੀ ਜ਼ਿੰਦਗੀ ’ਚ ਨਹੀਂ ਦੇਖੀ ਸੀ। ਉਸ ਦੇ ਨੇੜੇ ਜਾ ਕੇ ਮੈਂ ਉਸ ਨੂੰ ਛੂਹ ਕੇ ਦੇਖਿਆ।
ਉਸੇ ਵੇਲੇ ਹੀ ਸਾਈਕਲ ’ਤੇ ਇਕ ਨਾਮਧਾਰੀ ਸੱਜਣ ਆ ਗਏ। ਉਨ੍ਹਾਂ ਨੇ ਰੁਕ ਕੇ ਮੈਨੂੰ ਪੁੱਛਿਆ, “ਤੁਸੀਂ ਪ੍ਰਧਾਨ ਮੰਤਰੀ ਦੇ ਨਾਲ ਆਏ ਹੋ ?” ਮੇਰੇ ਹਾਂ ਕਹਿਣ ’ਤੇ ਸਾਡੇ ਦੋਵਾਂ ਦਰਮਿਆਨ ਗੱਲਬਾਤ ਸ਼ੁਰੂ ਹੋਈ ਤਾਂ ਸਭ ਤੋਂ ਪਹਿਲਾਂ ਮੈਂ ਉਨ੍ਹਾਂ ਨੂੰ ਇਸੇ ਰੱਥ ’ਤੇ ਸਵਾਰ ਅਰਜੁਨ ਅਤੇ ਸ਼੍ਰੀ ਕ੍ਰਿਸ਼ਨ ਦੀ ਮੂਰਤੀ ਬਾਰੇ ਪੁੱਛਿਆ।
ਉਨ੍ਹਾਂ ਨੇ ਮੈਨੂੰ ਦੱਸਿਆ, ‘‘ਇੰਡੋਨੇਸ਼ੀਆ ਦਾ ਸੱਭਿਆਚਾਰ ਬਹੁਤ ਪੁਰਾਣਾ ਹੈ। ਪੁਰਾਤਨ ਸਮੇਂ ਵਿਚ ਇੱਥੇ ਹਿੰਦੂ ਰਹਿੰਦੇ ਸਨ ਅਤੇ ਇੰਡੋਨੇਸ਼ੀਆ ’ਚ ਇਸ ਸਮੇਂ ਵੀ ਕਈ ਹਜ਼ਾਰ ਭਾਰਤੀ ਨਾਗਰਿਕ ਰਹਿੰਦੇ ਹਨ।’’ ਆਪਣੇ ਬਾਰੇ ਉਨ੍ਹਾਂ ਨੇ ਕਿਹਾ, ‘‘ਅਸੀਂ ਤਾਂ ਭਾਰਤ ਦੀ ਵੰਡ ਤੋਂ ਵੀ 100-200 ਸਾਲ ਪਹਿਲਾਂ ਤੋਂ ਇੱਥੇ ਰਹਿ ਰਹੇ ਹਾਂ ਅਤੇ ਭਾਰਤ ਤੋਂ ਲਿਆਂਦਾ ਕੱਪੜਾ ਵੇਚ ਕੇ ਗੁਜ਼ਾਰਾ ਕਰਦੇ ਹਾਂ। ਸਾਡਾ ਇੱਥੇ ਆਪਣਾ ਇਕ ਬਾਜ਼ਾਰ ਵੀ ਹੈ।’’
ਮੇਰੇ ਕਹਿਣ ’ਤੇ ਉਹ ਮੈਨੂੰ ਆਪਣੇ ਬਾਜ਼ਾਰ ’ਚ ਲੈ ਗਏ ਅਤੇ ਨਾਮਧਾਰੀ ਭਾਈਚਾਰੇ ਦੇ ਹੀ 10-15 ਲੋਕਾਂ ਨੂੰ ਬੁਲਾ ਲਿਆ ਜਿਨ੍ਹਾਂ ਵਿਚੋਂ ਇਕ ਨੇ ਮੈਨੂੰ ਪਛਾਣ ਲਿਆ ਅਤੇ ਪੁੱਛਿਆ, ‘‘ਤੁਸੀਂ ‘ਪੰਜਾਬ ਕੇਸਰੀ’ ਦੇ ਮਾਲਕ ਵਿਜੇ ਜੀ ਹੋ ਨਾ ?’’ ਮੇਰੇ ‘ਹਾਂ’ ਕਹਿਣ ’ਤੇ ਉਨ੍ਹਾਂ ਨੇ ਦੱਸਿਆ, ‘‘ਮੈਂ ਜਲੰਧਰ ’ਚ ਤੁਹਾਡੇ ਕੋਲ ਆਉਂਦਾ ਰਿਹਾ ਹਾਂ।’’
ਖੈਰ, ਉਨ੍ਹਾਂ ਨਾਲ ਗੱਲਾਂ ਕਰਨ ਅਤੇ ਬਾਜ਼ਾਰ ਵਿਚ ਘੁੰਮਣ ਤੋਂ ਬਾਅਦ ਅਸੀਂ ਹੋਟਲ ਵਾਪਸ ਆ ਪੁੱਜੇ। ਸਾਨੂੰ ਦੇਖ ਕੇ ਹੋਟਲ ਦੀਆਂ ਸੇਵਾਦਾਰਾਂ ਨੇ ਸਾਡਾ ਸਾਮਾਨ ਸਾਡੇ ਕਮਰਿਆਂ ਵਿਚ ਰੱਖ ਦਿੱਤਾ। ਇਸ ਪਿੱਛੋਂ ਉਨ੍ਹਾਂ ਨੇ ਮੈਨੂੰ ਪੁੱਛਿਆ, ‘‘ਕੀ ਤੁਸੀਂ ਰਾਮਾਨੰਦ ਸਾਗਰ ਵਲੋਂ ਨਿਰਮਿਤ ਸੀਰੀਅਲ ‘ਰਾਮਾਇਣ’ ਦੇਖਣਾ ਚਾਹੋਗੇ ?’’ ਜਦੋਂ ਮੈਂ ਉਨ੍ਹਾਂ ਨੂੰ ਪੁੱਛਿਆ ਕਿ ਤੁਹਾਨੂੰ ਕਿਵੇਂ ਪਤਾ ? ਤਾਂ ਉਨ੍ਹਾਂ ਨੇ ਜਵਾਬ ਦਿੱਤਾ, ‘‘ਅਸੀਂ ਤਾਂ ਰੋਜ਼ ਹੀ ਦੇਖਦੇ ਹਾਂ।’’
ਉਨ੍ਹਾਂ ਤੋਂ ਹੀ ਪਤਾ ਲੱਗਾ ਕਿ ‘ਰਾਮਾਇਣ’ ਦੇ ਸਮੇਂ ਤੋਂ ਹੀ ਭਾਰਤ ਅਤੇ ਇੰਡੋਨੇਸ਼ੀਆ ਵਿਚਕਾਰ ਬਹੁਤ ਡੂੰਘੇ ਸਬੰਧ ਚੱਲੇ ਆ ਰਹੇ ਹਨ। ਇੰਡੋਨੇਸ਼ੀਆ ਦਾ ਨਾਂ ਲਾਤੀਨੀ ਸ਼ਬਦ ‘ਇੰਡਸ’ (ਸੰਸਕ੍ਰਿਤ ਦਾ ‘ਸਿੰਧੂ’) ਤੋਂ ਲਿਆ ਗਿਆ ਹੈ। ‘ਇੰਡੋ’ ਦਾ ਅਰਥ ਹੈ ‘ਭਾਰਤ’ ਅਤੇ ਯੂਨਾਨੀ ‘ਨੇਸੋ’ ਦਾ ਅਰਥ ਹੈ ‘ਟਾਪੂ’। ਇਸ ਲਈ ਇੰਡੋਨੇਸ਼ੀਆ ਦਾ ਨਾਂ ਵੀ ਇਹ ਦਰਸਾਉਂਦਾ ਹੈ ਕਿ ਇਸ ਦੇਸ਼ ਦਾ ਸੱਭਿਆਚਾਰ ਭਾਰਤ ਨਾਲ ਕਿੰਨਾ ਮਿਲਦਾ ਹੈ।
‘ਯਵਦੀਪ’ (ਜਾਵਾ) ਦਾ ਜ਼ਿਕਰ ਭਾਰਤ ਦੇ ਸਭ ਤੋਂ ਪੁਰਾਣੇ ਮਹਾਕਾਵਿ ‘ਰਾਮਾਇਣ’ ਵਿਚ ਮਿਲਦਾ ਹੈ। ਸ਼੍ਰੀ ਰਾਮ ਦੀ ਸੈਨਾ ਦੇ ਮੁਖੀ ‘ਸੁਗਰੀਵ’ ਨੇ ਸੀਤਾ ਜੀ ਦੀ ਭਾਲ ਵਿਚ ਆਪਣੇ ਲੋਕਾਂ ਨੂੰ ਜਾਵਾ ਭਾਵ ‘ਯਵਦੀਪ’ ਤੱਕ ਭੇਜਿਆ ਸੀ।
‘ਰਾਮਾਇਣ’ ਦੇ ਨਾਲ-ਨਾਲ, ‘ਮਹਾਭਾਰਤ’ ਦੀ ਵੀ ਇੰਡੋਨੇਸ਼ੀਆ ਦੇ ਸੱਭਿਆਚਾਰ ਅਤੇ ਇਤਿਹਾਸ ਵਿਚ ਮਹੱਤਵਪੂਰਨ ਭੂਮਿਕਾ ਹੈ। ਇਹ ਦੋਵੇਂ ਮਹਾਕਾਵਿ ਅੱਜ ਵੀ ਇੰਡੋਨੇਸ਼ੀਆਈ ਲੋਕਾਂ ਵਿਚ ਹਰਮਨਪਿਆਰੇ ਹਨ। ਜਾਵਾ ਦੇ ਮੈਦਾਨਾਂ ’ਚ ਸਥਾਨਕ ਮੁਸਲਮਾਨ ਪੂਰਨਮਾਸ਼ੀ ਦੀ ਰਾਤ ਨੂੰ ‘ਰਾਮਾਇਣ ਨਾਚ’ ਪੇਸ਼ ਕਰਦੇ ਹਨ। ਇੰਨਾ ਹੀ ਨਹੀਂ, ਇੰਡੋਨੇਸ਼ੀਆ ਯੂਨੀਵਰਸਿਟੀ ਵਿਚ ਸੰਸਕ੍ਰਿਤ ਭਾਸ਼ਾ ਅਤੇ ਲਿਪੀ ਦੇ ਨਾਲ-ਨਾਲ ਭਾਰਤੀ ਦਰਸ਼ਨ ਵੀ ਪੜ੍ਹਾਇਆ ਜਾਂਦਾ ਹੈ।
ਆਪਣੇ ਪਾਠਕਾਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੰਦੇ ਹੋਏ ਮੈਂ ਇਹ ਕਹਿਣਾ ਚਾਹਾਂਗਾ ਕਿ ਅੱਜ ਜਦੋਂ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਗਣਤੰਤਰ ਦਿਵਸ ਸਮਾਰੋਹ ਦੀ ਪਰੇਡ ਦੇਖ ਰਹੇ ਹਨ, ਮੈਨੂੰ ਆਪਣੀ ਇੰਡੋਨੇਸ਼ੀਆ ਦੀ ਪੁਰਾਣੀ ਯਾਤਰਾ ਨੂੰ ਯਾਦ ਕਰ ਕੇ ਚੰਗਾ ਲੱਗ ਰਿਹਾ ਹੈ, ਜੋ ਮੈਂ ਆਪਣੇ ਪਾਠਕਾਂ ਨਾਲ ਸਾਂਝੀ ਕਰ ਦਿੱਤੀ ਹੈ।
ਕੇਂਦਰ ਸਰਕਾਰ ਨੇ ਉਨ੍ਹਾਂ ਨੂੰ ਸੱਦਾ ਦੇ ਕੇ ਚੰਗਾ ਹੀ ਕੀਤਾ ਹੈ। ਇਸ ਨਾਲ ਨਾ ਸਿਰਫ਼ ਦੋਵਾਂ ਦੇਸ਼ਾਂ ਵਿਚਕਾਰ ਸੰਬੰਧ ਹੋਰ ਮਜ਼ਬੂਤ ਹੋਣਗੇ, ਸਗੋਂ ਕਈ ਰਾਜਨੀਤਿਕ ਸਮਝੌਤੇ ਵੀ ਹੋਏ ਹਨ ਅਤੇ ਕਈ ਖੇਤਰਾਂ ਵਿਚ ਸਹਿਯੋਗ ’ਤੇ ਸਹਿਮਤੀ ਵੀ ਬਣੀ ਹੈ।
-ਵਿਜੇ ਕੁਮਾਰ
ਆਪਣੇ 2013 ਦੇ ਪ੍ਰਦਰਸ਼ਨ ਨੂੰ ਦਿੱਲੀ ਵਿਚ ਦੁਹਰਾਉਣਾ ਚਾਹੁੰਦੀ ਹੈ ਕਾਂਗਰਸ
NEXT STORY