ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਭਾਜੜ ਕਾਰਨ ਹੋਈਆਂ ਮੌਤਾਂ ਨੇ ਪੂਰੇ ਦੇਸ਼ ਨੂੰ ਹਿਲਾ ਦਿੱਤਾ ਹੈ। ਭਾਜੜ ਇਕ ਆਮ ਸ਼ਬਦ ਹੈ ਜਿਸ ਦੀ ਵਰਤੋਂ ਨਾਲ ਕਈ ਦੋਸ਼ ਅਤੇ ਲਾਪਰਵਾਹੀਆਂ ਆਦਿ ਲੁਕ ਜਾਂਦੀਆਂ ਹਨ। ਭਾਜੜ ਦੇ ਪਿੱਛੇ ਦੇ ਕਾਰਨ ਮਹੱਤਵਪੂਰਨ ਹੁੰਦੇ ਹੀ ਹਨ। ਸਾਫ ਹੋ ਗਿਆ ਹੈ ਕਿ ਰੇਲਵੇ ਸਟੇਸ਼ਨਾਂ ’ਤੇ ਵਧਦੀ ਹੋਈ ਭੀੜ ਅਤੇ ਉਸ ਨੂੰ ਸੰਭਾਲਣ ਅਤੇ ਕਾਬੂ ਕਰਨ ਦੀ ਵਿਵਸਥਾ ਵਿਚਾਲੇ ਕੋਈ ਤਾਲਮੇਲ ਨਹੀਂ ਸੀ। ਸਚ ਕਿਹਾ ਜਾਵੇ ਤਾਂ ਪੂਰੀ ਵਿਵਸਥਾ ਨੂੰ ਰੱਬ ਦੇ ਹਵਾਲੇ ਛੱਡ ਦਿੱਤਾ ਗਿਆ ਸੀ। ਰੇਲਵੇ ਵਲੋਂ ਤਰਕ ਦਿੱਤਾ ਜਾ ਰਿਹਾ ਹੈ ਕਿ ਕਿਸੇ ਰੇਲ ਦਾ ਪਲੇਟਫਾਰਮ ਨਹੀਂ ਬਦਲਿਆ ਅਤੇ ਕੋਈ ਰੇਲ ਰੱਦ ਨਹੀਂ ਹੋਈ ਪਰ ਅਫਵਾਹ ਫੈਲ ਗਈ। ਜੇ ਅਫਵਾਹ ਫੈਲੀ ਤਾਂ ਤੁਰੰਤ ਉਸ ਨੂੰ ਰੋਕਣ ਅਤੇ ਲੋਕਾਂ ਦੀ ਗਲਤਫਹਿਮੀ ਦੂਰ ਕਰਨ ਦੀ ਜ਼ਿੰਮੇਵਾਰੀ ਕਿਸ ਦੀ ਸੀ? ਕੀ ਰੇਲਵੇ ਕੋਲ ਕਰਮਚਾਰੀਆਂ ਦੀ ਇੰਨੀ ਕਮੀ ਹੈ ਕਿ ਹੰਗਾਮੀ ਹਾਲਤ ’ਚ ਉਨ੍ਹਾਂ ਤੋਂ ਵੱਡੀ ਗਿਣਤੀ ’ਚ ਉਨ੍ਹਾਂ ਪਲੇਟਫਾਰਮਾਂ ’ਤੇ ਪਹੁੰਚ ਕੇ ਯਾਤਰੀਆਂ ਨਾਲ ਸਿੱਧੀ ਗੱਲਬਾਤ ਕਰਨ, ਉਨ੍ਹਾਂ ਨੂੰ ਸਮਝਾਉਣ, ਕਾਬੂ ਕਰਨ ਅਤੇ ਵਿਵਸਥਿਤ ਕਰਨ ਦੀ ਕੋਸ਼ਿਸ਼ ਨਹੀਂ ਹੁੰਦੀ? ਕੀ ਰੇਲਵੇ ਦੇ ਕੰਟਰੋਲ ਰੂਮ ਤੋਂ ਲਗਾਤਾਰ ਲਾਊਡਸਪੀਕਰ ਨਾਲ ਐਲਾਨ ਨਹੀਂ ਕੀਤਾ ਜਾ ਸਕਦਾ ਸੀ ਕਿ ਕੋਈ ਵੀ ਟਰੇਨ ਰੱਦ ਨਹੀਂ ਹੋਈ ਹੈ, ਕਿਸੇ ਦਾ ਪਲੇਟਫਾਰਮ ਬਦਲਿਆ ਨਹੀਂ ਗਿਆ? ਤੁਸੀਂ ਕਾਹਲੀ ’ਚ ਦੌੜੋ ਨਾ, ਟਰੇਨ ਕਿਸੇ ਯਾਤਰੀ ਨੂੰ ਛੱਡ ਕੇ ਨਹੀਂ ਜਾਵੇਗੀ? ਕੀ ਜੋ ਲਾਚਾਰ ਸਨ, ਕਮਜ਼ੋਰ ਔਰਤਾਂ ਆਦਿ ਸਾਮਾਨ ਲੈ ਕੇ ਖੜ੍ਹੀਆਂ ਸਨ ਉਹ ਟਰੇਨਾਂ ’ਚ ਕਿਵੇਂ ਸਵਾਰ ਹੋਣਗੀਆਂ, ਉਨ੍ਹਾਂ ਲਈ ਰੇਲਵੇ ਨੇ ਕੁਝ ਵਿਚਾਰ ਕੀਤਾ ਸੀ? ਅਸਲ ’ਚ ਇਸ ਤਰ੍ਹਾਂ ਦੀਆਂ ਟ੍ਰੈਜਿਕ ਘਟਨਾਵਾਂ, ਜਿਨ੍ਹਾਂ ਨੂੰ ਹੋਣਾ ਹੀ ਨਹੀਂ ਚਾਹੀਦਾ, ਦੇ ਪਿੱਛੇ ਸਿਰਫ ਤਤਕਾਲੀ ਨਹੀਂ ਸਗੋਂ ਲੰਬੇ ਸਮੇਂ ਦੀ ਮਾੜੀ-ਵਿਵਸਥਾ ਹੁੰਦਾ ਹੈ। ਇਸ ਲਈ ਇਸ ਘਟਨਾ ’ਤੇ ਵੀ ਸੋਚ ਸਮਝ ਕੇ ਵਿਚਾਰ ਕਰਨਾ ਪਵੇਗਾ। ਸੱਚ ਇਹ ਹੈ ਕਿ ਹਾਲਾਤ ਨੂੰ ਸੰਭਾਲਣ ਲਈ ਕੋਈ ਰੇਲ ਅਧਿਕਾਰੀ ਜਾਂ ਆਰ. ਪੀ. ਐੱਫ. ਦੇ ਜਵਾਨ ਜਾਂ ਹੋਰ ਕਰਮਚਾਰੀ ਪਲੇਟਫਾਰਮ ’ਤੇ ਹੈ ਹੀ ਨਹੀਂ ਸਨ।
ਹਾਂ, ਟ੍ਰੈਜਡੀ ਹੋ ਜਾਣ ਤੋਂ ਬਾਅਦ ਸਮਝ ’ਚ ਆਈ ਅਤੇ ਭੀੜ ਪ੍ਰਬੰਧਨ ਲਈ ਆਰ.ਪੀ.ਐੱਫ., ਐੱਨ. ਡੀ. ਆਰ. ਐੱਫ ਅਤੇ ਦਿੱਲੀ ਪੁਲਸ ਦੇ ਜਵਾਨ ਤੱਕ ਤਾਇਨਾਤ ਕਰ ਦਿੱਤੇ ਗਏ। ਇਹੀ ਵਿਵਸਥਾ ਪਹਿਲਾਂ ਕੀਤੀ ਜਾਂਦੀ ਤਾਂ ਅਜਿਹੀ ਦੁਖਦਾਈ ਘਟਨਾ ਨਾ ਵਾਪਰਦੀ ਪਰ ਇਹ ਰੇਲਵੇ ਦੇ ਰਵਾਇਤੀ ਰੋਗਾਂ ਦਾ ਨਤੀਜਾ ਹੈ। ਸਾਰੇ 18 ਮ੍ਰਿਤਕਾਂ ਦੇ ਪੋਸਟਮਾਰਟਮ ’ਚ ਇਹੀ ਦੱਸਿਆ ਗਿਆ ਹੈ ਕਿ ਟ੍ਰਾਮੈਟਿਕ ਐਕਸਫੇਸੀਆ ਨਾਲ ਮੌਤ ਹੋਈ। ਭਾਵ ਛਾਤੀ ਅਤੇ ਪੇਟ ਦੇ ਉਪਰਲੇ ਹਿੱਸਿਆਂ ’ਤੇ ਦਬਾਅ ਪੈਣ ਨਾਲ ਸਾਹ ਅਤੇ ਖੂਨ ਦਾ ਵਹਾਅ ਰੁਕ ਗਿਆ। ਅਜਿਹਾ ਹੋਣ ਨਾਲ ਦਮ ਘੁੱਟ ਜਾਂਦਾ ਹੈ ਅਤੇ ਮੌਤ ਹੋ ਜਾਂਦੀ ਹੈ। ਥੋੜ੍ਹੀ-ਬਹੁਤ ਜਿੰਨੀ ਜਾਣਕਾਰੀ ਹੈ ਉਸ ਦੇ ਅਨੁਸਾਰ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 14 ’ਤੇ ਭਾਜੜ ਮਚੀ ਸੀ ਪਰ ਕਿਉਂ? ਜਾਣਕਾਰੀ ਅਨੁਸਾਰ ਪਲੇਟਫਾਰਮ ਨੰ.12, 13, 14 ਅਤੇ 15 ’ਤੇ ਵਿਅਕਤੀ ਦੇ ਖੜ੍ਹੇ ਹੋਣ ਦੀ ਵੀ ਜਗ੍ਹਾ ਨਹੀਂ ਸੀ। ਸੁਤੰਤਰਾ ਸੈਨਾਨੀ ਐਕਸਪ੍ਰੈੱਸ ਅਤੇ ਭੁਵਨੇਸ਼ਵਰ ਰਾਜਧਾਨੀ ਦੇਰ ਨਾਲ ਚੱਲ ਰਹੀਆਂ ਸਨ। ਇਸ ਦੇ ਯਾਤਰੀ ਵੀ ਸਨ। ਦੂਜੇ ਪਾਸੇ ਮਗਧ ਐਕਸਪ੍ਰੈੱਸ ਅਤੇ ਸ਼ਿਵਗੰਗਾ ਐਕਸਪ੍ਰੈੱਸ ’ਚ ਬਿਨਾਂ ਟਿਕਟ ਅਤੇ ਜਨਰਲ ਟਿਕਟ ਵਾਲੇ ਯਾਤਰੀਆਂ ਨੇ ਰਾਖਵੀਆਂ-ਗੈਰ ਰਾਖਵੀਆਂ ਸਾਰੀਆਂ ਬੋਗੀਆਂ ’ਤੇ ਇਕ ਤਰ੍ਹਾਂ ਨਾਲ ਕਬਜ਼ਾ ਕਰ ਲਿਆ। ਦੋਵੇਂ ਟਰੇਨਾਂ ਨਿਕਲ ਗਈਆਂ, ਇਸ ਲਈ ਇਸ ਦੇ ਯਾਤਰੀ ਵੀ ਪਲੇਟਫਾਰਮ ’ਤੇ ਰਹਿ ਗਏ। ਪਲੇਟਫਾਮ 12 ਤੋਂ ਸ਼ਿਵਗੰਗਾ ਐਕਸਪ੍ਰੈੱਸ ਅਤੇ 14 ਤੋਂ ਮਗਧ ਐਕਸਪ੍ਰੈੱਸ ਗਈ ਸੀ। ਪਲੇਟਫਾਰਮ 14 ਅਤੇ 15 ਤੋਂ ਪ੍ਰਯਾਗਰਾਜ ਐਕਸਪ੍ਰੈੱਸ ਅਤੇ ਵਾਰਾਣਸੀ ਸੁਪਰਫਾਸਟ ਜਾਣੀ ਸੀ। ਸੁਭਾਵਿਕ ਹੀ ਇਨ੍ਹਾਂ ਦੋਵਾਂ ਪਲੇਟਫਾਰਮਾਂ ’ਤੇ ਆਉਣ ਲਈ ਯਾਤਰੀ ਪਲੇਟਫਾਰਮ 16 ਵਲੋਂ ਆ ਰਹੇ ਸਨ।
ਜਿਵੇਂ ਜਾਣਕਾਰੀ ਹੈ ਕਿ ਇਸ ਦੌਰਾਨ ਐਲਾਨ ਹੋਇਆ ਕਿ ਪਲੇਟਫਾਰਮ 16 ਤੋਂ ਪ੍ਰਯਾਗਰਾਜ ਸਪੈਸ਼ਲ ਟਰੇਨ ਰਵਾਨਾ ਹੋਵੇਗੀ। ਕੁਝ ਦਾ ਕਹਿਣਾ ਹੈ ਕਿ ਪ੍ਰਯਾਗਰਾਜ ਸਪੈਸ਼ਲ ਅਤੇ ਪ੍ਰਯਾਗਰਾਜ ਐਕਸਪ੍ਰੈੱਸ ਨੂੰ ਲੈ ਕੇ ਭੁਲੇਖਾ ਹੋਣ ਕਾਰਨ ਵੀ ਲੋਕ ਪਲੇਟਫਾਰਮ 16 ਵੱਲ ਭੱਜਣ ਲੱਗੇ ਅਤੇ ਇਸੇ ਕਾਰਨ ਪੌੜੀਆਂ ’ਤੇ ਦਬਾਅ ਵਧਿਆ ਅਤੇ ਇੰਨੀ ਵੱਡੀ ਤ੍ਰਾਸਦੀ ਹੋ ਗਈ। ਇਨ੍ਹਾਂ ਘਟਨਾਵਾਂ ਨੂੰ ਵੀ ਦੇਖੀਏ ਤਾਂ ਸਾਫ ਹੋ ਜਾਂਦਾ ਹੈ ਕਿ ਰੇਲਵੇ ਨੇ ਕਿਸੇ ਪੱਧਰ ’ਤੇ ਲੋੜੀਂਦਾ ਪ੍ਰਬੰਧ ਨਹੀਂ ਕੀਤਾ। ਜੇ ਐਲਾਨ ’ਚ ਦੱਸਿਆ ਜਾਂਦਾ ਹੈ ਕਿ ਇਹ ਪ੍ਰਯਾਗਰਾਜ ਐਕਸਪ੍ਰੈੱਸ ਨਹੀਂ ਹੈ, ਪ੍ਰਯਾਗਰਾਜ ਸਪੈਸ਼ਲ ਹੈ ਤਾਂ ਵੀ ਬਹੁਤੀ ਸਮੱਸਿਆ ਨਾ ਹੁੰਦੀ। ਧਿਆਨ ਰੱਖੋ, ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਯਾਤਰੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਇੰਟੀਗ੍ਰੇਟਡ ਸੀ. ਸੀ. ਟੀ. ਵੀ. ਮਾਨੀਟਰਿੰਗ ਪ੍ਰਣਾਲੀ ਹੈ। ਡੀ. ਆਰ. ਐੱਮ. ਦਫਤਰ ਤੋਂ ਸਕਰੀਨ ’ਤੇ ਸਟੇਸ਼ਨ ਅਤੇ ਹੋਰ ਵਿਵਸਥਾਵਾਂ ਦੀ ਨਿਗਰਾਨੀ ਕੀਤੀ ਜਾਂਦੀ ਹੈ ਤਾਂ ਇਹ ਸੰਭਵ ਹੀ ਨਹੀਂ ਹੈ ਕਿ ਹਾਲਾਤ ਦਿਖਾਈ ਨਾ ਦੇ ਰਹੇ ਹੋਣ। ਧਿਆਨ ਨਾਲ ਦੇਖਿਆ ਜਾਵੇ ਤਾਂ ਸੀ. ਸੀ. ਟੀ. ਵੀ. ’ਚ ਲੋਕਾਂ ਦੀ ਆਪਸੀ ਗੱਲਬਾਤ ਦਾ ਵੀ ਪਤਾ ਲੱਗਦਾ ਹੈ। ਉਂਝ ਵੀ ਹਫਤੇ ਦੇ ਅੰਤ ’ਚ ਸ਼ਨੀਵਾਰ ਅਤੇ ਐਤਵਾਰ ਨੂੰ ਰੇਲਵੇ ਸਟੇਸ਼ਨਾਂ ’ਤੇ ਭਾਰੀ ਭੀੜ ਹੁੰਦੀ ਹੈ। ਹੋਲੀ ਦਾ ਤਿਉਹਾਰ ਆਉਣ ਤੋਂ ਕਾਫੀ ਪਹਿਲਾਂ ਪੂਰਬੀ ਉੱਤਰ ਪ੍ਰਦੇਸ਼, ਬਿਹਾਰ, ਬੰਗਾਲ, ਪੂਰਬ ਉੱਤਰ, ਝਾਰਖੰਡ ਆਦਿ ਦੇ ਲੋਕ ਆਪਣੇ ਪਿੰਡਾਂ-ਸ਼ਹਿਰਾਂ ਵੱਲ ਜਾਣਾ ਚਾਹੁੰਦੇ ਹਨ ਅਤੇ ਇਹ ਲੰਬੇ ਸਮੇਂ ਦਾ ਰੁਝਾਨ ਰਿਹਾ ਹੈ। ਇਸ ਸਮੇਂ ਕੁੰਭ ਵੱਲ ਜਾਣ ਦਾ ਪੂਰੇ ਦੇਸ਼ ’ਚ ਮਾਹੌਲ ਹੈ ਅਤੇ ਹਾਦਸਿਆਂ ਜਾਂ ਹੋਰ ਗੱਲਾਂ ਤੋਂ ਲੋਕ ਪ੍ਰਭਾਵਿਤ ਨਹੀਂ ਹੋ ਰਹੇ ਹਨ।
ਇਸ ਦਾ ਧਿਆਨ ਰੱਖਦੇ ਹੋਏ ਦਿੱਲੀ ਦੇ ਘੱਟ ਤੋਂ ਘੱਟ ਆਨੰਦ ਵਿਹਾਰ, ਨਵੀਂ ਦਿੱਲੀ ਅਤੇ ਪੁਰਾਣੀ ਦਿੱਲੀ ਰੇਲਵੇ ਸਟੇਸ਼ਨਾਂ ’ਤੇ ਵਿਸ਼ੇਸ਼ ਵਿਵਸਥਾ ਹੋਣੀ ਹੀ ਚਾਹੀਦੀ ਸੀ। ਆਮ ਲੋਕਾਂ ਨੂੰ ਸਿਰਫ ਉਨ੍ਹਾਂ ਦੀ ਕਿਸਮਤ ਦੇ ਭਰੋਸੇ ਨਹੀਂ ਛੱਡ ਸਕਦੇ। ਅਜਿਹਾ ਹੀ ਰੇਲਵੇ ਨੇ ਕੀਤਾ। ਯਕੀਨੀ ਤੌਰ ’ਤੇ ਇਸ ਮਾੜੀ ਵਿਵਸਥਾ ਅਤੇ ਮੌਤ ਲਈ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ। ਰੇਲਵੇ ਦੀ ਯਾਤਰਾ ਕਰਨ ਵਾਲੇ ਹਰੇਕ ਵਿਅਕਤੀ ਨੂੰ ਹਮੇਸ਼ਾ ਕੁਝ ਨਾ ਕੁਝ ਦੁਖਦਾਈ ਅਤੇ ਗੈਰ-ਸਹੂਲਤਜਨਕ ਤਜਰਬੇ ਹੁੰਦੇ ਹਨ ਅਤੇ ਸਾਡੇ ਦੇਸ਼ ’ਚ ਇਨ੍ਹਾਂ ਨੂੰ ਝੱਲਣ ਦੀ ਆਦਤ ਪਈ ਹੋਈ ਹੈ। ਬਦਕਿਸਮਤੀ ਨਾਲ ਇਸ ਹਾਦਸੇ ਤੋਂ ਬਾਅਦ ਕੁੰਭ ਨੂੰ ਹੀ ਨਿਸ਼ਾਨਾ ਬਣਾਇਆ ਜਾਣ ਲੱਗਾ ਹੈ ਜਿਵੇਂ ਦੋਸ਼ੀ ਰੇਲਵੇ ਨਹੀਂ ਕੁੰਭ ਹੋਵੇ। ਕੁੰਭ ਸਾਡੀ ਸੱਭਿਅਤਾ, ਸੰਸਕ੍ਰਿਤੀ ਅਤੇ ਅਧਿਆਤਮ ਦਾ ਅਜਿਹਾ ਸ਼ਾਨਦਾਰ ਆਯੋਜਨ ਹੈ ਜਿਸ ’ਤੇ ਕਿਸੇ ਤਰ੍ਹਾਂ ਦਾ ਗ੍ਰਹਿਣ ਨਹੀਂ ਲੱਗਣਾ ਚਾਹੀਦਾ। ਕੇਂਦਰ ਅਤੇ ਸੂਬਾ ਸਰਕਾਰ ਨੂੰ ਨਿਸ਼ਾਨਾ ਬਣਾਉਣਾ ਵੀ ਸਿਆਸੀ ਟੀਚਾ ਹੁੰਦਾ ਹੈ। ਜਿਨ੍ਹਾਂ ਕਾਰਨਾਂ ਕਾਰਨ ਟ੍ਰੈਜਡੀ ਹੋਈ ਉਨ੍ਹਾਂ ’ਤੇ ਗੱਲ ਹੋਵੇ। ਵਿਰੋਧੀ ਧਿਰ ਸਰਕਾਰ ਦੀ ਆਲੋਚਨਾ ਕਰੇ, ਕਾਰਵਾਈ ਦੀ ਮੰਗ ਕਰੇ ਇਸ ਤੋਂ ਇਨਕਾਰੀ ਨਹੀਂ ਹਾਂ ਪਰ ਕੁੰਭ ਨੂੰ ਇਸ ਲਈ ਨਿਸ਼ਾਨਾ ਨਾ ਬਣਾਇਆ ਜਾਵੇ। ਇਹੀ ਸਾਡੇ ਦੇਸ਼, ਸਮਾਜ ਅਤੇ ਸਾਰਿਆਂ ਦੇ ਹਿੱਤ ’ਚ ਹੋਵੇਗਾ।
ਅਵਧੇਸ਼ ਕੁਮਾਰ
ਵਧਦਾ ਜਾ ਰਿਹਾ ਸਰੀਰ ’ਚ ਲੁਕਾ ਕੇ ਨਸ਼ਿਆਂ ਦੀ ਸਮੱਗਲਿੰਗ ਦਾ ਰੁਝਾਨ
NEXT STORY