ਹੁਣ ਜਦੋਂ ਕਿ ਬਿਹਾਰ ਵਿਧਾਨ ਸਭਾ ਦੀਆਂ ਚੋਣਾਂ ਲਈ ਪਹਿਲੇ ਪੜਾਅ ’ਚ 121 ਸੀਟਾਂ ’ਤੇ ਲਗਭਗ 65 ਫੀਸਦੀ ਵੋਟਾਂ ਪੈ ਚੁੱਕੀਆਂ ਹਨ ਜਿਨ੍ਹਾਂ ਨੂੰ ਇਸ ਲਈ ਵੀ ਇਤਿਹਾਸਕ ਦੱਸਿਆ ਗਿਆ ਹੈ ਕਿ ਇਨ੍ਹਾਂ ਨੇ 25 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ ਹੈ, ਹੁਣ 11 ਨਵੰਬਰ ਨੂੰ ਦੂਜੇ ਪੜਾਅ ਦੀਆਂ ਵੋਟਾਂ ਪੈਣ ਵਾਲੀਆਂ ਹਨ। ਇਸ ਚੋਣ ਦੌਰਾਨ ਸਭ ਦੇ ਧੂੰਆਧਾਰ ਪ੍ਰਚਾਰ ਦੀ ਗਰਦ ਬੈਠ ਰਹੀ ਹੈ ਇਸ ਲਈ ਸੁਭਾਵਿਕ ਸਵਾਲ ਇਹੀ ਰਹਿ ਗਿਆ ਕਿ ਇਸ ਵਾਰ ਚੋਣਾਂ ਦਾ ਊਠ ਕਿਸ ਕਰਵਟ ਬੈਠੇਗਾ
ਇਸ ਵਿਸ਼ੇ ’ਤੇ ਕਿਸੇ ਭਵਿੱਖਵਾਣੀ ਜਾਂ ਸਿੱਟੇ ’ਤੇ ਪਹੁੰਚਣ ਤੋਂ ਪਹਿਲਾਂ ਕੁਝ ਮੂਲ ਤੱਥ ਹਨ ਜੋ ਵਿਸਥਾਰ ਨਾਲ ਸਾਹਮਣੇ ਰੱਖਣੇ ਹੋਣਗੇ, ਇੰਝ ਹੋਣ ਨਾਲ ਇਨ੍ਹਾਂ ਚੋਣਾਂ ਨੇ ਨਤੀਜਿਆਂ ਦੀ ਦਿਸ਼ਾ ਸਪੱਸ਼ਟ ਹੋਵੇਗੀ।
ਇਹ ਬਿਨਾਂ ਵਿਵਾਦ ਤੋਂ ਸੱਚਾਈ ਹੈ ਕਿ ਦੇਸ਼ ਦੀ ਮੌਜੂਦਾ ਸਿਆਸਤ ’ਚ ਨਿਤੀਸ਼ ਕੁਮਾਰ ਇਕ ਅਜਿਹੀ ਹਸਤੀ ਵਜੋਂ ਨਿਖਰੇ ਹਨ ਜੋ ਇੰਨੀ ਸਮਰੱਥਾ ਰੱਖਦੇ ਹਨ ਕਿ ਉਹ ਜਿਧਰ ਵੀ ਹੋਣਗੇ, ਸੱਤਾਧਿਰ ਉਧਰ ਹੀ ਹੋਵੇਗੀ। ਪਿਛਲੇ ਸਾਲ ਜਦੋਂ ਲੋਕ ਸਭਾ ਦੀਆਂ ਚੋਣਾਂ ਦੇ ਨਤੀਜੇ ਸਾਹਮਣੇ ਆਏ ਸਨ ਤਾਂ ‘ਅਭ ਕੀ ਬਾਰ 400 ਪਾਰ’ ਦੇ ਨਾਅਰੇ ਲਾਉਣ ਵਾਲੀ ਭਾਜਪਾ ਸਿਰਫ 240 ਸੀਟਾਂ ’ਤੇ ਹੀ ਅਟਕ ਗਈ ਸੀ। ਜੋ ਸਾਧਾਰਨ ਬਹੁਮਤ ਦੀ ਗਿਣਤੀ 273 ਤੋਂ ਵੀ ਘੱਟ ਸੀ। ਇਸ ਭਿਆਨਕ ਸਿਆਸੀ ਸੰਕਟ ਦੌਰਾਨ ਨਿਤੀਸ਼ ਨੇ ਨਾ ਸਿਰਫ ਲੋੜੀਂਦਾ ਸਹਿਯੋਗ ਦਿੱਤਾ ਸਗੋਂ ਤੇਲਗੂ ਦੇਸ਼ਮ ਦੇ ਮੁਖੀ ਚੰਦਰਬਾਬੂ ਨਾਇਡੂ ਕੋਲੋਂ ਵੀ ਹਮਾਇਤ ਦਿਵਾਈ।
ਉਦੋਂ 8 ਜੂਨ 2024 ਨੂੰ ‘ਪੰਜਾਬ ਕੇਸਰੀ ਗਰੁੱਪ’ ’ਚ ਮੇਰਾ ਇਕ ਲੇਖ ਛਪਿਆ ਸੀ ਜਿਸ ਦਾ ਸਿਰਲੇਖ ਸੀ ‘ਵਿਰੋਧੀ ਏਕਤਾ ਦਾ ਸੂਤਰਧਾਰ ਰਹੇ ਨਿਤੀਸ਼ ਹੁਣ ਰਾਜਗ ਦੇ ਕਿੰਗ ਮੇਕਰ ਬਣੇ।’ ਉਦੋਂ ਜਨਤਾ ਦਲ ਅਤੇ ਤੇਲਗੂ ਦੇਸ਼ਮ ਦੇ ਮੈਂਬਰਾਂ ਦੀ ਗਿਣਤੀ 28 ਸੀ ਅਤੇ ਉਨ੍ਹਾਂ ਨੂੰ ਮਿਲਾਉਣ ਕਾਰਨ ਭਾਜਪਾ ਸਾਧਾਰਨ ਬਹੁਮਤ ਦੇ ਨੇੜੇ ਪਹੁੰਚ ਗਈ ਸੀ। ਫਿਰ ਕੁਝ ਹੋਰ ਆਜ਼ਾਦ ਮੈਂਬਰਾਂ ਅਤੇ ਹੋਰਨਾਂ ਪਾਰਟੀਆਂ ਦੀ ਹਮਾਇਤ ਦੇ ਦਮ ’ਤੇ ਨਰਿੰਦਰ ਮੋਦੀ ਤੀਜੀ ਵਾਰ ਪ੍ਰਧਾਨ ਮੰਤਰੀ ਬਣੇ।
ਉਸ ਸਮੇਂ ਕਾਂਗਰਸ ਸਮੇਤ ਹੋਰਨਾਂ ਕੁਝ ਪਾਰਟੀਆਂ ਨੇ ਰਾਸ਼ਟਰੀ ਕਾਂਗਰਸ ਦੇ ਨੇਤਾ ਸ਼ਰਧ ਪਵਾਰ ਵਲੋਂ ਤਿਕੜਮ ਲਾਉਣ ਦੀ ਕੋਸ਼ਿਸ਼ ਜ਼ਰੂਰ ਕੀਤੀ ਗਈ ਪਰ ਨਿਤੀਸ਼ ਕੁਮਾਰ ਨੇ ਉਨ੍ਹਾਂ ਦੇ ਝਾਂਸੇ ’ਚ ਆਉਣ ਤੋਂ ਸਾਫ ਨਾਂਹ ਕਰ ਦਿੱਤੀ। ਇਹ ਸਮੁੱਚੀ ਵਿਰੋਧੀ ਧਿਰ ਲਈ ਇਕ ਜ਼ੋਰਦਾਰ ਝਟਕਾ ਸੀ ਜਿਨ੍ਹਾਂ ਨੇ ਭਾਜਪਾ ਨੂੰ ਛੱਡਣ ਤੋਂ ਬਾਅਦ ਨਿਤੀਸ਼ ਕੁਮਾਰ ਵਲੋਂ ਵਿਰੋਧੀ ਧਿਰ ਦੀ ਏਕਤਾ ਲਈ ਕੀਤੇ ਗਏ ਅਣਗਿਣਤ ਯਤਨਾਂ ਨੂੰ ਨਾ ਸਿਰਫ ਲਾਂਭੇ ਕੀਤਾ ਸਗੋਂ ਨਿਤੀਸ਼ ਕੁਮਾਰ ਨੂੰ ਬਣਦਾ ਮਾਣ-ਸਨਮਾਨ ਵੀ ਨਹੀਂ ਦਿੱਤਾ। ਇੱਥੋਂ ਹੀ ਦੇਸ਼ ਦੀ ਭਵਿੱਖ ਦੀ ਸਿਆਸਤ ਦੀ ਦਿਸ਼ਾ ਨਿਰਧਾਰਿਤ ਹੋਈ ਅਤੇ ਵਿਰੋਧੀ ਧਿਰ ਹੱਥ ਮਿਲਦੀ ਰਹਿ ਗਈ।
ਇੱਥੇ ਇਕ ਹੋਰ ਘਟਨਾ ਦਾ ਜ਼ਿਕਰ ਕਰਨਾ ਵੀ ਜ਼ਰੂਰੀ ਹੈ। 2016 ’ਚ ਬਿਹਾਰ ’ਚ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਮੁਕੰਮਲ ਸ਼ਰਾਬਬੰਦੀ ਲਾਗੂ ਕਰ ਦਿੱਤੀ ਜੋ ਸਮਾਜ ਕਲਿਆਣ ਲਈ ਇਕ ਕ੍ਰਾਂਤੀਕਾਰੀ ਕਦਮ ਸੀ, ਉਦੋਂ ਮੈਂ ਇਸ ਵਿਸ਼ੇ ’ਤੇ ਇਕ ਲੇਖ ਲਿਖਿਆ ਸੀ ਜੋ 26 ਮਈ 2016 ਨੂੰ ‘ਪੰਜਾਬ ਕੇਸਰੀ ਗੁਰੱਪ’ ’ਚ ਛਪਿਆ ਸੀ, ਉਦੋਂ ਨਿਤੀਸ਼ ਕੁਮਾਰ ਨੇ ਮੈਨੂੰ ਦੱਸਿਆ ਸੀ ਕਿ ਸੂਬੇ ’ਚ ਪਤੀਆਂ ਵਲੋਂ ਲਗਾਤਾਰ ਸ਼ਰਾਬ ਪੀਣ ਅਤੇ ਪਤਨੀਆਂ ਨਾਲ ਕੁੱਟਮਾਰ ਕਰਨ ਦੀਆਂ ਬਹੁਤ ਸਾਰੀਆਂ ਘਟਨਾਵਾਂ ਲਗਾਤਾਰ ਵਾਪਰਦੀਆਂ ਰਹਿੰਦੀਆਂ ਹਨ। ਇਸ ਕਾਰਨ ਨਾ ਸਿਰਫ ਅਪਰਾਧਾਂ ਦੀ ਗਿਣਤੀ ਵਧ ਰਹੀ ਹੈ ਸਗੋਂ ਅਜਿਹੀਆਂ ਔਰਤਾਂ ਵੀ ਬਹੁਤ ਦੁਖੀ ਹਨ। ਮੁਕੰਮਲ ਸ਼ਰਾਬ ਬੰਦੀ ਲਾਗੂ ਹੋਣ ਪਿੱਛੋਂ ਅਜਿਹੀਆਂ ਘਟਨਾਵਾਂ ਬਿਲਕੁਲ ਬੰਦ ਤਾਂ ਨਹੀਂ ਹੋਈਆਂ ਪਰ ਕਾਫੀ ਹੱਦ ਤੱਕ ਘਟ ਗਈਆਂ। ਇਸ ਨਾਲ ਮਨੋਵਿਗਿਆਨਿਕ ਢੰਗ ਨਾਲ ਔਰਤਾਂ ਦੀ ਵੱਡੀ ਹਮਾਇਤ ਨਿਤੀਸ਼ ਕੁਮਾਰ ਨੂੰ ਮਿਲੀ।
ਹੁਣ ਬਿਹਾਰ ਦੇ ਪਹਿਲੇ ਪੜਾਅ ਦੀ 6 ਨਵੰਬਰ ਨੂੰ ਪੋਲਿੰਗ ’ਚ ਔਰਤਾਂ ਦੀ ਭਾਰੀ ਹਮਾਇਤ ਜਨਤਾ ਦਲ (ਯੂ) ਅਤੇ ਭਾਜਪਾ ਦੇ ਗੱਠਜੋੜ ਨੂੰ ਮਿਲੀ। ਔਰਤਾਂ ਦੀ ਇਹ ਭਾਰੀ ਹਮਾਇਤ ਬਿਹਾਰ ਦੀ ਸਿਆਸਤ ’ਚ ਗੇਮ ਯੋਜਨਾ ਸਿੱਧ ਹੋਈ ਹੈ।
ਬਿਹਾਰ ਦੀਆਂ ਚੋਣਾਂ ’ਚ ਇਸ ਵਾਰ ਰਾਸ਼ਟਰੀ ਜਨਤਾ ਦਲ ਦੇ ਆਗੂ ਲਾਲੂ ਯਾਦਵ ਗਾਇਬ ਰਹੇ ਕਿਉਂਕਿ ਉਨ੍ਹਾਂ ਵਿਰੁੱਧ ਚਾਰਾ ਘਪਲੇ ’ਚ ਚਾਰ ਵਾਰ ਜੇਲ ਜਾਣ ਪਿੱਛੋਂ ਹੁਣ ਰੇਲਵੇ ’ਚ ਜ਼ਮੀਨ ਦੇ ਬਦਲੇ ਨੌਕਰੀ ਦੇ ਮਾਮਲੇ ਵੀ ਚੱਲ ਰਹੇ ਹਨ। ਕਾਂਗਰਸ ਤਾਂ ਬਿਹਾਰ ’ਚ ਪਹਿਲਾਂ ਹੀ ਮਾੜੀ ਹਾਲਤ ਭਾਵ ਹਾਸ਼ੀਏ ’ਤੇ ਹੈ।
ਰਾਹੁਲ ਗਾਂਧੀ ਦੀ ‘ਵੋਟ ਚੋਰੀ’ ਦੀ ਮਨਘੜਤ ਰਟ ਨੇ ਪਾਰਟੀ ਨੂੰ ਕੋਈ ਲਾਭ ਨਹੀਂ ਪਹੁੰਚਾਇਆ ਹੈ, ਕਾਰਨ ਸਪੱਸ਼ਟ ਹੈ 2019 ਦੀਆਂ ਆਮ ਚੋਣਾਂ ’ਚ ਤਾਂ ਕਾਂਗਰਸ ਮੁਸ਼ਕਲ ਨਾਲ 50 ਦਾ ਅੰਕੜਾ ਪਾਰ ਕਰ ਸਕੀ ਸੀ ਅਤੇ ਉਦੋਂ ਉਸ ਨੂੰ ਲੋਕ ਸਭਾ ’ਚ ਵਿਰੋਧੀ ਧਿਰ ਦਾ ਦਰਜਾ ਵੀ ਨਹੀਂ ਮਿਲ ਸਕਿਆ ਸੀ। 2024 ਦੀਆਂ ਆਮ ਚੋਣਾਂ ’ਚ ਕਾਂਗਰਸ ਨੂੰ 99 ਸੀਟਾਂ ਮਿਲੀਆਂ। ਇਹ ਕਾਂਗਰਸ ਦੀ ਵੱਡੀ ਪ੍ਰਾਪਤੀ ਸੀ। ਇਸ ਤੋਂ ਇਹ ਤਾਂ ਸਿੱਧ ਹੋ ਗਿਆ ਕਿ ਚੋਣ ਕਮਿਸ਼ਨ ਨੇ ਮੁਕੰਮਲ ਨਿਰਪੱਖਤਾ ਦਿਖਾਈ ਅਤੇ ਨਰਿੰਦਰ ਮੋਦੀ ਨੇ ਚੋਣ ਪ੍ਰਕਿਰਿਆ ਪਾਰਦਰਸ਼ੀ ਢੰਗ ਨਾਲ ਹੋਣ ਦਿੱਤੀ। ਅਜਿਹੀ ਹਾਲਤ ’ਚ ‘ਵੋਟ ਚੋਰੀ’ ਦਾ ਭੁਲੇਖਾ ਪਾਓ ਨਾਅਰਾ ਕਾਂਗਰਸ ਸਮੇਤ ਵਿਰੋਧੀ ਧਿਰ ਲਈ ਪੁੱਠਾ ਪੈ ਗਿਆ।
ਜੇ ਵੋਟ ਚੋਰੀ ਨੂੰ ਸੱਚ ਮੰਨ ਲਿਆ ਜਾਵੇ ਤਾਂ 2024 ’ਚ ਕਾਂਗਰਸ 50 ਤੋਂ 99 ਕਿਵੇਂ ਪਹੁੰਚੀ?
ਅੰਤ ’ਚ ਇਹ ਕਹਿਣਾ ਬਣਦਾ ਹੈ ਕਿ ਦੇਸ਼ ’ਚ ਸਿਆਸਤ ਕਿਸੇ ਇਕ ਪਾਰਟੀ ਨੂੰ ਮੁਕੰਮਲ ਬਹੁਮਤ ਦਿਵਾਉਣ ਵਾਲੀ ਦਿਖਾਈ ਨਹੀਂ ਦਿੰਦੀ। ਬੇਸ਼ੱਕ ਭਾਜਪਾ ਦਾ ਕੋਈ ਨੇਤਾ ਇਹ ਕਹੇ ਕਿ ਹੁਣ ‘ਬੇਸਾਖੀਆਂ ਦੇ ਸਹਾਰੇ’ ਬਹੁਤਾ ਸਮਾਂ ਨਹੀਂ ਚੱਲ ਸਕਦੇ। ਬਿਹਾਰ ਦੀਆਂ ਇਨ੍ਹਾਂ ਚੋਣਾਂ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨਿਤੀਸ਼ ਦੀ ਰਵਾਇਤੀ ਨੇੜਤਾ ਸਭ ਖਦਸ਼ਿਆਂ ਨੂੰ ਨਿਰਮੂਲ ਸਾਬਤ ਕਰਦੀ ਆਈ ਹੈ। ਕਿਸੇ ਨੇਤਾ ਨੇ ਅਗਲੇ ਮੁੱਖ ਮੰਤਰੀ ਦਾ ਮਾਮਲਾ ਵਿਧਾਇਕਾਂ ’ਤੇ ਛੱਡਣ ਦੀ ਗੱਲ ਕਹੀ ਸੀ ਪਰ ਪ੍ਰਧਾਨ ਮੰਤਰੀ ਨੇ ਆਪਣੇ ਜਲਸਿਆਂ ’ਚ ਇਹ ਸਪੱਸ਼ਟ ਐਲਾਨ ਕੀਤਾ ਕਿ ਇਹ ਚੋਣਾਂ ਨਿਤੀਸ਼ ਕੁਮਾਰ ਦੀ ਅਗਵਾਈ ’ਚ ਹੀ ਲੜੀਆਂ ਜਾ ਰਹੀਆਂ ਹਨ ਅਤੇ ਉਹ ਹੀ ਬਿਹਾਰ ਦੇ ਅਗਲੇ ਮੁੱਖ ਮੰਤਰੀ ਹੋਣਗੇ।
ਇਨ੍ਹਾਂ ਚੋਣਾਂ ’ਚ ਪ੍ਰਸ਼ਾਂਤ ਕਿਸ਼ੋਰ ਦੀ ਜਨ ਸਵਰਾਜ ਪਾਰਟੀ ਦਾ ਅਜੇ ਤੱਕ ਕੋਈ ਖਾਤਾ ਵੀ ਨਹੀਂ ਖੁੱਲ੍ਹ ਸਕਿਆ, ਸਿਆਸੀ ਵਿਸ਼ਲੇਸ਼ਕ ਹੋਣਾ ਹੋਰ ਗੱਲ ਹੈ ਅਤੇ ਸਿਆਸੀ ਪਾਰਟੀ ਬਣਾ ਕੇ ਚੋਣ ਲੜਨਾ ਵੱਖਰਾ ਮਾਮਲਾ ਹੈ, ਬਿਹਾਰ ਦੀਆਂ ਚੋਣਾਂ ਦੇ ਨਤੀਜੇ ਦੇਸ਼ ਦੀ ਅਗਲੀ ਸਿਆਸਤ ਦੀ ਦਿਸ਼ਾ ਨੂੰ ਤੈਅ ਕਰਨਗੇ।
–ਓਮ ਪ੍ਰਕਾਸ਼ ਖੇਮਕਰਨੀ (ਸਾਬਕਾ ਮੈਂਬਰ ਪ੍ਰੈੱਸ ਕੌਂਸਲ ਆਫ ਇੰਡੀਆ)
‘ਜ਼ੋਹਰਾਨ ਮਮਦਾਨੀ’ ਨਿਊਯਾਰਕ ਦੇ ਮਿਹਨਤੀ ਲੋਕਾਂ ਲਈ ਇਕ ਚੈਂਪੀਅਨ ਹੋਣਗੇ
NEXT STORY