ਗੈਸ ਫੁੱਲ ਫਲੇਮ ’ਤੇ ਹੈ। ਉਸ ਉੱਤੇ ਤਵਾ ਰੱਖਿਆ ਹੈ, ਇਕ ਸੱਸ ਆਪਣੀ ਨੂੰਹ ਦਾ ਹੱਥ ਜ਼ਬਰਦਸਤੀ ਤਪਦੇ ਤਵੇ |ਤੇ ਰੱਖ ਦਿੰਦੀ ਹੈ। ਨੂੰਹ ਚੀਕਾਂ ਮਾਰਦੀ ਹੈ, ਰੌਲਾ ਪਾਉਂਦੀ ਹੈ, ਘਰ ਵਿਚ ਪਤੀ ਹੈ, ਨਣਦ ਹੈ, ਸਹੁਰਾ ਹੈ ਪਰ ਕੋਈ ਕੁਝ ਨਹੀਂ ਬੋਲਦਾ।
ਇਕ ਫੌਜੀ ਘਰ ਵਾਪਸ ਆਉਂਦਾ ਹੈ। ਉਹ ਦਰਵਾਜ਼ੇ ਵਿਚੋਂ ਝਾਕਦਾ ਹੈ। ਨੂੰਹ ਆਪਣੀ ਮਾਂ ਨੂੰ ਬਹੁਤ ਕੁੱਟ ਰਹੀ ਹੈ। ਉਹ ਉਸ ਦੇ ਵਾਲ ਖਿੱਚ ਰਹੀ ਹੈ। ਉਸ ਦਾ ਬੁਆਏਫ੍ਰੈਂਡ ਵੀ ਉਸ ਦੇ ਨਾਲ ਹੈ। ਇਸ ਦੌਰਾਨ ਪਤੀ ਫ਼ੋਨ ਕਰਦਾ ਹੈ, ਤਾਂ ਉਹ ਸੱਸ ਨੂੰ ਧਮਕੀ ਦਿੰਦੀ ਹੈ ਕਿ ਜੇ ਉਸ ਨੇ ਆਪਣੇ ਪੁੱਤਰ ਨੂੰ ਕੁਝ ਦੱਸਿਆ ਤਾਂ ਉਹ ਉਸ ਦਾ ਅਜਿਹਾ ਹਾਲ ਕਰੇਗੀ ਕਿ ਯਾਦ ਰੱਖੇਗੀ। ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਹਨ। ਪਤੀ ਆਪਣੀ ਪਤਨੀ ਦੇ ਖਾਣ-ਪੀਣ ਵਿਚ ਜ਼ਹਿਰ ਮਿਲਾ ਰਿਹਾ ਹੈ। ਪਤਨੀ ਆਪਣੇ ਪਤੀ ਨਾਲ ਵੀ ਇਹੀ ਕਰ ਰਹੀ ਹੈ।
ਉਹ ਘਰੇਲੂ ਸਹਾਇਕਾਂ ਦੀ ਮਦਦ ਨਾਲ ਆਪਣੇ ਪਤੀ ਨੂੰ ਮਰਵਾਉਣ ਦੀਆਂ ਯੋਜਨਾਵਾਂ ਬਣਾ ਰਹੀ ਹੈ ਤਾਂ ਜੋ ਉਹ ਸਾਰੀ ਜਾਇਦਾਦ ਪ੍ਰਾਪਤ ਕਰ ਸਕੇ ਅਤੇ ਆਪਣੇ ਬੁਆਏਫ੍ਰੈਂਡ ਨਾਲ ਆਰਾਮ ਨਾਲ ਰਹਿ ਸਕੇ। ਸੱਸ ਨੂੰਹ ਨੂੰ ਘਰੋਂ ਕੱਢ ਰਹੀ ਹੈ। ਉਹ ਕਈ ਤਰ੍ਹਾਂ ਦੇ ਜ਼ੁਲਮ ਕਰ ਰਹੀ ਹੈ। ਨੂੰਹ ਆਪਣੀ ਸੱਸ ਨੂੰ ਬਿਰਧ ਆਸ਼ਰਮ ਭੇਜ ਰਹੀ ਹੈ। ਪਤੀ ਪਤਨੀ ਨੂੰ ਧਮਕੀ ਦੇ ਰਿਹਾ ਹੈ ਕਿ ਉਹ ਘਰ ਛੱਡ ਕੇ ਚਲੀ ਜਾਵੇ, ਤਲਾਕ ਦੇ ਕਾਗਜ਼ ਘਰ ਪਹੁੰਚ ਜਾਣਗੇ। ਜਿਵੇਂ ਕਿ ਸਿਰਫ਼ ਇਕ ਹੀ ਧਿਰ ਆਪਣੀ ਮਰਜ਼ੀ ਨਾਲ ਤਲਾਕ ਲੈ ਸਕਦੀ ਹੋਵੇ। ਇਸੇ ਤਰ੍ਹਾਂ ਇਕ ਪੁੱਤਰ ਆਪਣੀ ਪਤਨੀ ਨੂੰ ਬਹੁਤ ਮਾਰਦਾ-ਕੁੱਟਦਾ ਹੈ। ਸੱਸ, ਨਣਦ, ਸਹੁਰਾ ਸਾਰੇ ਹੀ ਨੂੰਹ ਦਾ ਪੱਖ ਲੈਂਦੇ ਹਨ।
ਜੇ ਨੂੰਹ ਬੀਮਾਰ ਹੋ ਜਾਂਦੀ ਹੈ ਤਾਂ ਸੱਸ ਉਸ ਨੂੰ ਡਾਕਟਰ ਕੋਲ ਲੈ ਜਾਂਦੀ ਹੈ। ਡਾਕਟਰ ਨੂੰਹ ਤੋਂ ਇਹ ਪੁੱਛਦਾ ਵੀ ਹੈ ਕਿ ਉਸ ਦੇ ਮੱਥੇ ’ਤੇ ਸੱਟ ਕਿਵੇਂ ਲੱਗੀ। ਫਿਰ ਉਹ ਆਪ ਕਹਿੰਦਾ ਹੈ ਕਿ ਮੈਨੂੰ ਪਤਾ ਹੈ ਕਿ ਤੁਸੀਂ ਕਹੋਗੇ ਕਿ ਉਹ ਡਿੱਗ ਪਈ ਜਾਂ ਕੰਧ ਨਾਲ ਟਕਰਾ ਗਈ ਪਰ ਇਹ ਸੱਚ ਨਹੀਂ ਹੈ। ਫਿਰ ਉਹ ਸੱਸ ਨੂੰ ਕਹਿੰਦਾ ਹੈ ਕਿ ਹੁਣ ਅਜਿਹਾ ਕੁਝ ਨਹੀਂ ਹੋਣਾ ਚਾਹੀਦਾ ਕਿਉਂਕਿ ਉਹ ਮਾਂ ਬਣਨ ਵਾਲੀ ਹੈ। ਜਿਵੇਂ ਕਿ ਜੇ ਨੂੰਹ ਮਾਂ ਬਣਨ ਵਾਲੀ ਨਾ ਹੁੰਦੀ ਤਾਂ ਉਸ ਨੂੰ ਕੁੱਟਣਾ ਜਾਇਜ਼ ਹੈ।
ਘਰ ਆਉਣ ਤੋਂ ਬਾਅਦ ਸੱਸ ਦੱਸਦੀ ਹੈ ਕਿ ਸਾਡੇ ਘਰ ਇਕ ਧੀ ਆਉਣ ਵਾਲੀ ਹੈ। ਪਤੀ ਪਤਨੀ ਨੂੰ ਧਮਕੀ ਦਿੰਦਾ ਹੈ ਕਿ ਉਹ ਕਿਸੇ ਵੀ ਕੀਮਤ ’ਤੇ ਕੁੜੀ ਨਹੀਂ, ਮੁੰਡਾ ਚਾਹੁੰਦਾ ਹੈ, ਇਸ ਲਈ ਉਸ ਨੂੰ ਤੁਰੰਤ ਇਸ ਬੱਚੇ ਦਾ ਗਰਭਪਾਤ ਕਰਵਾ ਦੇਣਾ ਚਾਹੀਦਾ ਹੈ। ਮਤਰੇਏ ਮਾਪੇ ਆਪਣੇ ਮਤਰੇਏ ਬੱਚਿਆਂ ਨਾਲ ਕਿੰਨਾ ਦੁਰਵਿਵਹਾਰ ਕਰ ਰਹੇ ਹਨ। ਔਰਤਾਂ ਨੂੰ ਦਾਜ ਲਈ ਤੰਗ ਕੀਤਾ ਜਾ ਰਿਹਾ ਹੈ। ਮੈਂ ਇਹ ਸਾਰੀਆਂ ਗੱਲਾਂ ਆਪਣੇ ਦਿਲੋਂ ਨਹੀਂ ਕਹਿ ਰਹੀ। ਮੈਂ ਪਿਛਲੇ ਕੁਝ ਦਿਨਾਂ ਵਿਚ ਇਹ ਸਾਰੇ ਵੀਡੀਓ ਦੇਖੇ ਹਨ। ਫੇਸਬੁੱਕ ’ਤੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਵੀਡੀਓਜ਼ ਹਨ। ਵੀਡੀਓਜ਼ ਦੇ ਅੰਤ ਵਿਚ ਉਨ੍ਹਾਂ ਨੂੰ ਵੱਧ ਤੋਂ ਵੱਧ ਸਾਂਝਾ ਕਰਨ ਬਾਰੇ ਗੱਲਾਂ ਕੀਤੀਆਂ ਜਾਂਦੀਆਂ ਹਨ।
ਅਜਿਹਾ ਲੱਗਦਾ ਹੈ ਕਿ ਵੀਡੀਓ ਬਣਾਉਣ ਵਾਲੇ ਲੋਕਾਂ ਨੂੰ ਭਾਰਤੀ ਕਾਨੂੰਨ ਦਾ ਕੋਈ ਗਿਆਨ ਹੀ ਨਹੀਂ ਹੈ। ਦਾਜ ਦੇਣਾ ਅਤੇ ਲੈਣਾ ਇਕ ਅਪਰਾਧ ਹੈ। ਬੱਚਿਆਂ, ਬਜ਼ੁਰਗਾਂ ਅਤੇ ਔਰਤਾਂ ਵਿਰੁੱਧ ਹਿੰਸਾ ਕਰਨਾ ਅਪਰਾਧ ਹੈ। ਕਿਸੇ ਨੂੰ ਜ਼ਹਿਰ ਦੇ ਕੇ ਮਾਰਨਾ ਵੀ ਇਕ ਅਪਰਾਧ ਹੈ। ਗਰਭ ਵਿਚ ਬੱਚੇ ਦੇ ਲਿੰਗ ਦੀ ਜਾਂਚ ਕਰਨਾ ਵੀ ਇਕ ਅਪਰਾਧ ਹੀ ਹੈ ਪਰ ਇਸ ਬਾਰੇ ਤਰਕ ਇਹ ਦਿੱਤਾ ਜਾਂਦਾ ਹੈ ਕਿ ਅੰਤ ਵਿਚ ਸਾਨੂੰ ਇਕ ਸਕਾਰਾਤਮਕ ਨੋਟ ’ਤੇ ਹੀ ਸਮਾਪਤ ਕਰਨਾ ਪਵੇਗਾ। ਅੰਤ ਭਲਾ ਤਾਂ ਸਭ ਭਲਾ।
ਆਖ਼ਿਰਕਾਰ, ਇਹ ਜ਼ਰੂਰੀ ਨਹੀਂ ਹੈ ਕਿ ਹਰ ਕੋਈ ਇਨ੍ਹਾਂ ਵੀਡੀਓਜ਼ ਨੂੰ ਅੰਤ ਤੱਕ ਦੇਖਦਾ ਹੋਵੇ। ਕਈ ਵਾਰ ਲੋਕ ਇਸ ਦਾ ਅੱਧਾ ਹਿੱਸਾ ਦੇਖ ਕੇ ਹੀ ਛੱਡ ਦਿੰਦੇ ਹਨ ਪਰ ਇਨ੍ਹਾਂ ਵਿਚ ਦਿਖਾਈ ਗਈ ਹਿੰਸਾ ਪਿੱਛਾ ਨਹੀਂ ਛੱਡਦੀ। ਇਹ ਜਿੰਨੀ ਹਿੰਸਾ, ਬਦਲੇ ਅਤੇ ਤਸੀਹਿਆਂ ਨਾਲ ਭਰੀਆਂ ਹੋਈਆਂ ਹਨ, ਉਨ੍ਹਾਂ ਤੋਂ ਲੋਕ ਹਿੰਸਾ ਦੇ ਵੱਖ-ਵੱਖ ਤਰੀਕੇ ਸਿੱਖ ਸਕਦੇ ਹਨ। ਔਰਤਾਂ ਅਤੇ ਬੱਚਿਆਂ ਨੂੰ ਮਾਰਨਾ ਕਿਵੇਂ ਜਾਇਜ਼ ਠਹਿਰਾਇਆ ਜਾ ਸਕਦਾ ਹੈ? ਬਜ਼ੁਰਗਾਂ ਨੂੰ ਘਰੋਂ ਬਾਹਰ ਕੱਢਣਾ ਕਿਸ ਸੱਭਿਆਚਾਰ ਦਾ ਹਿੱਸਾ ਕਿਹਾ ਜਾ ਸਕਦਾ ਹੈ? ਕਿਹਾ ਜਾਂਦਾ ਹੈ ਕਿ ਲੋਕ ਇਹ ਸਭ ਕੁਝ ਸਾਡੀਆਂ ਫਿਲਮਾਂ, ਸੀਰੀਅਲਾਂ ਅਤੇ ਓ. ਟੀ. ਟੀ. ਪਲੇਟਫਾਰਮਾਂ ’ਤੇ ਦਿਖਾਏ ਜਾਣ ਵਾਲੇ ਕਈ ਤਰ੍ਹਾਂ ਦੇ ਹਿੰਸਕ ਅਤੇ ਗਾਲਾਂ ਨਾਲ ਭਰੇ ਪ੍ਰੋਗਰਾਮਾਂ ਤੋਂ ਸਿੱਖਦੇ ਹਨ।
ਸਿਰਫ ਫਿਲਮਾਂ ਤੋਂ ਪ੍ਰੇਰਣਾ ਲੈ ਕੇ ਕਿੰਨੇ ਕਤਲ ਕੀਤੇ ਜਾਂਦੇ ਹਨ। ਉਹ ਗਾਲ੍ਹਾਂ ਜੋ ਸਿਰਫ਼ ਔਰਤਾਂ ਪ੍ਰਤੀ ਅਪਮਾਨ ਨਾਲ ਭਰੀਆਂ ਹੁੰਦੀਆਂ ਹਨ, ਉਨ੍ਹਾਂ ਦੇ ਰਿਸ਼ਤਿਆਂ ਨੂੰ ਵੀ ਨੀਵਾਂ ਦਿਖਾਉਂਦੀਆਂ ਹਨ, ਸਾਡੇ ਸਮਾਜ ਵਿਚ ਔਰਤਾਂ ਨਾਲ ਸਬੰਧਤ ਸਾਰੇ ਰਿਸ਼ਤਿਆਂ ਦੀਆਂ ਗਾਲ੍ਹਾਂ ਬਹੁਤ ਦਿੱਤੀਆਂ ਜਾਂਦੀਆਂ ਹਨ ਪਰ ਕੋਈ ਵੀ ਉਨ੍ਹਾਂ ਦਾ ਵਿਰੋਧ ਨਹੀਂ ਕਰਦਾ। ਇਹ ਅੱਜਕੱਲ੍ਹ ਬਹੁਤ ਕੂਲ ਹਨ। ਇਹ ਗਾਲ੍ਹਾਂ ਅਕਸਰ ਮੈਟਰੋ ਵਿਚ ਜਾਂ ਨੌਜਵਾਨਾਂ ਦੀ ਗੱਲਬਾਤ ਵਿਚ ਬਹੁਤ ਜ਼ਿਆਦਾ ਵਰਤੀਆਂ ਜਾਂਦੀਆਂ ਹਨ। ਇਹ ਸੋਚਣ ਦਾ ਵਿਸ਼ਾ ਹੈ ਕਿ ਉਹ ਅਜਿਹੀਆਂ ਕਹਾਣੀਆਂ ਤੋਂ ਕਿਸ ਤਰ੍ਹਾਂ ਦੀ ਸਿੱਖਿਆ ਲੈ ਰਹੇ ਹੋਣਗੇ।
ਪਰ ਜਦੋਂ ਪੂਰੀ ਸਫਲਤਾ ਇਸ ਗੱਲ ’ਤੇ ਤੈਅ ਹੁੰਦੀ ਹੈ ਕਿ ਕਹਾਣੀ ਅਤੇ ਵਿਜ਼ੂਅਲ ਨੂੰ ਵੱਧ ਤੋਂ ਵੱਧ ਹਿੰਸਾ ਨਾਲ ਭਰਿਆ ਜਾਵੇ ਤਾਂ ਜੋ ਵੱਧ ਤੋਂ ਵੱਧ ਲੋਕ ਉਨ੍ਹਾਂ ਨੂੰ ਦੇਖਣ ਅਤੇ ਇਸ਼ਤਿਹਾਰ ਮਿਲਣ, ਤਾਂ ਇਨ੍ਹਾਂ ਦੇ ਇਰਾਦੇ ਨੂੰ ਸਮਝਿਆ ਜਾ ਸਕਦਾ ਹੈ ਤੇ ਕਿਹਾ ਇਹ ਜਾਂਦਾ ਹੈ ਕਿ ਅਸੀਂ ਕੁਝ ਨਵਾਂ ਨਹੀਂ ਦਿਖਾ ਰਹੇ, ਇਹ ਸਭ ਸਾਡੇ ਸਮਾਜ ਵਿਚ ਹੁੰਦਾ ਹੈ, ਇਸੇ ਲਈ ਅਸੀਂ ਇਹ ਦਿਖਾ ਰਹੇ ਹਾਂ। ਕੁਝ ਮਰਿਆਦਾਵਾਂ ਵੀ ਹੁੰਦੀਆਂ ਹਨ, ਜਿਨ੍ਹਾਂ ਨੂੰ ਅਕਸਰ ਭੁਲਾ ਦਿੱਤਾ ਜਾਂਦਾ ਹੈ।
ਪਰ ਅੱਜਕੱਲ੍ਹ ਮਰਿਆਦਾਵਾਂ ਦੀਆਂ ਗੱਲਾਂ ਕਰਨਾ ਰੂੜੀਵਾਦੀ ਅਤੇ ਪੱਛੜਿਆ ਹੋਣਾ ਮੰਨਿਆ ਜਾਂਦਾ ਹੈ। ਰਣਵੀਰ ਇਲਾਹਾਬਾਦੀਆ ਦਾ ਮਾਮਲਾ ਸਭ ਦੇ ਸਾਹਮਣੇ ਹੀ ਹੈ। ਵੈਸੇ ਵੀ, ਸਮਾਜ ਵਿਚ ਜੋ ਵੀ ਹੋ ਰਿਹਾ ਹੈ ਅਤੇ ਜੇ ਇਹ ਜੀਵਨ ਦੇ ਮਿਆਰਾਂ ਦੇ ਅਨੁਸਾਰ ਨਹੀਂ ਹੈ ਤਾਂ ਇਸ ਦਾ ਵਿਰੋਧ ਕੀਤਾ ਜਾਣਾ ਚਾਹੀਦਾ ਹੈ ਜਾਂ ਇਨ੍ਹਾਂ ਨੂੰ ਵਧਾ-ਚੜ੍ਹਾਅ ਕੇ ਨਹੀਂ ਦਿਖਾਉਣਾ ਚਾਹੀਦਾ। ਇਨ੍ਹਾਂ ਸਾਰੀਆਂ ਚੀਜ਼ਾਂ ਕਰ ਕੇ ਹੀ ਪੋਰਨ ਅਤੇ ਸੈਕਸ ਇੰਡਸਟਰੀ ਚੱਲਦੀ ਹੈ। ਬੱਚਿਆਂ ਵਿਰੁੱਧ ਹਰ ਤਰ੍ਹਾਂ ਦੇ ਅਪਰਾਧਾਂ, ਇੱਥੋਂ ਤੱਕ ਕਿ ਜਬਰ-ਜ਼ਨਾਹ ਲਈ ਵੀ ਪੋਰਨ ਬਹੁਤ ਹੱਦ ਤੱਕ ਜ਼ਿੰਮੇਵਾਰ ਹੈ।
ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਦੇ ਹੱਕਾਂ ਦੀ ਗੱਲ ਕਰਨ ਵਾਲੇ ਕਿੱਥੇ ਹਨ? ਜਦੋਂ ਵੀ ਇਨ੍ਹਾਂ ’ਤੇ ਕੁਝ ਪਾਬੰਦੀਆਂ ਲਗਾਉਣ ਦੀ ਗੱਲ ਹੁੰਦੀ ਹੈ, ਤਾਂ ਸੈਂਸਰਸ਼ਿਪ ਅਤੇ ਪ੍ਰਗਟਾਵੇ ਦੀ ਆਜ਼ਾਦੀ ਦੇ ਸਮਰਥਕ ਮੈਦਾਨ ਵਿਚ ਆ ਜਾਂਦੇ ਹਨ। ਅਜਿਹੇ ਪ੍ਰੋਗਰਾਮਾਂ ’ਤੇ ਪਾਬੰਦੀ ਜ਼ਰੂਰ ਲਾਈ ਜਾਣੀ ਚਾਹੀਦੀ ਹੈ।
ਸ਼ਮਾ ਸ਼ਰਮਾ
ਮਨੋਰੰਜਨ ਦੇ ਨਾਂ ’ਤੇ ਅਸ਼ਲੀਲਤਾ ਰੋਕਣ ਲਈ ਪ੍ਰਭਾਵੀ ਕਾਨੂੰਨ ਦੀ ਲੋੜ
NEXT STORY