ਸਾਬਕਾ ਵਿਦਿਆਰਥੀ ਨੇ ਸਿੱਖਿਆ ਲਈ ਦਿੱਤਾ ਧਨ ਤੇ ਇਕ ਔਰਤ ਨੇ ਭਵਨ! ਹਾਲਾਂਕਿ ਲੋਕ ਸਰਕਾਰ ਕੋਲੋਂ ਸਭ ਤਰ੍ਹਾਂ ਦੀਆਂ ਸਹੂਲਤਾਂ ਦੀ ਉਮੀਦ ਕਰਦੇ ਹਨ ਪਰ ਕਈ ਵਾਰ ਮਜਬੂਰੀਆਂ ਕਾਰਨ ਸਰਕਾਰ ਲਈ ਉਨ੍ਹਾਂ ਦੀਆਂ ਮੰਗਾਂ ਤੁਰੰਤ ਪੂਰੀਆਂ ਕਰ ਸਕਣਾ ਸੰਭਵ ਵੀ ਨਹੀਂ ਹੁੰਦਾ। ਅਜਿਹੇ ’ਚ ਚੰਦ ਲੋਕ ਦੇਸ਼ ਅਤੇ ਸਮਾਜ ਪ੍ਰਤੀ ਆਪਣਾ ਕਰਤੱਵ ਸਮਝ ਕੇ ਖੁਦ ਅੱਗੇ ਆਉਂਦੇ ਹਨ ਅਤੇ ਜੋ ਕੰਮ ਸਰਕਾਰ ਨੂੰ ਕਰਨਾ ਚਾਹੀਦਾ ਹੈ ਉਹ ਖੁਦ ਕਰ ਕੇ ਇਕ ਮਿਸਾਲ ਪੇਸ਼ ਕਰਦੇ ਹਨ। ਆਪਣੇ ਦਮ ’ਤੇ ਪੁਲ ਅਤੇ ਸੜਕਾਂ ਬਣਾਉਣੀਆਂ ਅਤੇ ਸਿੱਖਿਆ ਲਈ ਧਨ ਅਤੇ ਭਵਨ ਦੇਣ ਦੀਆਂ ਅਜਿਹੀਆਂ ਹੀ ਪ੍ਰੇਰਣਾਮਈ ਮਿਸਾਲਾਂ ਪਾਠਕਾਂ ਦੀ ਜਾਣਕਾਰੀ ਲਈ ਹੇਠਾਂ ਦਰਜ ਹਨ :
* ਹਿਮਾਚਲ ਪ੍ਰਦੇਸ਼ ’ਚ ਕੁੱਲੂ ਜ਼ਿਲੇ ’ਚ 1 ਅਗਸਤ ਨੂੰ ਅਚਾਨਕ ਆਏ ਹੜ੍ਹ ’ਚ ‘ਮਲਾਣਾ’ ਨੂੰ ਦੂਜੇ ਪਿੰਡ ਨਾਲ ਜੋੜਨ ਵਾਲੀ ‘ਮਲਾਣਾ’ ਖੱਡ ’ਤੇ ਬਣਿਆ ਪੁਲ ਰੁੜ੍ਹ ਗਿਆ ਸੀ।
ਸੂਬੇ ’ਚ ਵੱਡੇ ਪੱਧਰ ’ਤੇ ਆਈ ਆਫਤ ਦੇ ਮੱਦੇਨਜ਼ਰ ਸਥਾਨਕ ਪ੍ਰਸ਼ਾਸਨ ਨੇ ਸਹਾਇਤਾ ਮਿਲਣ ’ਚ ਦੇਰੀ ਨੂੰ ਭਾਂਪਦਿਆਂ ਉਡੀਕ ਕਰਨ ਅਤੇ ਹੱਥ ’ਤੇ ਹੱਥ ਧਰ ਕੇ ਬੈਠਣ ਦੀ ਥਾਂ 300 ਪਿੰਡ ਵਾਸੀਆਂ (ਹਰ ਪਰਿਵਾਰ ’ਚੋਂ ਇਕ ਵਿਅਕਤੀ) ਨੇ ਪਿੰਡ ਨੂੰ ਜੋੜਨ ਵਾਲੇ ਅਸਥਾਈ ਪੁਲ ਦਾ ਖੁਦ ਹੀ ਨਿਰਮਾਣ ਕਰ ਕੇ ਆਪਣੀ ਸਮੱਸਿਆ ਸੁਲਝਾ ਲਈ, ਜਿਸ ਨਾਲ ਹੁਣ ਉਨ੍ਹਾਂ ਨੂੰ ਆਉਣ ਜਾਣ ਦੀ ਸਹੂਲਤ ਹੋ ਗਈ ਹੈ।
ਲੋਕਾਂ ਦੇ ਕਿਰਤ ਦਾਨ ਰਾਹੀਂ ਨਿਰਮਿਤ ਇਸ ਅਸਥਾਈ ਪੁਲ ਨੂੰ ਹੀ ਪਾਰ ਕਰ ਕੇ 6 ਅਗਸਤ ਨੂੰ ਡਾਕਟਰਾਂ ਦੀ ਟੀਮ ਇਲਾਕਾ ਵਾਸੀਆਂ ਦੀ ਸਿਹਤ ਦੀ ਜਾਂਚ ਕਰਨ ਲਈ ‘ਮਲਾਣਾ’ ਪਹੁੰਚਣ ’ਚ ਸਫਲ ਹੋ ਸਕੀ।
* ਅਜਿਹੀ ਹੀ ਇਕ ਮਿਸਾਲ ਝਾਰਖੰਡ ’ਚ ਰਾਂਚੀ ਦੇ ‘ਰਾਤੂ’ ਬਲਾਕ ਦੇ ‘ਮਾਲਟੋਂਟੀ’ ਪਿੰਡ ਦੇ ਨਾਗਰਿਕਾਂ ਨੇ ਪੇਸ਼ ਕੀਤੀ ਹੈ। ਇਸ ਪਿੰਡ ਨੂੰ ਦੂਜੇ ਪਿੰਡਾਂ ਨਾਲ ਜੋੜਨ ਵਾਲੀ ਸੜਕ ਟੁੱਟ ਜਾਣ ਕਾਰਨ ਜਦ ਇਹ ਪੈਦਲ ਚੱਲਣ ਲਾਇਕ ਵੀ ਨਾ ਰਹੀ ਅਤੇ ਜਨ ਪ੍ਰਤੀਨਿਧੀਆਂ ਨੇ ਉਨ੍ਹਾਂ ਦੀ ਪੁਕਾਰ ਨਹੀਂ ਸੁਣੀ ਤਾਂ ਖੁਦ ਹੀ ਉਨ੍ਹਾਂ ਨੇ ਕਿਰਤ ਦਾਨ ਕਰ ਕੇ ਇਸ ਸੜਕ ਨੂੰ ਚੱਲਣ ਲਾਇਕ ਬਣਾ ਦਿੱਤਾ।
* ਝਾਰਖੰਡ ਦੇ ਲਾਤੇਹਾਰ ’ਚ ਵੀ ‘ਸਰਈਡੀਹ’ ਪਿੰਡ ਦੇ ਵਾਸੀਆਂ ਨੇ ਸਰਕਾਰੀ ਤੰਤਰ ਦੀ ਉਦਾਸੀਨਤਾ ਕਾਰਨ ਕਿਰਤ ਦਾਨ ਕਰ ਕੇ ਕੱਚੀ ਸੜਕ ਦਾ ਨਿਰਮਾਣ ਕੀਤਾ ਹੈ। ਪਿੰਡ ਦੇ ਲੋਕਾਂ ਅਨੁਸਾਰ ਪਿੰਡ ’ਚ ਸੜਕ ਅਤੇ ਹੋਰ ਸਹੂਲਤਾਂ ਨਾ ਹੋਣ ਕਾਰਨ ਇੱਥੋਂ ਦੇ ਨੌਜਵਾਨਾਂ-ਲੜਕੀਆਂ ਦੇ ਵਿਆਹ ਲਈ ਕੋਈ ਪੁੱਛਣ ਵੀ ਨਹੀਂ ਆਉਂਦਾ। ਸੜਕ ਬਣਨ ਨਾਲ ਸ਼ਾਇਦ ਹੁਣ ਉਨ੍ਹਾਂ ਦੀ ਸਮੱਸਿਆ ਕੁਝ ਸੁਲਝ ਜਾਵੇ।
ਸਿੱਖਿਆ ਨੂੰ ਬੜ੍ਹਾਵਾ ਦੇਣ ਲਈ ਦਾਨਵੀਰਤਾ ਦੀਆਂ ਹੇਠਲੀਆਂ ਪ੍ਰੇਰਣਾਮਈ ਮਿਸਾਲਾਂ ਵੀ ਹਾਲ ਹੀ ’ਚ ਸਾਹਮਣੇ ਆਈਆਂ ਹਨ :
* ਭਾਰਤੀ ਤਕਨੀਕੀ ਸੰਸਥਾਨ (ਆਈ. ਆਈ. ਟੀ.) ਮਦਰਾਸ ਦੇ ਸਾਬਕਾ ਵਿਦਿਆਰਥੀ ‘ਡਾ. ਕ੍ਰਿਸ਼ਨਾ ਚਿਵੂਕੁਲਾ’ ਨੇ ਆਪਣੇ ਇਸ ਸਿੱਖਿਆ ਸੰਸਥਾਨ ਨੂੰ 228 ਕਰੋੜ ਰੁਪਏ ਦਾ ਦਾਨ ਦੇ ਕੇ ਇਕ ਮਿਸਾਲ ਪੇਸ਼ ਕੀਤੀ ਹੈ।
ਡਾ. ਕ੍ਰਿਸ਼ਨਾ ਵੱਲੋਂ ਦਿੱਤਾ ਗਿਆ ਇਹ ਦਾਨ ਭਾਰਤ ਦੇ ਇਤਿਹਾਸ ’ਚ ਕਿਸੇ ਵੀ ਸਿੱਖਿਆ ਸੰਸਥਾਨ ਨੂੰ ਮਿਲਿਆ ਹੁਣ ਤੱਕ ਦਾ ਸਭ ਤੋਂ ਵੱਡਾ ਦਾਨ ਹੈ।
ਉਨ੍ਹਾਂ ਦੇ ਇਸ ਯੋਗਦਾਨ ਨੂੰ ਮਾਨਤਾ ਪ੍ਰਦਾਨ ਕਰਦੇ ਹੋਏ ਸੰਸਥਾਨ ਦੇ ਪ੍ਰਬੰਧਕਾਂ ਨੇ ਆਪਣੇ ਇਕ ਅਕਾਦਮਿਕ ਬਲਾਕ ਦਾ ਨਾਂ ‘ਕ੍ਰਿਸ਼ਨਾ ਚਿਵੂਕੁਲਾ ਬਲਾਕ’ ਰੱਖਿਆ ਹੈ। ਦਾਨ ’ਚ ਮਿਲੀ ਇਸ ਰਕਮ ਦੀ ਵਰਤੋਂ ਸੰਸਥਾਨ ਵੱਲੋਂ ਕਈ ਮੰਤਵਾਂ ਨੂੰ ਪੂਰਾ ਕਰਨ ਲਈ ਕੀਤੀ ਜਾਵੇਗੀ।
* ਦਾਨਸ਼ੀਲਤਾ ਦੀ ਇਕ ਹੋਰ ਮਿਸਾਲ ਛੱਤੀਸਗੜ੍ਹ ਦੇ ‘ਗਰੀਆਬੰਦ’ ਜ਼ਿਲੇ ਦੇ ‘ਮੁੜਾ’ ਪਿੰਡ ’ਚ ਇਕ ਦਾਨਵੀਰ ਮਹਿਲਾ ਗੁਨੋਬਾਈ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਮਿਲਿਆ ਮਕਾਨ ਇਕ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਦਾਨ ਕਰ ਕੇ ਪੇਸ਼ ਕੀਤੀ ਹੈ। ਵਰਨਣਯੋਗ ਹੈ ਕਿ ਸਕੂਲ ਦੀ ਇਮਾਰਤ ਬਣਾਉਣ ਦੀ ਮਨਜ਼ੂਰੀ ਸਾਲ 2006 ’ਚ ਦਿੱਤੀ ਗਈ ਸੀ ਪਰ ਇਮਾਰਤ ਨਹੀਂ ਬਣੀ।
ਸਕੂਲ ਦੀ ਇਮਾਰਤ ਖਸਤਾਹਾਲ ਹੋਣ ਕਾਰਨ ਬੱਚਿਆਂ ਦੀ ਸੁਰੱਖਿਆ ਲਈ ਹਮੇਸ਼ਾ ਖਤਰਾ ਬਣਿਆ ਰਹਿੰਦਾ ਸੀ। ਹੁਣ ਇੱਥੇ ਅਨੇਕ ਬੱਚੇ ਸਿੱਖਿਆ ਪ੍ਰਾਪਤ ਕਰ ਰਹੇ ਹਨ ਅਤੇ ਗੁਨੋਬਾਈ ਖੁਦ ਆਪਣੇ ਬੇਟੇ ਨਾਲ ਇਕ ਪੁਰਾਣੇ ਮਕਾਨ ’ਚ ਹੀ ਰਹਿ ਰਹੀ ਹੈ।
ਆਪਣੇ ਇਸ ਕਦਮ ਦੇ ਸਬੰਧ ’ਚ ਗੁਨੋਬਾਈ ਦਾ ਕਹਿਣਾ ਹੈ ਕਿ ‘‘ਬੱਚਿਆਂ ਦੀ ਤਕਲੀਫ ਨੂੰ ਦੇਖ ਕੇ ਆਪਣਾ ਪੀ. ਐੱਮ. ਆਵਾਸ ਸਕੂਲ ਨੂੰ ਦੇ ਕੇ ਮੈਨੂੰ ਅਜਿਹਾ ਲੱਗਾ ਕਿ ਮੇਰੇ ਸਾਰੇ ਕਸ਼ਟ ਦੂਰ ਹੋ ਗਏ।’’
ਇਨਸਾਨ ਦੇ ਦ੍ਰਿੜ੍ਹ ਸੰਕਲਪ ਦੀਆਂ ਉਕਤ ਮਿਸਾਲਾਂ ਜਿੱਥੇ ਇਹ ਸਿੱਧ ਕਰਦੀਆਂ ਹਨ ਕਿ ਵਿਅਕਤੀ ਜੇ ਹਿੰਮਤ ਤੋਂ ਕੰਮ ਲਵੇ ਤਾਂ ਕੁਝ ਵੀ ਕਰ ਸਕਦਾ ਹੈ, ਉੱਥੇ ਹੀ ਇਹ ਸਰਕਾਰ ਦੇ ਮੂੰਹ ’ਤੇ ਇਕ ਥੱਪੜ ਵੀ ਹੈ ਕਿ ਜੋ ਕੰਮ ਸਰਕਾਰਾਂ ਨੂੰ ਕਰਨੇ ਚਾਹੀਦੇ ਹਨ ਉਹ ਹੁਣ ਆਮ ਜਨਤਾ ਨਿਰਾਸ਼ ਹੋ ਕੇ ਖੁਦ ਕਰ ਰਹੀ ਹੈ।
- ਵਿਜੇ ਕੁਮਾਰ
ਪੰਜਾਬ ਦੀ ਅਣਦੇਖੀ : ਨਾ ਸੈਂਟ੍ਰਲ ਟੈਕਸ ਪੂਲ ’ਚੋਂ ਸਹੀ ਹਿੱਸਾ, ਨਾ ਕੋਈ ਪੈਕੇਜ
NEXT STORY