ਸ਼ਰਾਬ ਦੇ ਮਾੜੇ ਪ੍ਰਭਾਵਾਂ ਨੂੰ ਵੇਖਦੇ ਹੋਏ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੇ ਗੁਲਾਮੀ ਦੇ ਦੌਰ ਵਿਚ ਐਲਾਨ ਕੀਤਾ ਸੀ ਕਿ ‘‘ਜੇਕਰ ਭਾਰਤ ਦਾ ਰਾਜ ਅੱਧੇ ਘੰਟੇ ਲਈ ਵੀ ਮੇਰੇ ਹੱਥਾਂ ਵਿਚ ਆ ਜਾਵੇ ਤਾਂ ਮੈਂ ਬਿਨਾਂ ਕਿਸੇ ਮੁਆਵਜ਼ੇ ਦੇ ਸਾਰੀਆਂ ਡਿਸਟਿਲਰੀਆਂ ਅਤੇ ਸ਼ਰਾਬ ਦੀਆਂ ਦੁਕਾਨਾਂ ਬੰਦ ਕਰ ਦਿਆਂਗਾ।’’
ਇੰਨਾ ਹੀ ਨਹੀਂ ਗਾਂਧੀ ਜੀ ਨੇ ਔਰਤਾਂ ਨੂੰ ਆਜ਼ਾਦੀ ਅੰਦੋਲਨ ਨਾਲ ਵੀ ਜੋੜਿਆ ਅਤੇ ਉਨ੍ਹਾਂ ਨੂੰ ਦੇਸ਼ ਦੇ ਹਰ ਕੋਨੇ ਵਿਚ ਜਾ ਕੇ ਸ਼ਰਾਬ ਦੀਆਂ ਦੁਕਾਨਾਂ ਦੇ ਬਾਹਰ ਵਿਰੋਧ ਪ੍ਰਦਰਸ਼ਨ ਕਰਨ ਅਤੇ ਉਨ੍ਹਾਂ ਨੂੰ ਬੰਦ ਕਰਵਾਉਣ ਲਈ ਕਿਹਾ। ਹਾਲਾਂਕਿ ਇਹ ਸੰਭਾਵਨਾ ਸੀ ਕਿ ਜਦੋਂ ਔਰਤਾਂ ਵਿਰੋਧ ਕਰਨਗੀਆਂ ਤਾਂ ਉਨ੍ਹਾਂ ਨੂੰ ਜ਼ਰੂਰ ਗ੍ਰਿਫ਼ਤਾਰ ਕੀਤਾ ਜਾਵੇਗਾ ਅਤੇ ਇਕ-ਇਕ ਸਾਲ ਦੀ ਸਜ਼ਾ ਸੁਣਾਈ ਜਾਵੇਗੀ।
ਗਾਂਧੀ ਜੀ ਦੇ ਸੱਦੇ ’ਤੇ ਮੇਰੇ ਸਤਿਕਾਰਯੋਗ ਮਾਤਾ ਸ਼ਾਂਤੀ ਦੇਵੀ ਚੋਪੜਾ ਸਮੇਤ ਬਹੁਤ ਸਾਰੀਆਂ ਔਰਤਾਂ ਨੇ ਸ਼ਰਾਬ ਦੀਆਂ ਦੁਕਾਨਾਂ ਦੇ ਬਾਹਰ ਪ੍ਰਦਰਸ਼ਨ ਕਰ ਕੇ ਗ੍ਰਿਫਤਾਰੀ ਿਦੱਤੀ ਅਤੇ ਕੈਦ ਕੱਟੀ ਸੀ। ਮੈਂ ਉਦੋਂ 3-4 ਮਹੀਨਿਆਂ ਦਾ ਸੀ ਅਤੇ ਮੈਂ ਵੀ ਉਨ੍ਹਾਂ ਨਾਲ ਜੇਲ ਵਿਚ ਰਿਹਾ।
ਸਾਡੀਆਂ ਸਰਕਾਰਾਂ ਸ਼ਰਾਬ ਤੋਂ ਵਧੇਰੇ ਮਾਲੀਆ ਪ੍ਰਾਪਤ ਕਰਨ ਲਈ ਸ਼ਰਾਬ ਦੀਆਂ ਦੁਕਾਨਾਂ ਨੂੰ ਠੇਕੇ ’ਤੇ ਦਿੰਦੀਆਂ ਹਨ ਅਤੇ ਉਨ੍ਹਾਂ ਦੀ ਬੋਲੀ ਹਰ ਸਾਲ ਵਧਦੀ ਜਾਂਦੀ ਹੈ। ਇਸ ਕਾਰਨ ਹਰ ਸਾਲ ਸ਼ਰਾਬ ਦੀਆਂ ਦੁਕਾਨਾਂ ਦੀ ਗਿਣਤੀ ਵਧਦੀ ਹੈ ਜਿਸ ਨਾਲ ਵੱਧ ਸ਼ਰਾਬ ਵਿਕਣ ਲੱਗਦੀ ਹੈ।
‘ਵਿਸ਼ਵ ਸਿਹਤ ਸੰਗਠਨ’ ਦੇ ਮੌਜੂਦਾ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼ਰਾਬ ਦਾ ਕੋਈ ਸੁਰੱਖਿਅਤ ਪੱਧਰ ਨਹੀਂ ਹੁੰਦਾ ਜੋ ਸਿਹਤ ਨੂੰ ਪ੍ਰਭਾਵਤ ਨਾ ਕਰੇ ਅਤੇ ਸ਼ਰਾਬ ਦਾ ਬਹੁਤ ਜ਼ਿਆਦਾ ਸੇਵਨ ਕੈਂਸਰ ਦਾ ਕਾਰਨ ਬਣ ਸਕਦਾ ਹੈ।
ਇਸੇ ਮੁੱਦੇ ’ਤੇ ਪਿਛਲੇ ਹਫ਼ਤੇ ਬੰਬੇ ਹਾਈ ਕੋਰਟ ਵਿਚ ਦਾਇਰ ਕੀਤੀ ਗਈ ਇਕ ਜਨਹਿੱਤ ਪਟੀਸ਼ਨ ’ਚ ਅਦਾਲਤ ’ਚ ‘ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ਼ ਇੰਡੀਆ’ (ਐੱਫ. ਐੱਸ. ਐੱਸ. ਏ. ਆਈ.) ਅਤੇ ਮਹਾਰਾਸ਼ਟਰ ਸਰਕਾਰ ਨੂੰ ਨੋਟਿਸ ਜਾਰੀ ਕਰ ਕੇ ਸਿਗਰਟ ਦੇ ਪੈਕੇਟਾਂ ’ਤੇ ਦਿੱਤੀ ਜਾਣ ਵਾਲੀ ਚਿਤਾਵਨੀ ਵਾਂਗ ਹੀ ਸ਼ਰਾਬ ਦੀਆਂ ਬੋਤਲਾਂ ’ਤੇ ਵੀ ਕੈਂਸਰ ਨਾਲ ਜੁੜੀ ਚਿਤਾਵਨੀ ਦੇਣ ਦੀ ਬੇਨਤੀ ਕੀਤੀ ਗਈ ਹੈ।
ਇਸ ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਆਇਰਲੈਂਡ ਅਤੇ ਦੱਖਣੀ ਕੋਰੀਆ ਵਰਗੇ ਦੇਸ਼ਾਂ ਵਿਚ ਸ਼ਰਾਬ ਦੀਆਂ ਬੋਤਲਾਂ ’ਤੇ ਕੈਂਸਰ ਦੇ ਜੋਖਮਾਂ ਬਾਰੇ ਚਿਤਾਵਨੀਆਂ ਦਿੱਤੀਆਂ ਜਾਂਦੀਆਂ ਹਨ। ਇਸ ਪਿਛੋਕੜ ’ਚ ‘ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਟੀ ਆਫ਼ ਇੰਡੀਆ’ (ਐੱਫ. ਐੱਸ. ਐੱਸ. ਏ. ਆਈ.) ਸ਼ਰਾਬ ਦੀਆਂ ਬੋਤਲਾਂ ’ਤੇ ਨਵੇਂ ਅਤੇ ਵਧੇਰੇ ਪ੍ਰਮੁੱਖ ਚਿਤਾਵਨੀ ਲੇਬਲ ਲਾਉਣ ਦੇ ਪ੍ਰਸਤਾਵ ’ਤੇ ਵਿਚਾਰ ਕਰ ਰਹੀ ਹੈ।
ਇਸ ਸਮੇਂ ਭਾਰਤ ਵਿਚ 1 ਅਪ੍ਰੈਲ, 2019 ਤੋਂ ਲਾਗੂ ਨਿਯਮਾਂ ਦੇ ਅਨੁਸਾਰ ਸ਼ਰਾਬ ਦੀਆਂ ਬੋਤਲਾਂ ’ਤੇ ਦੋ ਲਾਜ਼ਮੀ ਚਿਤਾਵਨੀਆਂ ਲਿਖੀਆਂ ਹੁੰਦੀਆਂ ਹਨ - (1) ਸ਼ਰਾਬ ਦਾ ਸੇਵਨ ਸਿਹਤ ਲਈ ਹਾਨੀਕਾਰਕ ਹੈ ਅਤੇ (2) ਸੁਰੱਖਿਅਤ ਰਹੋ, ਸ਼ਰਾਬ ਪੀ ਕੇ ਗੱਡੀ ਨਾ ਚਲਾਓ।
ਨਿਯਮਾਂ ਅਨੁਸਾਰ 200 ਮਿ. ਲੀ. ਤੱਕ ਦੀਆਂ ਬੋਤਲਾਂ ’ਤੇ ਚਿਤਾਵਨੀ ਵਾਲੇ ਅੱਖਰਾਂ ਦੀ ਉਚਾਈ ਘੱਟੋ-ਘੱਟ 1.5 ਐੱਮ.ਐੱਮ. ਤੱਕ ਅਤੇ 200 ਮਿ.ਲੀ. ਤੋਂ ਵੱਧ ਮਾਤਰਾ ਵਾਲੀਆਂ ਬੋਤਲਾਂ ’ਤੇ ਅੱਖਰਾਂ ਦੀ ਉਚਾਈ 3 ਐੱਮ.ਐੱਮ. ਹੋਣੀ ਚਾਹੀਦੀ ਹੈ ਅਤੇ ਚਿਤਾਵਨੀ ਅੰਗਰੇਜ਼ੀ ਦੇ ਨਾਲ-ਨਾਲ ਇਕ ਜਾਂ ਵੱਧ ਸਥਾਨਕ ਭਾਸ਼ਾਵਾਂ ਵਿਚ ਹੋਣੀ ਚਾਹੀਦੀ ਹੈ। ‘ਇੰਟਰਨੈਸ਼ਨਲ ਸਪਿਰਿਟਸ ਐਂਡ ਵਾਈਨ ਐਸੋਸੀਏਸ਼ਨ ਆਫ ਇੰਡੀਆ’ (ਆਈ. ਐੱਸ. ਡਬਲਯੂ. ਏ. ਆਈ.) ਦੇ ਅਨੁਸਾਰ ਭਾਰਤ ਦਾ ਸ਼ਰਾਬ ਬਾਜ਼ਾਰ ਲਗਭਗ 52.4 ਅਰਬ ਡਾਲਰ ਦਾ ਹੈ ਅਤੇ 2030 ਤੱਕ ਇਸ ਦੇ 64 ਅਰਬ ਡਾਲਰ ਤੱਕ ਪਹੁੰਚਣ ਦੀ ਸੰਭਾਵਨਾ ਹੈ।
ਇੱਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਭਾਰਤ ਵਿਚ ਸੜਕ ਹਾਦਸਿਆਂ ਵਿਚ 80 ਫੀਸਦੀ ਮੌਤਾਂ ਸ਼ਰਾਬ ਪੀਣ ਕਾਰਨ ਹੁੰਦੀਆਂ ਹਨ। ਇਸ ਲਈ ਸ਼ਰਾਬ ਦੇ ਸੇਵਨ ਨਾਲ ਹੋਣ ਵਾਲੀਆਂ ਮੌਤਾਂ ਵੀ ਕਿਸੇ ਕੈਂਸਰ ਤੋਂ ਘੱਟ ਨਹੀਂ ਹਨ ਜਿਸ ਕਾਰਨ ਵੱਡੀ ਗਿਣਤੀ ਵਿਚ ਔਰਤਾਂ ਦੇ ਸੁਹਾਗ ਉੱਜੜ ਰਹੇ ਹਨ, ਬੱਚੇ ਅਨਾਥ ਹੋ ਰਹੇ ਹਨ, ਨੌਜਵਾਨ ਪੀੜ੍ਹੀ ਦਾ ਚਰਿੱਤਰ ਭ੍ਰਿਸ਼ਟ ਹੋ ਰਿਹਾ ਹੈ ਅਤੇ ਉਸ ਨੂੰ ਨਸ਼ਿਆਂ ਦਾ ਘੁਣ ਖੋਖਲਾ ਕਰ ਰਿਹਾ ਹੈ।
ਫਿਲਹਾਲ ਭਾਰਤੀ ਖੁਰਾਕ ਸੁਰੱਖਿਆ ਅਤੇ ਸਟੈਂਡਰਡਜ਼ ਅਥਾਰਟੀ (ਐੱਫ. ਐੱਸ. ਐੱਸ. ਏ. ਆਈ.) ਇਸ ਪ੍ਰਸਤਾਵ ’ਤੇ ਸ਼ਰਾਬ ਕੰਪਨੀਆਂ ਅਤੇ ਸਿਹਤ ਮਾਹਿਰਾਂ ਨਾਲ ਚਰਚਾ ਕਰ ਰਹੀ ਹੈ। ਹਾਲਾਂਕਿ ਇਹ ਅਜੇ ਤੈਅ ਨਹੀਂ ਹੈ ਕਿ ਨਵੇਂ ਚਿਤਾਵਨੀ ਲੇਬਲ ਕਦੋਂ ਤੱਕ ਲਾਗੂ ਹੋਣਗੇ ਅਤੇ ਉਹ ਕਿੰਨੇ ਸਖ਼ਤ ਹੋਣਗੇ ਪਰ ਜਿੰਨੀ ਜਲਦੀ ਇਹ ਯਕੀਨੀ ਬਣਾਇਆ ਜਾਵੇ ਕਿ ਸ਼ਰਾਬ ਦੀਆਂ ਬੋਤਲਾਂ ’ਤੇ ਨਵੇਂ ਚਿਤਾਵਨੀ ਲੇਬਲ ਲਗਾਏ ਜਾਣ, ਓਨਾ ਹੀ ਚੰਗਾ ਹੈ।
ਬੋਤਲਾਂ ’ਤੇ ਲੇਬਲ ਲਗਾਉਣ ਤੋਂ ਇਲਾਵਾ ਸਮਾਜ ਵਿਚ ਸ਼ਰਾਬ ਪੀਣ ਵਿਰੁੱਧ ਜਾਗਰੂਕਤਾ ਮੁਹਿੰਮ ਸ਼ੁਰੂ ਕਰਨ ਦੀ ਵੀ ਲੋੜ ਹੈ। ‘ਸੋਸ਼ਲ ਡ੍ਰਿੰਕਿੰਗ’ ਜਾਂ ‘ਦਿਨ ਵਿਚ ਸਿਰਫ਼ ਇਕ ਡ੍ਰਿੰਕ’ ਦੀ ਧਾਰਨਾ ਨੂੰ ਵੀ ਹੁਣ ਵਿਗਿਆਨਕ ਖੋਜਾਂ ਵਿਚ ਬਹੁਤ ਨੁਕਸਾਨਦੇਹ ਮੰਨਿਆ ਗਿਆ ਹੈ।
ਸ਼ਾਇਦ ਸਖ਼ਤ ਚਿਤਾਵਨੀ ਪੜ੍ਹ ਕੇ ਕੁਝ ਲੋਕਾਂ ਨੂੰ ਅਕਲ ਆ ਜਾਵੇਗੀ ਅਤੇ ਉਹ ਇਸ ਦਾ ਤਿਆਗ ਕਰ ਦੇਣਗੇ, ਜਿਸ ਨਾਲ ਜਿਥੇ ਉਨ੍ਹਾਂ ਦੀ ਸਿਹਤ ਦੀ ਰੱਖਿਆ ਹੋਵੇਗੀ ਉੱਥੇ ਹੀ ਉਹ ਬੀਮਾਰੀਆਂ ’ਤੇ ਹੋਣ ਵਾਲੇ ਖਰਚ ਤੋਂ ਵੀ ਬਚ ਸਕਣਗੇ ਅਤੇ ਇਸ ਤਰ੍ਹਾਂ ਉਨ੍ਹਾਂ ਦੇ ਪਰਿਵਾਰ ਵਿਚ ਖੁਸ਼ਹਾਲੀ ਆਵੇਗੀ।
-ਵਿਜੇ ਕੁਮਾਰ
ਤੇਜ਼ੀ ਨਾਲ ਬਦਲਦਾ ਗਲੋਬਲ ਦ੍ਰਿਸ਼ ਅਤੇ ਸ਼ਕਤੀ ਸੰਤੁਲਨ
NEXT STORY