ਗੁਰੂਗ੍ਰਾਮ ’ਚ ਪਿਤਾ ਦੀਪਕ ਯਾਦਵ ਨੇ ਪਰਿਵਾਰ ਦੀ ਇੱਜ਼ਤ ਬਚਾਉਣ ਲਈ ਆਪਣੀ ਬੇਟੀ ਸਾਬਕਾ ਟੈਨਿਸ ਖਿਡਾਰਨ ਰਾਧਿਕਾ ਯਾਦਵ ਦੀ ਗੋਲੀ ਮਾਰ ਕੇ ਹੱਤਿਆ ਕੀਤੀ ਸੀ। ਚਾਰਜਸ਼ੀਟ ’ਚ ਮੁਲਜ਼ਮ ਪਿਤਾ ਦੀਪਕ ਨੇ ਦੱਸਿਆ ਕਿ ਉਸ ਦੇ ਪਿੰਡ ਦੇ ਲੋਕ ਉਸ ਨੂੰ ਟੋਕਦੇ ਸਨ ਕਿ ਤੁਸੀਂ ਬੇਟੀ ਦੀ ਕਮਾਈ ਖਾ ਰਹੇ ਹੋ। ਬੇਟੀ ਦੇ ਚਰਿੱਤਰ ’ਤੇ ਵੀ ਉਂਗਲੀ ਉਠਾਉਂਦੇ ਸਨ। ਇਸ ਨਾਲ ਉਨ੍ਹਾਂ ਦੇ ਸਨਮਾਨ ਨੂੰ ਠੇਸ ਪਹੁੰਚਦੀ ਸੀ। ਅਜੇ ਤੱਕ ਇਹੀ ਮੰਨਿਆ ਜਾਂਦਾ ਰਿਹਾ ਹੈ ਕਿ ਆਨਰ ਕਿਲਿੰਗ ਦੇ ਜ਼ਿਆਦਾਤਰ ਮਾਮਲੇ ਗਰੀਬ ਅਤੇ ਪੱਛੜੇਪਨ ਦੇ ਕਾਰਨ ਦਿਹਾਤੀ ਇਲਾਕਿਆਂ ’ਚ ਹੀ ਹੁੰਦੇ ਹਨ ਪਰ ਗੁਰੂਗ੍ਰਾਮ ’ਚ ਹੋਈ ਇਸ ਘਟਨਾ ਨੇ ਸਾਬਿਤ ਕਰ ਦਿੱਤਾ ਕਿ ਕੁਝ ਹੱਦ ਤਕ ਇਹ ਮਾਨਸਿਕਤਾ ਪੜ੍ਹੇ-ਲਿਖੇ ਲੋਕਾਂ ਦਰਮਿਆਨ ਸ਼ਹਿਰਾਂ ’ਚ ਵੀ ਪੱਸਰੀ ਹੋਈ ਹੈ।
ਦਿੱਲੀ ਦੀ ਪੱਤਰਕਾਰ ਨਿਰੂਪਮਾ ਪਾਠਕ ਦੀ ਮੌਤ ਦੇ ਨਾਲ ਆਨਰ ਕਿਲਿੰਗ ਦਾ ਮੁੱਦਾ ਸੁਰਖੀਆਂ ’ਚ ਆਇਆ ਸੀ। ਦੋਸ਼ ਸੀ ਕਿ ਪਰਿਵਾਰ ਨੇ ਉਸ ਨੂੰ ਇਸ ਲਈ ਮਾਰ ਦਿੱਤਾ ਕਿਉਂਕਿ ਉਹ ਗਰਭਵਤੀ ਸੀ ਅਤੇ ਆਪਣੀ ਜਾਤੀ ਦੇ ਬਾਹਰ ਦੇ ਆਦਮੀ ਨਾਲ ਵਿਆਹ ਕਰਨ ਦੀ ਯੋਜਨਾ ਬਣਾ ਰਹੀ ਸੀ। ਇਸ ਤੋਂ ਬਾਅਦ ਰਾਜਧਾਨੀ ’ਚ ਸ਼ੱਕੀ ਆਨਰ ਕਿਲਿੰਗ ਦੇ 2 ਹੋਰ ਮਾਮਲੇ ਸਾਹਮਣੇ ਆਏ। ਹਾਲਾਂਕਿ ਰਾਜਧਾਨੀ ’ਚ ਆਨਰ ਕਿਲਿੰਗ ਦੀਆਂ ਘਟਨਾਵਾਂ ਦੁਰਲੱਭ ਹਨ ਪਰ ਭਾਰਤ ਦੇ ਉੱਤਰੀ ਸੂਬਿਆਂ ਜਿਵੇਂ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ’ਚ ਅਜਿਹੀਆਂ ਘਟਨਾਵਾਂ ਆਮ ਹਨ। ਆਨਰ ਕਿਲਿੰਗ ਦੇ ਪਿੱਛੇ ਮੂਲ ਕਾਰਨ ਇਹ ਵਿਚਾਰ ਹੈ ਕਿ ਪਰਿਵਾਰ ਦਾ ਸਨਮਾਨ ਔਰਤ ਦੀ ਪਵਿੱਤਰਤਾ ਨਾਲ ਜੁੜਿਆ ਹੁੰਦਾ ਹੈ। ਆਨਰ ਕਿਲਿੰਗ ਦੇ ਕਈ ਕਾਰਨ ਹੋ ਸਕਦੇ ਹਨ, ਜਿਵੇਂ ਵਿਆਹੁਤਾ, ਬੇਵਫਾਈ, ਵਿਆਹ ਤੋਂ ਪਹਿਲਾਂ ਸਰੀਰਕ ਸੰਬੰਧ, ਅਣਉਚਿਤ ਸੰਬੰਧ, ਤੈਅ ਵਿਆਹ ਤੋਂ ਇਨਕਾਰ ਕਰਨਾ ਜਾਂ ਇਥੋਂ ਤਕ ਕਿ ਜਬਰ-ਜ਼ਨਾਹ ਵੀ। ਭਾਰਤ ’ਚ ਆਨਰ ਕਿਲਿੰਗ ਉਦੋਂ ਹੁੰਦੀ ਹੈ ਜਦੋਂ ਕੋਈ ਜੋੜਾ ਆਪਣੀ ਜਾਤੀ ਜਾਂ ਧਰਮ ਦੇ ਬਾਹਰ ਵਿਆਹ ਕਰਦਾ ਹੈ।
ਕਰਨਾਲ ਦੀ ਇਕ ਸੈਸ਼ਨ ਅਦਾਲਤ ਨੇ ਇਕ ਖਾਪ ਪੰਚਾਇਤ ਦੇ ਹੁਕਮ ਦੇ ਵਿਰੁੱਧ ਵਿਆਹ ਕਰਨ ਵਾਲੇ ਇਕ ਨੌਜਵਾਨ ਜੋੜੇ ਦੀ ਹੱਤਿਆ ਲਈ 5 ਵਿਅਕਤੀਆਂ ਨੂੰ ਪਹਿਲੀ ਵਾਰ ਮੌਤ ਦੀ ਸਜ਼ਾ ਸੁਣਾਈ। ਅਦਾਲਤ ਨੇ ਖਾਪ ਪੰਚਾਇਤ ਦੇ ਉਸ ਮੈਂਬਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ, ਜਿਸ ਨੇ ਵਿਆਹ ਨੂੰ ਨਾਜਾਇਜ਼ ਐਲਾਨ ਕਰ ਦਿੱਤਾ ਸੀ ਅਤੇ ਜੋ ਹੱਤਿਆ ਦੇ ਸਮੇਂ ਮੌਜੂਦ ਸੀ। ਸਰਵਉੱਚ ਜੱਜ ਨੇ ਕੇਂਦਰ ਅਤੇ 8 ਸੂਬਿਆਂ ਨੂੰ ਨੋਟਿਸ ਜਾਰੀ ਕਰ ਕੇ ਆਨਰ ਕਿਲਿੰਗ ਨੂੰ ਰੋਕਣ ਲਈ ਉਠਾਏ ਗਏ ਕਦਮਾਂ ਦੀ ਵਿਆਖਿਆ ਕਰਨ ਲਈ ਕਿਹਾ ਸੀ। ਸਰਕਾਰ ਨੇ ਚੌਕਸ ਰੁਖ ਅਪਣਾਉਂਦੇ ਹੋਏ ਤਤਕਾਲੀਨ ਕਾਨੂੰਨ ਮੰਤਰੀ ਐੱਮ. ਵੀਰੱਪਾ ਮੋਇਲੀ ਦੇ ਭਾਰਤੀ ਦੰਡਾਵਲੀ ’ਚ ਸੋਧ ਅਤੇ ਖਾਪ ਪੰਚਾਇਤਾਂ (ਜਾਤੀ-ਆਧਾਰਿਤ ਸੰਵਿਧਾਨ ਅਧੀਨ ਸੰਸਥਾਵਾਂ) ’ਤੇ ਲਗਾਮ ਲਗਾਉਣ ਦੀ ਤਜਵੀਜ਼ ਨੂੰ ਅਪ੍ਰਵਾਨ ਕਰ ਦਿੱਤਾ ਸੀ। ਕੇਂਦਰ ਸਰਕਾਰ ਨੇ ਸੂਬਿਆਂ ਨਾਲ ਸਲਾਹ ਕਰਨ ਅਤੇ ਆਨਰ ਕਿਲਿੰਗ ਨੂੰ ਇਕ ਸਮਾਜਿਕ ਬੁਰਾਈ ਮੰਨਣ ਵਾਲੇ ਇਕ ਵਿਸ਼ੇਸ਼ ਕਾਨੂੰਨ ਲਾਗੂ ਕਰਨ ਦੀਆਂ ਸੰਭਾਵਨਾਵਾਂ ’ਤੇ ਵਿਚਾਰ ਕਰਨ ਲਈ ਇਕ ਮੰਤਰੀ ਸਮੂਹ ਗਠਿਤ ਕਰਨ ਦਾ ਫੈਸਲਾ ਲਿਆ ਸੀ।
ਭਾਰਤ ਮਨੁੱਖੀ ਵਿਕਾਸ ਸਰਵੇਖਣ ਦੂਜੇ ਦੇ ਅਨੁਸਾਰ ਅੰਤਰਜਾਤੀ ਵਿਆਹਾਂ ਦੀ ਰਾਸ਼ਟਰੀ ਦਰ ਲਗਭਗ 5 ਫੀਸਦੀ ਹੈ ਪਰ ਮਜ਼ਬੂਤ ਦਲਿਤ ਆਬਾਦੀ ਵਾਲੇ ਸੂਬਿਆਂ ’ਚ ਇਹ ਦਰ ਜ਼ਿਆਦਾ ਹੈ। ਤ੍ਰਾਸਦੀ ਇਹ ਹੈ ਕਿ ਇਨ੍ਹਾਂ ਹੀ ਸੂਬਿਆਂ ’ਚ ਆਨਰ ਕਿਲਿੰਗ ਦੀਆਂ ਘਟਨਾਵਾਂ ਵੀ ਵਧੀਆਂ ਹਨ। ਇਹ ਵਿਰੋਧਾਭਾਸ ਇਕ ਪ੍ਰੇਸ਼ਾਨ ਕਰਨ ਵਾਲੀ ਸੱਚਾਈ ਨੂੰ ਉਜਾਗਰ ਕਰਦਾ ਹੈ। ਆਨਰ ਕਿਲਿੰਗ ਉਥੇ ਨਹੀਂ ਹੁੰਦੀ ਜਿਥੇ ਜਾਤੀਵਾਦ ਸਭ ਤੋਂ ਵੱਧ ਤੇਜ਼ ਹੁੰਦਾ ਹੈ, ਸਗੋਂ ਉਥੇ ਹੁੰਦੀ ਹੈ ਜਿਥੇ ਇਹ ਸਭ ਤੋਂ ਵੱਧ ਖਤਰੇ ’ਚ ਹੈ।
ਸੰਯੁਕਤ ਰਾਸ਼ਟਰ ਸੰਘ ਦੀਆਂ ਵੱਖ-ਵੱਖ ਰਿਪੋਰਟਾਂ ’ਚ ਆਨਰ ਕਿਲਿੰਗ ਨੂੰ ਵਿਸ਼ਵ ’ਚ ਇਕ ਗੰਭੀਰ ਮਨੁੱਖੀ ਅਧਿਕਾਰ ਉਲੰਘਣਾ ਦੱਸਿਆ ਗਿਆ ਹੈ, ਜੋ ਕਿ ਜਿਨਸੀ ਨਾਬਰਾਬਰੀ ਅਤੇ ਮਰਦ ਪ੍ਰਧਾਨ ਸਮਾਜਾਂ ’ਚ ਡੂੰਘਾਈ ਨਾਲ ਨਿਹਿਤ ਹੈ। ਰਿਪੋਰਟਾਂ ਦੇ ਅਨੁਮਾਨ ਦੇ ਅਨੁਸਾਰ, ਹਰ ਸਾਲ ਦੁਨੀਆ ਭਰ ’ਚ ਲਗਭਗ 5000 ਆਨਰ ਕਿਲਿੰਗ ਹੁੰਦੀਆਂ ਹਨ, ਜਿਨ੍ਹਾਂ ’ਚੋਂ 20 ਫੀਸਦੀ ਮਾਮਲੇ ਭਾਰਤ ’ਚ ਹੁੰਦੇ ਹਨ, ਹਾਲਾਂਕਿ ਸਟੀਕ ਅੰਕੜੇ ਅਗਿਆਨ ਹਨ ਕਿਉਂਕਿ ਸਾਰੇ ਦੇਸ਼ ਅਧਿਕਾਰਕ ਡਾਟਾ ਨਹੀਂ ਰੱਖਦੇ। ਇਹ ਸਮੱਸਿਆ ਮੁੱਖ ਤੌਰ ’ਤੇ ਮੱਧ ਪੂਰਬ ਅਤੇ ਦੱਖਣ ਏਸ਼ੀਆ ਵਰਗੇ ਖੇਤਰਾਂ ’ਚ ਵਿਆਪਕ ਹੈ ਪਰ ਬੰਗਲਾਦੇਸ਼, ਬ੍ਰਾਜ਼ੀਲ, ਕੈਨੇਡਾ, ਇਕਵਾਡੋਰ, ਮਿਸਰ, ਭਾਰਤ, ਈਰਾਨ, ਇਰਾਕ, ਇਟਲੀ, ਮੋਰੱਕੋ, ਪਾਕਿਸਤਾਨ, ਸਵੀਡਨ, ਸੀਰੀਆ, ਤੁਰਕੀ, ਯੁਗਾਂਡਾ, ਸੰਯੁਕਤ ਅਰਬ ਅਮੀਰਾਤ ਅਤੇ ਸੰਯੁਕਤ ਰਾਜ ਅਮਰੀਕਾ ਵਰਗੇ ਵੱਖ-ਵੱਖ ਦੇਸ਼ਾਂ ’ਚ ਵੀ ਹੁੰਦੀ ਹੈ।
ਕਈ ਦੇਸ਼ਾਂ ’ਚ ਆਨਰ ਕਿਲਿੰਗ ਨੂੰ ਰੋਕਣ ਲਈ ਕਾਨੂੰਨ ਬਣਾਏ ਗਏ ਹਨ ਪਰ ਅਕਸਰ ਇਨ੍ਹਾਂ ਕਾਨੂੰਨਾਂ ਦੀ ਪਾਲਣ ਨਹੀਂ ਕੀਤੀ ਜਾਂਦੀ ਜਾਂ ਇਹ ਅਣਉਚਿਤ ਹਨ। ਔਰਤਾਂ ਅਤੇ ਲੜਕੀਆਂ ਤੋਂ ਇਲਾਵਾ, ਐੱਲ. ਜੀ. ਬੀ. ਟੀ. ਭਾਈਚਾਰੇ ਦੇ ਲੋਕ ਵੀ ਆਨਰ ਕਿਲਿੰਗ ਦਾ ਸ਼ਿਕਾਰ ਹੋ ਰਹੇ ਹਨ। ਰਿਪੋਰਟਾਂ ’ਚ ਇਸ ਗੱਲ ’ਤੇ ਜ਼ੋਰ ਦਿੱਤਾ ਗਿਆ ਹੈ ਕਿ ਇਹ ਸਮੱਸਿਆ ਮਨੁੱਖੀ ਅਧਿਕਾਰਾਂ ਦੀ ਗੰਭੀਰ ਉਲੰਘਣਾ ਹੈ ਅਤੇ ਖਾਸ ਤੌਰ ’ਤੇ ਭਾਰਤ ’ਚ ਸੰਵਿਧਾਨਕ ਅਧਿਕਾਰਾਂ ਦਾ ਘਾਣ ਕਰਦੀ ਹੈ। ਆਨਰ ਕਿਲਿੰਗ ਕਈ ਤਰ੍ਹਾਂ ਦੀ ਜਿਨਸੀ ਆਧਾਰਿਤ ਹਿੰਸਾ ਦਾ ਹੀ ਇਕ ਰੂਪ ਹੈ, ਜਿਵੇਂ ਕਿ ਐਸਿਡ ਅਟੈਕ, ਤਸੀਹੇ ਅਤੇ ਅਗਵਾ। ਭਾਰਤ ’ਚ ਜਾਤੀ ਇਕ ਦੋਰਾਹੇ ’ਤੇ ਖੜ੍ਹੀ ਹੈ। ਇਕ ਪਾਸੇ ਅਸੀਂ ਹਿੰਸਕ ਪ੍ਰਤੀਕਿਰਿਆਵਾਂ ਅਤੇ ਆਨਲਾਈਨ ਵਾਹ-ਵਾਹ ਹੁੰਦੀ ਦੇਖ ਰਹੇ ਹਾਂ, ਦੂਜੇ ਪਾਸੇ ਅਸੀਂ ਆਨਰ ਕਿਲਿੰਗ ਦੇ ਵਿਰੁੱਧ ਮਜ਼ਬੂਤ ਲੋਕਤੰਤਰੀ ਆਵਾਜ਼ਾਂ ਅਤੇ ਸਮਾਜਿਕ ਕਦਰਾਂ-ਕੀਮਤਾਂ ਤੋਂ ਹੌਲੀ-ਹੌਲੀ ਦੂਰ ਹੁੰਦੀ ਇਕ ਨਵੀਂ ਪੀੜ੍ਹੀ ਦੇਖ ਰਹੇ ਹਾਂ।
ਭਾਰਤ ’ਚ ਜਾਤੀ ਅਤੇ ਜਿਨਸੀ ਵਿਤਕਰੇ ਆਧਾਰਿਤ ਸਮੱਸਿਆ ਨਹੀਂ, ਡੂੰਘੀਆਂ ਜੜ੍ਹਾਂ ਜਮਾਈ ਬੈਠਾ ਸਮਾਜਿਕ ਵਰਤਾਰਾ ਹੈ। ਜਾਤ-ਬਿਰਾਦਰੀ ਹੱਦਾਂ ਨੂੰ ਪਾਰ ਕਰਨ ਵਾਲੇ ਪ੍ਰੇਮ ਸੰਬੰਧ, ਖਾਸ ਕਰ ਕੇ ਉਹ ਜੋ ਦਲਿਤ ਮਰਦਾਂ ਅਤੇ ਉੱਚ ਜਾਤੀ ਦੀਆਂ ਔਰਤਾਂ ਦਰਮਿਆਨ ਹੁੰਦੇ ਹਨ, ਸਿਰਫ ਪ੍ਰੇਮ ਜਾਂ ਬਗਾਵਤ ਦੀ ਪ੍ਰਤੀਨਿਧਤਾ ਨਹੀਂ ਕਰਦੇ, ਸਗੋਂ ਸਦੀਆਂ ਪੁਰਾਣੇ ਜਾਤੀ-ਬਿਰਾਦਰੀ ਦੇ ਵਰਤਾਰੇ ਨੂੰ ਸਿੱਧੀ ਚੁਣੌਤੀ ਦਿੰਦੇ ਹਨ। ਆਨਰ ਕਿਲਿੰਗ ਜਾਂ ਜਿਨਸੀ ਆਧਾਰਿਤ ਹਿੰਸਾ ਦੇਸ਼ ਦੀਆਂ ਸਿਆਸੀ ਪਾਰਟੀਆਂ ਲਈ ਚਿੰਤਾ ਦਾ ਵਿਸ਼ਾ ਨਹੀਂ ਹੈ ਸਗੋਂ ਨੇਤਾ ਵੋਟ ਬੈਂਕ ਦੀ ਸਿਆਸਤ ਕਾਰਨ ਅੱਗ ’ਚ ਘਿਓ ਪਾਉਣ ਦਾ ਕੰਮ ਕਰਦੇ ਹਨ। ਅਜਿਹੀਆਂ ਸ਼ਰਮਨਾਕ ਘਟਨਾਵਾਂ ਨੂੰ ਰੋਕਣ ਲਈ ਸਿਆਸਤ, ਸਿੱਖਿਆ ਅਤੇ ਕਾਨੂੰਨ ਦੇ ਰਾਹੀਂ ਜਾਗਰੂਕਤਾ ਲਿਆਉਣ ਦੀ ਲੋੜ ਹੈ।
- ਯੋਗੇਂਦਰ ਯੋਗੀ
ਨਵੀਂ ਆਰਥਿਕ ਸ਼ਕਤੀ, ਭਾਰਤ ਦੀ ਬਜ਼ੁਰਗ ਆਬਾਦੀ
NEXT STORY