ਦੋਸਤੋ ਸਵਾਲ ਤਾਂ ਇਹ ਸਾਰੇ ਪੰਜਾਬ ਦੇ ਲੋਕਾਂ ਨੂੰ ਹੈ ਪਰ ਜਵਾਬ ਤਾਂ ਮੈਂ ਹੀ ਦੇ ਦਿੰਦਾ ਹਾਂ! ਦੋਸਤੋ ਪੰਜਾਬ ਉਸ ਦਾ ਜਿਹੜਾ ਇਸ ਨਾਲ ਪਿਆਰ ਕਰਦਾ ਹੈ। ਜਿਹੜਾ ਇਸ ਦੀ ਮਾਂ ਬੋਲੀ ਨੂੰ ਪਿਆਰ ਕਰਦਾ ਹੈ। ਜਿਹੜਾ ਗੈਰਤ ਤੇ ਅਣਖ ਨਾਲ ਜਿਊਂਦਾ ਹੈ। ਜਿਹੜਾ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਹੈ। ਜਿਹੜਾ ਇਸ ਦੇ ਪਾਣੀਆਂ ਦੀ ਗੱਲ ਕਰਦਾ ਹੈ। ਜਿਹੜਾ ਆਉਣ ਵਾਲੇ ਵਕਤ ਤੇ ਸੰਕਟ ਸਮੇਂ ਪਿੱਠ ਨਹੀਂ ਦਿਖਾਉਂਦਾ। ਜਿਹੜਾ ਪੰਜਾਬ ਦੀ ਆਨ-ਬਾਨ ਤੇ ਸ਼ਾਨ ਨਾਲ ਮੋਹ ਰੱਖਦਾ ਹੈ, ਜੋ ਵੀ ਪੰਜਾਬ ਦੇ ਹੱਕਾਂ ਦੀ ਰਾਖੀ ਕਰਦਾ ਹੈ।
ਪਰ ਅੱਜ ਪੰਜਾਬ ਦੇ ਹੱਥੋਂ ਇਹ ਬਹੁਤ ਕੁਝ ਨਿਕਲਦਾ ਜਾ ਰਿਹਾ ਹੈ। ਪੰਜਾਬ ਨੇ ਬਹੁਤ ਮਹਾਨ ਦੇਸ਼ ਭਗਤ ਪੈਦਾ ਕੀਤੇ ਹਨ। ਯੋਧੇ ਪੈਦਾ ਕੀਤੇ ਹਨ ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਵਾਇਆ ਹੈ ਪਰ ਅੱਜ ਪੰਜਾਬ ਹਿੰਦੁਸਤਾਨ ਦਾ ਇਕ ਗੁਲਾਮ ਜਿਹਾ ਸੂਬਾ ਬਣ ਕੇ ਰਹਿ ਗਿਆ ਹੈ। ਪੰਜਾਬ ਨਾਲ ਪੈਰ-ਪੈਰ ’ਤੇ ਧੱਕਾ ਹੋਈ ਜਾ ਰਿਹਾ ਹੈ। ਸਾਡੀ ਆਰਥਿਕਤਾ ਨੂੰ ਤਬਾਹ ਕੀਤਾ ਜਾ ਰਿਹਾ ਹੈ, ਪੈਰ-ਪੈਰ ’ਤੇ ਅਨਿਆਂ ਹੋ ਰਿਹਾ ਹੈ।
ਸਾਡਾ ਪਾਣੀ ਰਾਜਸਥਾਨ, ਹਰਿਆਣੇ ਵਗੈਰਾ ਨੂੰ ਫ੍ਰੀ ਜਾ ਰਿਹਾ ਹੈ। ਕਿਸਾਨੀ ਨਾਲ ਧੱਕਾ ਹੋ ਰਿਹਾ। ਵਿਚਾਰੇ ਸੜਕਾਂ ਤੇ ਬਾਰਡਰਾਂ ’ਤੇ ਰੁਲ ਰਹੇ ਹਨ ਪਰ ਕੇਂਦਰ ਦੀ ਸਰਕਾਰ ਦੇ ਕੰਨਾਂ ’ਤੇ ਜੂੰ ਨਹੀਂ ਸਰਕਦੀ। ਇਹ ਕਿਹੜੇ ਦੇਸ਼ ਵਿਚ ਸਰਕਾਰ ਦੇਖੀ ਹੈ ਜਿਥੇ ਅੰਨ ਦੇਵਤਾ ਭੁੱਖਾ ਮਰਦਾ ਹੈ। ਫਸਲਾਂ ਦਾ ਮੁੱਲ ਸਹੀ ਨਹੀਂ ਮਿਲਦਾ। ਛੋਟੀਆਂ ਜਿਹੀਆਂ ਹੱਕੀ ਮੰਗਾਂ ’ਤੇ ਵੀ ਧਰਨੇ ਤੇ ਭੁੱਖ ਹੜਤਾਲਾਂ ਲੱਗਦੀਆਂ ਹਨ। ਦੇਸ਼ ’ਚ ਸਭ ਤੋਂ ਵੱਧ ਅਨਾਜ ਪੈਦਾ ਕਰਨ ਵਾਲਾ ਸੂਬਾ ਪਿਛਲੇ 3-4 ਸਾਲ ਤੋਂ ਸੰਘਰਸ਼ ’ਤੇ ਚੱਲ ਰਿਹਾ ਹੈ।
ਜੇਕਰ ਪੰਜਾਬ ਨੂੰ ਗੁਆਂਢੀ ਮੁਲਕਾਂ ਨਾਲ ਵਪਾਰ ਕਰਨ ਦਾ ਮੌਕਾ ਦਿੱਤਾ ਜਾਵੇ ਤਾਂ ਅਸੀਂ ਕੁਝ ਸਾਲਾਂ ਵਿਚ ਬਹੁਤ ਚੰਗਾ ਖੁਸ਼ਹਾਲ ਸੂਬਾ ਬਣ ਸਕਦੇ ਹਾਂ। ਸਾਡਾ ਵਪਾਰ ਪਾਕਿਸਤਾਨ ਤੋਂ ਅੱਗੇ ਅਫਗਾਨਿਸਤਾਨ, ਇਰਾਕ, ਈਰਾਨ ਤੇ ਸੈਂਟਰਲ ਏਸ਼ੀਆ ਦੇ ਨਾਲ ਹੋ ਸਕਦਾ ਹੈ। ਇਸ ਵਪਾਰ ਨਾਲ ਇਕੱਲਾ ਕਿਸਾਨਾਂ ਨੂੰ ਨਹੀਂ ਸਗੋਂ ਵਪਾਰੀ ਵਰਗ, ਕਿਰਤੀ ਵਰਗ ਤੇ ਪੰਜਾਬ ਦੇ ਸਾਰੇ ਲੋਕਾਂ ਨੂੰ ਕਾਫੀ ਹੱਦ ਤਕ ਰੋਜ਼ਗਾਰ ਮਿਲ ਸਕਦਾ ਹੈ। ਸੈਂਟਰ ਸਰਕਾਰ ਜੇਕਰ 5 ਜਾਂ 10 ਫੀਸਦੀ ਟੈਕਸ ਲੈ ਵੀ ਲਵੇ ਤਾਂ ਵੀ ਉਸ ਨੂੰ ਅਰਬਾਂ ਰੁਪਏ ਦੀ ਬੱਚਤ ਹੋ ਸਕਦੀ ਹੈ।
ਪਰ ਕੇਂਦਰ ਵਿਚ ਕੋਈ ਵੀ ਸਰਕਾਰ ਰਹੇ, ਚਾਹੇ ਕਾਂਗਰਸ ਦੀ ਸਰਕਾਰ ਜਾਂ ਮੌਜੂਦਾ ਬੀ. ਜੇ. ਪੀ. ਦੀ ਸਰਕਾਰ, ਇਹ ਸਭ ਤਾਨਾਸ਼ਾਹ ਸਰਕਾਰਾਂ ਹਨ। ਇਹ ਪੰਜਾਬ ਤੇ ਪੰਜਾਬੀਅਤ ਦੀਆਂ ਦੋਸ਼ੀ ਹਨ। ਇਨ੍ਹਾਂ ਦੇ ਹੱਥਾਂ ਵਿਚ ਇਕੋ ਗੱਲ ਹੈ ਕਿ ਸਾਡੇ ਨਾਲ ਪਾਕਿਸਤਾਨ ਲੱਗਦਾ ਹੈ। ਉਸ ਤੋਂ ਸਾਨੂੰ ਬਹੁਤ ਖਤਰਾ ਹੈ। ਪਹਿਲਾਂ ਤਾਂ ਮੌਜੂਦਾ ਸਰਕਾਰ ਨੇ ਬੀ. ਐੱਸ. ਐੱਫ. ਨੂੰ ਪੰਜਾਬ ਦੇ 50 ਵਰਗ ਕਿਲੋਮੀਟਰ ਏਰੀਆ ’ਚ ਰੱਖਿਆ ਹੈ। ਮਤਲਬ ਇਹ ਕਿ ਕਿਧਰੇ ਪਾਕਿਸਤਾਨ ਤੋਂ ਕੋਈ ਘੁਸਪੈਠ ਨਾ ਹੋ ਜਾਵੇ। ਪਾਕਿਸਤਾਨ ਕੋਈ ਫੌਜੀ ਕਾਰਵਾਈ ਨਾ ਕਰੇ। ਅੱਜ ਮੋਦੀ ਸਾਹਿਬ ਭਾਰਤ ਨੂੰ ਤੀਜੀ-ਚੌਥੀ ਵੱਡੀ ਤਾਕਤ ਸਮਝਦੇ ਹਨ ਪਰ ਛੋਟੇ ਜਿਹੇ ਦੇਸ਼ ਪਾਕਿਸਤਾਨ ਤੋਂ ਐਵੇਂ ਹੀ ਡਰੀ ਜਾਂਦੇ ਹਨ। ਉਸ ਦਾ ਕਾਰਨ ਡਰ ਨਹੀਂ ਸਗੋਂ ਡਰ ਤੇ ਦਹਿਸ਼ਤ ਪੈਦਾ ਕਰ ਕੇ ਪੰਜਾਬ ਨੂੰ ਗੁਲਾਮ ਬਣਾਈ ਰੱਖਣਾ ਹੈ ਕਿ ਕਿਤੇ ਪੰਜਾਬ ਤਰੱਕੀ ਨਾ ਕਰ ਬੈਠੇ। ਬੇਸ਼ੱਕ ਅਸੀਂ ਕਹਿ ਲਈਏ ਕਿ ਨਸ਼ਾ ਪਾਕਿਸਤਾਨ ਵਲੋਂ ਆਉਂਦਾ ਹੈ ਪਰ ਤੁਹਾਡੀ ਬੀ. ਐੱਸ. ਐੱਫ. ਤੇ ਪੁਲਸ ਕਿਉਂ ਨਹੀਂ ਰੋਕਦੀ। ਕੀ ਇਹ ਸਾਰਾ ਵਪਾਰ ਇਨ੍ਹਾਂ ਤਾਕਤਾਂ ਰਾਹੀਂ ਚੱਲਦਾ ਹੈ। ਉੱਚੇ ਰਸੂਖ ਵਾਲੇ ਅਫਸਰ ਤੇ ਰਾਜਨੀਤਕ ਲੋਕ ਨਸ਼ੇ ਦਾ ਕਾਰੋਬਾਰ ਆਪ ਚਲਾਉਂਦੇ ਹਨ।
ਮੇਰੇ ਕਿਸਾਨ ਵੀਰ ਐੱਮ. ਐੱਸ. ਪੀ. ਦੀ ਗੱਲ ਕਰਦੇ ਹਨ ਪਰ ਪੰਜਾਬ ਦੇ ਵਪਾਰ ਦੀ ਗੱਲ ਕਰੋ ਕਿ ਕਿਸਾਨ ਪਾਕਿਸਤਾਨ ਦੇ ਵਾਹਗਾ, ਫਿਰੋਜ਼ਪੁਰ ਅਟਾਰੀ ਬਾਰਡਰ ਰਾਹੀਂ ਆਪਣੀ ਉਪਜ ਵਗੈਰਾ ਆਪ ਵੇਚ ਸਕੇ। ਤਾਂ ਤੁਸੀਂ ਆਪ ਹੀ ਖੁਸ਼ਹਾਲ ਬਣ ਜਾਓਗੇ। ਅੱਜ ਮੋਦੀ ਸਰਕਾਰ ਨੂੰ ਤੁਹਾਡੇ ਮਰਨ ਵਰਤ ’ਤੇ ਕੋਈ ਅਸਰ ਨਹੀਂ। ਇਹ ਗੁਜਰਾਤੀ ਲੋਕ ਅਮਿਤ ਸ਼ਾਹ ਤੇ ਮੋਦੀ ਸਿਰਫ ਵਪਾਰੀ ਲੋਕ ਹਨ। ਅੰਬਾਨੀ-ਅਡਾਣੀ ਦੀ ਸੇਵਾ ਵਿਚ ਲੱਗੇ ਹੋਏ ਹਨ। ਕਿਸਾਨ ਵੀਰੋ ਤੁਸੀਂ ਆਪਸ ਵਿਚ ਵੰਡੇ ਹੋਏ ਹੋ। ਤੁਹਾਡੇ 30 ਗਰੁੱਪ ਬਣੇ ਹੋਏ ਹਨ। ਇਸ ਲਈ ਸਰਕਾਰ ਤੁਹਾਨੂੰ ਤੁਹਾਡੇ ਕਿਹੜੇ ਗਰੁੱਪ ਨਾਲ ਸੱਦਾ ਦੇਵੇ। ਹਰ ਕਿਸਾਨ ਲੀਡਰ ਆਪਣੇ ਆਪ ਨੂੰ ਵੱਡਾ ਸਮਝੀ ਬੈਠਾ ਹੈ। ਇਕ ਹੋਰ ਵੱਡੀ ਗੱਲ ਹੈ ਕਿ ਇਨ੍ਹਾਂ ਵਿਚ ਬਹੁਤੇ ਬਜ਼ੁਰਗ ਹਨ ਤੇ ਪੜ੍ਹੇ-ਲਿਖੇ ਵੀ ਬਹੁਤੇ ਨਹੀਂ ਹਨ। ਨੌਜਵਾਨ ਪੀੜ੍ਹੀ ਨੂੰ ਅੱਗੇ ਆਉਣਾ ਚਾਹੀਦਾ ਹੈ। ਅੱਜ ਤੋਂ 2 ਸਾਲ ਪਹਿਲਾਂ ਦੀਪ ਸਿੱਧੂ ਵਰਗਾ ਪੜ੍ਹਿਆ-ਲਿਖਿਆ ਨੌਜਵਾਨ ਅੱਗੇ ਆਉਣਾ ਚਾਹੁੰਦਾ ਸੀ ਪਰ ਉਸ ਦੀ ਬੇਵਕਤੀ ਮੌਤ ਨੇ ਬਹੁਤ ਘਾਟਾ ਪਾਇਆ ਹੈ। ਕੁਝ ਕਿਸਾਨ ਲੀਡਰਾਂ ਨੇ ਤਾਂ ਉਸ ਨੂੰ ਗੱਦਾਰ ਦਾ ਟੈਗ ਹੀ ਲਗਾ ਦਿੱਤਾ ਸੀ।
ਡੱਲਾ ਸਾਹਿਬ ਦੇ ਮਰਨ ਵਰਤ ਤੇ ਭੁੱਖ ਹੜਤਾਲ ਨੇ ਵੈਸੇ ਤਾਂ ਕੇਂਦਰ ਨੂੰ ਗੱਲਬਾਤ ਕਰਨ ’ਤੇ ਮਜਬੂਰ ਕਰ ਦਿੱਤਾ ਹੈ ਪਰ ਕੇਂਦਰ ਦੀ ਕਦੇ ਵੀ ਨੀਅਤ ਸਾਫ ਨਹੀਂ ਰਹੀ। ਜੇਕਰ ਇਸ ਵਾਰ ਵੀ ਤੁਸੀਂ ਕੁਝ ਲੈਣ ਤੋਂ ਬਗੈਰ ਪਰਤੇ ਤਾਂ ਸਮਝੋ ਕਿ ਤੁਹਾਨੂੰ ਸੰਘਰਸ਼ ਦਾ ਰਾਹ ਬਦਲਣਾ ਪਵੇਗਾ।
ਕਿਸਾਨ ਵੀਰੋ ਤੁਸੀਂ ਭਿਖਾਰੀ ਨਹੀਂ, ਰਾਜੇ ਹੋ ਪਰ ਫਿਰ ਵੀ ਸੜਕਾਂ ’ਤੇ ਘਰੋਂ ਬੇਘਰ ਹੋ ਕੇ ਰੁਲਦੇ ਪਏ ਹੋ। ਜੇਕਰ ਕੋਈ ਨਾ ਹਾਲ ਪੁੱਛੇ ਤਾਂ ਸਾਫ ਕਹਿ ਦਿਓ ਕਿ ਸਾਨੂੰ ਪੰਜਾਬ ਦਾ ਆਜ਼ਾਦ ਸੂਬਾ ਚਾਹੀਦਾ ਹੈ। ਸਾਨੂੰ ਕਿਸੇ ਐੱਮ. ਐੱਸ. ਪੀ. ਦੀ ਲੋੜ ਨਹੀਂ ਪਰ ਇਨ੍ਹਾਂ ਨੇ ਤਾਂ ਤੁਹਾਨੂੰ ਅੱਗੇ ਹੀ ਖਾਲਿਸਤਾਨੀ ਦਾ ਟੈਗ ਦੇ ਰੱਖਿਆ ਹੈ। ਅੱਗੋਂ ਵੀ ਇਨ੍ਹਾਂ ਬਾਜ਼ ਨਹੀਂ ਆਉਣਾ। ਤੁਹਾਨੂੰ ਬਦਨਾਮ ਕਰਨ ਵਿਚ ਗੋਦੀ ਮੀਡੀਆ ਵੀ ਬਹੁਤ ਅੱਗੇ ਹੈ। ਬਾਕੀ ਰਾਜਨੀਤਕ ਪਾਰਟੀਆਂ ਦੀ ਗੱਲ ਕਰੀਏ ਤਾਂ ਉਨ੍ਹਾਂ ਕੋਲ ਵੀ ਬਹੁਤ ਤਗੜੇ ਲੀਡਰ ਨਹੀਂ ਹਨ। ਕਾਂਗਰਸ ਪਾਰਟੀ ਅੰਦਰ ਕੁਝ ਚੰਗੇ ਬੁਲਾਰੇ ਹਨ ਪਰ ਉਹ ਵੀ ਖੁੱਲ੍ਹ ਕੇ ਕਿਸਾਨਾਂ ਦੇ ਹੱਕ ਵਿਚ ਨਹੀਂ ਨਿਤਰਦੇ। ਉਹ ਬੀਬੀ ਸੋਨੀਆ ਤੇ ਰਾਹੁਲ ਗਾਂਧੀ ਅੱਗੇ ਜਾ ਝੁਕਦੇ ਹਨ। ਪੰਜਾਬ ’ਚ ਕਾਂਗਰਸੀਆਂ ਨੂੰ ਆਪਣੀ ਹੋਂਦ ਨੂੰ ਬਰਕਰਾਰ ਰੱਖਣ ਲਈ ਆਪਣੀ ਨਵੀਂ ਪਾਰਟੀ ਬਣਾ ਲੈਣੀ ਚਾਹੀਦੀ ਹੈ। ਉਸ ਦਾ ਨਾਂ ਪੰਜਾਬ ਫੈਡਰਲ ਕਾਂਗਰਸ ਜਾਂ ਪੰਜਾਬ ਡੈਮੋਕ੍ਰੇਟਿਕ ਕਾਂਗਰਸ ਰੱਖ ਲੈਣਾ ਚਾਹੀਦਾ ਹੈ। ਇਸ ਨੂੰ ਦਿੱਲੀ ਦਰਬਾਰ ਨਾਲੋਂ ਵੱਖਰੀ ਹੀ ਪਛਾਣ ਬਣਾ ਲੈਣੀ ਚਾਹੀਦੀ ਹੈ ਤੇ ਵਾਰ-ਵਾਰ ਦਿੱਲੀ ਨਹੀਂ ਭੱਜਣਾ ਚਾਹੀਦਾ।
ਗੱਲ ਬੇ. ਜੇ. ਪੀ. ਦੀ ਕਰੀਏ ਤਾਂ ਇਹ ਪਾਰਟੀ ਪੰਜਾਬ ਦੇ ਹਿੱਤਾਂ ਵਾਸਤੇ ਕਦੇ ਨਹੀਂ ਖਲੋਤੀ। ਚਾਹੇ ਅਸੈਂਬਲੀ ਚੋਣਾਂ ਹੋਣ, ਚਾਹੇ ਕੇਂਦਰ ਦੀਆਂ ਚੋਣਾਂ ਹੋਣ, ਇਹ ਹਰ ਵਾਰ ਹਾਰ ਦਾ ਮੂੰਹ ਦੇਖਦੀ ਹੈ। ਇਹ ਪਾਰਟੀ ਪੰਜਾਬ ਦੇ ਲੋਕਾਂ ’ਚ ਕੋਈ ਚੰਗੀ ਇਮੇਜ ਨਹੀਂ ਬਣਾ ਸਕੀ। ਇਸ ਵਿਚ ਕੁਝ ਸਿੱਖਾਂ (ਸਰਦਾਰਾਂ) ਦੇ ਭੇਸ ਵਿਚ ਬੰਦੇ ਬੈਠੇ ਹਨ, ਜਿਨ੍ਹਾਂ ਦਾ ਕੰਮ ਸਿਰਫ ਕਿਸਾਨਾਂ ਖਿਲਾਫ ਬਿਆਨ ਦੇਣਾ ਤੇ ਪ੍ਰਚਾਰ ਕਰਨਾ ਹੈ। ਇਨ੍ਹਾਂ ਦਾ ਇਕ ਲੀਡਰ ਗਰੇਵਾਲ ਹੈ ਜਿਹੜਾ ਇਕੋ ਗੱਲ ਕਰਦਾ ਹੈ ਕਿ ਕਿਸਾਨਾਂ ਨੂੰ ਮੋਦੀ ਸਾਹਿਬ ਦੇ ਬਣਾਏ ਕਾਨੂੰਨ ਸਮਝ ਨਹੀਂ ਆਏ। ਕੁਝ ਲੀਡਰਾਂ ਨੇ ਤਾਂ ਆਪਣੀ ਜ਼ਮੀਰ ਵੇਚ ਰੱਖੀ ਹੈ।
ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਸਿਰਫ ਗੱਲੀਂ-ਬਾਤੀਂ ਕੰਮ ਸਾਰ ਰਹੀ ਹੈ। ਭਗਵੰਤ ਮਾਨ ਸਾਹਿਬ ਕਿਸਾਨਾਂ ਦੇ ਹੱਕ ਵਿਚ ਬਹੁਤ ਘੱਟ ਬੋਲਦੇ ਹਨ ਕਿਉਂਕਿ ਉਹ ਖੁਦ ਮੋਦੀ ਸਰਕਾਰ ਤੋਂ ਡਰਦੇ ਹਨ। ਮਾਨ ਸਾਹਿਬ ਨਾ ਤਾਂ ਬੜ੍ਹਕ ਮਾਰ ਸਕਦੇ ਹਨ ਤੇ ਨਾ ਲਲਕਾਰਾ ਮਾਰ ਕੇ ਮੋਦੀ ਸਾਹਿਬ ਨੂੰ ਡਰਾ ਸਕਦੇ ਹਨ। ਬਸ ਉਹ ਡੰਗ ਟਪਾ ਰਹੇ ਹਨ। ਤੁਹਾਡੇ ਐੱਮ. ਐੱਲ. ਏ. ਸਾਹਿਬਾਨ ਦੀ ਅਫਸਰਾਂ ਅੱਗੇ ਪੇਸ਼ ਨਹੀਂ ਜਾਂਦੀ। ਉਹ ਕੋਈ ਕੰਮ ਨਹੀਂ ਕਰਵਾ ਸਕਦੇ ਪਰ ਪੈਸੇ ਇਕੱਠੇ ਕਰ ਰਹੇ ਹਨ। ਮਾਨ ਸਾਹਿਬ ਲੋਕਾਂ ਨੇ ਤੁਹਾਨੂੰ ਬਹੁਮਤ ਨਾਲ ਜਿਤਾਇਆ ਪਰ ਆਉਣ ਵਾਲੀਆਂ ਅਗਲੀਆਂ ਚੋਣਾਂ ਵਿਚ ਤ 93 ਸੀਟਾਂ ਵਿਚੋਂ ਸਿਰਫ 33 ਸੀਟਾਂ ਤੱਕ ਤੁਹਾਡਾ ਹੱਥ ਪਵੇਗਾ। ਕਿਸਾਨ ਵੀ ਤੁਹਾਥੋਂ ਨਿਰਾਸ਼ ਹਨ।
ਗੱਲ ਅਕਾਲੀ ਦਲ ਦੀ ਕਰੀਏ ਤਾਂ ਇਸ ਪਾਰਟੀ ਵਿਚ ਪੁਰਾਣੇ ਤੇ ਬੁੱਢੇ ਲੀਡਰ ਬੈਠੇ ਹਨ ਪ੍ਰੋਫੈਸਰ ਚੰਦੂਮਾਜਰਾ, ਭੂੰਦੜ, ਦਲਜੀਤ ਸਿੰਘ ਤੇ ਹੋਰ ਕਈ, ਕੋਈ ਨੌਜਵਾਨ ਅੱਗੇ ਨਹੀਂ ਆ ਰਿਹਾ। ਮਜੀਠੀਆ ਪਹਿਲਾਂ ਹੀ ਬਦਨਾਮ ਹੈ। ਛੋਟੇ ਬਾਦਲ ਪਹਿਲਾਂ ਹੀ ਸਭ ਗੁਨਾਹ ਕਬੂਲ ਕਰ ਬੈਠੇ ਹਨ। ਇਸ ਪਾਰਟੀ ਨੇ ਪੰਥ ਦੇ ਨਾਂ ’ਤੇ ਬਹੁਤ ਗੁੰਮਰਾਹ ਕੀਤਾ ਹੈ। ਕਿਸਾਨਾਂ ਨਾਲ ਇਹ ਵੀ ਸੱਚੇ ਦਿਲੋਂ ਨਹੀਂ ਖਲੋਤੇ। ਇਹ ਵੀ ਠੁੱਸ ਹੋ ਚੁੱਕੇ ਹਨ। ਆਉਣ ਵਾਲੇ ਸਮੇਂ ਵਿਚ ਉਹ ਪਾਰਟੀ ਅਸੈਂਬਲੀ ਸੀਟਾਂ ਜਿੱਤੇਗੀ ਜੋ ਕਿਸਾਨਾਂ ਦਾ ਸਾਥ ਦੇਵੇਗੀ ਜਾਂ ਜਿਹੜੇ ਲੀਡਰ ਹਉਮੈ ਛੱਡ ਕੇ ਪੰਜਾਬ ਦੇ ਪਾਣੀਆਂ ਤੇ ਪੰਜਾਬ ਦੇ ਹੱਕਾਂ ਵਾਸਤੇ ਗੱਲ ਕਰਨਗੇ।
-ਜੀ. ਅਰੋੜਾ
ਬਿਜਲੀ ਦੀਆਂ ਹਾਈ ਟੈਂਸ਼ਨ ਤਾਰਾਂ ਦੇ ਰੂਪ ’ਚ ਲੋਕਾਂ ਦੇ ਸਿਰਾਂ ’ਤੇ ਲਟਕ ਰਹੀ ਮੌਤ
NEXT STORY