ਬਿਜਲੀ ਮੁਢਲੀਆਂ ਲੋੜਾਂ ’ਚੋਂ ਇਕ ਹੈ ਪਰ ਗਲੀਆਂ, ਮੁਹੱਲਿਆਂ ਅਤੇ ਬਾਜ਼ਾਰਾਂ ’ਚ ਖਤਰਨਾਕ ਢੰਗ ਨਾਲ ਲਟਕ ਰਹੀਆਂ ਹਾਈ ਟੈਂਸ਼ਨ ਬਿਜਲੀ ਦੀਆਂ ਤਾਰਾਂ ਨਾ ਸਿਰਫ ਇਨਸਾਨਾਂ ਅਤੇ ਪਸ਼ੂਆਂ ਦੀ ਜਾਨ ਲਈ ਖਤਰਾ ਸਿੱਧ ਹੋ ਰਹੀਆਂ ਹਨ ਸਗੋਂ ਅੱਗ ਲੱਗਣ, ਸ਼ਾਰਟ ਸਰਕਟ ਅਤੇ ਹੋਰ ਹਾਦਸਿਆਂ ਦਾ ਵੱਡਾ ਕਾਰਨ ਵੀ ਬਣ ਰਹੀਆਂ ਹਨ। ਬਿਜਲੀ ਦੀਆਂ ਲਟਕਦੀਆਂ ਤਾਰਾਂ ਨਾਲ ਹੋਏ ਚੰਦ ਹਾਦਸੇ ਹੇਠਾਂ ਦਰਜ ਹਨ :
* 22 ਜੂਨ, 2024 ਨੂੰ ਗੋਰਖਪੁਰ (ਉੱਤਰ ਪ੍ਰਦੇਸ਼) ’ਚ ਲਟਕਦੀਆਂ ਹੋਈਆਂ ਹਾਈ ਟੈਂਸ਼ਨ ਦੀਆਂ ਤਾਰਾਂ ਦੀ ਲਪੇਟ ’ਚ ਆਉਣ ਨਾਲ 4 ਸਾਨ੍ਹਾਂ ਦੀ ਮੌਤ ਹੋ ਗਈ। ਇਲਾਕਾ ਵਾਸੀਆਂ ਦਾ ਦੋਸ਼ ਹੈ ਕਿ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕਰਨ ਦੇ ਬਾਵਜੂਦ ਤਾਰਾਂ ਨੂੰ ਠੀਕ ਨਹੀਂ ਕੀਤਾ ਗਿਆ ਸੀ।
*23 ਜੁਲਾਈ, 2024 ਨੂੰ ਲੁਧਿਆਣਾ ਦੇ ‘ਰਾਵਤ’ ਪਿੰਡ ’ਚ ਆਪਣੇ ਘਰ ਦੇ ਬਾਹਰ ਲਟਕ ਰਹੀ ਬਿਜਲੀ ਦੀ ਹਾਈ ਟੈਂਸ਼ਨ ਤਾਰ ਦੇ ਸੰਪਰਕ ’ਚ ਆਉਣ ਦੇ ਸਿੱਟੇ ਵਜੋਂ ਅੱਠਵੀਂ ਜਮਾਤ ’ਚ ਪੜ੍ਹ ਰਹੇ ਇਕ ਅੱਲ੍ਹੜ ਦੀ ਜਾਨ ਚਲੀ ਗਈ।
* 20 ਸਤੰਬਰ, 2024 ਨੂੰ ਗਾਜ਼ੀਆਬਾਦ ’ਚ ‘ਮਸੂਰੀ’ ਦੇ ਨੇੜੇ ਸੜਕ ’ਤੇ ਡਿੱਗੇ ਬਜ਼ੁਰਗ ਦੀ ਸਹਾਇਤਾ ਕਰਨ ਲਈ ਰੁਕੇ ਇਕ ਨੌਜਵਾਨ ਦੀ ਹੇਠਾਂ ਲਟਕ ਰਹੀ ਹਾਈ ਟੈਂਸ਼ਨ ਤਾਰ ਤੋਂ ਕਰੰਟ ਲੱਗਣ ਨਾਲ ਮੌਤ ਹੋ ਗਈ।
* 7 ਅਕਤੂਬਰ, 2024 ਨੂੰ ਰਾਮਨਗਰ (ਕਰਨਾਟਕ) ਜ਼ਿਲੇ ਦੇ ‘ਚਿੱਕਨਹਾਲੀ’ ’ਚ ਸੜਕ ਕੰਢੇ ਖੜ੍ਹੀਆਂ ਗੱਲਾਂ ਕਰ ਰਹੀਆਂ 3 ਔਰਤਾਂ ’ਤੇ 11 ਕੇ. ਵੀ. ਦੀ ਇਕ ਤਾਰ ਟੁੱਟ ਕੇ ਡਿੱਗ ਪਈ ਜਿਸ ਨਾਲ ਇਕ ਔਰਤ ਦੀ ਮੌਤ ਹੋ ਗਈ।
* 26 ਅਕਤੂਬਰ, 2024 ਨੂੰ ਕੋਲਕਾਤਾ ’ਚ ਇਕ ਮਕਾਨ ਦੇ ਉਪਰੋਂ ਲੰਘ ਰਹੀ ਬਿਜਲੀ ਦੀ ਹਾਈ ਟੈਂਸ਼ਨ ਤਾਰ ਡਿੱਗ ਜਾਣ ਨਾਲ ਉਥੇ ਖੜ੍ਹੇ ਪਾਣੀ ’ਚ ਕਰੰਟ ਆ ਗਿਆ ਜਿਸ ਨਾਲ ਛੱਤ ’ਤੇ ਗਏ ਇਕ ਵਿਅਕਤੀ ਨੂੰ ਕਰੰਟ ਲੱਗਣ ਨਾਲ ਉਸ ਦੀ ਮੌਤ ਹੋ ਗਈ।
* 6 ਨਵੰਬਰ, 2024 ਨੂੰ ਅਲੀਪੁਰ (ਦਿੱਲੀ) ’ਚ ਇਕ ਮਕਾਨ ਦੇ ਟੈਰੇਸ ’ਤੇ ਲਟਕ ਰਹੀ ਹਾਈ ਟੈਂਸ਼ਨ ਤਾਰ ਦੇ ਸੰਪਰਕ ’ਚ ਆਉਣ ਨਾਲ ਇਕ-ਢਾਈ ਸਾਲ ਦੇ ਬੱਚੇ ਦੀ ਜਾਨ ਚਲੀ ਗਈ। ਵਰਣਨਯੋਗ ਹੈ ਕਿ ਦਿੱਲੀ ’ਚ ਲਟਕਦੀਆਂ ਬਿਜਲੀ ਦੀਆਂ ਤਾਰਾਂ ਕਾਰਨ ਸਾਲ 2024 ’ਚ ਘੱਟੋ-ਘੱਟ 40 ਮੌਤਾਂ ਹੋਈਆਂ।
* 29 ਦਸੰਬਰ, 2024 ਨੂੰ ਗੋਰਖਪੁਰ ’ਚ ਆਪਣੀਆਂ ਬੇਟੀਆਂ ਅਦਿਤੀ ਅਤੇ ਅਨੁ ਨਾਲ ਜਾ ਰਹੇ ‘ਸ਼ਿਵਰਾਜ ਨਿਸ਼ਾਦ’ ਦੇ ਮੋਟਰਸਾਈਕਲ ’ਤੇ ਉਪਰੋਂ ਲਟਕ ਰਹੀ ਬਿਜਲੀ ਦੀ ਤਾਰ ਟੁੱਟ ਕੇ ਡਿੱਗ ਪਈ ਜਿਸ ਨਾਲ ਤਿੰਨਾਂ ਦੀ ਮੌਤ ਹੋ ਗਈ।
*30 ਦਸੰਬਰ, 2024 ਨੂੰ ‘ਟੋਂਕ’ (ਰਾਜਸਥਾਨ) ਜ਼ਿਲੇ ਦੇ ‘ਅੰਬਾਪੁਰ’ ਪਿੰਡ ’ਚ ਇੱਟਾਂ ਨਾਲ ਭਰੇ ਟਰੱਕ ਦੇ ਅਚਾਨਕ ਰਾਹ ਦਰਮਿਆਨ ਲਟਕ ਰਹੀਆਂ ਬਿਜਲੀ ਦੀਆਂ ਤਾਰਾਂ ਨਾਲ ਛੋਹ ਜਾਣ ਕਾਰਨ ਉਸ ’ਚ ਅੱਗ ਲੱਗ ਗਈ ਜਿਸ ਨਾਲ ਟਰੱਕ ਚਾਲਕ ਦੀ ਮੌਤ ਅਤੇ ਟਰੱਕ ’ਚ ਸਵਾਰ ਉਸ ਦੀ ਪਤਨੀ ਅਤੇ ਇਕ ਹੋਰ ਵਿਅਕਤੀ ਗੰਭੀਰ ਜ਼ਖਮੀ ਹੋ ਗਏ।
* 18 ਜਨਵਰੀ, 2025 ਨੂੰ ਕੁੰਜਪੁਰਾ (ਕਰਨਾਲ, ਹਰਿਆਣਾ) ’ਚ ਤਲਾਬ ਦੇ ਨੇੜੇ ਹੇਠਾਂ ਲਟਕ ਰਹੀਆਂ ਬਿਜਲੀ ਦੀਆਂ ਤਾਰਾਂ ਦੀ ਲਪੇਟ ’ਚ ਆਉਣ ਨਾਲ ਤਿੰਨ ਭੈਣਾਂ ਦੇ ਇਕਲੌਤੇ ਭਰਾ ਮੋਹਿਤ ਦੀ ਜਾਨ ਚਲੀ ਗਈ।
* 23 ਜਨਵਰੀ, 2025 ਨੂੰ ਨੌਬਤਪੁਰ (ਬਿਹਾਰ) ਦੇ ‘ਤਿਸਖੋਰਾ’ ਪਿੰਡ ਵਿਚ ਆਪਣੇ ਦਾਦੇ ਦੇ ਸਰਾਧ ’ਚ ਆਏ ਬਿਜਲੀ ਵਿਭਾਗ ’ਚ ਅਸਿਸਟੈਂਟ ਇੰਜੀਨੀਅਰ ਅਭਿਸ਼ੇਕ ਕੁਮਾਰ ਦੀ ਆਪਣੇ ਘਰ ਦੇ ਉਪਰ ਲਟਕ ਰਹੀ 11,000 ਵੋਲਟ ਦੀ ਬਿਜਲੀ ਦੀ ਤਾਰ ਟੁੱਟ ਕੇ ਡਿੱਗ ਜਾਣ ਕਾਰਨ ਮੌਤ ਹੋ ਗਈ।
* 31 ਜਨਵਰੀ, 2025 ਨੂੰ ਬੇਗੂਸਰਾਏ (ਬਿਹਾਰ) ਦੇ ਪਿੰਡ ‘ਮੈਦਾਬਗਨ ਗਾਮਾ’ ’ਚ ਆਪਣੇ ਮਕਾਨ ਦੀ ਛੱਤ ’ਤੇ ਲਟਕ ਰਹੀ 11,000 ਵੋਲਟ ਦੀ ਬਿਜਲੀ ਦੀ ਤਾਰ ਦੀ ਲਪੇਟ ’ਚ ਆਉਣ ਨਾਲ ਮੁਹੰਮਦ ਤੌਫੀਕ ਨਾਂ ਦਾ ਨੌਜਵਾਨ ਮਾਰਿਆ ਗਿਆ।
* 1 ਫਰਵਰੀ, 2025 ਨੂੰ ਕਾਨਪੁਰ ਦੇ ‘ਠਾਕੁਰ’ ਪਿੰਡ ’ਚ ਅਲੀ (13) ਦੀ 11,000 ਵੋਲਟ ਦੀਆਂ ਬਿਜਲੀ ਦੀਆਂ ਤਾਰਾਂ ਤੋਂ ਕਰੰਟ ਲੱਗਣ ਨਾਲ ਮੌਤ ਹੋ ਗਈ।
*2 ਫਰਵਰੀ, 2025 ਨੂੰ ਸਹਾਰਨਪੁਰ (ਉੱਤਰ ਪ੍ਰਦੇਸ਼) ’ਚ ਮਕਾਨ ਦੀ ਛੱਤ ’ਤੇ ਲਟਕ ਰਹੀ ਹਾਈ ਟੈਂਸ਼ਨ ਤਾਰ ਦੀ ਲਪੇਟ ’ਚ ਆਉਣ ਨਾਲ ਇਕ ਬੱਚੇ ਦੇ ਸਰੀਰ ’ਚ ਅੱਗ ਲੱਗ ਗਈ। ਉਸ ਦੀਆਂ ਚੀਕਾਂ ਸੁਣ ਕੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ ਪਰ ਉਸ ਦੀ ਜਾਨ ਨਾ ਬਚ ਸਕੀ।
* 2 ਫਰਵਰੀ, 2025 ਨੂੰ ਹੀ ਲੁਧਿਆਣਾ ’ਚ ਖਿਡੌਣਿਆਂ ਦੇ ਇਕ ਪ੍ਰਸਿੱਧ ਸ਼ੋਅਰੂਮ ’ਚ ਭਿਆਨਕ ਅੱਗ ਲੱਗ ਗਈ। ਸ਼ੋਅਰੂਮ ਦੇ ਮਾਲਕ ਅਨੁਸਾਰ ਉਨ੍ਹਾਂ ਦੇ ਸ਼ੋਅਰੂਮ ਦੇ ਬਾਹਰ ਬਿਜਲੀ ਦੀਆਂ ਤਾਰਾਂ ਦਾ ਸੰਘਣਾ ਜਾਲ ਫੈਲਿਆ ਹੋਇਆ ਹੈ ਅਤੇ ਸੰਭਵ ਹੈ ਕਿ ਬਿਜਲੀ ਦੀਆਂ ਤਾਰਾਂ ’ਚ ਸ਼ਾਰਟ ਸਰਕਟ ਕਾਰਨ ਹੀ ਅੱਗ ਲੱਗੀ।
ਇਨ੍ਹਾਂ ਹਾਦਸਿਆਂ ਨੂੰ ਰੋਕਣ ਲਈ ਜਿਥੇ ਟੁੱਟੀਆਂ ਅਤੇ ਲਟਕਦੀਆਂ ਤਾਰਾਂ ਨੂੰ ਬਦਲਣ ਦੀ ਲੋੜ ਹੈ, ਉਥੇ ਹੀ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਨੂੰ ਨਿਯਮਿਤ ਤੌਰ ’ਤੇ ਵੱਖ-ਵੱਖ ਇਲਾਕਿਆਂ ਦਾ ਦੌਰਾ ਕਰ ਕੇ ਲਟਕਦੀਆਂ ਅਤੇ ਢਿੱਲੀਆਂ ਗੁੱਛਾ-ਨੁਮਾ ਤਾਰਾਂ ਦਾ ਪਤਾ ਲਾ ਕੇ ਉਨ੍ਹਾਂ ਨੂੰ ਠੀਕ ਕਰਨਾ ਚਾਹੀਦਾ ਹੈ। ਨਾਲ ਹੀ ਅਜਿਹੀ ਲਾਪਰਵਾਹੀ ਲਈ ਜ਼ਿੰਮੇਵਾਰ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਵਿਰੁੱਧ ਸਖਤ ਕਾਰਵਾਈ ਵੀ ਕੀਤੀ ਜਾਣੀ ਚਾਹੀਦੀ ਹੈ।
–ਵਿਜੇ ਕੁਮਾਰ
ਬਜਟ ਵਿਚ ਮੰਦੀ ਤੋਂ ਉਭਰਨ ਲਈ ਵਿਨਿਰਮਾਣ ਲਈ ਬਹੁਤ ਕੁਝ ਹੈ
NEXT STORY