ਰਾਸ਼ਟਰਪਤੀ ਡੋਨਾਲਡ ਟਰੰਪ ਨੇ ਯੂਕ੍ਰੇਨ ਅਤੇ ਰੂਸ ਦੇ ਦਰਮਿਆਨ 3 ਸਾਲ ਤੋਂ ਚੱਲ ਰਹੀ ਜੰਗ ’ਚ 30 ਦਿਨ ਦੀ ਜੰਗਬੰਦੀ ਲਈ ਇਕ ਤਰੀਕਾ ਵਿਕਸਤ ਕਰਨ ਲਈ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਲੰਬੀ ਗੱਲਬਾਤ ਕੀਤੀ। ਪੁਤਿਨ ਨੇ ਇਸ ਗੱਲ ’ਤੇ ਸਹਿਮਤੀ ਪ੍ਰਗਟਾਈ ਕਿ ਉਕਤ ਅਰਸੇ ਦੌਰਾਨ ਯੂਕ੍ਰੇਨ ’ਚ ਊਰਜਾ ਅਤੇ ਮੁੱਢਲੇ ਢਾਂਚੇ ਦੇ ਟੀਚਿਆਂ ’ਤੇ ਹਮਲਾ ਨਹੀਂ ਕੀਤਾ ਜਾਵੇਗਾ।
ਫੋਨ ਕਾਲ ਖਤਮ ਹੁੰਦੇ ਹੀ ਰੂਸ ਅਤੇ ਯੂਕ੍ਰੇਨ ਨੇ ਇਕ-ਦੂਜੇ ’ਤੇ ਡਰੋਨ ਅਤੇ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਨਾਗਰਿਕ ਅਤੇ ਫੌਜੀ ਟੀਚੇ ਕ੍ਰਮਵਾਰ ਤਬਾਹ ਹੋ ਗਏ। ਕੀ ਜੰਗਬੰਦੀ ਹੋਵੇਗੀ ਅਤੇ ਯੂਕ੍ਰੇਨ ਨੂੰ ਇਸ ਦੀ ਕੀ ਕੀਮਤ ਅਦਾ ਕਰਨੀ ਪਵੇਗੀ ਕਿਉਂਕਿ ਜੰਗ ਆਪਣੇ ਚੌਥੇ ਸਾਲ ’ਚ ਦਾਖਲ ਹੋ ਚੁੱਕੀ ਹੈ ਅਤੇ ਉਸ ਨੂੰ ਆਪਣੇ ਖੇਤਰ ਦਾ ਪੰਜਵਾਂ ਹਿੱਸਾ ਗੁਆਉਣਾ ਪਿਆ ਹੈ, ਇਹ ਸਾਰੇ ਸਵਾਲ ਅਜੇ ਵੀ ਖੁੱਲ੍ਹੇ ਹਨ। ਯੂਕ੍ਰੇਨ ਦੀਆਂ ਇਲਾਕਾਈ ਰੁਕਾਵਟਾਂ, ਰੂਸ ਦੇ ਰਣਨੀਤਿਕ ਮਕਸਦ ਅਤੇ ਪੱਛਮੀ ਸਹਿਯੋਗੀਆਂ ਦੀਆਂ ਸੁਰੱਖਿਆ ਪ੍ਰਤੀਬੱਧਤਾਵਾਂ ਸਭ ਇਸ ਨਾਜ਼ੁਕ ਅਤੇ ਤਣਾਅਪੂਰਨ ਗੱਲਬਾਤ ਨੂੰ ਆਕਾਰ ਦੇਣਗੀਆਂ।
ਜੰਗ ਦੀ ਆਰਥਿਕ ਲਾਗਤ : ਚੱਲ ਰਹੀਆਂ ਝੜਪਾਂ ਨੇ ਜੰਗ ਵਾਲੇ ਦੇਸ਼ਾਂ ਅਤੇ ਉਨ੍ਹਾਂ ਦੇ ਅੰਤਰਰਾਸ਼ਟਰੀ ਸਮਰਥਕਾਂ ਦੋਵਾਂ ’ਤੇ ਭਾਰੀ ਆਰਥਿਕ ਦਬਾਅ ਪਾਇਆ ਹੈ। ਯੂਕ੍ਰੇਨ ਵਿਦੇਸ਼ੀ ਸਹਾਇਤਾ ’ਤੇ ਬੜਾ ਜ਼ਿਆਦਾ ਿਨਰਭਰ ਰਿਹਾ ਹੈ, ਪਿਛਲੇ 3 ਸਾਲਾਂ ’ਚ ਮਦਦਗਾਰ ਦੇਸ਼ਾਂ ਨੇ ਲਗਭਗ 267 ਮਿਲੀਅਨ ਯੂਰੋ ਦਾ ਯੋਗਦਾਨ ਦਿੱਤਾ ਹੈ। ਲਗਭਗ ਅੱਧਾ, 130 ਬਿਲੀਅਨ ਯੂਰੋ (49 ਫੀਸਦੀ) ਫੌਜੀ ਸਹਾਇਤਾ ਲਈ ਅਲਾਟ ਕੀਤਾ ਿਗਆ ਹੈ, ਜਦਕਿ 118 ਬਿਲੀਅਨ ਯੂਰੋ 44 ਫੀਸਦੀ ਵਿੱਤੀ ਸਹਾਇਤਾ ਲਈ ਅਤੇ 19 ਬਿਲੀਅਨ ਯੂਰੋ (7 ਫੀਸਦੀ) ਮਨੁੱਖੀ ਰਾਹਤ ਲਈ ਦਿੱਤਾ ਗਿਆ ਹੈ।
ਯੂਰਪੀ ਰਾਸ਼ਟਰ ਹੁਣ ਸਮੁੱਚੇ ਯੋਗਦਾਨ ’ਚ ਸੰਯੁਕਤ ਰਾਜ ਅਮਰੀਕਾ ਤੋਂ ਅੱਗੇ ਨਿਕਲ ਗਏ ਹਨ ਜੋ ਵਿਸ਼ਵ ਪੱਧਰੀ ਆਰਥਿਕ ਪ੍ਰਤੀਕਿਰਿਆ ’ਚ ਬਦਲਾਅ ਦਾ ਸੰਕੇਤ ਦਿੰਦਾ ਹੈ। ਯੂਰਪੀ ਦੇਸ਼ਾਂ ਨੇ ਵਿੱਤੀ ਅਤੇ ਮਨੁੱਖੀ ਸਹਾਇਤਾ ਲਈ 70 ਬਿਲੀਅਨ ਯੂਰੋ ਅਤੇ ਫੌਜੀ ਸਹਾਇਤਾ ਲਈ 62 ਬਿਲੀਅਨ ਯੂਰੋ ਦੇਣ ਦਾ ਵਾਅਦਾ ਕੀਤਾ ਹੈ। ਇਸ ਦੇ ਉਲਟ ਅਮਰੀਕੀ ਯੋਗਦਾਨ ’ਚ ਫੌਜੀ ਸਹਾਇਤਾ ਲਈ 64 ਬਿਲੀਅਨ ਯੂਰੋ ਅਤੇ ਵਿੱਤੀ ਅਤੇ ਮਨੁੱਖੀ ਕੋਸ਼ਿਸ਼ਾਂ ਲਈ 50 ਬਿਲੀਅਨ ਯੂਰੋ ਸ਼ਾਮਲ ਹਨ।
ਦੂਜੇ ਪਾਸੇ, ਅਮਰੀਕੀ ਰੱਖਿਆ ਸਕੱਤਰ ਦੇ ਬਿਆਨ ਅਨੁਸਾਰ, ਰੂਸ ਨੇ 2022 ’ਚ ਆਪਣੇ ਮੁਕੰਮਲ ਪੈਮਾਨੇ ’ਤੇ ਹਮਲਾ ਸ਼ੁਰੂ ਕਰਨ ਦੇ ਬਾਅਦ ਤੋਂ ਫੌਜੀ ਮੁਹਿੰਮ, ਫੌਜ ਦੀ ਤਾਇਨਾਤੀ ਅਤੇ ਰਸਦ ਸੰਚਾਲਨ ’ਤੇ 200 ਬਿਲੀਅਨ ਡਾਲਰ ਤੋਂ ਵੱਧ ਖਰਚ ਕੀਤੇ ਹਨ। ਪ੍ਰਤੱਖ ਜੰਗੀ ਖਰਚ ਦੇ ਇਲਾਵਾ, ਮਾਸਕੋ ਨੂੰ ਰੱਦ ਜਾਂ ਮੁਲਤਵੀ ਹਥਿਆਰ ਕਰਾਰਾਂ ਨਾਲ ਵੱਧ ਨੁਕਸਾਨ ਝੱਲਣਾ ਪਿਆ ਹੈ, ਜਿਸ ਦਾ ਅੰਦਾਜ਼ਾ 10 ਬਿਲੀਅਨ ਡਾਲਰ ਤੋਂ ਵੱਧ ਹੈ।
ਮਨੁੱਖੀ ਨੁਕਸਾਨ ਆਰਥਿਕ ਨਤੀਜਿਆਂ ਤੋਂ, ਜੰਗ ਨੇ ਤਬਾਹਕੁੰਨ ਮਨੁੱਖੀ ਨੁਕਸਾਨ ਪਹੁੰਚਾਇਆ ਹੈ। ਯੂਕ੍ਰੇਨ ਦੀ ਅਰਥਵਿਵਸਥਾ ’ਚ ਲਗਭਗ 20 ਫੀਸਦੀ ਲਈ ਕਮੀ ਆਈ ਹੈ, ਜਿਸ ਨਾਲ ਰੂਸ ਦੇ ਨਾਲ ਇਸ ਦੀ ਵਿੱਤੀ ਅਸਮਾਨਤਾ ਵਧ ਗਈ ਹੈ ਜੋ ਪਾਬੰਦੀਆਂ ਦੇ ਬਾਵਜੂਦ 2.18 ਟ੍ਰਿਲੀਅਨ ਡਾਲਰ ਤੋਂ ਵੱਧ ਜੀ. ਡੀ. ਪੀ. ਬਣਾਈ ਰੱਖਦਾ ਹੈ।
ਸੰਯੁਕਤ ਰਾਸ਼ਟਰ ਅਤੇ ਵਿਸ਼ਵ ਬੈਂਕ ਦੀ ਇਕ ਰਿਪੋਰਟ ਅਨੁਸਾਰ ਯੂਕ੍ਰੇਨ ਦੇ ਮੁੜ ਨਿਰਮਾਣ ਦੀ ਲਾਗਤ 524 ਬਿਲੀਅਨ ਡਾਲਰ ਹੋਣ ਦਾ ਅੰਦਾਜ਼ਾ ਹੈ ਜੋ ਇਸ ਦੇ ਸਾਲਾਨਾ ਆਰਥਿਕ ਉਤਪਾਦਨ ਦਾ ਲਗਭਗ 2 ਗੁਣਾ ਹੈ, ਜਿਸ ’ਚ ਰਿਹਾਇਸ਼, ਟਰਾਂਸਪੋਰਟ ਅਤੇ ਊਰਜਾ ਮੁੱਢਲੇ ਢਾਂਚੇ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਹੈ।
ਮਾਰੇ ਜਾਣ ਵਾਲਿਆਂ ਦੇ ਅੰਕੜੇ ਇਕ ਗੰਭੀਰ ਤਸਵੀਰ ਪੇਸ਼ ਕਰਦੇ ਹਨ। ਯੂਕ੍ਰੇਨੀ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ 46,000 ਤੋਂ ਵੱਧ ਫੌਜੀ ਮੌਤਾਂ ਦੀ ਸੂਚਨਾ ਦਿੱਤੀ ਸੀ ਹਾਲਾਂਕਿ ਆਜ਼ਾਦ ਅਨੁਮਾਨ ਵੱਧ ਗਿਣਤੀ ਦਾ ਸੁਝਾਅ ਦਿੰਦੇ ਹਨ।
ਰੂਸੀ ਨੁਕਸਾਨ ਦੀ ਪੁਸ਼ਟੀ ਕਰਨੀ ਔਖੀ ਹੈ ਪਰ ਬੜੇ ਹੀ ਰੂੜੀਵਾਦੀ ਅੰਦਾਜ਼ਿਆਂ ਅਨੁਸਾਰ ਮਰਨ ਵਾਲੇ ਫੌਜੀਅਾਂ ਦੀ ਗਿਣਤੀ 95,000 ਤੋਂ ਵੱਧ ਹੈ, ਜਦ ਕਿ ਇਕ ਕਥਿਤ ਅੰਕੜਾ ਇਸ ਨੂੰ 4,27,000 ਦੱਸਦਾ ਹੈ। ਸੱਚਾਈ ਇਸ ਤੋਂ ਵੱਧ ਭਿਆਨਕ ਹੋ ਸਕਦੀ ਹੈ, ਨਾਗਰਿਕਾਂ ਨੇ ਜੰਗ ਦਾ ਖਮਿਆਜ਼ਾ ਭੁਗਤਿਆ ਹੈ। ਸੰਯੁਕਤ ਰਾਸ਼ਟਰ ਨੇ 12,000 ਤੋਂ ਿਜ਼ਆਦਾ ਨਾਗਰਿਕਾਂ ਦੀ ਮੌਤ ਦਰਜ ਕੀਤੀ ਹੈ ਹਾਲਾਂਕਿ ਅਸਲ ਅੰਕੜਾ ਸ਼ਾਇਦ ਇਸ ਤੋਂ ਕਿਤੇ ਵੱਧ ਹੈ, ਖਾਸ ਕਰਕੇ ਰੂਸੀ ਕਬਜ਼ੇ ਵਾਲੇ ਇਲਾਕਿਆਂ ’ਚ ਤਸਦੀਕ ਕਰਨੀ ਇਕ ਚੁਣੌਤੀ ਬਣੀ ਹੋਈ ਹੈ।
ਇਕੱਲੇ ਮਾਇਰਯੂਪੋਲ ’ਚ, ਤੇਜ਼ ਸ਼ਹਿਰੀ ਜੰਗ ਦੇ ਦਰਮਿਆਨ 8,000 ਤੋਂ ਵੱਧ ਵਿਅਕਤੀਆਂ ਨੇ ਆਪਣੀ ਜਾਨ ਗੁਆ ਦਿੱਤੀ। ਜੰਗ ਨੇ ਆਧੁਨਿਕ ਇਤਿਹਾਸ ਦੇ ਸਭ ਤੋਂ ਵੱਡੇ ਪਨਾਹਗੀਰਾਂ ਦੇ ਸੰਕਟਾਂ ’ਚੋਂ ਇਕ ਨੂੰ ਵੀ ਜਨਮ ਦਿੱਤਾ ਹੈ, ਜਿਸ ਨਾਲ ਵਿਦੇਸ਼ਾਂ ’ਚ 6 ਮਿਲੀਅਨ ਤੋਂ ਵੱਧ ਯੂਕ੍ਰੇਨੀਅਨ ਅਤੇ ਦੇਸ਼ ਦੇ ਅੰਦਰ ਹੋਰ 4 ਮਿਲੀਅਨ ਲੋਕ ਉਜੜੇ ਹਨ। ਜੰਗ ਸ਼ੁਰੂ ਹੋਣ ਮਗਰੋਂ ਯੂਕ੍ਰੇਨ ਦੀ ਆਬਾਦੀ ’ਚ ਲਗਭਗ 1 ਚੌਥਾਈ ਦੀ ਗਿਰਾਵਟ ਆਈ ਹੈ, ਨਾਲ ਹੀ ਜਨਮ ਦਰ ’ਚ ਰੁਕਾਵਟ ਨੇ ਇਸ ਦੀਆਂ ਲੰਬੇ ਸਮੇਂ ਦੀਆਂ ਆਬਾਦੀ ਪੱਖੋਂ ਚੁਣੌਤੀਆਂ ਨੂੰ ਹੋਰ ਵਧਾ ਦਿੱਤਾ ਹੈ।
ਵਿਕਸਤ ਹੁੰਦਾ ਜੰਗੀ ਇਲਾਕਾ : ਜੰਗ ਦੇ 3 ਸਾਲ ਬਾਅਦ ਵੀ ਇਲਾਕਾਈ ਕੰਟਰੋਲ ਅਸਥਿਰ ਬਣਿਆ ਹੋਇਆ ਹੈ, ਜਿਸ ’ਚ ਰੂਸੀ ਅਤੇ ਯੂਕ੍ਰੇਨੀ ਦੋਵੇਂ ਫੌਜਾਂ ਹੌਲੀ-ਹੌਲੀ ਲਾਭ ਪ੍ਰਾਪਤ ਕਰ ਰਹੀਆਂ ਹਨ। ਪੂਰਬੀ ਯੂਕ੍ਰੇਨ ’ਚ, ਰੂਸੀ ਫੌਜੀਆਂ ਨੇ ਡੋਨੇਟਸਕ ’ਚ ਅੱਗੇ ਵਧਦੇ ਹੋਏ ਕੁਰਾਖੋਵ ਵਰਗੇ ਸ਼ਹਿਰਾਂ ’ਤੇ ਕਬਜ਼ਾ ਕਰ ਲਿਆ ਹੈ ਅਤੇ ਪੋਕ੍ਰੋਵਸਕ ਵੱਲ ਵਧ ਰਹੇ ਹਨ।
ਹਾਲਾਂਕਿ, ਮੱਧ ਅਤੇ ਪੱਛਮੀ ਇਲਾਕਿਆਂ ’ਚ ਯੂਕ੍ਰੇਨੀ ਸੁਰੱਖਿਆ ਮਜ਼ਬੂਤ ਬਣੀ ਹੋਈ ਹੈ, ਰੂਸੀ ਸੁਧਾਰ ਨੂੰ ਰੋਕਣ ਲਈ ਡਰੋਨ ਜੰਗ ਅਤੇ ਜਵਾਬੀ ਹਮਲੇ ਦੀ ਰਣਨੀਤੀ ਦਾ ਲਾਭ ਉਠਾ ਰਹੀ ਹੈ। ਉੱਤਰ ’ਚ, ਰੂਸੀ ਫੌਜ ਨੇ ਮਈ 2024 ’ਚ ਖਾਰਕਿਵ ਇਲਾਕੇ ’ਚ ਘੁਸਪੈਠ ਕਰ ਕੇ ਯੂਕ੍ਰੇਨੀ ਫੌਜੀਆਂ ਵਲੋਂ ਭਜਾਏ ਜਾਣ ਤੋਂ ਪਹਿਲਾਂ ਕਈ ਪਿੰਡਾਂ ’ਤੇ ਕਬਜ਼ਾ ਕਰ ਲਿਆ।
ਆਰਜ਼ੀ ਜੰਗਬੰਦੀ ਕਰਾਉਣ ਦੀਆਂ ਕੋਸ਼ਿਸ਼ਾਂ ’ਚ ਤੇਜ਼ੀ ਆਈ ਹੈ, ਅਮਰੀਕਾ ਨੇ ਰੂਸ ਦੀ ਮਨਜ਼ੂਰੀ ’ਤੇ ਨਿਰਭਰ ਕਰਦੇ ਹੋਏ ਦੁਸ਼ਮਣੀ ’ਚ 30 ਦਿਨ ਦੀ ਰੋਕ ਲਾਉਣ ਦੀ ਤਜਵੀਜ਼ ਰੱਖੀ ਹੈ। ਇਸ ਯੋਜਨਾ ’ਚ ਮਨੁੱਖੀ ਉਪਾਵਾਂ ਨੂੰ ਪਹਿਲ ਦਿੱਤੀ ਗਈ ਹੈ, ਜਿਸ ’ਚ ਕੈਦੀਆਂ ਦੀ ਅਦਲਾ-ਬਦਲੀ ਅਤੇ ਰੂਸ ਲਿਜਾਏ ਗਏ ਯੂਕ੍ਰੇਨੀ ਬੱਚਿਆਂ ਦੀ ਵਾਪਸੀ ਸ਼ਾਮਲ ਹੈ।
ਅਮਰੀਕੀ ਰਾਸ਼ਟਰਪਤੀ ਟਰੰਪ ਨੇ ਯੂਕ੍ਰੇਨ ਨੂੰ ਤਜਵੀਜ਼ਤ ਸ਼ਰਤਾਂ ਪ੍ਰਵਾਨ ਕਰਨ ਲਈ ਕਿਹਾ ਹੈ ਜਦ ਕਿ ਰੂਸ ਪ੍ਰਤੀ ਉਨ੍ਹਾਂ ਦਾ ਰੁਖ ਵਰਣਨਯੋਗ ਤੌਰ ’ਤੇ ਘੱਟ ਟਕਰਾਅ ਵਾਲਾ ਰਿਹਾ ਹੈ। ਕੀ ਸਥਾਈ ਸ਼ਾਂਤੀ ਪ੍ਰਾਪਤ ਕੀਤੀ ਜਾ ਸਕਦੀ ਹੈ? ਚੱਲ ਰਹੀ ਗੱਲਬਾਤ ਦੇ ਬਾਵਜੂਦ, ਲੰਬੇ ਸਮੇਂ ਦਾ ਹੱਲ ਭੁਲੇਖਾ ਪਾਉਣ ਵਾਲਾ ਬਣਿਆ ਹੋਇਆ ਹੈ।
–ਮਨੀਸ਼ ਤਿਵਾੜੀ
(ਵਕੀਲ, ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ)
ਸੋਨੇ ਦੀ ਸਮੱਗਲਿੰਗ ਦਾ ਹੱਲ ਕੀ ਹੈ
NEXT STORY