ਹਾਲਾਂਕਿ ਅਤੀਤ ਵਿਚ ਪੰਚਾਇਤਾਂ (ਖਾਪ) ਦੁਆਰਾ ਲਏ ਗਏ ਕੁਝ ਫੈਸਲਿਆਂ ਲਈ ਇਨ੍ਹਾਂ ਨੂੰ ’ਕੰਗਾਰੂ ਅਦਾਲਤਾਂ’ ਵੀ ਕਿਹਾ ਜਾਣ ਲੱਗਾ ਸੀ ਅਤੇ ਕੁਝ ਤਾਲਿਬਾਨੀ ਕਿਸਮ ਦੇ ਫ਼ੈਸਲਿਆਂ ਲਈ ਅਤੀਤ ਵਿਚ ਪੰਚਾਇਤਾਂ (ਖਾਪ) ਦੀ ਆਲੋਚਨਾ ਵੀ ਹੋਈ ਹੈ ਪਰ ਹੁਣ ਬਦਲਦੇ ਮਾਹੌਲ ’ਚ ਇਹ ਤੇਜ਼ੀ ਨਾਲ ਬਦਲ ਰਹੀਆਂ ਹਨ ਅਤੇ ਅਨੇਕ ਸਮਾਜਿਕ ਕੁਰੀਤੀਆਂ ਦੂਰ ਕਰਨ ਲਈ ਮਹੱਤਵਪੂਰਨ ਫੈਸਲੇ ਲੈ ਰਹੀਆਂ ਹਨ।
25 ਜੁਲਾਈ, 2026 ਨੂੰ ਹਰਿਆਣਾ ਦੇ ’ਚੌਬੀਸੀ ਚਬੂਤਰੇ’ ’ਤੇ ’ਚੌਬੀਸੀ ਸਰਵ ਪੰਚਾਇਤ (ਖਾਪ)’ ਦੇ ਪ੍ਰਧਾਨ ਸੁਭਾਸ਼ ਗੋਇਲ (ਨੰਬਰਦਾਰ) ਦੀ ਪ੍ਰਧਾਨਗੀ ਵਿਚ ਆਯੋਜਿਤ ਮਹਾ-ਪੰਚਾਇਤ ਵਿਚ ਹਰਿਆਣਾ, ਰਾਜਸਥਾਨ, ਦਿੱਲੀ ਅਤੇ ਉੱਤਰ ਪ੍ਰਦੇਸ਼ ਸਮੇਤ ਕਈ ਪੰਚਾਇਤਾਂ (ਖਾਪਾਂ) ਦੇ ਪ੍ਰਤੀਨਿਧੀਆਂ ਨੇ ਸਮਾਜ ਵਿਚ ਪਾਈਆਂ ਜਾ ਰਹੀਆਂ ਕੁਰੀਤੀਆਂ ਦੂਰ ਕਰਨ ਲਈ ਮਹੱਤਵਪੂਰਨ ਫੈਸਲੇ ਲਏ।
ਮਹਾ-ਪੰਚਾਇਤ ਵਿਚ ਸੋਸ਼ਲ ਮੀਡੀਆ ’ਤੇ ਵਧਦੀ ਅਸ਼ਲੀਲਤਾ, ਫ਼ੂਹੜਤਾ, ਨਸ਼ਿਆਂ ਦੇ ਸੇਵਨ ਅਤੇ ਗੰਨ ਕਲਚਰ ਨੂੰ ਉਤਸ਼ਾਹ ਦੇਣ ਵਾਲਿਆਂ ਦੇ ਸਮਾਜਿਕ ਬਾਈਕਾਟ ਦਾ ਸੱਦਾ ਦਿੰਦੇ ਹੋਏ ਕਿਹਾ ਗਿਆ ਕਿ ਇਹ ਸਮਾਜ ਦੇ ਲਈ ਗੰਭੀਰ ਚੁਣੌਤੀ ਬਣ ਗਏ ਹਨ।
ਫੈਸਲਾ ਲਿਆ ਗਿਆ ਕਿ ਨਸ਼ਾ ਕਰਨ ਅਤੇ ਵੇਚਣ ਵਾਲਿਆਂ ਵਿਰੁੱਧ ਪੰਚਾਇਤਾਂ ਅਾਪਣੇ ਪੱਧਰ ’ਤੇ ਕਾਰਵਾਈ ਕਰਨ ਦੀ ਸਿਫ਼ਾਰਿਸ਼ ਕਰਨਗੀਆਂ। ਇਨ੍ਹਾਂ ਦੇ ਨਾਲ ਕਿਸੇ ਕਿਸਮ ਦੀ ਨਰਮੀ ਨਹੀਂ ਵਰਤੀ ਜਾਏਗੀ। ਨਸ਼ਾ ਸਮੱਗਲਿੰਗ ਦੀ ਸੂਚਨਾ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਏਗੀ ਅਤੇ ’ਖਾਪਾਂ’ ਉਸ ਨੂੰ ਸਨਮਾਨਿਤ ਕਰਨਗੀਆਂ।
ਵਿਆਹਾਂ ਅਤੇ ਹੋਰ ਸਮਾਜਿਕ ਸਮਾਗਮਾਂ ’ਚ ਕਲਾਕਾਰਾਂ ਵੱਲੋਂ ਅਸ਼ਲੀਲ ਗੀਤ ਗਾਉਣ ਅਤੇ ਉਨ੍ਹਾਂ ’ਤੇ ਡਾਂਸ ਕਰਨ ’ਤੇ ਵੀ ਰੋਕ ਲਾਉਣ ਦਾ ਫੈਸਲਾ ਕੀਤਾ ਗਿਆ। ਸਮਾਗਮਾਂ ’ਚ ਅਸ਼ਲੀਲ ਗੀਤਾਂ ’ਤੇ ਡਾਂਸ ਕਰਵਾਉਣ ਜਾਂ ਇਸ ਤਰ੍ਹਾਂ ਦੇ ਕਲਾਕਾਰਾਂ ਨੂੰ ਬੁਲਾਉਣ ਵਾਲਿਆਂ ’ਤੇ ਵੀ ਸਮਾਜਿਕ ਪੱਧਰ ’ਤੇ ਕਾਰਵਾਈ ਕਰਨ ਦਾ ਫੈਸਲਾ ਕਰਨ ਤੋਂ ਇਲਾਵਾ ਸਰਕਾਰ ਤੋਂ ਅਸ਼ਲੀਲ ਗੀਤ ਬਣਾਉਣ, ਗਾਉਣ ਅਤੇ ਉਨ੍ਹਾਂ ’ਤੇ ਡਾਂਸ ਕਰਨ ਵਾਲੇ ਕਲਾਕਾਰਾਂ ਦੇ ਵਿਰੁੱਧ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਵੀ ਕੀਤੀ ਗਈ।
ਮਹਾ-ਪੰਚਾਇਤ ਵਿਚ ਪਹੁੰਚੇ ਦਰਜਨਾਂ ਹਰਿਆਣਵੀ ਲੋਕ ਕਲਾਕਾਰ / ਗਾਇਕਾਂ ਨੇ ‘ਗੰਨ ਕਲਚਰ’ ਅਤੇ ਗੀਤਾਂ ਿਵਚ ਅਸ਼ਲੀਲ ਸ਼ਬਦਾਂ ਦੀ ਵਰਤੋਂ ਨਾਂ ਕਰਨ ਦਾ ਸੰਕਲਪ ਲਿਆ।
ਇਸੇ ਤਰ੍ਹਾਂ 7 ਸਤੰਬਰ ਨੂੰ ‘ਪਲਵਲ’ ਦੇ ਪਿੰਡ ‘ਮੰਡਕੋਲਾ’ ’ਚ ‘36 ਬਰਾਦਰੀ’ ਅਤੇ ‘52 ਪਾਲ’ ਦੀ ‘ਮਹਾ-ਪੰਚਾਇਤ’ ’ਚ ਵਿਆਹ-ਸ਼ਾਦੀ ਅਤੇ ਹੋਰ ਸਮਾਜਿਕ ਸਮਾਗਮਾਂ ਨੂੰ ਸਾਦਗੀਪੂਰਨ ਬਣਾਉਣ ਲਈ 22 ਮਹੱਤਵਪੂਰਨ ਫੈਸਲੇ ਸਰਵਸੰਮਤੀ ਨਾਲ ਲਏ ਗਏ। ਮਹਾ-ਪੰਚਾਇਤ ’ਚ ਐੱਨ. ਸੀ. ਆਰ. ਖੇਤਰ ਤੋਂ ਲੱਗਭਗ 10,000 ਲੋਕਾਂ ਨੇ ਇਸ ’ਚ ਭਾਗ ਲਿਆ।
ਇਕ ਰਿਪੋਰਟ ’ਚ ‘52 ਪਾਲ’ ਦੇ ਪ੍ਰਧਾਨ ‘ਅਰੁਣ ਜ਼ੈਲਦਾਰ’ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਦਾਜ ਪ੍ਰਥਾ ’ਤੇ ਠੱਲ੍ਹ ਪਾਉਣ ਲਈ ਹੁਣ ਮੰਗਣੀ ਦੀ ਰਸਮ ’ਚ ਮੁੰਡੇ ਨੂੰ ਸਿਰਫ ਇਕ ਰੁਪਿਆ, ਪੰਜ ਕੱਪੜੇ ਅਤੇ ਇਕ ਕਿੱਲੋ ਮਠਿਆਈ ਦਿੱਤੀ ਜਾਵੇਗੀ ਅਤੇ ਮੰਗਣੀ ’ਚ ਵੱਧ ਤੋਂ ਵੱਧ 5 ਲੋਕ ਹੀ ਸ਼ਾਮਲ ਹੋਣਗੇ।
ਉੱਥੇ ਹੀ ਵਿਆਹਾਂ ’ਚ ਜੰਙ ਦਾ ਆਕਾਰ ਸੀਮਤ ਕਰਦਿਆਂ ਵੱਧ ਤੋਂ ਵੱਧ 51 ਬਾਰਾਤੀਆਂ ਨੂੰ ਹੀ ਇਜਾਜ਼ਤ ਦੇਣ ਦਾ ਫੈਸਲਾ ਲਿਆ ਗਿਆ ਹੈ। ਵਿਆਹ ਸਮਾਗਮ ’ਚ ਕੇਵਲ ਸ਼ਾਕਾਹਾਰੀ ਅਤੇ ਸਾਤਵਿਕ ਭੋਜਨ ਵਰਤਾਉਣ ਦੀ ਅਪੀਲ ਵੀ ਕੀਤੀ ਗਈ ਹੈ।
ਵਿਆਹਾਂ ’ਚ 2 ਤੋਲੇ ਤੋਂ ਵੱਧ ਸੋਨਾ ਅਤੇ 100 ਗ੍ਰਾਮ ਤੋਂ ਵੱਧ ਚਾਂਦੀ ਦੇਣ ’ਤੇ ਰੋਕ ਰਹੇਗੀ। ਕੰਨਿਆਦਾਨ ਦੀ ਰਾਸ਼ੀ ਵੀ ਵੱਧ ਤੋਂ ਵੱਧ 11,000 ਰੁਪਏ ਤੈਅ ਕੀਤੀ ਗਈ ਹੈ। ਲਗਜ਼ਰੀ ਵਾਹਨ, ਨਕਦ ਰਾਸ਼ੀ ਅਤੇ ਮਹਿੰਗੇ ਤੋਹਫ਼ੇ ਦੇਣ ’ਤੇ ਪੂਰਨ ਪਾਬੰਦੀ ਰਹੇਗੀ। ਵਿਆਹ ਸਮਾਗਮਾਂ ’ਚ ਡੀ. ਜੇ. ਅਤੇ ਸ਼ਰਾਬ ਦੀ ਵਰਤੋਂ ’ਤੇ ਵੀ ਪੂਰੀ ਤਰ੍ਹਾਂ ਰੋਕ ਲਾਉਣ ਦਾ ਫੈਸਲਾ ਕੀਤਾ ਗਿਆ ਹੈ।
ਮ੍ਰਿਤੂ ਭੋਜ ’ਤੇ ਵੀ ਪੂਰੀ ਪਾਬੰਦੀ ਲਾਉਣ ਦਾ ਫੈਸਲਾ ਕੀਤਾ ਗਿਆ ਹੈ। ਮਹਾ-ਪੰਚਾਇਤ ਦਾ ਮੰਨਣਾ ਹੈ ਕਿ ਇਨ੍ਹਾਂ ਫੈਸਲਿਆਂ ਨਾਲ ਸਮਾਜਿਕ ਸਮਾਗਮਾਂ ’ਚ ਵਧਦਾ ਆਰਥਿਕ ਬੋਝ ਘਟਾਉਣ ਅਤੇ ਸਾਦਗੀ ਨੂੰ ਉਤਸ਼ਾਹ ਦੇਣ ’ਚ ਮਦਦ ਮਿਲੇਗੀ ਅਤੇ ਉਕਤ ਇਨਕਲਾਬੀ ਫੈਸਲਿਆਂ ਲਈ ਸਬੰਧਤ ਪੰਚਾਇਤਾਂ (ਖਾਪਾਂ) ਸ਼ਲਾਘਾ ਦੀਆਂ ਪਾਤਰ ਹਨ।
ਭਾਰਤ ਪਿੰਡਾਂ ਦਾ ਦੇਸ਼ ਹੈ ਅਤੇ ਦੇਸ਼ ਦੀ ਬਹੁਗਿਣਤੀ ਪਿੰਡਾਂ ’ਚ ਹੀ ਵੱਸਦੀ ਹੈ, ਅਜਿਹੇ ’ਚ ਜੇਕਰ ਉਕਤ ਬੁਰਾਈਆਂ ਨੂੰ ਖਤਮ ਕਰਨ ਅਤੇ ਵਿਆਹਾਂ ’ਚ ਸਾਦਗੀ ਬਾਰੇ ਪੰਚਾਇਤਾਂ (ਖਾਪ) ਦੇ ਉਕਤ ਫੈਸਲਿਆਂ ਦਾ ਦੇਸ਼ ਦੀਆਂ ਹੋਰ ਸਭ ਪੰਚਾਇਤਾਂ ਵੀ ਸਮਰਥਨ ਕਰਨ ਲੱਗਣ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਮਾਜ ਨੂੰ ਇਨ੍ਹਾਂ ਕੁਰੀਤੀਆਂ ਤੋਂ ਕਾਫੀ ਹੱਦ ਤੱਕ ਮੁਕਤੀ ਮਿਲ ਸਕੇਗੀ।
ਨਸ਼ਿਆਂ, ਗੰਨ ਕਲਚਰ, ਗੀਤਾਂ ’ਚ ਅਸ਼ਲੀਲਤਾ, ਦਾਜ ਆਦਿ ਮਾੜੀ ਪ੍ਰਥਾਵਾਂ ਤੋਂ ਮੁਕਤੀ ਮਿਲਣ ਨਾਲ ਲੋਕਾਂ ਦਾ ਜੀਵਨ ਸੌਖਾ ਬਣ ਸਕੇਗਾ ਅਤੇ ਉਹ ਆਪਣੇ ਧਨ ਅਤੇ ਊਰਜਾ ਦੀ ਹਾਂਪੱਖੀ ਵਰਤੋਂ ਕਰ ਸਕਣਗੇ।
—ਵਿਜੇ ਕੁਮਾਰ
‘ਲੋਕਾਂ ਨੂੰ ਨਿਆਂ ਮਿਲਣ ’ਚ ਦੇਰੀ’ ਨਿਆਂ ਪ੍ਰਣਾਲੀ ਚੁਸਤ ਕਰਨ, ਜੱਜਾਂ ਦੀ ਕਮੀ ਦੂਰ ਕਰਨ ਦੀ ਜ਼ਰੂਰਤ!
NEXT STORY