ਇਹ ਸਾਰਾ ਵਿਸ਼ਵ ਵਿਸ਼ਵਨਾਥ ਦੀ ਰਚਨਾ ਹੈ। ਪਾਣੀ, ਅੱਗ, ਧਰਤੀ, ਹਵਾ, ਆਕਾਸ਼, ਚੰਦਰਮਾ, ਸੂਰਜ, ਯਜਮਾਨ/ਆਤਮਾ ਇਸ ਤਰ੍ਹਾਂ 8 ਪ੍ਰਤੱਖ ਰੂਪਾਂ ’ਚ ਭਗਵਾਨ ਸ਼ਿਵ ਸਾਰਿਆਂ ਨੂੰ ਦਿਖਾਈ ਦਿੰਦੇ ਹਨ। ਭਾਰਤੀ ਦ੍ਰਿਸ਼ਟੀ ਨਾਲ ਸਾਰੇ ਜੀਵ ਜਗਤ ਅਤੇ ਇਸ ਦਾ ਪੋਸ਼ਣ ਕਰਨ ਵਾਲੇ ਕੁਦਰਤੀ ਤੱਤ ਵਿਸ਼ਵ ਮੂਰਤੀ ਸ਼ਿਵ ਦਾ ਪ੍ਰਤੱਖ ਸਰੀਰ ਹੈ। ਇਸ ਤਰ੍ਹਾਂ ਸਮੁੱਚੇ ਚੇਤਨ-ਅਚੇਤਨ ਪ੍ਰਾਣੀਆਂ ਦੇ ਪਿਤਾ ਸ਼ਿਵ ਹਨ। ਜਿਵੇਂ ਪੁੱਤਰ-ਪੁੱਤਰੀਆਂ ਦਾ ਭਲਾ ਕਰਨ ਵਾਲੇ ’ਤੇ ਪਿਤਾ ਖੁਸ਼ ਹੁੰਦੇ ਹਨ, ਉਂਝ ਹੀ ਵਾਤਾਵਰਣ ਦੇ ਉਪਰੋਕਤ ਤੱਤਾਂ ਨੂੰ ਹਾਨੀ ਤੋਂ ਬਚਾਉਣ ਵਾਲੇ, ਪ੍ਰਦੂਸ਼ਣ ਮੁਕਤ ਅਤੇ ਪੋਸ਼ਣ ਦੇਣ ਵਾਲਿਆਂ ’ਤੇ ਭਗਵਾਨ ਸ਼ੰਕਰ ਖੁਸ਼ ਹੁੰਦੇ ਹਨ। ਜੇ ਕੋਈ ਵੀ ਮਨੁੱਖ ਇਨ੍ਹਾਂ ਅੱਠ ਮੂਰਤੀਆਂ ’ਚੋਂ ਕਿਸੇ ਦਾ ਵੀ ਨੁਕਸਾਨ ਕਰਦਾ ਹੈ ਤਾਂ ਉਹ ਅਸਲ ਭਗਵਾਨ ਸ਼ੰਕਰ ਦਾ ਹੀ ਨੁਕਸਾਨ ਕਰ ਰਿਹਾ ਹੈ।
ਭਗਵਾਨ ਸ਼ੰਕਰ ਦਾ ਭੌਤਿਕ ਰੂਪ ਵੀ ਪੂਰੀ ਤਰ੍ਹਾਂ ਵਾਤਾਵਰਣ ਦਾ ਪ੍ਰਤੀਕ ਹੈ। ਮਹਾਰਾਜਾ ਦਲੀਪ ਦੇ ਪੁੱਤਰ ਭਗੀਰਥ ਨੇ ਬਹੁਤ ਤਪੱਸਿਆ ਕੀਤੀ ਅਤੇ ਮਾਂ ਗੰਗਾ ਖੁਸ਼ ਹੋਈ ਪਰ ਮਾਂ ਗੰਗਾ ਨੇ ਸ਼ੱਕ ਪ੍ਰਗਟ ਕੀਤਾ ਕਿ ਉਸ ਦੇ ਤੇਜ਼ ਵਹਾਅ ਨੂੰ ਧਰਤੀ ਕਿਵੇਂ ਸਹਿਣ ਕਰੇਗੀ। ਮਹਾਰਾਜਾ ਭਗੀਰਥ ਨੇ ਤਪ ਰਾਹੀਂ ਸ਼ਿਵ ਭੋਲੇਨਾਥ ਨੂੰ ਪ੍ਰਸੰਨ ਕੀਤਾ। ਭੋਲੇਨਾਥ ਨੇ ਆਪਣੀਆਂ ਜਟਾਵਾਂ ’ਚੋਂ ਗੰਗਾ ਨੂੰ ਸਥਾਨ ਦਿੱਤਾ। ਰੁੱਖਾਂ ਦੀਆਂ ਜੜ੍ਹਾਂ ਸ਼ਿਵਜੀ ਦੀਆਂ ਜਟਾਵਾਂ ਦਾ ਹੀ ਕਾਰਜ ਕਰਦੀਆਂ ਹਨ। ਮੀਂਹ ਦੇ ਤਿੱਖੇ ਵਹਾਅ ਨਾਲ ਰੁੱਖਾਂ ਦੀਆਂ ਜੜ੍ਹਾਂ ਆਪਣੇ ਉੱਪਰ ਲੈ ਕੇ ਮਿੱਟੀ ਦੇ ਖੋਰੇ ਅਤੇ ਵਹਾਅ ਨੂੰ ਰੋਕਦੀਆਂ ਹਨ।
ਉਨ੍ਹਾਂ ਦੇ ਗਲੇ ਦਾ ਗਹਿਣਾ ਸੱਪ ਹੈ। ਫਸਲਾਂ ਦੇ ਦੁਸ਼ਮਣ ਚੂਹਿਆਂ ਆਦਿ ਨੂੰ ਖਾ ਕੇ ਸੱਪ ਕੀੜੇ-ਮਕੌੜਿਆਂ ਦੇ ਕੰਟਰੋਲਰ ਦਾ ਕੰਮ ਕਰਦੇ ਹਨ। ਖੁਰਾਕ ਲੜੀ ਦਾ ਅਟੁੱਟ ਅੰਗ ਹਨ ਸੱਪ। ਸਮੁੰਦਰ ਮੰਥਨ ’ਚੋਂ ਨਿਕਲੀ ਸਭ ਤੋਂ ਤਬਾਹਕੁੰਨ ਜ਼ਹਿਰ ਨੂੰ ਭਗਵਾਨ ਸ਼ਿਵ ਨੇ ਪੀਤਾ ਸੀ ਅਤੇ ਜ਼ਹਿਰ ਦੇ ਪ੍ਰਭਾਵ ਨਾਲ ਉਨ੍ਹਾਂ ਦਾ ਕੰਠ(ਗਲ) ਨੀਲਾ ਹੋ ਗਿਆ। ਇਸ ਲਈ ਉਹ ਨੀਲਕੰਠ ਅਖਵਾਏ। ਨੀਲਕੰਠ ਭਗਵਾਨ ਦਾ ਇਹ ਕੰਮ ਧਰਤੀ ’ਤੇ ਰੁੱਖ ਕਰਦੇ ਹਨ। ਰੁੱਖ ਕਾਰਬਨ ਡਾਈਆਕਸਾਈਡ ਵਰਗੀਆਂ ਜ਼ਹਿਰੀਲੀਆਂ ਗੈਸਾਂ ਨੂੰ ਪੀ ਕੇ ਸਾਨੂੰ ਬਦਲੇ ’ਚ ਆਕਸੀਜਨ ਦਿੰਦੇ ਹਨ। ਧਰਤੀ ’ਤੇ ਰੁੱਖ ਮਹਾਦੇਵ ਦਾ ਪ੍ਰਤੱਖ ਰੂਪ ਹਨ। ਸ਼ਿਵਜੀ ਦੀ ਸੁੰਦਰਤਾ ਦਾ ਸਾਧਨ ਭਸਮ ਹੈ। ਉਨ੍ਹਾਂ ਦਾ ਵਾਹਨ ਨੰਦੀ ਬਲਦ ਹੈ। ਗਊਵੰਸ਼ ਸਾਰੇ ਜੀਵ-ਜੰਤੂਆਂ ਦਾ ਪਾਲਣ ਕਰਦਾ ਹੈ। ਉਸ ਨੂੰ ਅਸੀਂ ਜੀਵ ਦਾ ਅਟੁੱਟ ਅੰਗ ਬਣਾਵਾਂਗੇ ਤਾਂ ਸਦਾ ਸੁਖੀ ਰਹਾਂਗੇ।
ਭਗਵਾਨ ਸ਼ਬਦ ਪੰਜ ਅੱਖਰਾਂ ਤੋਂ ਬਣਦਾ ਹੈ। ਹਰ ਅੱਖਰ ਵਾਤਾਵਰਣ ਦੇ ਇਕ-ਇਕ ਤੱਤ ਦਾ ਸੂਚਕ ਹੈ। ਜ਼ਮੀਨ ਤੋਂ (ਭ), ਗਗਨ ਤੋਂ (ਗ), ਵਾਯੂ ਤੋਂ (ਵ), ਅਗਨੀ ਤੋਂ (ਅ) ਅਤੇ ਨੀਰ ਤੋਂ (ਨ) ਅੱਖਰ ਲਏ ਗਏ ਹਨ। ਭਾਵ ਭਗਵਾਨ ਦੀ ਪੂਜਾ ਦਾ ਅਰਥ ਹੈ ਉਪਰੋਕਤ ਪੰਜ ਤੱਤਾਂ ਨੂੰ ਪਾਲਣਾ ਅਤੇ ਸੰਭਾਲਣਾ । ਪੰਜਾਂ ਤੱਤਾਂ ਨੂੰ ਬਚਾਉਣਾ ਹੀ ਭਗਵਾਨ ਦੀ ਸੱਚੀ ਪੂਜਾ ਹੈ।
ਖੁੱਲ੍ਹੇ ’ਚ ਸੁੱਟਿਆ ਗਿਆ ਪਲਾਸਟਿਕ ਮੀਂਹ ਦੇ ਪਾਣੀ ਦੇ ਨਾਲ ਰੁੜ੍ਹ ਕੇ ਨਦੀਆਂ ਅਤੇ ਸਮੁੰਦਰਾਂ ’ਚ ਚਲਾ ਜਾਂਦਾ ਹੈ, ਜਿਸ ਨਾਲ ਪਾਣੀ ਦੂਸ਼ਿਤ ਹੁੰਦਾ ਹੈ। ਪਲਾਸਟਿਕ ਕਚਰਾ ਸੀਵਰੇਜ ਨਿਕਾਸੀ ’ਚ ਅੜਿੱਕਾ ਬਣਦਾ ਹੈ। ਧਰਤੀ ’ਤੇ ਫੈਲੇ ਮਾਈਕ੍ਰੋ-ਪਲਾਸਟਿਕ ਮੀਂਹ ਦੇ ਪਾਣੀ ਦੇ ਧਰਤੀ ’ਚ ਰਚਣ ’ਚ ਰੁਕਾਵਟ ਬਣਦੇ ਹਨ। ਨਤੀਜੇ ਵਜੋਂ ਪਾਣੀ ਦਾ ਪੱਧਰ ਘੱਟ ਹੋ ਰਿਹਾ ਹੈ। ਖੇਤਾਂ ’ਚ ਪਲਾਸਟਿਕ ਕਚਰੇ ਦੇ ਵਧਣ ਨਾਲ ਮਿੱਟੀ ਦੀ ਪੈਦਾਵਾਰ ਸ਼ਕਤੀ ਘੱਟ ਹੋ ਜਾਂਦੀ ਹੈ ਅਤੇ ਫਸਲਾਂ ਦੀ ਗੁਣਵੱਤਾ ’ਤੇ ਨਾਂਹ-ਪੱਖੀ ਪ੍ਰਭਾਵ ਪੈਂਦਾ ਹੈ। ਕੁਤੂਬਮੀਨਾਰ ਵਰਗੇ ਕਚਰੇ ਦੇ ਢੇਰਾਂ ਦਾ ਮੂਲ ਹਿੱਸਾ ਪਲਾਸਟਿਕ ਹੀ ਹੈ।
ਕਚਰੇ ਦੇ ਢੇਰ ਆਪਣੇ ਸ਼ਹਿਰਾਂ ਅਤੇ ਦੇਸ਼ ਦੀ ਸ਼ਾਨ ਵੀ ਘਟਾਉਂਦੇ ਹਨ। ਪਲਾਸਟਿਕ ਰੂਪੀ ਰਾਖਸ਼ ਸੈਂਕੜੇ ਸਾਲਾਂ ਤਕ ਗਲਦਾ ਨਹੀਂ, ਸਾੜਨ ’ਤੇ ਹਵਾ ਪ੍ਰਦੂਸ਼ਿਤ ਕਰਦਾ ਹੈ। ਸਾਡੀ ਜੀਵਨ ਸ਼ੈਲੀ ’ਚ ਕਚਰੇ ਦਾ ਪ੍ਰਬੰਧਨ ਨਹੀਂ ਹੈ। ਅਕਸਰ ਪਲਾਸਟਿਕ ਕਚਰੇ ਨੂੰ ਸਾੜ ਦਿੱਤਾ ਜਾਂਦਾ ਹੈ, ਜਿਸ ਨਾਲ ਹਵਾ ’ਚ ਜ਼ਹਿਰੀਲੇ ਤੱਤ ਘੁਲ ਜਾਂਦੇ ਹਨ। ਹਰ ਸਾਲ ਲੱਖਾਂ ਲੋਕ ਖਰਾਬ ਹਵਾ ਗੁਣਵੱਤਾ ਕਾਰਨ ਆਪਣੀ ਜਾਨ ਗੁਆਉਂਦੇ ਹਨ ਅਤੇ ਲੱਖਾਂ ਲੋਕ ਸਾਰੀ ਉਮਰ ਸਿਹਤ ਸਬੰਧੀ ਮੰਦ ਪ੍ਰਭਾਵਾਂ ਤੋਂ ਪੀੜਤ ਰਹਿੰਦੇ ਹਨ। ਸਮੁੰਦਰਾਂ ’ਚ ਵਹਿ ਕੇ ਜਾਣ ਵਾਲਾ ਪਲਾਸਟਿਕ ਕਚਰਾ ਸਮੁੰਦਰੀ ਜੀਵਾਂ ਲਈ ਜਾਨਲੇਵਾ ਸਾਬਿਤ ਹੋ ਰਿਹਾ ਹੈ। ਹਜ਼ਾਰਾਂ ਮੱਛੀਆਂ, ਕੱਛੂਕੁੰਮੇ, ਗਾਵਾਂ ਅਤੇ ਪੰਛੀ ਪਲਾਸਟਿਕ ਨੂੰ ਗਲਤੀ ਨਾਲ ਭੋਜਨ ਸਮਝ ਕੇ ਨਿਗਲ ਲੈਂਦੇ ਹਨ ਜਿਸ ਨਾਲ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ।
ਪਲਾਸਟਿਕ ’ਚ ਮੌਜੂਦ ਹਾਨੀਕਾਰਕ ਰਸਾਇਣ ਪਾਣੀ ਅਤੇ ਭੋਜਨ ’ਚ ਮਿਲ ਕੇ ਕੈਂਸਰ, ਹਾਰਮੋਨ ਅਸੰਤੁਲਨ ਅਤੇ ਹੋਰ ਗੰਭੀਰ ਬੀਮਾਰੀਆਂ ਦਾ ਕਾਰਨ ਬਣ ਰਹੇ ਹਨ। ਪਲਾਸਟਿਕ ਦੀਆਂ ਪਲੇਟਾਂ, ਕੌਲੀਆਂ, ਗਿਲਾਸਾਂ ’ਚ ਜਿਵੇਂ ਹੀ ਗਰਮ ਚੀਜ਼ ਪਾਉਂਦੇ ਹਾਂ ਉਹ ਕੈਂਸਰ ਕਾਰਕ ਬਣ ਜਾਂਦੀਆਂ ਹਨ। ਡਿਸਪੋਜ਼ੇਬਲ ਭਾਂਡਿਆਂ ’ਚ ਭੋਜਨ ਦੇਣਾ ਅਤੇ ਲੈਣਾ ਦੋਵੇਂ ਹੀ ਪਾਪ ਹੈ।
ਪ੍ਰਯਾਗਰਾਜ ਮਹਾਕੁੰਭ 2025 ਨੂੰ ਹਰਿਤ, ਪਵਿੱਤਰ ਅਤੇ ਸਵੱਛ ਕੁੰਭ ਬਣਾਉਣ ਲਈ ਇਕ ਥੈਲਾ ਇਕ ਥਾਲੀ ਮੁਹਿੰਮ ਦੀ ਯੋਜਨਾ ਵਾਤਾਵਰਣ ਸੁਰੱਖਿਆ ਸਰਗਰਮੀ ਨਾਲ ਲਾਗੂ ਕੀਤੀ ਗਈ। ਪੂਰੇ ਦੇਸ਼ ਤੋਂ ਲੋਕਾਂ ਨੇ ਕੱਪੜੇ ਦੇ ਥੈਲੇ ਅਤੇ ਥਾਲੀਆਂ ਇਕੱਠੀਆਂ ਕਰ ਕੇ ਪ੍ਰਯਾਗਰਾਜ ਮਹਾਕੁੰਭ ’ਚ ਭੇਜੀਆਂ ਗਈਆਂ ਤਾਂ ਕਿ ਉਥੇ ਪਲਾਸਟਿਕ ਦਾ ਕਚਰਾ ਘੱਟ ਕੀਤਾ ਜਾ ਸਕੇ। ਇਕ ਅੰਦਾਜ਼ਾ ਲਗਾਇਆ ਗਿਆ ਕਿ ਹਰੇਕ ਵਿਅਕਤੀ ਰੋਜ਼ਾਨਾ 120 ਗ੍ਰਾਮ ਪਲਾਸਟਿਕ ਕਚਰਾ ਪੈਦਾ ਕਰੇ ਤਾਂ ਇਕ ਕਰੋੜ ਸ਼ਰਧਾਲੂ 1200 ਟਨ ਕਚਰਾ ਇਕ ਦਿਨ ’ਚ ਪੈਦਾ ਕਰਦੇ । ਇਸ ਨੂੰ ਦੇਖ ਕੇ ਮਹਾਕੁੰਭ ਦੇ ਭੰਡਾਰਿਆਂ ’ਚ ਸਟੀਲ ਦੀਆਂ ਥਾਲੀਆਂ 10.25 ਲੱਖ, ਕੱਪੜੇ ਦੇ ਥੈਲੇ 13 ਲੱਖ, ਸਟੀਲ ਦੇ ਗਿਲਾਸ 2.5 ਲੱਖ ਮੁਫਤ ਵੰਡੇ ਗਏ। ਇਸ ਨਾਲ ਵਾਤਾਵਰਣ ਸਵੱਛਤਾ ਦਾ ਸੰਦੇਸ਼ ਘਰ-ਘਰ ਪੁੱਜਾ। ਦੇਸ਼ ਪੱਧਰੀ ਮੁਹਿੰਮ ’ਚ ਲੱਖਾਂ ਪਰਿਵਾਰਾਂ ਦੀ ਭਾਗੀਦਾਰੀ ਨਾਲ ਹਰਿਤ ਕੁੰਭ ਮੁਹਿੰਮ ਸਫਲ ਹੋਈ। ਪਰਿਵਾਰਾਂ ਤਕ ਵਾਤਾਵਰਣ ਸਵੱਛਤਾ ਦਾ ਸੰਦੇਸ਼ ਪ੍ਰਭਾਵਸ਼ਾਲੀ ਢੰਗ ਨਾਲ ਪੁੱਜਾ।
ਮਹਾਕੁੰਭ ’ਚ ਡਿਸਪੋਜ਼ੇਬਲ ਪਲੇਟਾਂ, ਗਿਲਾਸਾਂ ਅਤੇ ਕੌਲੀਆਂ ਦੀ ਵਰਤੋਂ 80-85 ਫੀਸਦੀ ਤੱਕ ਘੱਟ ਹੋਈ। ਇਸ ਨਾਲ ਕਚਰੇ ਦੀ ਪੈਦਾਵਾਰ ’ਚ ਲਗਭਗ 29000 ਟਨ ਦੀ ਕਮੀ ਆਈ, ਜਦਕਿ ਅੰਦਾਜ਼ਨ ਕੁੱਲ ਕਚਰਾ 40000 ਟਨ ਤੋਂ ਵੱਧ ਹੋ ਸਕਦਾ ਸੀ। ਸਿਰਫ ਇੰਨਾ ਹੀ ਨਹੀਂ, ਡਿਸਪੋਜ਼ੇਬਲ ਪਲੇਟਾਂ, ਗਿਲਾਸਾਂ ਅਤੇ ਕੌਲੀਆਂ ’ਤੇ ਰੋਜ਼ਾਨਾ 3.5 ਕਰੋੜ ਰੁਪਏ ਦੀ ਬੱਚਤ ਹੋਈ।
ਇਸ ਜਾਗਰੂਕਤਾ ਮੁਹਿੰਮ ਦਾ ਅਸਲੀ ਮਕਸਦ ਦੇਸ਼ ਨੂੰ ਪਲਾਸਟਿਕ ਮੁਕਤ ਅਤੇ ਕੈਂਸਰ ਮੁਕਤ ਬਣਾਉਣਾ ਹੈ। ਸਵੱਛ ਅਤੇ ਸਿਹਤ ਵਧਾਊ ਵਾਤਾਵਰਣ ਲਈ ਸਥਾਨਕ ਮੰਨੇ-ਪ੍ਰਮੰਨੇ ਲੋਕਾਂ ਅਤੇ ਸੰਤ ਸਮਾਜ ਦੇ ਮਾਰਗਦਰਸ਼ਨ ’ਚ ਵੱਖ-ਵੱਖ ਸਮਾਜਿਕ, ਸਵੈ-ਸੇਵੀ, ਧਾਰਮਿਕ ਸੰਗਠਨਾਂ ਨਾਲ ਸੰਪਰਕ ਕਰ ਕੇ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਮਹਾਸ਼ਿਵਰਾਤਰੀ ਮਹਾ ਉਤਸਵ ’ਤੇ ਲੱਗਣ ਵਾਲੇ ਲੰਗਰਾਂ ਦੌਰਾਨ ਡਿਸਪੋਜ਼ੇਬਲ ਦੀ ਵਰਤੋਂ ਨਾ ਕਰਨ ਅਤੇ ਪ੍ਰਸ਼ਾਦ ਨੂੰ ਸਟੀਲ ਦੀਆਂ ਪਲੇਟਾਂ ’ਚ ਹੀ ਵੰਡਣ। ਆਓ! ਮਹਾਸ਼ਿਵਰਾਤਰੀ ਮਹਾ ਉਤਸਵ ’ਤੇ ਬਰਤਨ ਬੈਂਕ ਬਣਾਉਣ ਦਾ ਪ੍ਰਣ ਲੈ ਕੇ ਦੇਸ਼ ਨੂੰ ਪਲਾਸਟਿਕ ਅਤੇ ਕੈਂਸਰ ਮੁਕਤ ਬਣਾਈਏ।
ਪ੍ਰਵੀਨ ਕੁਮਾਰ (ਸੂਬਾ ਕਨਵੀਨਰ, ਹਰਿਆਵਲ ਪੰਜਾਬ)
ਬਿਹਾਰ ’ਚ ਪ੍ਰਸ਼ਾਂਤ ਕਿਸ਼ੋਰ ਦਾ ਉੱਖੜ ਜਾਵੇਗਾ ਤੰਬੂ
NEXT STORY