ਕੋਈ ਮਾਂ ਭਲਾ ਕਿਵੇਂ ਨਿਰਦਈ ਹੋ ਸਕਦੀ ਹੈ? ਜ਼ਾਲਮ ਹੋ ਸਕਦੀ ਹੈ? ਕਿਵੇਂ ਆਪਣੇ ਜਿਗਰ ਦੇ ਟੁੱਕੜੇ ਨੂੰ ਬੈਗ ’ਚ ਪੈਕ ਕਰ ਕੇ ਸੜਕ ਰਸਤੇ ਲੰਮੇ ਸਫਰ ’ਤੇ ਬੇਖੌਫ ਨਿਕਲ ਸਕਦੀ ਹੈ? ਇਸ ਦੇ ਜਵਾਬ ਮਨੋਵਿਗਿਆਨੀਆਂ ਦੇ ਕੋਲ ਆਪਣੇ-ਆਪਣੇ ਢੰਗ ਦੇ ਅਤੇ ਵੱਖ ਵੀ ਹੋ ਸਕਦੇ ਹਨ ਪਰ ਗੋਆ ’ਚ ਇਕ ਆਮ ਨਹੀਂ ਸਗੋਂ ਇਕ ਬੇਹੱਦ ਖਾਸ ਉਹ ਮਾਂ ਜਿਸ ਨੇ ਦੇਸ਼-ਦੁਨੀਆ ਨੂੰ ਆਪਣੀ ਸਫਲਤਾ ਨਾਲ ਆਕਰਸ਼ਿਤ ਕੀਤਾ,ਨਿਰਦਈਪੁਣੇ ਅਤੇ ਜ਼ੁਲਮ ਦੀਆਂ ਸਾਰੀਆਂ ਹੱਦਾਂ ਪਾਰ ਕਰ ਜਾਵੇ ਤਾਂ ਹੈਰਾਨੀ ਹੁੰਦੀ ਹੈ। ਗੋਆ ’ਚ ਘਿਨਾਉਣੇ ਹੱਤਿਆਕਾਂਡ ਨੇ ਜਿੱਥੇ ਹਰ ਕਿਸੇ ਨੂੰ ਝੰਜੋੜਿਆ ਉੱਥੇ ਹੀ ਕਈ ਸਵਾਲ ਵੀ ਖੜ੍ਹੇ ਕਰ ਦਿੱਤੇ। ਬੇਹੱਦ ਪੜ੍ਹੀ ਲਿਖੀ ਮਾਂ ਜਿਸ ਨੂੰ ਦੁਨੀਆ ਆਦਰਸ਼ ਸਮਝਦੀ ਸੀ , ਉਹੀ ਅਪਰਾਧੀ ਨਿਕਲੇ? ਸਵਾਲ ਯਕੀਨੀ ਤੌਰ ’ਤੇ ਬੇਚੈਨ ਕਰਨ ਵਾਲਾ ਹੈ ਪਰ ਜਵਾਬ ਵੀ ਸੌਖਾ ਨਹੀਂ ਹੈ।
ਪਤੀ-ਪਤਨੀ ਦੇ ਰਿਸ਼ਤਿਆਂ ’ਚ ਤਲਖੀ ਆਉਣੀ ਕੋਈ ਨਵੀਂ ਗੱਲ ਨਹੀਂ ਪਰ ਇੰਨੀ ਵੀ ਕੀ ਨਫਰਤ ਜੋ ਉਸਦੀ ਬਲੀ-ਬੇਦੀ ’ਤੇ ਆਪਣਾ ਹੀ ਮਾਸੂਮ ਚੜ੍ਹਾ ਦਿੱਤਾ ਜਾਵੇ? ਯਕੀਨੀ ਤੌਰ ’ਤੇ ਬੇਕਾਬੂ ਗੁੱਸਾ, ਸੋਚਣ-ਸਮਝਣ ਦੀ ਸ਼ਕਤੀ ਤੋਂ ਕੰਟਰੋਲ ਗਵਾਉਣਾ ਇਨਸਾਨ ਨੂੰ ਕਿੰਨਾ ਹੈਵਾਨ ਬਣਾ ਦਿੰਦਾ ਹੈ। ਤਮਾਮ ਘਟਨਾਵਾਂ ਤੋਂ ਇਹੀ ਸਮਝ ਆਉਂਦਾ ਹੈ ਪਰ ਸੂਚਨਾ ਸੇਠ ਨੇ ਜਿਸ ਚਲਾਕੀ ਨਾਲ ਆਪਣੀ ਇਕਲੌਤੀ ਸੰਤਾਨ ਨੂੰ ਮੌਤ ਦੀ ਨੀਂਦ ਸੁਆਇਆ, ਉਹ ਬੇਹੱਦ ਵੱਖਰੀ ਅਤੇ ਚਿੰਤਾਜਨਕ ਹੈ। ਜਿਵੇਂ ਕਿ ਖੁਲਾਸਿਆਂ ਤੋਂ ਪਤਾ ਲੱਗਾ, ਬੱਚੇ ਨੂੰ ਅਤੀ ਆਧੁਨਿਕ ਕਫ ਸਿਰਪ ਪਿਆ ਕੇ ਬੇਹੋਸ਼ ਕਰ ਕੇ ਉਸਦਾ ਸਾਹ ਘੁੱਟ ਕੇ ਮੌਤ ਦੀ ਨੀਂਦ ਸੁਆ ਦਿੱਤਾ ਗਿਆ। ਲਾਸ਼ ਬੈਗ ’ਚ ਭਰ ਕੇ ਅੱਧੀ ਰਾਤ ਨੂੰ ਬਹੁਤ ਬੇਖੌਫ ਅੰਦਾਜ਼ ’ਚ ਬੇਧੜਕ ਹੋਟਲ ਦੀ ਰਿਸੈਪਸ਼ਨ ’ਤੇ ਕੈਬ ਡਰਾਈਵਰ ਨੂੰ ਫੜਾਉਣਾ ਅਤੇ ਸੜਕ ਰਾਹ ਗੋਆ ਤੋਂ ਬੈਂਗਲੁਰੂ ਦੇ ਲੰਬੇ ਸਫਰ ’ਤੇ ਨਿਕਲਣਾ ਕਿਸੇ ਹਾਰਰ ਸਟੋਰੀ ਤੋਂ ਘੱਟ ਨਹੀਂ ਹੈ। ਸਾਰੇ ਰਾਹ ਚੁੱਪ ਅਤੇ ਆਮ ਵਰਗੇ ਹਾਵ-ਭਾਵ ਬਣਾਈ ਰੱਖਣਾ, 12 ਘੰਟੇ ਲਾਸ਼ ਨਾਲ ਸਫਰ ਕਰਨਾ ਯਕੀਨੀ ਤੌਰ ’ਤੇ ਬੇਦਿਲ ਕਾਤਲ ਦਾ ਅਜਿਹਾ ਚਲਾਕੀ ਭਰਿਆ ਅੰਦਾਜ਼ ਸੀ ਜਿਵੇਂ ਉਹ ਇਨਸਾਨ ਨਹੀਂ ਏ.ਆਈ. (ਆਰਟੀਫੀਸ਼ੀਅਲ ਇੰਟੈਲੀਜੈਂਸ) ਹੋਵੇ। ਹੱਤਿਆਰੀ ਮਾਂ ਦੀਆਂ ਸਾਰੀਆਂ ਕਰਤੂਤਾਂ ਬੇਹੱਦ ਹੈਰਾਨ ਕਰਨ ਵਾਲੀਆਂ ਹਨ। ਗਨੀਮਤ ਇਹ ਰਹੀ ਕਿ ਿਜੱਥੇ ਹੋਟਲ ਸਟਾਫ ਨੂੰ ਸ਼ੱਕ ਹੋਇਆ ਉੱਥੇ ਹੀ ਡਰਾਈਵਰ ਵੀ ਪ੍ਰੇਸ਼ਾਨ ਸੀ ਕਿ ਹਵਾਈ ਯਾਤਰਾ ਦੇ ਮੁਕਾਬਲੇ ਬੇਹੱਦ ਲੰਮੇ ਸਫਰ ’ਤੇ ਨਿਕਲੀ ਅੌਰਤ ਇੰਨੀ ਸ਼ਾਂਤ ਅਤੇ ਸਹਿਜ ਕਿਵੇਂ? ਸ਼ੱਕ ਅਤੇ ਕਮਰੇ ’ਚ ਮਿਲੇ ਸਬੂਤਾਂ ਦੇ ਆਧਾਰ ’ਤੇ ਹੋਟਲ ਵਾਲੇ ਪੁਲਿਸ ਨੂੰ ਇਤਲਾਹ ਦਿੰਦੇ ਹਨ। ਪੁਲਿਸ ਕੈਬ ਵਾਲੇ ਨਾਲ ਤਾਲਮੇਲ ਕਰਦੀ ਹੈ। ਕੈਬ ਟਿਕਾਣੇ ਦੀ ਥਾਂ ਥਾਣੇ ਪੁੱਜ ਜਾਂਦੀ ਹੈ। ਉੱਥੇ ਬੈਗ ’ਚ ਕੱਪੜਿਆਂ ’ਚ ਲੁਕੀ 4 ਸਾਲ ਦੇ ਮਾਸੂਮ ਦੀ ਲਾਸ਼ ਿਮਲਦੀ ਹੈ। ਇਸ ਤਰ੍ਹਾਂ ਇਕ ਬੇਮਿਸਾਲ ਅੌਰਤ ਪੱਖੋਂ ਹੋਏ ਬੇਹੱਦ ਜ਼ਾਲਮਾਨਾ ਹੱਤਿਆਕਾਂਡ ਤੋਂ ਹਰ ਕੋਈ ਸੁੰਨ ਰਹਿ ਜਾਂਦਾ ਹੈ ਪਤਾ ਨਹੀਂ ਕਿੰਨੀਆਂ ਨਿਰਦਈ ਮਾਵਾਂ ਦੀਆਂ ਕਿਹੋ ਜਿਹੀਆਂ ਜ਼ਾਲਮਾਨਾ ਵਾਰਦਾਤਾਂ ਸੁਣੀਆਂ ਅਤੇ ਦੇਖੀਆਂ ਪਰ ਏ.ਆਈ. ਰਾਹੀਂ ‘ਮਾਈਂਡਫੁੱਲ ਏ.ਆਈ. ਲੈਬ’ ਨਾਲ ਨਕਲੀ ਆਦਰਸ਼ ਅਤੇ ਨੈਤਿਕਤਾ ਦਾ ਆਧੁਨਿਕ ਪਾਠ ਪੜ੍ਹਾਉਣ ਵਾਲੀ ਸੂਚਨਾ ਸੇਠ ਨੇ ਕਿਹੋ ਜਿਹੀ ਘਟੀਆ ਮਾਈਂਡ ਗੇਮ ਖੇਡੀ ਜਿਸ ਨਾਲ ਹਰ ਕੋਈ ਸੁੰਨ ਹੋ ਗਿਆ ਹੈ।
ਉਸਦੇ ਅਨੈਤਿਕ ਕਾਰਨਾਮੇ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਘੱਟ ਹੈ ਅਤੇ ਸਖਤ ਤੋਂ ਸਖਤ ਸਜ਼ਾ ਵੀ ਕਾਫੀ ਹੈ। ਕੋਈ ਅਨਪੜ੍ਹ , ਗਵਾਰ, ਦਕੀਆਨੂਸੀ ਹੁੰਦਾ ਤਾਂ ਥੋੜ੍ਹੀ ਸਮਝ ਵੀ ਆਉਂਦੀ ਪਰ ਇਕ ਪੜ੍ਹੀ ਲਿਖੀ ਖਾਸ ਔਰਤ ਜਿਸਦੀ ਬਹੁਤ ਤਕੜੀ ਪ੍ਰੋਫਾਈਲ ਹੋਵੇ। ਇਕ ਕੰਪਨੀ ਦੀ ਸੀ.ਈ.ਓ. ਅਤੇ ਹਾਰਵਡ ਦੀ ਰਿਸਰਚ ਫੈਲੋ ਹੋਵੇ। ਜਿਸਦਾ ਨਾਮ 2021 ਦੀ ਏ.ਆਈ. ਐਥਿਕਸ ’ਚ ਟੌਪ 100 ਬ੍ਰਿਲੀਐਂਟ ਔਰਤਾਂ ’ਚ ਸ਼ੁਮਾਰ ਹੋਵੇ। ਜਿਸ ਨੇ ਦੋ ਸਾਲ ਬਰਕਮੈਨ ਕਲੇਨ ਸੈਂਟਰ ’ਚ ਇਕ ਸਹਿਯੋਗੀ ਦਾ ਕੰਮ ਕੀਤਾ ਅਤੇ ਬੂਸਟਨ, ਮੈਸਾਚੁਸੈਟਸ ’ਚ ਏ.ਆਈ. ਅਤੇ ਰਿਸਪਾਂਸੀਬਲ ਲਰਨਿੰਗ ’ਚ ਵੀ ਆਪਣਾ ਯੋਗਦਾਨ ਪਾਇਆ। ਬੈਂਗਲੁਰੂ ਦੀ ਨਾਮੀ ਕੰਪਨੀ ’ਚ ਡੇਟਾ ਸਾਇੰਟਿਸਟ ਦਾ ਕੰਮ ਕਰ ਚੁੱਕੀ ਹੋਵੇ, ਜਿਸਨੇ ਦੋ ਪੇਟੈਂਟ ਵੀ ਦਾਖਲ ਕੀਤੇ ਹੋਣ। ਜਿਸ ਕੋਲ ਕਲਕੱਤਾ ਯੂਨੀਵਰਸਿਟੀ ਦੀ ਭੌਤਿਕ ਵਿਗਿਆਨ ਦੀ ਸਪੈਸ਼ਲਾਈਜ਼ੇਸ਼ਨ ਦੀ ਡਿਗਰੀ ਹੋਵੇ ਅਤੇ ਜੋ ਉਥੋਂ ਦੀ 2008 ਦੀ ਟਾਪਰ ਹੋਵੇ, ਉਹ ਅਜਿਹਾ ਕਰੇ ਤਾਂ ਹੈਰਾਨੀ ਦੀਆਂ ਹੱਦਾਂ ਪਾਰ ਹੋਣਾ ਵੀ ਕੁਦਰਤੀ ਹੈ।
ਬੰਗਾਲ ਦੀ ਸੂਚਨਾ ਦੇ ਪਤੀ ਵੈਂਕਟ ਰਮਨ ਵੱਡੇ ਇੰਡੋਨੇਸ਼ੀਆਈ ਕਾਰੋਬਾਰੀ ਹਨ। 2010 ’ਚ ਦੋਵਾਂ ਨੇ ਪ੍ਰੇਮ ਵਿਆਹ ਕੀਤਾ ਪਰ ਛੇਤੀ ਹੀ ਰਿਸ਼ਤੇ ਵਿਗੜ ਗਏ। ਤਲਖੀ ਵਧਦੀ -ਵਧਦੀ ਅਦਾਲਤ ਦੇ ਦਰਵਾਜ਼ੇ ’ਤੇ ਜਾ ਪਹੁੰਚੀ ਜੋ ਆਖਰੀ ਪੜਾਅ ’ਤੇ ਹੈ। ਅਦਾਲਤ ਨੇ ਹਰ ਐਤਵਾਰ ਨੂੰ ਬੇਟੇ ਨੂੰ ਪਿਤਾ ਨਾਲ ਮਿਲਣ ਦੀ ਇਜ਼ਾਜਤ ਕੀ ਦਿੱਤੀ, ਇਹੀ ਸੂਚਨਾ ਸੇਠ ਨੂੰ ਨਾਗਵਾਰ ਗੁਜ਼ਰੀ। ਉਸ ਦੇ ਏ.ਆਈ. ਪੈਟਰਨ ਦੇ ਦਿਮਾਗ ਨੇ ਜ਼ਬਰਦਸਤ ਚਾਲ ਚੱਲੀ। ਕਤਲ ਤੋਂ ਪਹਿਲਾਂ ਬੇਟੇ ਨਾਲ ਬੈਂਗਲੁਰੂ ’ਚ ਮਿਲਣ ਦਾ ਸੁਨੇਹਾ ਦੇ ਕੇ ਪਤੀ ਨੂੰ ਗੁੰਮਰਾਹ ਕੀਤਾ ਅਤੇ ਖੁਦ ਬੇਟੇ ਨੂੰ ਲੈ ਕੇ ਗੋਆ ਆ ਗਈ। ਬੇਟਾ ਪਿਤਾ ਨੂੰ ਨਾ ਮਿਲ ਸਕੇ ਇਸ ਬਦਲੇ ਦੀ ਅੱਗ ’ਚ ਸੂਚਨਾ ਸੜ ਰਹੀ ਸੀ। ਇਕ ਸਮਰੱਥ ਉੱਦਮੀ ਹੋ ਕੇ ਵੀ ਪਤੀ ਕੋਲੋਂ ਹਰ ਮਹੀਨੇ ਢਾਈ ਲੱਖ ਰੁਪਇਆ ਗੁਜ਼ਾਰਾ ਭੱਤਾ ਵੀ ਚਾਹੁੰਦੀ ਸੀ। ਸ਼ਾਇਦ ਸੂਚਨਾ ਬੇਹੱਦ ਪ੍ਰਤਿਭਾਸ਼ਾਲੀ ਹੋ ਕੇ ਵੀ ਇਕੱਲਤਾ ਦਾ ਸ਼ਿਕਾਰ ਸੀ ਅਤੇ ਖੁਦ ਦੇ ਸਿਆਣੇ ਹੋਣ ਦਾ ਭਰਮ ਪਾਲੀ ਅਪਰਾਧੀ ਬਿਰਤੀ ਦੀ ਪਕੜ ’ਚ ਆ ਚੁੱਕੀ ਸੀ। ਬੇਟੇ ਦੀ ਹੱਤਿਆ ਦਾ ਉਸ ਨੂੰ ਕੋਈ ਪਛਤਾਵਾ ਨਹੀਂ ਹੈ। ਬੇਟੇ ਦਾ ਕਸੂਰ ਬਸ ਇੰਨਾ ਸੀ ਕਿ ਉਸਦੀ ਸ਼ਕਲ ਪਿਤਾ ਨਾਲ ਮਿਲਦੀ ਸੀ ਜੋ ਸੂਚਨਾ ਨੂੰ ਚੰਗੀ ਨਹੀਂ ਸੀ ਲੱਗਦੀ। ਕਿਹੋ ਜਿਹੀ ਵਿਕ੍ਰਿਤ ਸੋਚ ਸੀ?
ਨਾਸਮਝ ਮਾਂ ’ਚ ਵੀ ਮਮਤਾ ਹੁੰਦੀ ਹੈ। ਜਾਨਵਰ ਤੱਕ ਸੰਤਾਨ ਨੂੰ ਬਚਾਉਂਦੇ ਖੂੰਖਾਰ ਹੋ ਜਾਂਦੇ ਹਨ। ਉਸ ’ਚ ਈਰਖਾ, ਦਵੇਸ਼ ਦੀ ਕਿਹੋ ਜਿਹੀ ਵਿਕ੍ਰਿਤ ਮਾਨਸਿਕਤਾ ਪੈਦਾ ਹੋਈ ਜਿਸ ਦੀ ਉਦਾਹਰਣ ਸਾਹਮਣੇ ਹੈ। ਆਖਰ ਸਮਾਜ ਕਿਸ ਦਿਸ਼ਾ ’ਚ ਜਾ ਰਿਹਾ ਹੈ? ਪੈਸਾ ਜਾਂ ਰੰਜਿਸ਼ਨ ਅਪਰਾਧਾਂ ਪਿੱਛੇ?
ਇਕੱਲਤਾ, ਆਪਸੀ ਮੇਲ-ਜੋਲ ਦੀ ਕਮੀ, ਖਿੰਡ ਰਿਹਾ ਸਮਾਜ ਅਤੇ ਹੱਥ ’ਚ ਸਿਮਟੇ ਮੋਬਾਈਲ ਨਾਲ ਇਕੱਲਾ ਹੁੰਦਾ ਜਾ ਰਿਹਾ ਜੀਵਨ, ਸਮਾਜਿਕ ਤਾਣਾ-ਬਾਣਾ ਖਿੰਡਾ ਕੇ ਲੋਕਾਂ ਤੋਂ ਵੱਖ ਕਰ ਰਿਹਾ ਹੈ। ਇਕ ਉਹ ਜ਼ਮਾਨਾ ਸੀ ਜਦ ਸਾਂਝੇ ਪਰਿਵਾਰ ਸ਼ਾਨ ਸਨ। ਪਿੰਡ ’ਚ ਸਾਂਝਾ ਚੁੱਲ੍ਹਾ ਬਲਦਾ ਜਿਸ ’ਚ ਸਾਰਿਆਂ ਦਾ ਖਾਣਾ ਇਕੱਠਾ ਬਣਦਾ। ਰੋਜ਼ ਦਾ ਹੱਸਣਾ, ਮਿਲਣਾ, ਉੱਠਣਾ, ਬੈਠਣਾ ਅਤੇ ਸਾਰਿਆਂ ਦੇ ਸੁੱਖ-ਦੁੱਖ ’ਚ ਬਰਾਬਰੀ ਨਾਲ ਸ਼ਰੀਕ ਹੋਣਾ, ਕਿਸੇ ਮੁਸੀਬਤ ਜਾਂ ਅਣ-ਬਣ ’ਤੇ ਮਿਲ-ਜੁਲ ਕੇ ਹੱਲ ਕੱਢਣ ਨਾਲ ਕਦੀ ਇਕੱਲਤਾ, ਡਿਪ੍ਰੈਸ਼ਨ ਜਾਂ ਅਸੁਰੱਖਿਆ ਦੀ ਭਾਵਨਾ ਕਦੇ ਮਹਿਸੂਸ ਨਹੀਂ ਹੁੰਦੀ ਸੀ। ਅੱਜ ਤਰੱਕੀ ਦੇ ਦਰਮਿਆਨ ਉਹ ਸਮਾਜ ਹੈ ਜਿਸ ’ਚ ਟੁੱਟਦੇ ਸਾਂਝੇ ਪਰਿਵਾਰ ਦੀ ਥਾਂ ਇਕੱਲੇ ਪਰਿਵਾਰ ਹਨ ਜੋ ਦਿਖਾਵੇ ਦਾ ਝੂਠਾ ਮੁਲੰਮਾ ਚਾੜ੍ਹ ਕੇ ਰਿਸ਼ਤਿਆਂ ਦੀ ਅਹਿਮਤ ਨੂੰ ਦਰਕਿਨਾਰ ਕਰ ਕੇ ਦਿਨੋਂ-ਦਿਨ ਬੇਹੱਦ ਖੋਖਲੇ ਹੋ ਕੇ ਟੁੱਟਦੇ ਜਾ ਰਹੇ ਹਨ। ਇਹੀ ਵਜ੍ਹਾ ਹੈ ਕਿ ਵੱਡੇ ਅਤੇ ਹਾਈ-ਪ੍ਰੋਫਾਈਲ ਦੇ ਘਟੀਆ ਤੋਂ ਘਟੀਆ ਕਾਂਡ ਕਰ ਬੈਠਦੇ ਹਨ। ਕਾਸ਼! ਕੁੱਝ ਸਮਾਂ ਟੀ.ਵੀ., ਮੋਬਾਈਲ ਦੀ ਸਕ੍ਰੀਨ ਤੋਂ ਇਲਾਵਾ ਘਰ, ਪਰਿਵਾਰ, ਸਮਾਜ ਦੇ ਲਈ ਵੀ ਕੱਢਿਆ ਜਾਂਦਾ ਜਿਸ ਨਾਲ ਇਨਸਾਨ ਨੂੰ ਇਨਸਾਨ ਨਾਲ ਜੋੜੀ ਰੱਖਣ ਵਾਲੀਆਂ ਕੜੀਆਂ ਖਿੰਡਦੀਆਂ ਨਾ। ਇਸ ਦਿਸ਼ਾ ’ਚ ਸਾਰਿਆਂ ਨੂੰ ਸੋਚਣਾ ਪਵੇਗਾ ਅਤੇ ਰਸਤਾ ਕੱਢਣਾ ਹੀ ਪਵੇਗਾ। ਕਿੰਨਾ ਚੰਗਾ ਹੁੰਦਾ ਕਿ ਗੋਆ ਕਾਂਡ ਦੀ ਸੂਚਨਾ ਸਮਾਜ ਦੇ ਲਈ ਆਖਰੀ ਹੋਵੇ।
ਰਿਤੂਪਰਣ ਦਵੇ
‘ਹਿੰਦੂ ਬਨਾਮ ਹਿੰਦੂ’ ’ਤੇ ਕੁੱਝ ਵਿਚਾਰ
NEXT STORY