ਇਕ ਅਜਿਹੀ ਚੀਜ਼ ਜੋ ਰਿਸ਼ਤਿਆਂ ਨੂੰ ਤੋੜਦੀ ਹੈ, ਖਾਸ ਤੌਰ ’ਤੇ ਭਰਾਵਾਂ-ਭੈਣਾਂ ਦੇ ਦਰਮਿਆਨ, ਉਹ ਹੈ ਜਾਇਦਾਦ ਹੜੱਪਣੀ। ਕਈ ਵਾਰ ਇਸ ਤਰ੍ਹਾਂ ਕਿ ਇਕ ਭਰਾ ਜਾਂ ਭੈਣ ਨੂੰ ਘੱਟ ਮਿਲਦਾ ਹੈ ਜਾਂ ਜੋ ਉਨ੍ਹਾਂ ਦਾ ਹੱਕ ਹੈ ਉਸ ਨੂੰ ਧੋਖਾ ਦਿੱਤਾ ਜਾਂਦਾ ਹੈ ਜਾਂ ਇਹ ਕਿਸੇ ਹੋਰ ਦੀ ਜਾਇਦਾਦ ਨੂੰ ਹੜੱਪਣਾ ਹੋ ਸਕਦਾ ਹੈ। ਕੀ ਤੁਹਾਨੂੰ ਜਾਪਦਾ ਹੈ ਕਿ ਜਾਇਦਾਦ ਹੜੱਪਣ ਨਾਲ ਤੁਹਾਡੀ ਜ਼ਿੰਦਗੀ ’ਚ ਖੁਸ਼ੀਆਂ ਆਉਣਗੀਆਂ? ਇਕ ਵਾਰ ਦੀ ਗੱਲ ਹੈ, ਦਿਹਾਤੀ ਇਲਾਕੇ ਦੀਆਂ ਪਹਾੜੀਆਂ ’ਚ ਵਸੇ ਇਕ ਛੋਟੇ ਜਿਹੇ ਪਿੰਡ ’ਚ ਮਾਕਰਸ ਨਾਂ ਦਾ ਇਕ ਅਮੀਰ ਜ਼ਿਮੀਂਦਾਰ ਰਹਿੰਦਾ ਸੀ। ਮਾਕਰਸ ਪੂਰੇ ਪਿੰਡ ’ਚ ਜ਼ਮੀਨ ਅਤੇ ਜਾਇਦਾਦ ਲਈ ਆਪਣੀ ਅਥਾਹ ਭੁੱਖ ਲਈ ਜਾਣਿਆ ਜਾਂਦਾ ਸੀ। ਉਹ ਵੱਧ ਤੋਂ ਵੱਧ ਜ਼ਮੀਨ ਹਾਸਲ ਕਰਨ ਲਈ ਕੁਝ ਵੀ ਕਰਨ ਤੋਂ ਨਹੀਂ ਖੁੰਝਦਾ ਸੀ। ਅਕਸਰ ਆਪਣੀ ਮਨਚਾਹੀ ਚੀਜ਼ ਹਾਸਲ ਕਰਨ ਲਈ ਧੋਖੇ ਦੀ ਵਰਤੋਂ ਕਰਦਾ ਸੀ।
ਜਿਉਂ-ਜਿਉਂ ਮਾਕਰਸ ਦੀ ਜਾਇਦਾਦ ਵਧਦੀ ਗਈ, ਤਿਉਂ-ਤਿਉਂ ਉਸਦੀ ਚਿੰਤਾ ਅਤੇ ਤਣਾਅ ਵੀ ਵਧਦਾ ਗਿਆ। ਉਸ ਨੂੰ ਆਪਣੀ ਜਾਇਦਾਦ ਗੁਆਚਣ ਦੀ ਚਿੰਤਾ ਹਮੇਸ਼ਾ ਸਤਾਉਂਦੀ ਰਹਿੰਦੀ ਸੀ ਅਤੇ ਉਹ ਆਪਣੇ ਵਧੇਰੇ ਦਿਨ ਆਪਣੀ ਵਿਸ਼ਾਲ ਜਾਇਦਾਦ ’ਚ ਇੱਧਰ-ਉੱਧਰ ਘੁੰਮਦਿਆਂ, ਆਪਣੀ ਜਾਇਦਾਦ ਨੂੰ ਗਿਣਦਿਆਂ ਅਤੇ ਸੰਭਾਵਿਤ ਖਤਰਿਆਂ ਬਾਰੇ ਚਿੰਤਾ ਕਰਦਿਆਂ ਲੰਘਾਉਂਦਾ ਸੀ। ਇਕ ਦਿਨ ਇਕ ਸਿਆਣਾ ਬੁੱਢਾ ਭਿਕਸ਼ੂ ਮਾਕਰਸ ਨੂੰ ਮਿਲਣ ਆਇਆ। ਭਿਕਸ਼ੂ ਨੇ ਮਾਕਰਸ ਦੇ ਚਿਹਰੇ ’ਤੇ ਚਿੰਤਾ ਅਤੇ ਘਬਰਾਹਟ ਦੇ ਭਾਵ ਦੇਖੇ ਅਤੇ ਉਸ ਤੋਂ ਪੁੱਛਿਆ, ‘‘ਮੇਰੇ ਦੋਸਤ, ਤੈਨੂੰ ਕੀ ਪ੍ਰੇਸ਼ਾਨੀ ਹੈ?’’ ਮਾਕਰਸ ਨੇ ਜਵਾਬ ਦਿੱਤਾ, ‘‘ਮੇਰੇ ਕੋਲ ਉਹ ਸਭ ਕੁਝ ਹੈ ਜੋ ਮੈਂ ਚਾਹ ਸਕਦਾ ਹਾਂ। ਧਨ, ਜਾਇਦਾਦ ਅਤੇ ਸ਼ਕਤੀ ਪਰ ਇਨ੍ਹਾਂ ਸਾਰਿਆਂ ਦੇ ਬਾਵਜੂਦ ਮੈਂ ਖਾਲੀ ਅਤੇ ਅਧੂਰਾ ਮਹਿਸੂਸ ਕਰਦਾ ਹਾਂ। ਮੇਰੇ ਕੋਲ ਜੋ ਕੁਝ ਵੀ ਹੈ ਉਸ ਦੇ ਗੁਆਚਣ ਬਾਰੇ ਮੈਨੂੰ ਲਗਾਤਾਰ ਚਿੰਤਾ ਰਹਿੰਦੀ ਹੈ।’’ ਭਿਕਸ਼ੂ ਨੇ ਮੁਸਕਰਾਉਂਦਿਆਂ ਕਿਹਾ, ‘‘ਮੇਰੇ ਪਿਆਰੇ ਮਾਕਰਸ, ਤੂੰ ਤਾਂ ਉਸ ਆਦਮੀ ਵਾਂਗ ਹੈ ਜੋ ਰੇਤ ਨਾਲ ਇਕ ਅਥਾਹ ਖੱਡੇ ਨੂੰ ਭਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਭਾਵੇਂ ਤੂੰ ਕਿੰਨਾ ਵੀ ਇਕੱਠਾ ਕਰ ਲਵੇਂ, ਤੂੰ ਕਦੇ ਸੰਤੁਸ਼ਟ ਨਹੀਂ ਹੋਣਾ।
ਸੱਚੀ ਸ਼ਾਂਤੀ ਅਤੇ ਖੁਸ਼ੀ ਧਨ ਅਤੇ ਜਾਇਦਾਦ ਇਕੱਠੀ ਕਰਨ ਨਾਲ ਨਹੀਂ, ਸਗੋਂ ਜੋ ਤੁਹਾਡੇ ਕੋਲ ਹੈ ਉਸਦੇ ਲਈ ਸਬਰ ਅਤੇ ਸੰਤੋਖ ਦੀ ਭਾਵਨਾ ਪੈਦਾ ਕਰਨ ਨਾਲ ਆਉਂਦੀ ਹੈ।’’ ਭਿਕਸ਼ੂ ਨੇ ਅੱਗੇ ਕਿਹਾ, ‘‘ਮੈਂ ਤੈਨੂੰ ਇਕ ਅਜਿਹੇ ਆਦਮੀ ਬਾਰੇ ਦੱਸਣਾ ਚਾਹੁੰਦਾ ਹਾਂ ਜੇ ਮੇਰੇ ਵਰਗੇ ਇਕ ਛੋਟੇ ਜਿਹੇ ਪਿੰਡ ’ਚ ਰਹਿੰਦਾ ਹੈ, ਉਸ ਕੋਲ ਥੋੜ੍ਹੀ ਜਿਹੀ ਜ਼ਮੀਨ ਹੈ ਪਰ ਉਹ ਜੋ ਉਸਦੇ ਕੋਲ ਹੈ, ਉਸ ਤੋਂ ਸੰਤੁਸ਼ਟ ਹੈ। ਉਹ ਆਪਣੇ ਬਗੀਚੇ ਦੀ ਦੇਖਭਾਲ ਕਰਨ, ਕੁਦਰਤ ਦੀ ਸੁੰਦਰਤਾ ਦਾ ਆਨੰਦ ਮਾਣਨ ਅਤੇ ਆਪਣੇ ਗੁਆਂਢੀਆਂ ਨਾਲ ਆਪਣੀਆਂ ਖੁਸ਼ੀਆਂ ਸਾਂਝੀਆਂ ਕਰਨ ’ਚ ਦਿਨ ਗੁਜ਼ਾਰਦਾ ਹੈ। ਉਹ ਉਨ੍ਹਾਂ ਸਭ ਤੋਂ ਖੁਸ਼ ਲੋਕਾਂ ’ਚੋਂ ਇਕ ਹੈ ਜਿਨ੍ਹਾਂ ਨੂੰ ਮੈਂ ਕਦੀ ਜਾਣਿਆ ਹੈ ਅਤੇ ਮੈਨੂੰ ਪਤਾ ਹੈ ਕਿ ਉਸ ਨੂੰ ਸੱਚੀ ਸ਼ਾਂਤੀ ਮਿਲ ਗਈ ਹੈ। ’’
ਮਾਕਰਸ ਨੇ ਭਿਕਸ਼ੂ ਦੀ ਕਹਾਣੀ ਧਿਆਨ ਨਾਲ ਸੁਣੀ ਅਤੇ ਆਪਣੀ ਜ਼ਿੰਦਗੀ ’ਚ ਪਹਿਲੀ ਵਾਰ ਉਸ ਨੂੰ ਧਨ-ਦੌਲਤ ਤੋਂ ਵੱਧ ਸਾਰਥਕ ਕਿਸੇ ਚੀਜ਼ ਦੀ ਰੀਝ ਮਹਿਸੂਸ ਹੋਈ। ਉਸ ਨੂੰ ਅਹਿਸਾਸ ਹੋਇਆ ਕਿ ਉਹ ਗਲਤ ਸੁਪਨਿਆਂ ਦਾ ਪਿੱਛਾ ਕਰ ਰਿਹਾ ਸੀ ਅਤੇ ਸੱਚੀ ਖੁਸ਼ੀ ਅਤੇ ਸ਼ਾਂਤੀ ਅੰਦਰੋਂ ਆਉਂਦੀ ਹੈ। ਉਸ ਦਿਨ ਤੋਂ, ਮਾਕਰਸ ਨੇ ਆਪਣੀਆਂ ਪਹਿਲਕਦਮੀਆਂ ਦਾ ਮੁੜ ਮੁਲਾਂਕਣ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਸਾਰਥਕ ਰਿਸ਼ਤੇ ਬਣਾਉਣ, ਅਹਿਸਾਨਪੁਣੇ ਦਾ ਅਭਿਆਸ ਕਰਨ ਅਤੇ ਆਮ ਚੀਜ਼ਾਂ ’ਚੋਂ ਖੁਸ਼ੀ ਲੱਭਣ ’ਤੇ ਧਿਆਨ ਕੇਂਦ੍ਰਿਤ ਕਰਨਾ ਸ਼ੁਰੂ ਕਰ ਦਿੱਤਾ। ਅਤੇ ਜਿਉਂ-ਜਿਉਂ ਉਸ ਨੇ ਅਜਿਹਾ ਕੀਤਾ, ਉਸ ਨੇ ਮਹਿਸੂਸ ਕੀਤਾ ਕਿ ਉਸਦੀ ਚਿੰਤਾ ਅਤੇ ਤਣਾਅ ਦੂਰ ਹੋਣ ਲੱਗੇ ਅਤੇ ਉਸਦੀ ਥਾਂ ਸ਼ਾਂਤੀ ਅਤੇ ਸਬਰ ਦੀ ਭਾਵਨਾ ਨੇ ਲੈ ਲਈ ਜਿਸ ਨੂੰ ਉਸ ਨੇ ਪਹਿਲਾਂ ਕਦੇ ਮਹਿਸੂਸ ਨਹੀਂ ਕੀਤਾ ਸੀ। ਕੀ ਤੁਹਾਨੂੰ ਮਾਕਰਸ ਵਾਂਗ ਪੂਰੀ ਯਾਤਰਾ ’ਚੋਂ ਲੰਘਣਾ ਹੋਵੇਗਾ? ਅਜਿਹੀ ਜਾਇਦਾਦ ’ਤੇ ਨਜ਼ਰ ਰੱਖਣੀ ਬੰਦ ਕਰੋ ਜੋ ਤੁਹਾਡੀ ਨਹੀਂ ਹੈ, ਵੱਧ ਤੋਂ ਵੱਧ ਹਾਸਲ ਕਰਨ ਦੀ ਕੋਸ਼ਿਸ਼ ਕਰਨੀ ਬੰਦ ਕਰੋ ਕਿਉਂਕਿ ਸਬਰ, ਅਸਲ ਸ਼ਾਂਤੀ, ਅਸਲ ਆਨੰਦ, ਤੁਹਾਡੇ ਕੋਲ ਪਹਿਲਾਂ ਤੋਂ ਮੌਜੂਦ ਚੀਜ਼ਾਂ ’ਚ ਮਹਿਸੂਸ ਕੀਤਾ ਜਾ ਸਕਦਾ ਹੈ...!
ਰਾਬਰਟ ਕਲੀਮੈਂਟਸ
ਜੈਪੁਰ ਟੈਂਕਰ ਹਾਦਸੇ ਤੋਂ ਸਬਕ
NEXT STORY