ਹੋਰਨਾਂ ਕਾਰੋਬਾਰਾਂ ਵਾਂਗ ਸਿਆਸਤ ਵੀ ਇਕ ਕਾਰੋਬਾਰ ਹੈ। ਵਪਾਰ, ਰੋਜ਼ਗਾਰ ਜਾਂ ਖੁਦ ਸਥਾਪਿਤ ਅਦਾਰੇ ਦਾ ਮਕਸਦ ਨਿੱਜੀ ਲੋੜਾਂ ਦੀ ਪੂਰਤੀ ਅਤੇ ਧਨ ਅਤੇ ਮਾਣ-ਸਨਮਾਨ, ਵੱਕਾਰ ਹਾਸਲ ਕਰਨਾ ਹੁੰਦਾ ਹੈ।
ਇਸ ਦੇ ਉਲਟ ਸਿਆਸਤ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨ ਲਈ ਆਪਣੀਆਂ ਜਿਹੜੀਆਂ ਖਾਹਿਸ਼ਾਂ ਨੂੰ ਪੂਰਾ ਕਰਨਾ ਹੁੰਦਾ ਹੈ, ਉਨ੍ਹਾਂ ਲਈ ਪਹਿਲੀ ਸ਼ਰਤ ਹੈ ਕਿ ਵਿਅਕਤੀ ਨਾਜ਼ੁਕ ਹੋਵੇ, ਆਪਣੇ ਪਰਿਵਾਰ ਤੋਂ ਉੱਪਰ ਉੱਠ ਕੇ ਸਮਾਜ ਪ੍ਰਤੀ ਜ਼ਿੰਮੇਵਾਰੀ ਨਿਭਾਉਣ ਦੀ ਸਮਰੱਥਾ ਰੱਖਦਾ ਹੋਵੇ ਅਤੇ ਕਿਸੇ ਵੀ ਔਖੀ ਘੜੀ ’ਚ ਆਪਣੀ ਜ਼ਿੰਮੇਵਾਰੀ ਤੋਂ ਪਿੱਛੇ ਨਾ ਹਟੇ ਭਾਵੇਂ ਉਸ ਦੇ ਲਈ ਕਿੰਨਾ ਵੀ ਤਿਆਗ ਕਰਨਾ ਪਵੇ।
ਸਿਆਸਤ ’ਚ ਨਿੱਜੀ ਸਵਾਰਥ ਜਾਂ ਅਥਾਹ ਧਨ-ਦੌਲਤ ਅਤੇ ਐਸ਼ੋ-ਆਰਾਮ ਦੇ ਸਾਧਨ ਇਕੱਠੇ ਕਰਨ ਬਾਰੇ ਸੋਚਿਆ ਹੀ ਨਹੀਂ ਜਾ ਸਕਦਾ ਕਿਉਂਕਿ ਅਜਿਹੀ ਜ਼ਿੰਦਗੀ ਇਕ ਸੰਨਿਆਸੀ ਵਾਂਗ ਜਾਂ ਸੰਸਾਰਕ ਵਸਤੂਆਂ ’ਚ ਸ਼ਾਮਲ ਨਾ ਹੋਣ ਦਾ ਨਾਂ ਹੈ।
ਸਿਆਸਤ ਦੀ ਦੂਜੀ ਸ਼ਰਤ ਇਹ ਹੈ ਕਿ ਇਸ ’ਚ ਸਫਲਤਾ ਦੀ ਕੋਈ ਗਾਰੰਟੀ ਨਹੀਂ ਹੈ, ਤੁਹਾਡੇ ਕੰਮਾਂ ਨੂੰ ਸਲਾਹਿਆ ਜਾਵੇਗਾ ਜਾਂ ਸ਼ੋਭਾ ਵਧੇਗੀ, ਗੁਣਗਾਨ ਹੋਵੇਗਾ ਜਾਂ ਤੁਹਾਨੂੰ ਕੋਈ ਲਾਭ ਜਾਂ ਅਹੁਦਾ ਮਿਲੇਗਾ, ਉਸ ਦੀ ਕੋਈ ਵਿਵਸਥਾ ਨਹੀਂ ਹੈ। ਕਦੇ ਜਾਪੇਗਾ ਕਿ ਜ਼ਮੀਨ ਤੋਂ ਆਸਮਾਨ ਦੀਆਂ ਬੁਲੰਦੀਆਂ ਤਕ ਪਹੁੰਚ ਗਏ ਹਾਂ, ਦੂਜੇ ਹੀ ਪਲ ਹੇਠਾਂ ਫਰਸ਼ ’ਤੇ ਵੀ ਧੜੰਮ ਡਿੱਗ ਸਕਦੇ ਹੋ, ਇਹ ਸਿਆਸਤ ਦਾ ਸੱਚ ਹੈ।
ਸਿਆਸਤ ਅਤੇ ਸਿਆਸਤਦਾਨ : ਸਿਆਸਤ ’ਚ ਆਉਣ ਦਾ ਸਭ ਤੋਂ ਵੱਡਾ ਫਾਇਦਾ ਇਹੀ ਹੈ ਕਿ ਤੁਸੀਂ ਆਪਣੇ ਸਵਾਰਥ ਤੋਂ ਹਟ ਕੇ ਦੂਜਿਆਂ ਦੀ ਭਲਾਈ ਲਈ ਸੋਚਣ ਲੱਗਦੇ ਹੋ। ਚਾਹੁੰਦੇ ਹੋ ਕਿ ਜੋ ਤੁਹਾਡੇ ਸੰਪਰਕ ’ਚ ਆਵੇ ਉਹ ਆਪਣੀ ਸਿਆਣਪ ਦੀ ਵਰਤੋਂ ਕਰ ਕੇ, ਸਮਝਦਾਰੀ ਨਾਲ ਆਪਣੀਆਂ ਸਮੱਸਿਆਵਾਂ ਦਾ ਖੁਦ ਹੱਲ ਕੱਢੇ। ਉਸ ’ਚ ਵਿਗਿਆਨੀ ਸੋਚ ਦੇ ਅਨੁਸਾਰ ਕੁਰੀਤੀਆਂ ਅਤੇ ਬੁਰਾਈਆਂ ਨਾਲ ਲੜਨ ਦੀ ਦਲੇਰੀ ਹੋਵੇ।
ਸਿਆਸਤ ’ਚ ਜਦੋਂ ਵਿਅਕਤੀ ਵਿਦਵਾਨ ਬਣਨ ਲੱਗਦਾ ਹੈ ਤਾਂ ਉਹ ਸਿਆਸਤਦਾਨ ਹੋਣ ਲੱਗਦਾ ਹੈ। ਇਸ ਦੀਆਂ ਦੋ ਸ਼੍ਰੇਣੀਆਂ ਹਨ। ਇਕ ਉਨ੍ਹਾਂ ਲੋਕਾਂ ਦੀ ਜੋ ਆਪਣੇ ਇਲਾਕੇ, ਸਮਾਜ, ਸੂਬੇ ਅਤੇ ਦੇਸ਼ ਦੇ ਸਾਹਮਣੇ ਜੋ ਚੁਣੌਤੀਆਂ ਹਨ, ਸਮੱਸਿਆਵਾਂ ਹਨ, ਗਰੀਬੀ, ਬੇਰੋਜ਼ਗਾਰੀ ਵਰਗੇ ਮੂਲ ਮੁੱਦੇ ਹਨ, ਉਨ੍ਹਾਂ ’ਤੇ ਚਰਚਾ ਅਤੇ ਫੈਸਲੇ ਲੈਂਦੀ ਹੈ। ਆਪਣੀ ਸਮਰੱਥਾ, ਸਿਆਣਪ ਨਾਲ ਨੀਤੀਆਂ ਬਣਾਉਂਦੀ ਜਾਂ ਬਣਵਾਉਂਦੀ ਹੈ ਅਤੇ ਅਮਲ ਕਰਵਾਉਂਦੀ ਹੈ।
ਦੂਜੀ ਸ਼੍ਰੇਣੀ ਉਨ੍ਹਾਂ ਦੀ ਹੈ ਜੋ ਲੋਕਾਂ ਨੂੰ ਸਿਆਣਪ ਜ਼ੀਰੋ ਬਣਾਉਣ ਦਾ ਕੰਮ ਕਰਦੇ ਹਨ ਭਾਵ ਜੋ ਨੇਤਾ ਜੀ ਕਹਿਣ, ਉਹੀ ਕਰੋ। ਉਹ ਸਰਕਾਰੀ ਖਜ਼ਾਨੇ ਜੋ ਟੈਕਸ ਤੋਂ ਬਣਦਾ ਹੈ, ਉਸ ’ਚੋਂ ਉਨ੍ਹਾਂ ਨੂੰ ਮੁਫਤ ਅਨਾਜ, ਰਾਸ਼ਨ, ਨਕਦ ਪੈਸਾ, ਬਿਨਾਂ ਮਿਹਨਤ ਜਾਂ ਧਨ ਕਮਾਏ ਘਰ ਬੈਠ ਕੇ ਸਾਰੀਆਂ ਸਹੂਲਤਾਂ ਦਿਵਾਉਣ ’ਚ ਲੱਗ ਜਾਂਦੇ ਹਨ।
ਵਧੇਰੇ ਲੋਕ ਸਿਆਸਤ ’ਚ ਇਸ ਲਈ ਆਉਣ ਲੱਗੇ ਹਨ ਕਿ ਲੋਕ ਉਨ੍ਹਾਂ ਨੂੰ ਰੱਬ ਮੰਨ ਕੇ ਆਪਣਾ ਪਾਲਣਹਾਰ ਮੰਨ ਲੈਣ। ਭਾਵ ਉਨ੍ਹਾਂ ਦੇ ਦਿਮਾਗ ’ਤੇ ਨੇਤਾ ਦਾ ਕਬਜ਼ਾ ਹੋਵੇ ਅਤੇ ਖੁਦ ਫੈਸਲਾ ਕਰਨ ਦੀ ਸ਼ਕਤੀ ਨਾ ਆਵੇ।
ਜਦੋਂ ਦੇਸ਼ ’ਚ ਉਦਯੋਗਾਂ ਅਤੇ ਕਾਰਖਾਨਿਆਂ ਦੀ ਸਥਾਪਨਾ ਹੋ ਰਹੀ ਸੀ ਉਦੋਂ ਵੱਡੇ ਪੱਧਰ ’ਤੇ ਪਿੰਡਾਂ ਤੋਂ ਸ਼ਹਿਰਾਂ ’ਚ ਲੋਕ ਨੌਕਰੀ ਹਾਸਲ ਕਰਨ ਲਈ ਆ ਰਹੇ ਸਨ। ਉਹ ਰਹਿਣਗੇ ਕਿਥੇ, ਬਜਾਏ ਇਸ ਦੇ ਕਿ ਉਦਯੋਗਪਤੀ ਜਾਂ ਉੱਦਮੀ ਉਨ੍ਹਾਂ ਦੇ ਰਹਿਣ ਦਾ ਪ੍ਰਬੰਧ ਕਰਨ ਅਤੇ ਇਹ ਗੱਲ ਸਰਕਾਰ ਤੋਂ ਜ਼ਮੀਨ ਅਤੇ ਦੂਜੀਆਂ ਸਹੂਲਤਾਂ ਲੈਂਦੇ ਹੋਏ ਉਨ੍ਹਾਂ ਨੇ ਮੰਨਿਆ ਵੀ ਸੀ ਕਿ ਉਹ ਮਜ਼ਦੂਰਾਂ, ਕਾਮਿਆਂ, ਕਿਰਤੀਆਂ ਅਤੇ ਹੋਰ ਮੁਲਾਜ਼ਮਾਂ ਦੇ ਰਹਿਣ ਦੀ ਵਿਵਸਥਾ ਕਰਨਗੇ।
ਉਨ੍ਹਾਂ ਨੇ ਰਿਸ਼ਵਤ ਅਤੇ ਕਮਿਸ਼ਨ ਦੇ ਕੇ ਅਧਿਕਾਰੀਆਂ ਨੂੰ ਇਸ ਪਾਸਿਓਂ ਅੱਖਾਂ ਬੰਦ ਕਰ ਲੈਣ ਲਈ ਕਿਹਾ ਅਤੇ ਦੂਜੇ ਪਾਸੇ ਝੁੱਗੀ ਮਾਫੀਆ ਖੜ੍ਹਾ ਕਰ ਕੇ ਇਸ ਕੰਮ ’ਤੇ ਲਗਾ ਦਿੱਤਾ ਕਿ ਉਹ ਖਾਲੀ ਪਈ ਸਰਕਾਰੀ ਜ਼ਮੀਨ ’ਤੇ ਗੈਰ-ਕਾਨੂੰਨੀ ਝੁੱਗੀ ਬਸਤੀਆਂ ਵਸਾ ਕੇ ਉਨ੍ਹਾਂ ਦੀ ਫੈਕਟਰੀ ’ਚ ਕੰਮ ਕਰਨ ਵਾਲਿਆਂ ਨੂੰ ਵਸਾ ਦੇਣ।
ਬਾਅਦ ’ਚ ਇਥੇ ਕੁੰਡੀ ਪਾ ਕੇ ਮੁਫਤ ਬਿਜਲੀ ਲੈਣ ਦੀ ਤਰਕੀਬ ਦੱਸ ਦਿੱਤੀ। ਇਸੇ ਤਰ੍ਹਾਂ ਪਾਣੀ ਅਤੇ ਰੇਤ ਦਾ ਪ੍ਰਬੰਧ ਕੀਤਾ ਗਿਆ ਅਤੇ ਇਹ ਸਭ ਬਿਨਾਂ ਕਿਸੇ ਪ੍ਰਵਾਨਗੀ ਅਤੇ ਯੋਜਨਾ ਦੇ ਹੋਇਆ ਸੀ ਤਾਂ ਚਾਰੇ ਪਾਸੇ ਬਦਬੂ ਅਤੇ ਗੰਦਗੀ ਫੈਲਣ ਲੱਗੀ। ਬੀਮਾਰੀਆਂ ਪੈਦਾ ਹੋਣ ਲੱਗੀਆਂ ਅਤੇ ਇਕ ਪਾਸੇ ਆਲੀਸ਼ਾਨ ਕਾਲੋਨੀਆਂ ਦਰਮਿਆਨ ਨਾਸੂਰ ਬਣ ਕੇ ਇਹ ਸਮੱਸਿਆ ਪੈਦਾ ਹੋ ਗਈ। ਨੇਤਾ ਜੀ ਆਉਂਦੇ ਅਤੇ ਕਹਿੰਦੇ ਕਿ ਅਸੀਂ ਤੁਹਾਡੀ ਰੱਖਿਆ ਕਰਾਂਗੇ। ਬਸ ਉਨ੍ਹਾਂ ਦੀਆਂ ਵੋਟਾਂ ਚਾਹੀਦੀਆਂ ਹਨ।
ਕਹਿੰਦੇ ਹਨ ਕਿ ਦਿੱਲੀ ਵਿਧਾਨ ਸਭਾ ਦੀਆਂ 30 ਸੀਟਾਂ ਝੁੱਗੀਆਂ ਦੀ ਬਦੌਲਤ ਕਿਸੇ ਵੀ ਪਾਰਟੀ ਦੀ ਸਰਕਾਰ ਬਣਵਾ ਸਕਦੀਆਂ ਹਨ। ਇਸੇ ਤਰ੍ਹਾਂ ਮੁੰਬਈ, ਚੇਨਈ, ਬੈਂਗਲੁਰੂ ਅਤੇ ਕੋਲਕਾਤਾ ਵਰਗੇ ਵੱਡੇ ਮਹਾਨਗਰ ਹਨ। ਇਨ੍ਹਾਂ ਬਸਤੀਆਂ ਦੀ ਬਦੌਲਤ ਕਿਸੇ ਵੀ ਨੇਤਾ ਨੂੰ ਲੰਬੇ ਸਮੇਂ ਤਕ ਸੱਤਾ ’ਤੇ ਕਾਬਿਜ਼ ਰਹਿਣ ਦੀ ਇਜਾਜ਼ਤ ਮਿਲ ਸਕਦੀ ਹੈ।
ਅਦਾਲਤਾਂ ਅਤੇ ਕਾਨੂੰਨ ਦੀ ਘੁਟਣ : ਸਾਡੇ ਦੇਸ਼ ਦੀਆਂ ਅਦਾਲਤਾਂ ’ਚ 5 ਕਰੋੜ ਤੋਂ ਵੱਧ ਮਾਮਲੇ ਪੈਂਡਿੰਗ ਹਨ ਅਤੇ ਕੋਈ ਨਹੀਂ ਜਾਣਦਾ ਕਿ ਕਿੰਨੇ ਸਮੇਂ ’ਚ ਸੁਣਵਾਈ ਹੋਵੇਗੀ ਅਤੇ ਕਦੋਂ ਫੈਸਲਾ ਆਵੇਗਾ। ਇਸੇ ਤਰ੍ਹਾਂ ਸਾਡੀਆਂ ਜੇਲਾਂ ’ਚ ਸਿਰਫ ਇਕ ਚੌਥਾਈ ਕੈਦੀ ਸਜ਼ਾਯਾਫਤਾ ਹਨ ਅਤੇ ਬਾਕੀ ਸਾਰੇ ਅਜੇ ਅੰਡਰ ਟ੍ਰਾਇਲ ਹਨ ਜਾਂ ਬਿਨਾਂ ਕਿਸੇ ਜੁਰਮ ਦੇ ਜੇਲ ’ਚ ਬੰਦ ਹਨ।
ਉਨ੍ਹਾਂ ਦੀ ਸਾਰ ਲੈਣ ਵਾਲਾ ਜਾਂ ਜ਼ਮਾਨਤ ਦੇਣ ਵਾਲਾ ਕੋਈ ਨਹੀਂ ਹੈ ਅਤੇ ਉਹ ਆਪਣੀ ਕਿਸਮਤ ਨੂੰ ਦੋਸ਼ ਦਿੰਦੇ ਰਹਿੰਦੇ ਹਨ। ਮਾਮੂਲੀ ਲੜਾਈ-ਝਗੜੇ ਜਾਂ ਕਿਸੇ ਜ਼ੋਰਾਵਰ ਦੀ ਗੱਲ ਨਾ ਮੰਨਣ ਦੇ ਸ਼ਿਕਾਰ ਲੋਕਾਂ ਦੀ ਗਿਣਤੀ ਲੱਖਾਂ ’ਚ ਹੈ। ਤ੍ਰਾਸਦੀ ਇਹ ਹੈ ਕਿ ਕੁਝ ਨੇਤਾ ਤਾਂ ਗ੍ਰਿਫਤਾਰ ਹੋਣ ਲਈ ਕਾਹਲੇ ਰਹਿੰਦੇ ਹਨ ਕਿ ਜਿਵੇਂ ਹਕੀਕਤ ’ਚ ਉਹ ਉਨ੍ਹਾਂ ਦੇ ਸਹੁਰੇ ਹੋਣ ਕਿਉਂਕਿ ਉਥੇ ਉਨ੍ਹਾਂ ਦੀ ਖਾਤਿਰਦਾਰੀ ਕਰਨ ਦੇ ਸਾਰੇ ਪ੍ਰਬੰਧ ਕੀਤੇ ਜਾਂਦੇ ਹਨ।
ਕਿਸੇ ਘਪਲੇ, ਸੈਕਸ ਸ਼ੋਸ਼ਣ ਜਾਂ ਕਿਸੇ ਆਰਥਿਕ ਅਪਰਾਧ ਦੀ ਸਜ਼ਾ ਅਧੀਨ ਨੇਤਾ ਨੂੰ ਜੇਲ ਦੇ ਦਰਵਾਜ਼ੇ ਤੱਕ ਇਕ ਹਜੂਮ ਛੱਡਣ ਆਉਂਦਾ ਹੈ ਅਤੇ ਜ਼ਮਾਨਤ ’ਤੇ ਰਿਹਾਅ ਹੋਣ ’ਤੇ ਵਾਜੇ ਵਜਾਉਂਦੇ ਹੋਏ ਇਕ ਭੀੜ ਅਜਿਹਾ ਸਵਾਗਤ ਕਰਦੀ ਹੈ ਕਿ ਆਜ਼ਾਦੀ ਅੰਦੋਲਨ ਦੇ ਕ੍ਰਾਂਤੀਕਾਰੀ ਵੀ ਅਫਸੋਸ ’ਚ ਸਿਰ ਝੁਕਾ ਲੈਣ ਕਿ ਉਨ੍ਹਾਂ ਨੇ ਕਿਹੜੇ ਲੋਕਾਂ ਲਈ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ।
ਚੋਣਾਂ ਲੜਨ ਲਈ ਪੈਸਾ ਜਨਤਾ ਵਲੋਂ ਦਿੱਤਾ ਦੱਸਦੇ ਹਨ ਪਰ ਅਸਲ ’ਚ ਇਹ ਉਗਰਾਹੀ ਦਾ ਧਨ ਹੈ ਜੋ ਚੋਣਾਂ ’ਚ ਬੇਹਿਸਾਬ ਖਰਚ ਹੁੰਦਾ ਹੈ ਕਿਉਂਕਿ ਕਿਸੇ ਨੂੰ ਇਸ ਦਾ ਸਰੋਤ ਜਾਣਨ ਦਾ ਅਧਿਕਾਰ ਨਹੀਂ ਹੈ। ਇਸ ਲਈ ਇਹ ਪੈਸਾ ਕਿੱਥੋਂ ਆਇਆ, ਕੋਈ ਨਹੀਂ ਜਾਣ ਸਕਿਆ। ਕੀ ਇਹੀ ਲੋਕਤੰਤਰ ਹੈ, ਜ਼ਰਾ ਸੋਚੋ?
ਪੂਰਨ ਚੰਦ ਸਰੀਨ
RSS ਮੁਖੀ ’ਤੇ ਭੜਕੀ ਮਮਤਾ
NEXT STORY