ਅਵਿਨਾਸ਼ ਮੋਹਨਨੇ
ਅਮਰੀਕਾ ਵਲੋਂ ਇਕ ਡਰੋਨ ਹਮਲੇ ’ਚ ਈਰਾਨੀ ਜਨਰਲ ਕਾਸਿਮ ਸੁਲੇਮਾਨੀ ਦੀ ਕੀਤੀ ਗਈ ਹੱਤਿਆ ਦੇ ਵਿਰੋਧ ਵਿਚ ਵਾਦੀ ਅਤੇ ਕਾਰਗਿਲ ਦੇ ਸ਼ੀਆ ਬਹੁਗਿਣਤੀ ਖੇਤਰਾਂ ’ਚ ਪ੍ਰਦਰਸ਼ਨ ਹੋ ਰਹੇ ਹਨ। ਜੰਮੂ ਅਤੇ ਕਸ਼ਮੀਰ ਦੀ ਕੁਲ ਆਬਾਦੀ ਦਾ ਸ਼ੀਆ ਫਿਰਕਾ 14 ਫੀਸਦੀ ਹਿੱਸਾ ਹੈ। ਵਿਸ਼ਵ ਭਰ ਵਿਚ ਸ਼ੀਆ ਅਮਰੀਕਾ ਦੇ ਕੱਟੜ ਵਿਰੋਧੀ ਹਨ ਅਤੇ ਕਸ਼ਮੀਰ ਵਿਚ ਵੀ ਅਜਿਹਾ ਹੀ ਕੁਝ ਹੈ। ਹਾਲਾਂਕਿ ਅਮਰੀਕਾ ਵਿਰੋਧੀ ਮਾਮਲਿਆਂ ਨੂੰ ਲੈ ਕੇ ਸ਼ੀਆ-ਸੁੰਨੀ ਵਿਚਾਲੇ ਕੋਈ ਤਕਰਾਰ ਨਹੀਂ ਹੈ।
ਬੀਤੇ ਵਿਚ ਇਹ ਦੇਖਦੇ ਹੋਏ ਕਿ ਪਾਕਿਸਤਾਨ ਤੋਂ ਸੁੰਨੀ ਲੋਕ ਜੇਹਾਦੀ ਸੰਗਠਨਾਂ ਦਾ ਸੰਚਾਲਨ ਕਰ ਰਹੇ ਹਨ, ਉਥੇ ਹੀ ਜੰਮੂ-ਕਸ਼ਮੀਰ ਵਿਚ ਸ਼ੀਆ ਫਿਰਕੇ ਨੇ ਆਪਣੇ ਆਪ ਨੂੰ ਇਸ ਤੋਂ ਦੂਰ ਰੱਖਿਆ ਹੈ। 2014 ਵਿਚ ਅਜਿਹਾ ਵੀ ਸਮਾਂ ਸੀ, ਜਦੋਂ ਸ਼ੀਆ ਫਿਰਕੇ ਨੇ ਭਾਰਤ ਸਮਰਥਿਤ ਨਾਅਰੇਬਾਜ਼ੀ ਕੀਤੀ ਸੀ, ਇਸ ਦੇ ਉਲਟ ਸੁੰਨੀ ਨੌਜਵਾਨਾਂ ਨੇ ਇਸਲਾਮਿਕ ਸਟੇਟ ਦਾ ਝੰਡਾ ਚੁੱਕਿਆ ਸੀ, ਜੋ ਸ਼ੀਆ ਸੰਗਠਨਾਂ ਦੇ ਵਿਰੁੁੱਧ ਹਨ।
ਜੰਮੂ-ਕਸ਼ਮੀਰ ਅਤੇ ਕਾਰਗਿਲ ਵਿਚ ਸ਼ੀਆ ਫਿਰਕੇ ਦਾ ਈਰਾਨ ਦੇ ਨਾਲ ਅਧਿਆਤਮਕ ਅਤੇ ਧਾਰਮਿਕ ਨਾਤਾ ਹੈ। ਇਨ੍ਹਾਂ ਥਾਵਾਂ ਤੋਂ ਵਿਦਿਆਰਥੀ ਈਰਾਨ ਦੇ ਕੋਮ ਦੀ ਯਾਤਰਾ ਕਰਦੇ ਹਨ, ਜਿਸ ਨੂੰ ਕਿ ਦੁਨੀਆ ਦਾ ਸਭ ਤੋਂ ਵੱਡਾ ਸ਼ੀਆ ਸਕਾਲਰਸ਼ਿਪ ਸੈਂਟਰ ਕਿਹਾ ਜਾਂਦਾ ਹੈ। ਈਰਾਨੀ ਮਦਦ ਦੇ ਨਾਲ ਕਾਰਗਿਲ ਦੇ ਸ਼ੀਆ ਲੋਕਾਂ ਨੇ ਇਮਾਮ ਖੁਮੀਨੀ ਮੈਮੋਰੀਅਲ ਟਰੱਸਟ ਦੀ ਸਥਾਪਨਾ ਕੀਤੀ ਸੀ, ਜੋ ਇਕ ਰਾਜਨੀਤਕ ਪ੍ਰਭਾਵਸ਼ਾਲੀ ਸੰਗਠਨ ਬਣਿਆ ਹੋਇਆ ਹੈ। ਇਕ ਪਾਲਿਸੀ ਦੇ ਤਹਿਤ ਈਰਾਨ ਨੇ ਆਪਣੇ ਆਪ ਨੂੰ ਕਸ਼ਮੀਰ ਵਿਚ ਭਾਰਤ ਵਿਰੁੱਧ ਜਾਰੀ ਗੁੱਝੀ ਜੰਗ ਤੋਂ ਵੱਖ ਰੱਖਿਆ ਹੈ। ਗੌਰਤਲਬ ਹੈ ਕਿ ਕਸ਼ਮੀਰ ਵਿਚ ਹੀ 2 ਸ਼ੀਆ ਅੱਤਵਾਦੀ ਸੰਗਠਨਾਂ ਪਾਸਦਰਾਨ-ਏ-ਇਸਲਾਮ ਅਤੇ ਹਿਜ਼ਬੁਲ ਮੋਮੀਨੀਨ ਦੀ ਸਥਾਪਨਾ ਅੱਤਵਾਦ ਦੇ ਸ਼ੁਰੂਆਤੀ ਦਿਨਾਂ ਵਿਚ ਪਾਕਿਸਤਾਨ ਨੇ ਕੀਤੀ ਸੀ, ਨਾ ਕਿ ਈਰਾਨ ਨੇ। ਪਾਸਦਰਾਨ-ਏ-ਇਸਲਾਮ ਉਸ ਸਮੇਂ ਚਰਚਾ ’ਚ ਆਇਆ, ਜਦੋਂ ਇਸ ਨੇ 26 ਜੂਨ 1991 ਨੂੰ ਇਕ ਹਾਊਸਬੋਟ ਤੋਂ 6 ਇਸਰਾਈਲੀ ਸੈਲਾਨੀਆਂ ਨੂੰ ਅਗਵਾ ਕਰ ਲਿਆ। ਇਕ ਇਸਰਾਈਲੀ ਅਤੇ 2 ਅਗਵਾਕਰਤਾ ਮਾਰੇ ਗਏ। ਉਸ ਤੋਂ ਬਾਅਦ ਦੋਵੇਂ ਅੱਤਵਾਦੀ ਸੰਗਠਨ ਹੌਲੀ-ਹੌਲੀ ਆਈ. ਐੱਸ. ਆਈ. ਦੇ ਜ਼ੋਰ ਅੱਗੇ ਕਮਜ਼ੋਰ ਪੈ ਗਏ।
ਕਸ਼ਮੀਰ ਪ੍ਰਤੀ ਈਰਾਨ ਦੀ ਨੀਤੀ ਕੀ ਹੋਵੇਗੀ
ਕਸ਼ਮੀਰ ’ਚ ਚੱਲ ਰਹੇ ਸੰਘਰਸ਼ ਪ੍ਰਤੀ ਈਰਾਨ ਦੀ ਨੀਤੀ ਵੱਖਰੀ ਹੋ ਸਕਦੀ ਹੈ। ਉਥੇ ਸ਼ੀਆ ਨੇਤਾਵਾਂ ਨੂੰ ਈਰਾਨ ਕੀ ਨਿਰਦੇਸ਼ ਦੇ ਸਕਦਾ ਹੈ, ਜੋ ਦਿੱਲੀ ਵਿਚ ਲਗਾਤਾਰ ਈਰਾਨੀ ਦੂਤਘਰ ਦੀ ਯਾਤਰਾ ਕਰਦੇ ਰਹਿੰਦੇ ਹਨ। ਦਿੱਲੀ ਅਤੇ ਸ਼੍ਰੀਨਗਰ ਵਿਚ ਬੰਦ ਕਮਰਿਆਂ ਵਿਚ ਹੋਣ ਵਾਲੀਆਂ ਬੈਠਕਾਂ ਵਿਚ ਈਰਾਨੀ ਕੂਟਨੀਤਕ ਖਾਸ ਸ਼ੀਆ ਨੇਤਾਵਾਂ ਨੂੰ ਇਹ ਸਲਾਹ ਦਿੰਦੇ ਰਹਿੰਦੇ ਹਨ ਕਿ ਉਹ ਲੋਕਤੰਤਰਿਕ ਅਤੇ ਧਰਮ ਨਿਰਪੱਖ ਭਾਰਤ ਦਾ ਹਿੱਸਾ ਬਣੇ ਰਹਿਣ ਅਤੇ ਇਸਲਾਮਿਕ ਰਿਪਬਲਿਕ ਆਫ ਪਾਕਿਸਤਾਨ ਤੋਂ ਪ੍ਰਹੇਜ਼ ਕਰਨ। ਸਮੇਂ-ਸਮੇਂ ਉੱਤੇ ਉਹ ਇਹ ਵੀ ਸੁਝਾਅ ਦਿੰਦੇ ਹਨ ਕਿ ਸ਼ੀਆ ਨੇਤਾ ਭਾਰਤ ਦੀ ਜਮਹੂਰੀ ਪ੍ਰਕਿਰਿਆ ਦਾ ਹਿੱਸਾ ਬਣੇ ਰਹਿਣ।
ਅਸਲ ਵਿਚ ਈਰਾਨੀ ਰਾਜਦੂਤ ਸੱਯਾਦ ਮੇਹਦੀ ਨਬੀਜ਼ਦੇਹ ਨੇ ਸਾਰੇ ਵੱਖਵਾਦੀ ਨੇਤਾਵਾਂ ਨੂੰ ਤਾਕ ’ਤੇ ਰੱਖ ਕੇ ਕਸ਼ਮੀਰ ਦੇ ਮੁੱਦੇ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ, ਇਸ ਦੇ ਉਲਟ ਉਨ੍ਹਾਂ ਨੇ ਭਾਰਤ-ਈਰਾਨ ਰਿਸ਼ਤਿਆਂ ਦੀ ਮਹੱਤਤਾ ਨੂੰ ਉਜਾਗਰ ਕੀਤਾ। 4 ਜੂਨ 2012 ਨੂੰ ਸੱਯਾਦ ਦੀ ਸ਼੍ਰੀਨਗਰ ਦੀ ਯਾਤਰਾ, ਜੋ ਅਯਾਤੁੱਲਾ ਖੁਮੀਨੀ ਦੀ ਬਰਸੀ ਨੂੰ ਮਨਾਉਣ ਲਈ ਕੀਤੀ ਗਈ ਸੀ, ਨੇ ਯਾਸੀਨ ਮਲਿਕ ਨੂੰ ਉਤੇਜਿਤ ਕੀਤਾ ਸੀ ਅਤੇ ਉਸ ਨੇ ਈਰਾਨ ’ਤੇ ਇਹ ਦੋਸ਼ ਲਾਇਆ ਸੀ ਕਿ ਈਰਾਨ ਨੇ ਜਬਰ ਦੇ ਸ਼ਿਕਾਰ ਲੋਕਾਂ ਦਾ ਸਮਰਥਨ ਕਰਨ ਦੀ ਆਪਣੀ ਇਸਲਾਮਿਕ ਕ੍ਰਾਂਤੀ ਦੀ ਫਿਲਾਸਫੀ ਨੂੰ ਬਦਲ ਦਿੱਤਾ ਹੈ। ਇਸੇ ਪ੍ਰੋਗਰਾਮ ਵਿਚ ਮਾਰਵਾਇਜ਼ ਉਮਰ ਫਾਰੂਕ, ਪ੍ਰੋ. ਅਬਦੁਲ ਗਨੀ ਭੱਟ ਅਤੇ ਮੌਲਾਨਾ ਅੱਬਾਸ ਅੰਸਾਰੀ ਦੇ ਨਾਲ-ਨਾਲ ਹੋਰ ਵੱਖਵਾਦੀ ਨੇਤਾ ਵੀ ਮੌਜੂਦ ਸਨ।
ਹੁਣ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਈਰਾਨ ਦੇ ਨਾਲ ਆਪਣੀ ਲੜਾਈ ਦੀ ਰੱਸੀ ਦੇ ਨਾਲ ਭਾਰਤ ਨੂੰ ਵੀ ਲਪੇਟ ਰਿਹਾ ਹੈ। ਇਸੇ ਲਈ ਤਾਂ ਟਰੰਪ ਨੇ ਫਰਵਰੀ 2012 ਵਿਚ ਇਸਰਾਈਲੀ ਕੂਟਨੀਤਕ ਨੂੰ ਨਿਸ਼ਾਨਾ ਬਣਾਏ ਜਾਣ ਵਾਲੇ ਘਟਨਾਚੱਕਰ ਵਿਚ ਕਾਸਿਮ ਸੁਲੇਮਾਨੀ ਦੀ ਸ਼ਮੂੁਲੀਅਤ ਬਾਰੇ ਟਵੀਟ ਕੀਤਾ ਹੈ। ਟਰੰਪ ਨੇ ਕਿਹਾ ਹੈ ਕਿ ਸੁਲੇਮਾਨੀ ਨੇ ਹੀ ਇਸ ਅੱਤਵਾਦ ਦੀ ਰੂਪ-ਰੇਖਾ ਨੂੰ ਤਿਆਰ ਕੀਤਾ ਸੀ। ਉਸ ਸਮੇਂ ਆਈਆਂ ਕੁਝ ਰਿਪੋਰਟਾਂ ਅਨੁਸਾਰ ਇਕ ਅਣਪਛਾਤੇ ਈਰਾਨੀ ਸੁਰੱਖਿਆ ਮੁਲਾਜ਼ਮ ’ਤੇ ਇਸ ਮਾਮਲੇ ਵਿਚ ਉਂਗਲੀ ਉਠਾਈ ਗਈ ਸੀ ਪਰ ਸੁਲੇਮਾਨੀ ਦਾ ਨਾਂ ਕਦੇ ਵੀ ਨਹੀਂ ਆਇਆ ਸੀ। ਈਰਾਨ ਉੱਤੇ ਅਮਰੀਕਾ ਦੀ ਇਸ ਕਹਾਣੀ ਦੇ ਕੁਝ ਗੰਭੀਰ ਨਤੀਜੇ ਹੋ ਸਕਦੇ ਹਨ। ਅਮਰੀਕਾ ’ਚ ਟਰੰਪ ਮਹਾਦੋਸ਼ ਨੂੰ ਸਹਿਣ ਦੇ ਡਰ ਨਾਲ ਉਥੇ ਸੰਘਰਸ਼ ਲਈ ਹੋਰਨਾਂ ਖੇਤਰਾਂ ਦੀ ਭਾਲ ’ਚ ਹਨ ਅਤੇ ਉਹ ਫੌਜੀ ਇੰਡਸਟ੍ਰੀਅਲ ਲਾਬੀ ਨੂੰ ਸੰਤੁਸ਼ਟ ਅਤੇ ਉਨ੍ਹਾਂ ਨੂੰ ਆਪਣੇ ਹੱਕ ਵਿਚ ਕਰਨਾ ਚਾਹੁੰਦੇ ਹਨ।
ਕਿਉਂਕਿ ਭਾਰਤ ਆਰਥਿਕ ਮੰਦੀ ਅਤੇ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਜੂਝ ਰਿਹਾ ਹੈ, ਇਸ ਲਈ ਉਸ ਨੂੰ ਅਮਰੀਕੀ ਜਾਲ ’ਚ ਨਹੀਂ ਫਸਣਾ ਚਾਹੀਦਾ। ਅਮਰੀਕਾ ਸ਼ੀਆ ਭਾਵਨਾਵਾਂ ਨੂੰ ਭੜਕਾ ਰਿਹਾ ਹੈ। ਸਾਨੂੰ ਸਾਊਦੀ ਅਰਬ ਅਤੇ ਈਰਾਨ ਵਿਚ ਚੱਲ ਰਹੀ ਗੁੱਝੀ ਜੰਗ ਵਿਚ ਸ਼ਾਮਿਲ ਨਹੀਂ ਹੋਣਾ ਚਾਹੀਦਾ। ਅਮਰੀਕਾ ਅਤੇ ਸਾਊਦੀ ਅਰਬ ਦੇ ਨਾਲ ਜ਼ਿਆਦਾ ਨਜ਼ਦੀਕੀ ਦਾ ਅਸਰ ਭਾਰਤ ’ਤੇ ਪੈ ਸਕਦਾ ਹੈ। ਭਾਰਤ ਦੀਆਂ ਵਿਦੇਸ਼ ਨੀਤੀਆਂ ਪ੍ਰਭਾਵਿਤ ਹੋ ਸਕਦੀਆਂ ਹਨ। ਭਾਰਤੀ ਕੂਟਨੀਤੀ ਲਈ ਇਹ ਉਡੀਕ ਦੀ ਘੜੀ ਹੈ।
ਭਾਰਤ ਦੇ ਮੁਸਲਮਾਨ ਭਰਾਵੋ, ਮੇਰੀ ਆਵਾਜ਼ ਸੁਣੋ
NEXT STORY