ਪੂਨਮ ਆਈ. ਕੌਸ਼ਿਸ਼
ਲੋਕਤੰਤਰ ਹਿੱਤਾਂ ਦਾ ਟਕਰਾਅ ਹੈ, ਜੋ ਇਸ ਤਿੱਖੇ ਧੂੰਆਂਧਾਰ ਚੋਣ ਮੌਸਮ ’ਚ ਸਿਧਾਂਤਾਂ ਦੇ ਟਕਰਾਅ ਦਾ ਰੂਪ ਲੈਂਦਾ ਜਾ ਰਿਹਾ ਹੈ। ਇਸ ਚੋਣ ਮੌਸਮ ’ਚ ਸਾਡੇ ਨੇਤਾਵਾਂ ਵਲੋਂ ਝੂਠ ਅਤੇ ਜ਼ਹਿਰ ਉਗਲਣ, ਗਾਲ੍ਹਾਂ ਕੱਢਣ, ਕੌੜੇ ਬੋਲ ਦੇਖਣ-ਸੁਣਨ ਨੂੰ ਮਿਲ ਰਹੇ ਹਨ ਅਤੇ ਪਿਛਲੇ ਇਕ ਪੰਦਰਵਾੜੇ ਤੋਂ ਅਸੀਂ ਇਹ ਸਭ ਕੁਝ ਦੇਖ ਰਹੇ ਹਾਂ। ਗਾਲ੍ਹਾਂ, ਗਲਤ ਸ਼ਬਦ, ਦੋਸ਼ ਲਾਉਣੇ ਅੱਜ ਇਕ ਨਵੇਂ ਸਿਆਸੀ ਸੰਵਾਦ ਬਣ ਗਏ ਹਨ ਅਤੇ ਜਿਨ੍ਹਾਂ ਨੂੰ ਸੁਣ ਕੇ ਦਰਸ਼ਕ ਸੀਟੀਆਂ ਵਜਾਉਣ ਲੱਗਦੇ ਹਨ, ਇਸ ਉਮੀਦ ’ਚ ਕਿ ਇਹ ਉਨ੍ਹਾਂ ਨੂੰ ਸਿਆਸੀ ਮੁਕਤੀ ਦਿਵਾਉਣਗੇ।
ਬਿਹਾਰ ਤੇ ਮੱਧ ਪ੍ਰਦੇਸ਼ ਚੋਣਾਂ 2020 ’ਚ ਤੁਹਾਡਾ ਸਵਾਗਤ ਹੈ, ਜਿਥੇ ਇਸ ਚੋਣ ਮੌਸਮ ’ਚ ਅਨੈਤਿਕਤਾ ਦੇਖਣ ਨੂੰ ਮਿਲ ਰਹੀ ਹੈ ਅਤੇ ਸਿਆਸੀ ਵਿਰੋਧੀਆਂ ਅਤੇ ਜਾਨੀ ਦੁਸ਼ਮਣਾਂ ਦੇ ਵਿਚਾਲੇ ਦੀ ਲਕੀਰ ਧੁੰਦਲੀ ਹੁੰਦੀ ਜਾ ਰਹੀ ਹੈ। ਇਨ੍ਹਾਂ ਚੋਣਾਂ ’ਚ ਨਫਰਤ ਭਰੀ ਤੂੰ-ਤੂੰ, ਮੈਂ-ਮੈਂ ਦੇਖਣ ਨੂੰ ਮਿਲ ਰਹੀ ਹੈ। ਸਾਡੇ ਨੇਤਾਵਾਂ ਵਲੋਂ ਸਿਆਸੀ ਸੰਵਾਦ ’ਚ ਗਾਲ੍ਹਾਂ, ਭੜਕਾਊ ਭਾਸ਼ਣ ਅਤੇ ਅਰਥਹੀਣ ਗੱਲਾਂ ਆਦਿ ਸੁਣਾਈਆਂ ਜਾ ਰਹੀਆਂ ਹਨ ਅਤੇ ਉਹ ਵੋਟ ਹਾਸਲ ਕਰਨ ਲਈ ਸਿਆਸੀ ਮਤਭੇਦ ਵਧਾ ਰਹੇ ਹਨ।
ਪ੍ਰਧਾਨ ਮੰਤਰੀ ਮੋਦੀ ਨੇ ਚੋਣ ਪ੍ਰਚਾਰ ਦੌਰਾਨ ਕਿਹਾ, ‘‘ਵਿਰੋਧੀ ਧਿਰ ਨੇ ਇਕ ਪਿਟਾਰਾ ਬਣਾਇਆ ਹੈ ਜੋ ਨਕਸਲ ਅੰਦੋਲਨ ਨੂੰ ਅੱਗੇ ਵਧਾ ਰਿਹਾ ਹੈ।’’ ਭਾਜਪਾ ਦੇ ਇਕ ਸੀਨੀਅਰ ਨੇਤਾ ਨੇ ਕਿਹਾ ਕਿ ਅਸੀਂ ਪੱਪੂ ਭਾਵ ਰਾਹੁਲ ਅਤੇ ਜੋੜ-ਤੋੜ ਮੰਡਲੀ ਮਹਾਗਠਜੋੜ ਦੇ ਵਿਚਾਲੇ ਫਸੇ ਹੋਏ ਹਾਂ ਤਾਂ ਰਾਹੁਲ ਨੇ ਕਿਹਾ ਕਿ ਮੋਦੀ ਜਿਥੇ ਵੀ ਜਾਂਦੇ ਹਨ, ਸਿਰਫ ਝੂਠ ਬੋਲਦੇ ਹਨ। ਅੱਗ ’ਚ ਘਿਓ ਪਾਉਂਦੇ ਹੋਏ ਰਾਜਦ ਦੇ ਤੇਜਸਵੀ ਯਾਦਵ ਨੇ ਕਿਹਾ ਕਿ ਨਿਤੀਸ਼ ਮਾਨਸਿਕ ਅਤੇ ਸਰੀਰਕ ਤੌਰ ’ਤੇ ਥੱਕ ਗਏ ਹਨ। ਉਨ੍ਹਾਂ ਕੋਲ ਕੁਰਸੀ ’ਤੇ ਬੈਠਣ ਅਤੇ ਇਸੇ ਤਰ੍ਹਾਂ ਆਪਣੀ ਜ਼ਿੰਦਗੀ ਬਿਤਾਉਣ ਤੋਂ ਇਲਾਵਾ ਕੋਈ ਚਾਰਾ ਨਹੀਂ ਹੈ ਤਾਂ ਜਦ (ਯੂ) ਦੇ ਪ੍ਰਧਾਨ ਨੇ ਇਸ ’ਤੇ ਕਿਹਾ-ਕਿਥੇ ਭੱਜ-ਫਿਰ ਰਹੇ ਸੀ, ਤੁਸੀਂ ਦਿੱਲੀ ’ਚ ਕਿਥੇ ਰਹਿੰਦੇ ਸੀ।
ਕੀ ਤੁਸੀਂ ਇਨ੍ਹਾਂ ਸਾਰਿਆਂ ਨੂੰ ਸੁਣ ਕੇ ਹੈਰਾਨ ਹੁੰਦੇ ਹੋ, ਬਿਲਕੁਲ ਨਹੀਂ। ਜਿਹੜਾ ਭਾਸ਼ਣ ਜਿੰਨਾ ਕੌੜਾ ਹੁੰਦਾ, ਓਨਾ ਚੰਗਾ ਹੁੰਦਾ ਹੈ। ਤੁਸੀਂ ਇਸ ਨੂੰ ਸਿਆਸੀ ਗੱਲਬਾਤ ਦਾ ਹਿੱਸਾ ਕਹਿ ਸਕਦੇ ਹੋ ਪਰ ਸੱਚ ਇਹ ਹੈ ਕਿ ਬੀਤੇ ਵਰ੍ਹਿਆਂ ’ਚ ਸਾਡੇ ਨੇਤਾ ਗੈਰ-ਸੰਜਮੀ ਭਾਸ਼ਾ ’ਚ ਮਾਹਿਰ ਹੋ ਗਏ ਹਨ। ਤੁਹਾਨੂੰ ਯਾਦ ਹੋਵੇਗਾ ਕਿ ਕਾਂਗਰਸ ਨੇ ਮੋਦੀ ਨੂੰ ਗੰਦੀ ਨਾਲੀ ਦਾ ਕੀੜਾ, ਗੰਗੂ ਤੇਲੀ, ਹੰਕਾਰੀ ਦੁਰਯੋਧਨ ਅਤੇ ਕਾਤਿਲ ਤਕ ਕਿਹਾ ਸੀ ਤਾਂ ਉਨ੍ਹਾਂ ਨੇ ਕਾਂਗਰਸ ਨੂੰ ਪਾਕਿਸਤਾਨ ਦਾ ਬੁਲਾਰਾ ਕਿਹਾ। ਇੰਨਾ ਹੀ ਨਹੀਂ, ਮਾਇਆਵਤੀ ਖੁਦ ਰੋਜ਼ ਫੇਸ਼ੀਅਲ ਕਰਵਾਉਂਦੀ ਹੈ, ਉਨ੍ਹਾਂ ਦੇ ਵਾਲ ਚਿੱਟੇ ਹਨ ਤੇ ਉਨ੍ਹਾਂ ਨੂੰ ਰੰਗੀਨ ਕਰਵਾ ਕੇ ਖੁਦ ਨੂੰ ਜਵਾਨ ਸਾਬਿਤ ਕਰਦੀ ਹੈ। 60 ਸਾਲ ਦੀ ਉਮਰ ਹੋ ਗਈ ਪਰ ਅਜੇ ਵੀ ਉਸਦੇ ਸਾਰੇ ਵਾਲ ਕਾਲੇ ਹਨ।
ਤ੍ਰਿਣਮੂਲ ਦੀ ਭੂਆ ਮਮਤਾ ਤੇ ਉਨ੍ਹਾਂ ਦੇ ਭਤੀਜੇ ਵਲੋਂ ਤੋਲਾਬਾਜ਼ੀ ਟੈਕਸ ਲਾਗੂ ਕੀਤਾ ਜਾ ਰਿਹਾ ਹੈ। ਸਾਡੇ ਨੇਤਾਵਾਂ ਨੇ ਇਕ ਝਟਕੇ ’ਚ ਚੋਣ ਕਮਿਸ਼ਨ ਦੇ ਜ਼ਾਬਤੇ ਨੂੰ ਛਿੱਕੇ ਟੰਗ ਦਿੱਤਾ ਹੈ, ਜਿਸ ’ਚ ਪਾਰਟੀ ਅਤੇ ਉਮੀਦਵਾਰਾਂ ਨੂੰ ਹੋਰ ਨੇਤਾਵਾਂ ਦੇ ਨਿੱਜੀ ਜੀਵਨ ’ਤੇ ਟਿੱਪਣੀ ਕਰਨ ਅਤੇ ਫਰਜ਼ੀ ਦੋਸ਼ ਲਾਉਣ ’ਤੇ ਪਾਬੰਦੀ ਹੈ ਪਰ ਨੇਤਾਵਾਂ ਦਾ ਦੋਗਲਾਪਣ ਕਿਸ ਤਰ੍ਹਾਂ ਸਫਲ ਹੋਵੇਗਾ, ਜੇ ਉਹ ਜਿਸ ਨੈਤਿਕਤਾ ਦੀ ਗੱਲ ਕਰਦੇ ਹਨ, ਉਸ ਨੂੰ ਆਪਣੇ ਵਿਵਹਾਰ ’ਚ ਢਾਲਣ ਲੱਗਣ।
ਇਸ ’ਚ ਇਕ ਸੋਚਣ ਵਾਲਾ ਸਵਾਲ ਉੱਠਦਾ ਹੈ। ਆਦਰਸ਼ ਚੋਣ ਜ਼ਾਬਤੇ ਦੇ ਮਾਮਲਿਆਂ ’ਚ ਦੋਸ਼ ਸਿੱਧੀ ਦੀ ਦਰ ਬਹੁਤ ਘੱਟ ਹੈ। ਕੀ ਇਹ ਮਾਮਲੇ ਸਿਰਫ ਪ੍ਰਤੀਕਾਤਮਿਕ ਹਨ? ਕੀ ਚੋਣ ਕਮਿਸ਼ਨ ਨੂੰ ਇਸ ਸਬੰਧ ’ਚ ਤੁਰੰਤ ਕਾਰਵਾਈ ਨਹੀਂ ਕਰਨੀ ਚਾਹੀਦੀ? ਚੋਣਾਂ ਤੋਂ ਬਾਅਦ ਸ਼ਿਕਾਇਤਾਂ ’ਤੇ ਕਾਰਵਾਈ ਕਰਨ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਜੇ ਆਦਰਸ਼ ਚੋਣ ਜ਼ਾਬਤੇ ਨੂੰ ਕਾਨੂੰਨੀ ਸੁਰੱਖਿਆ ਮਿਲਦੀ ਤਾਂ ਇਸ ਸਬੰਧ ’ਚ ਐੱਫ. ਆਈ. ਆਰ. ਤੋਂ ਪੈਦਾ ਮਾਮਲੇ ਮਜ਼ਬੂਤ ਨਾ ਹੁੰਦੇ। ਕੀ ਆਦਰਸ਼ ਚੋਣ ਜ਼ਾਬਤੇ ਨੂੰ ਕਾਨੂੰਨੀ ਦਰਜਾ ਨਹੀਂ ਦਿੱਤਾ ਜਾਣਾ ਚਾਹੀਦਾ ਜਿਵੇਂ ਕਿ ਕਿਰਤ ਲੋਕ ਸ਼ਿਕਾਇਤ, ਕਾਨੂੰਨ ਅਤੇ ਨਿਆਂ ਸਬੰਧੀ ਸੰਸਦੀ ਸਥਾਈ ਕਮੇਟੀ ਨੇ 2013 ’ਚ ਆਪਣੀ ਰਿਪੋਰਟ ’ਚ ਸਿਫਾਰਿਸ਼ ਕੀਤੀ ਸੀ?
ਇਨ੍ਹਾਂ ਸਵਾਲਾਂ ਨਾਲ ਚੋਣ ਕਮਿਸ਼ਨ ਹੀ ਜੂਝ ਰਿਹਾ ਹੈ ਪਰ ਜਦ ਤਕ ਚੋਣ ਕਮਿਸ਼ਨ ਕੋਈ ਹੱਲ ਲੱਭਦਾ ਹੈ ਉਦੋਂ ਤਕ ਵੋਟਾਂ ਪੈ ਚੁੱਕੀਆਂ ਹੋਣਗੀਆਂ ਅਤੇ ਆਦਰਸ਼ ਜ਼ਾਬਤੇ ਦੀ ਉਲੰਘਣਾ ਬੇਅਰਥ ਹੋ ਜਾਏਗੀ ਕਿਉਂਕਿ ਆਦਰਸ਼ ਜ਼ਾਬਤਾ ਚੋਣ ਕਮਿਸ਼ਨ ਅਤੇ ਸਿਆਸੀ ਪਾਰਟੀਆਂ ਵਿਚਾਲੇ ਇਕ ਸਵੈ-ਇੱਛੁਕ ਸਹਿਮਤੀ ਹੈ, ਜਿਸ ਨੂੰ ਕੋਈ ਕਾਨੂੰਨੀ ਦਰਜਾ ਨਹੀਂ ਮਿਲਿਆ ਹੋਇਆ ਹੈ। ਸਿਆਸੀ ਪਾਰਟੀਆਂ ਅਤੇ ਉਮੀਦਵਾਰ ਇਸ ਦੀ ਖੁੱਲ੍ਹੇਆਮ ਉਲੰਘਣਾ ਕਰਦੇ ਹਨ ਅਤੇ ਕਮਿਸ਼ਨ ਇਸ ਸਬੰਧ ’ਚ ਮਜਬੂਰ ਹੈ।
ਸਹੀ ਜਾਂ ਗਲਤ ਨੂੰ ਇਹ ਕਹਿੰਦੇ ਹੋਏ ਮੁਆਫ ਕਰ ਦਿੱਤਾ ਜਾਂਦਾ ਹੈ ਕਿ ਇਹ ਭਾਵਨਾ ਵੱਸ ਕਿਹਾ ਗਿਆ ਜਾਂ ਇਹ ਕਿਹਾ ਜਾਂਦਾ ਹੈ ਕਿ ਪ੍ਰੇਮ ਅਤੇ ਜੰਗ ’ਚ ਸਭ ਕੁਝ ਜਾਇਜ਼ ਹੈ ਪਰ ਇਸ ਗਾਲ੍ਹਾਂ ਕੱਢਣ ਦੀ ਖੇਡ ’ਚ ਇਕ ਚੀਜ਼ ਸਪੱਸ਼ਟ ਤੌਰ ’ਤੇ ਸਾਹਮਣੇ ਆਉਂਦੀ ਹੈ ਕਿ ਇਹ ਸਿਆਸੀ ਗੈਰ-ਸੰਜਮ ਸਾਡੀ ਵਿਵਸਥਾ ਦੀ ਕੌੜੀ ਸੱਚਾਈ ਨੂੰ ਉਜਾਗਰ ਕਰਦਾ ਹੈ।
ਅੱਜ ਸਿਆਸਤ ਗਟਰ ਦੇ ਪੱਧਰ ਤਕ ਡਿੱਗ ਚੁੱਕੀ ਹੈ। ਹਰ ਨੇਤਾ ਤੇ ਪਾਰਟੀ ਵਿਰੋਧੀ ਪਾਰਟੀਆਂ ਦੇ ਬਾਰੇ ’ਚ ਚੋਣ ਕਮਿਸ਼ਨ ਨੂੰ ਤੁਰੰਤ ਸ਼ਿਕਾਇਤ ਕਰਦਾ ਹੈ ਪਰ ਆਪਣੇ ਕਾਰਨਾਮਿਆਂ ਨੂੰ ਧਿਆਨ ’ਚ ਨਹੀਂ ਰੱਖਦਾ। ਚੋਣ ਕਮਿਸ਼ਨ ਵੀ ਚਿਤਾਵਨੀ ਦੇਣ ਜਾਂ ਕਿਸੇ ਨੇਤਾ ’ਤੇ ਦੋ-ਤਿੰਨ ਦਿਨ ਤਕ ਚੋਣ ਪ੍ਰਚਾਰ ’ਤੇ ਪਾਬੰਦੀ ਲਾਉਣ ਤੋਂ ਸਿਵਾ ਕੁਝ ਨਹੀਂ ਕਰ ਸਕਦਾ ਹੈ। ਚੋਣ ਕਮਿਸ਼ਨ ਵਲੋਂ ਅਜਿਹੇ ਨਫਰਤ ਭਰੇ ਭਾਸ਼ਣਾਂ ਵਿਰੁੱਧ ਕਾਰਵਾਈ ਲਈ ਸਿਰਫ ਇਕ ਫਟਕਾਰ ਹੀ ਹੁੰਦੀ ਹੈ।
ਕੁਲ ਮਿਲਾ ਕੇ ਸਾਡੀ ਵਿਵਸਥਾ ਸਰਕਾਰ, ਪਾਰਟੀਆਂ ਅਤੇ ਨੇਤਾ ਸ਼ਿਸ਼ਟਾਚਾਰ ਦੀ ਪ੍ਰਵਾਹ ਨਹੀਂ ਕਰਦੇ ਹਨ। ਇਹ ਮਹੱਤਵਪੂਰਨ ਨਹੀਂ ਹੈ ਕਿ ਚੋਣ ਕੌਣ ਜਿੱਤਦਾ ਹੈ ਕਿਉਂਕਿ ਆਖਿਰਕਾਰ ਜਨਤਾ ਹਾਰਦੀ ਹੈ। ਇਸ ਲਈ ਕਿਸ ਨੂੰ ਦੋਸ਼ ਦੇਈਏ, ਇਸ ਲਈ ਸਾਡੇ ਨੇਤਾ ਤੇ ਪਾਰਟੀਆਂ ਦੋਸ਼ੀ ਹਨ, ਜਿਨ੍ਹਾਂ ਨੇ ਗੈਰ-ਸੰਜਮੀ ਭਾਸ਼ਾ ’ਚ ਮੁਹਾਰਤ ਹਾਸਲ ਕਰ ਲਈ ਹੈ। ਸਾਡੇ ਨੇਤਾ ਅਨੈਤਿਕ, ਖਤਰਨਾਕ ਅਤੇ ਵੋਟ ਬੈਂਕ ਦੀ ਸਿਆਸਤ ’ਚ ਸ਼ਾਮਲ ਰਹਿੰਦੇ ਹਨ ਅਤੇ ਉਹ ਜਨਤਾ ਨਾਲ ਮਤਭੇਦ ਪੈਦਾ ਕਰਦੇ ਹਨ। ਅੱਜ ਦੇ ਗਾਲ੍ਹਾਂ ਕੱਢਣ ਵਾਲੇ ਚੋਣ ਪ੍ਰਚਾਰ ਦੇ ਮਾਹੌਲ ’ਚ ਲੋਕਤੰਤਰ ਦਾ ਮੂਲ ਵਿਚਾਰ ਹੀ ਪ੍ਰਭਾਵਿਤ ਹੋ ਰਿਹਾ ਹੈ।
ਸਮਾਂ ਆ ਗਿਆ ਹੈ ਕਿ ਸਾਡੇ ਨੇਤਾ ਆਪਣੇ ਵੰਡਣ ਵਾਲੇ ਅਤੇ ਨਿੱਜੀ ਦੋਸ਼ ਲਾਉਣ-ਲਗਾਉਣ ਨੂੰ ਸੀਮਤ ਕਰਨ ਅਤੇ ਵਿਰੋਧੀ ਉਮੀਦਵਾਰਾਂ ਨਾਲ ਮੁੱਦਿਆਂ ਦੇ ਆਧਾਰ ’ਤੇ ਗੱਲ ਕਰਨ। ਇਹ ਮੁੱਦੇ ਜਨਤਾ ਅਤੇ ਦੇਸ਼ ਨਾਲ ਸਬੰਧਤ ਹੋਣੇ ਚਾਹੀਦੇ ਹਨ ਨਾ ਕਿ ਸ਼ਖਸੀਅਤ ਦੇ ਆਧਾਰ ’ਤੇ। ਚੋਣ ਪ੍ਰਚਾਰ ਨੂੰ ਵਾਪਸ ਪੱਟੜੀ ’ਤੇ ਲਿਆਂਦਾ ਜਾਵੇ ਅਤੇ ਇਸ ਵਿਚ ਵੱਕਾਰੀ ਬਹਿਸ ਹੋਵੇ ਅਤੇ ਗੈਰ-ਸੰਜਮੀ ਭਾਸ਼ਾ ਨੂੰ ਨਾ ਸਹਿਆ ਜਾਵੇ। ਸਾਡਾ ਮਕਸਦ ਜਨਤਕ ਗੱਲਬਾਤ ਅਤੇ ਚਰਚਾ ਦੇ ਪੱਧਰ ਨੂੰ ਉਠਾਉਣਾ ਹੋਣਾ ਚਾਹੀਦਾ ਹੈ। ਭਾਰਤ ਅਜਿਹੇ ਨੇਤਾਵਾਂ ਤੋਂ ਬਿਨਾਂ ਵੀ ਅੱਗੇ ਵਧ ਸਕਦਾ ਹੈ, ਜੋ ਸਿਆਸਤ ਨੂੰ ਵਿਗਾੜਦੇ ਹਨ ਅਤੇ ਇਸ ਦੇ ਨਾਲ ਹੀ ਲੋਕਤੰਤਰ ਨੂੰ ਵੀ ਵਿਗਾੜਦੇ ਹਨ। ਸਾਨੂੰ ਬੇਸ਼ਰਮ ਅਤੇ ਸਵਾਰਥੀ ਨੇਤਾਵਾਂ ਨੂੰ ਵੋਟ ਦੇਣਾ ਬੰਦ ਕਰ ਦੇਣਾ ਚਾਹੀਦਾ ਹੈ ਕਿਉਂਕਿ ਇਹ ਨੇਤਾ ਅਨੈਤਿਕਤਾ ਨੂੰ ਮਹੱਤਵ ਦਿੰਦੇ ਹਨ। ਕੀ ਕੋਈ ਦੇਸ਼ ਨੈਤਿਕਤਾ ਦੀ ਭਾਵਨਾ ਤੋਂ ਬਿਨਾਂ ਅੱਗੇ ਵਧ ਸਕਦਾ ਹੈ? ਜੇ ਹਾਂ ਤਾਂ ਕਦੋਂ ਤਕ? ਸਾਨੂੰ ਇਸ ਸਵਾਲ ’ਤੇ ਵਿਚਾਰ ਕਰਨਾ ਪਵੇਗਾ। (ਇੰਫਾ)
ਸੰਘ, ਸਮਾਜ, ਸਿਆਸਤ ਅਤੇ ਪੱਤਰਕਾਰਿਤਾ ਦੇ ਰਿਸ਼ਤੇ
NEXT STORY