ਆਰ. ਐੱਸ. ਐੱਸ. ਮੁਖੀ ਨੇ ਦੇਸ਼ ਵਿਚ ਫਿਰਕੂ ਏਕਤਾ ਨੂੰ ਬੜ੍ਹਾਵਾ ਦੇਣ ਲਈ ਇਕ ਦਲੇਰਾਨਾ ਕਦਮ ਚੁੱਕਿਆ ਹੈ। ਭਾਈਚਾਰਕ ਏਕਤਾ ਦੇ ਟੀਚੇ ਦੀ ਪ੍ਰਾਪਤੀ ਲਈ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਜਾਣੀ ਚਾਹੀਦੀ ਹੈ। 19 ਦਸੰਬਰ ਨੂੰ ਪੁਣੇ ’ਚ ਭਾਰਤ ਦੇ ਵਿਸ਼ਵਗੁਰੂ ਵਿਸ਼ੇ ’ਤੇ ਬੋਲਦਿਆਂ ਮੋਹਨ ਭਾਗਵਤ ਨੇ ਹਿੰਦੂ ਲੀਡਰਸ਼ਿਪ ਅਤੇ ਇਸ ਦੇ ਸੈਨਿਕਾਂ ਲਈ ਇਕ ਮਜ਼ਬੂਤ ਸੰਦੇਸ਼ ਦਿੱਤਾ।
ਭਾਗਵਤ ਨੇ ਕਿਹਾ, ‘‘ਅਸੀਂ ਸਮੇਂ ਦੇ ਨਾਲ ਇਕਸੁਰਤਾ ਵਿਚ ਰਹਿ ਰਹੇ ਹਾਂ, ਅਸੀਂ ਦੁਨੀਆ ਨੂੰ ਇਹ ਇਕਸੁਰਤਾ ਪ੍ਰਦਾਨ ਕਰਨਾ ਚਾਹੁੰਦੇ ਹਾਂ, ਸਾਨੂੰ ਇਸਦਾ ਮਾਡਲ ਬਣਾਉਣ ਦੀ ਲੋੜ ਹੈ। ਰਾਮ ਮੰਦਰ ਦੇ ਨਿਰਮਾਣ ਤੋਂ ਬਾਅਦ ਕੁਝ ਲੋਕਾਂ ਨੂੰ ਲੱਗਦਾ ਹੈ ਕਿ ਉਹ ਨਵੀਆਂ ਥਾਵਾਂ ’ਤੇ ਮਸਲੇ ਉਠਾ ਕੇ ਹਿੰਦੂਆਂ ਦੇ ਨੇਤਾ ਬਣ ਸਕਦੇ ਹਨ। ਇਹ ਮਨਜ਼ੂਰ ਨਹੀਂ ਹੈ।’’
ਹਾਲਾਂਕਿ, ਮਰਹੂਮ ਸੁਸ਼ਮਾ ਸਵਰਾਜ ਨੇ 14 ਅਪ੍ਰੈਲ 2000 ਨੂੰ ਭੋਪਾਲ ਵਿਚ ਮੰਨਿਆ ਸੀ ਕਿ ਮੰਦਰ ਅੰਦੋਲਨ ਪੂਰੀ ਤਰ੍ਹਾਂ ਸਿਆਸੀ ਸੀ ਅਤੇ ਇਸਦਾ ਧਰਮ ਨਾਲ ਕੋਈ ਲੈਣਾ-ਦੇਣਾ ਨਹੀਂ ਸੀ। ਆਰ. ਐੱਸ. ਐੱਸ. ਪ੍ਰਮੁੱਖ ਨੇ ਕਿਸੇ ਵੀ ਸਿਆਸੀ ਬਹਾਨੇ ਤੋਂ ਬਚਦਿਆਂ ਸਪੱਸ਼ਟ ਕਿਹਾ ਕਿ ਅਯੁੱਧਿਆ ਮੁੱਦਾ ਆਸਥਾ ਦਾ ਮਾਮਲਾ ਸੀ। ਬਹੁਤ ਸਾਰੇ ਲੋਕਾਂ ਨੇ ਅਸਲ ਵਿਚ ਮੰਦਰ ਦੀ ਸਿਆਸਤ ਤੋਂ ਵੱਡੀ ਸਿਆਸੀ ਕਿਸਮਤ ਬਣਾਈ ਹੈ। ਆਰ. ਐੱਸ. ਐੱਸ. ਪ੍ਰਮੁੱਖ ਦਾ ਅਜਿਹੇ ਆਗੂਆਂ ਦੀ ਭਾਵੀ ਨਸਲ ਦੇ ਖਿਲਾਫ ਵਾਰ, ਜੋ ਕੁਝ ਹੀ ਸਮੇਂ ’ਚ ਧਾਰਮਿਕ ਸਿਆਸਤ ਰਾਹੀਂ ਪੌੜੀ ਚੜ੍ਹਨ ਦੇ ਚਾਹਵਾਨ ਹਨ, ਸਮੇਂ ਸਿਰ ਹੈ ਅਤੇ ਇਸ ਨੂੰ ਸਾਰੇ ਹਿੰਦੂਤਵੀ ਸਿਆਸੀ ਆਗੂਆਂ ਅਤੇ ਜਥੇਬੰਦੀਆਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।
ਹਾਲ ਹੀ ਦੇ ਵਿਵਾਦਾਂ ਦਾ ਜ਼ਿਕਰ ਕਰਦੇ ਹੋਏ ਭਾਗਵਤ ਨੇ ਆਪਣੀ ਨਾਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਹਰ ਰੋਜ਼ ਕੋਈ ਨਾ ਕੋਈ ਨਵਾਂ ਮਾਮਲਾ (ਵਿਵਾਦ) ਉਠਾਇਆ ਜਾ ਰਿਹਾ ਹੈ। ਇਸ ਦੀ ਇਜਾਜ਼ਤ ਕਿਵੇਂ ਦਿੱਤੀ ਜਾ ਸਕਦੀ ਹੈ? ਇਹ ਜਾਰੀ ਨਹੀਂ ਰਹਿ ਸਕਦਾ। ਉਨ੍ਹਾਂ ਦੇ ਸ਼ਬਦਾਂ ਦਾ ਇਕ ਸ਼ਾਂਤ ਪ੍ਰਭਾਵ ਹੋਵੇਗਾ, ਬਸ਼ਰਤੇ ਸਥਾਨਕ ਸਿਵਲ ਅਦਾਲਤਾਂ ਬਾਬਰੀ ਮਸਜਿਦ ਕੇਸ (2019) ਵਿਚ 5 ਜੱਜਾਂ ਦੇ ਬੈਂਚ ਦੇ ਫੈਸਲੇ ਨੂੰ ਜ਼ਿਆਦਾ ਮਹੱਤਵ ਦੇਣ ਨਾ ਕਿ ਜਸਟਿਸ ਡੀ. ਵਾਈ. ਚੰਦਰਚੂੜ ਦੀਆਂ ਕੁਝ ਟਿੱਪਣੀਆਂ ਨੂੰ, ਜਿਨ੍ਹਾਂ ਨੇ ਉਦੋਂ ਤੋਂ ਦਾਅਵਾ ਕੀਤਾ ਹੈ ਕਿ ਅਜਿਹੀਆਂ ਟਿੱਪਣੀਆਂ ਦੀ ਕੋਈ ਕਾਨੂੰਨੀ ਪਵਿੱਤਰਤਾ ਨਹੀਂ ਹੈ।
ਬਦਕਿਸਮਤੀ ਨਾਲ, ਜ਼ਿਆਦਾਤਰ ਹਿੰਦੂ ਉਦਾਰਵਾਦੀ ਅਤੇ ਸ਼ੋਸ਼ਿਤ ਮੁਸਲਮਾਨ ਅਜਿਹੇ ਸਕਾਰਾਤਮਕ ਬਿਆਨਾਂ ਨੂੰ ਲੋੜੀਂਦਾ ਮਹੱਤਵ ਨਹੀਂ ਦਿੰਦੇ। ਉਹ ਇਹ ਸਮਝਣ ’ਚ ਅਸਫਲ ਰਹਿੰਦੇ ਹਨ ਕਿ ਮਸਜਿਦਾਂ ਅਤੇ ਦਰਗਾਹਾਂ ’ਤੇ ਹਿੰਦੂਤਵ ਬ੍ਰਿਗੇਡ ਦੇ ਲਗਾਤਾਰ ਦਾਅਵਿਆਂ ਵਿਰੁੱਧ ਇੰਨੀ ਦ੍ਰਿੜ੍ਹਤਾ ਨਾਲ ਸਾਹਮਣੇ ਆਉਣਾ ਜਾਇਜ਼ ਨਹੀਂ ਹੈ। ਹਰਮਨਪਿਆਰੇ ਡਿਜੀਟਲ ਪਲੇਟਫਾਰਮ ਜੈਪੁਰ ਡਾਇਲਾਗਜ਼ ਨੇ ਗੁੱਸੇ ’ਚ ਜਵਾਬ ਦਿੰਦਿਆਂ ਕਿਹਾ ਹੈ ਕਿ, ‘‘ਆਰ. ਐੱਸ. ਐੱਸ. ਪ੍ਰਮੁੱਖ ਹਿੰਦੂਆਂ ਦੇ ਬੁਲਾਰੇ ਨਹੀਂ ਹਨ ਅਤੇ ਅਸੀਂ ਉਨ੍ਹਾਂ ਨੂੰ ਵਾਪਸ ਲੈ ਲਵਾਂਗੇ।’’
ਅਜਿਹੇ ਸਮੇਂ ਜਦੋਂ ਸਾਡੇ ਸਮਾਜ ’ਚ ਇੰਨੀ ਨਫ਼ਰਤ ਅਤੇ ਜ਼ਹਿਰ ਭਰ ਦਿੱਤੀ ਗਈ ਹੈ, ਸਾਨੂੰ ਸਕਾਰਾਤਮਕਤਾ ਦੀ ਭਾਲ ਕਰਨੀ ਚਾਹੀਦੀ ਹੈ ਅਤੇ ਭਾਗਵਤ ਦੇ ਬਿਆਨਾਂ ਦੀ ਸ਼ਲਾਘਾ ਕਰਨੀ ਚਾਹੀਦੀ ਹੈ। ਇਹ ਕੇਂਦਰ ਅਤੇ ਰਾਜ ਸਰਕਾਰਾਂ ਉੱਤੇ ਆਪਣੇ ਪ੍ਰਭਾਵ ਦੀ ਵਰਤੋਂ ਕਰ ਕੇ ਉਨ੍ਹਾਂ ਨੂੰ ਵਧੇਰੇ ਜਵਾਬਦੇਹ ਬਣਾਉਣ ਲਈ ਅਗਲਾ ਤਰਕਪੂਰਨ ਕਦਮ ਚੁੱਕਣ ਲਈ ਉਤਸ਼ਾਹਿਤ ਕਰ ਸਕਦਾ ਹੈ। ਸਮਾਜਿਕ ਸਦਭਾਵਨਾ, ਸ਼ਾਂਤੀ ਅਤੇ ਏਕਤਾ ਕਾਇਮ ਕਰਨ ਲਈ ਸਿਆਸਤਦਾਨਾਂ ਨੂੰ ਖਾਸ ਕਰ ਕੇ ਬੇਦਖਲੀ ਅਤੇ ਫਿਰਕੂ ਬਿਆਨਬਾਜ਼ੀ ਤੋਂ ਦੂਰ ਰਹਿਣਾ ਚਾਹੀਦਾ ਹੈ।
ਹਿੰਦੂ ਸੰਤਾਂ ਦੇ ਸੰਗਠਨ ਆਲ ਇੰਡੀਆ ਸੰਤ ਸਮਿਤੀ ਨੇ ਵੀ ਭਾਗਵਤ ਦੀ ਨਿੰਦਾ ਕੀਤੀ ਅਤੇ ਉਨ੍ਹਾਂ ਨੂੰ ਅਜਿਹੇ ਮਾਮਲੇ ਹਿੰਦੂ ਸੰਤਾਂ ’ਤੇ ਛੱਡਣ ਲਈ ਕਿਹਾ। ਸਾਬਕਾ ਸੀ. ਬੀ. ਆਈ. ਚੀਫ ਐੱਮ. ਨਾਗੇਸ਼ਵਰ ਰਾਓ 2021 ਵਿਚ ਆਰ. ਐੱਸ. ਐੱਸ. ਨੂੰ ‘ਨਕਲੀ ਹਿੰਦੂਤਵ ਧੋਖਾਧੜੀ’ ਕਰਾਰ ਦਿੱਤਾ ਅਤੇ ਹਿੰਦੂਆਂ ਨੂੰ ‘ਆਰ. ਐੱਸ. ਐੱਸ. ਮੁਕਤ ਭਾਰਤ’ ਦੀ ਦਿਸ਼ਾ ’ਚ ਕੰਮ ਕਰਨ ਲਈ ਕਿਹਾ। ਭਾਗਵਤ ਦੀ ਹਿੰਦੂਆਂ ਅਤੇ ਮੁਸਲਮਾਨਾਂ ਦੇ ਡੀ. ਐੱਨ. ਏ. ਇਕੋ-ਜਿਹੇ ਹੋਣ ਦੇ ਬਿਆਨ ਲਈ ਵੀ ਆਲੋਚਨਾ ਕੀਤੀ ਗਈ ਸੀ।
ਆਰ. ਐੱਸ. ਐੱਸ. ਪ੍ਰਮੁੱਖ ਅਸਲ ’ਚ ਇਕ ਪਤਲੀ ਰੱਸੀ ’ਤੇ ਚੱਲ ਰਹੇ ਹਨ ਅਤੇ ਦੋਵਾਂ ਪਾਸਿਆਂ ਤੋਂ ਆਲੋਚਨਾ ਝੱਲ ਰਹੇ ਹਨ। ਕੱਟੜਪੰਥੀ ਹਿੰਦੂਤਵ ਹਮਾਇਤੀ ਤੇਜ਼ੀ ਨਾਲ ਉਨ੍ਹਾਂ ਤੋਂ ਕਿਨਾਰਾ ਕਰ ਰਹੇ ਹਨ ਅਤੇ ਮੁਸਲਮਾਨਾਂ ਅਤੇ ਉਦਾਰਵਾਦੀਆਂ ਨੇ ਅਜੇ ਤੱਕ ਉਨ੍ਹਾਂ ਦੇ ਬਿਆਨਾਂ ਵਿਚ ਇਕਸਾਰਤਾ ਦੇ ਬਾਵਜੂਦ ਉਨ੍ਹਾਂ ਦੇ ਸ਼ਬਦਾਂ ’ਤੇ ਭਰੋਸਾ ਕਰਨ ਦਾ ਸਵੈ-ਵਿਸ਼ਵਾਸ ਵਿਕਸਿਤ ਨਹੀਂ ਕੀਤਾ ਹੈ।
17 ਸਤੰਬਰ, 2018 ਨੂੰ ਭਾਗਵਤ ਨੇ ਇਹ ਕਹਿ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ ਕਿ ‘‘ਮੁਸਲਮਾਨਾਂ ਤੋਂ ਬਿਨਾਂ ਹਿੰਦੂਤਵ ਅਧੂਰਾ ਰਹੇਗਾ ਅਤੇ ਮੁਸਲਮਾਨਾਂ ਤੋਂ ਬਿਨਾਂ ਹਿੰਦੂ ਰਾਸ਼ਟਰ ਨਹੀਂ ਹੋ ਸਕਦਾ।’’ 4 ਜੁਲਾਈ, 2021 ਨੂੰ ਖਵਾਜਾ ਇਫਤਿਖਾਰ ਅਹਿਮਦ ਦੀ ਪੁਸਤਕ ‘ਦਿ ਮੀਟਿੰਗ ਆਫ ਮਾਈਂਡਸ : ਏ ਬ੍ਰਿਜਿੰਗ ਇਨੀਸ਼ੀਏਟਿਵ’ ਨੂੰ ਲਾਂਚ ਕਰਦੇ ਹੋਏ ਅਤੇ ਇਕ ਤਰ੍ਹਾਂ ਨਾਲ ਇਹ ਸਵੀਕਾਰ ਕਰਦੇ ਹੋਏ ਕਿ ਅੱਜ ਬਹੁਤ ਸਾਰੇ ਮੁਸਲਮਾਨ ਅਸਲ ਵਿਚ ਡਰ ਵਿਚ ਰਹਿੰਦੇ ਹਨ, ਉਨ੍ਹਾਂ ਨੇ ਮੁਸਲਮਾਨਾਂ ਨੂੰ ਇਸ ਡਰ ਦੇ ਚੱਕਰ ਵਿਚ ਨਾ ਫਸਣ ਦੀ ਅਪੀਲ ਕੀਤੀ ਕਿ ਭਾਰਤ ਵਿਚ ਇਸਲਾਮ ਨੂੰ ਖ਼ਤਰਾ ਹੈ। ਮੌਬ ਲਿੰਚਿੰਗ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਉਨ੍ਹਾਂ ਕਿਹਾ, ‘‘ਇਹ ਲਿੰਚਿੰਗ ਹਿੰਦੂਤਵ ਦੇ ਖ਼ਿਲਾਫ਼ ਹੈ।’’ ਭਾਗਵਤ ਨੇ ਇਹ ਵੀ ਦੁਹਰਾਇਆ ਕਿ, ‘‘ਹਿੰਦੂ-ਮੁਸਲਿਮ ਏਕਤਾ ਦੀ ਗੱਲ ਭਰਮਾਊ ਹੈ ਕਿਉਂਕਿ ਉਹ ਵੱਖਰੇ ਨਹੀਂ ਹਨ, ਸਗੋਂ ਇਕ ਹਨ।’’
ਅੱਜ ਦੇ ਨਫ਼ਰਤ ਅਤੇ ਕੱਟੜਤਾ ਦੇ ਮਾਹੌਲ ਵਿਚ ਆਰ. ਐੱਸ. ਐੱਸ. ਪ੍ਰਮੁੱਖ ਸ਼ਾਇਦ ਇਕੋ-ਇਕ ਅਜਿਹੇ ਵਿਅਕਤੀ ਹਨ ਜੋ ਜਨਤਾ ਅਤੇ ਸਰਕਾਰ ’ਤੇ ਆਪਣੇ ਵਿਆਪਕ ਪ੍ਰਭਾਵ ਰਾਹੀਂ ਸਿਆਣਪ, ਸਹਿਣਸ਼ੀਲਤਾ ਅਤੇ ਸਦਭਾਵਨਾ ਨੂੰ ਬਹਾਲ ਕਰ ਸਕਦੇ ਹਨ। ਜੇਕਰ ਅਸੀਂ ਅਤੀਤ ਵਿਚ ਜਿਊਂਦੇ ਰਹਾਂਗੇ ਅਤੇ ਇਤਿਹਾਸਕ ਗਲਤੀਆਂ ਨੂੰ ਦੁਹਰਾਉਂਦੇ ਰਹਾਂਗੇ ਤਾਂ ਭਾਰਤ 2047 ਤੱਕ ਇਕ ਵਿਕਸਤ ਦੇਸ਼ ਨਹੀਂ ਬਣ ਸਕਦਾ। ਆਓ ਅਸੀਂ ਭਵਿੱਖ ਵੱਲ ਝਾਤੀ ਮਾਰੀਏ ਅਤੇ ਜੋ ਬੀਤਿਆ ਹੈ ਉਸ ਨੂੰ ਭੁੱਲ ਜਾਈਏ।
-ਫੈਜ਼ਾਨ ਮੁਸਤਫਾ
ਸੰਵਿਧਾਨ ਬਦਲਣ ਦੀ ਜ਼ੋਰਦਾਰ ਕੋਸ਼ਿਸ਼
NEXT STORY