ਹਾਲ ਹੀ ਵਿਚ ਯੂਰਪੀ ਦੇਸ਼ ਨੀਦਰਲੈਂਡ ਦੀ ਰਾਜਧਾਨੀ ਐਮਸਟਰਡਮ ਵਿਚ ਫਲਸਤੀਨੀ ਸਮਰਥਕਾਂ ਵੱਲੋਂ ਯਹੂਦੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਸਦੀਆਂ ਤੋਂ ਯਹੂਦੀ ਧਾਰਮਿਕ ਕਾਰਨਾਂ ਕਰ ਕੇ ਈਸਾਈਅਤ ਅਤੇ ਇਸਲਾਮ ਦੇ ਨਿਸ਼ਾਨੇ ’ਤੇ ਰਹੇ ਹਨ। ਇਸੇ ਤਰ੍ਹਾਂ ਹਿੰਦੂਆਂ ’ਤੇ ਜ਼ੁਲਮ ਦਾ ਵੀ ਕਾਲਾ ਇਤਿਹਾਸ ਰਿਹਾ ਹੈ। ਇਸ ਸਭ ਦੀਆਂ ਸੈਂਕੜੇ ਨਹੀਂ ਸਗੋਂ ਹਜ਼ਾਰਾਂ ਉਦਾਹਰਣਾਂ ਅਤੇ ਸਬੂਤ ਹਨ। ਆਖ਼ਰ ਧਰਮ ਦੇ ਨਾਂ ’ਤੇ ਦੂਜੇ ਮਨੁੱਖਾਂ ’ਤੇ ਤਸ਼ੱਦਦ ਕਰਨ ਵਾਲੇ ਵਿਅਕਤੀ ਦੀ ਮਾਨਸਿਕਤਾ ਜਾਂ ਵਿਚਾਰਧਾਰਾ ਕੀ ਹੈ?
ਆਖ਼ਰਕਾਰ ਐਮਸਟਰਡਮ ਵਿਚ ਕੀ ਹੋਇਆ? ਇਜ਼ਰਾਈਲ ਦੀ ਟੀਮ 7 ਨਵੰਬਰ ਨੂੰ ਇੱਥੇ ਖੇਡੇ ਗਏ ਫੁੱਟਬਾਲ ਮੈਚ ’ਚ ਵੱਡੇ ਫਰਕ ਨਾਲ ਹਾਰ ਗਈ ਸੀ। ਨਿਰਾਸ਼ ਇਜ਼ਰਾਈਲੀ ਪ੍ਰਸ਼ੰਸਕ ਜਦੋਂ ਸਟੇਡੀਅਮ ਤੋਂ ਬਾਹਰ ਨਿਕਲੇ ਤਾਂ ਫਲਸਤੀਨੀ ਸਮਰਥਕਾਂ ਨੇ ਆਪਣੀਆਂ ਗੱਡੀਆਂ ਵਿਚ ਸਵਾਰ ਹੋ ਕੇ ਉਨ੍ਹਾਂ ਨੂੰ ਦੌੜਾ-ਦੌੜਾ ਕੇ ਮਾਰਨਾ-ਕੁੱਟਣਾ ਸ਼ੁਰੂ ਕਰ ਦਿੱਤਾ। ਇਸ ਦੇ ਕਈ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹਨ, ਜਿਨ੍ਹਾਂ ’ਚ ਯਹੂਦੀਆਂ ਨੂੰ ਕੁੱਟਦੇ, ਚਾਕੂਆਂ ਨਾਲ ਉਨ੍ਹਾਂ ਦਾ ਪਿੱਛਾ ਕਰਦੇ ਅਤੇ ਜਨਤਕ ਅਤੇ ਨਿੱਜੀ ਜਾਇਦਾਦ ਨੂੰ ਤਬਾਹ ਕਰਦੇ ਦੇਖਿਆ ਜਾ ਸਕਦਾ ਹੈ।
ਕੁਝ ਯਹੂਦੀ ਸਥਾਨਕ ਇਮਾਰਤਾਂ ਵਿਚ ਦਾਖਲ ਹੁੰਦੇ ਅਤੇ ਆਪਣੀ ਜਾਨ ਬਚਾਉਣ ਲਈ ਨਹਿਰ ਵਿਚ ਛਾਲਾ ਮਾਰਦੇ ਵੀ ਵੇਖੇ ਗਏ। ਇਸ ਮਾਮਲੇ ’ਚ 62 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਦਕਿ 10 ਜ਼ਖਮੀ ਹਨ। ਨੀਦਰਲੈਂਡ ਦੇ ਪ੍ਰਧਾਨ ਮੰਤਰੀ ਨੇ ਕਿਹਾ, ‘‘ਇਹ ਇਕ ਭਿਆਨਕ ਯਹੂਦੀ ਵਿਰੋਧੀ ਹਮਲਾ ਹੈ, ਅਸੀਂ ਇਸ ਨੂੰ ਬਰਦਾਸ਼ਤ ਨਹੀਂ ਕਰਾਂਗੇ। ਮੈਂ ਬੇਹੱਦ ਸ਼ਰਮਿੰਦਾ ਹਾਂ ਕਿ 2024 ’ਚ ਨੀਦਰਲੈਂਡ ’ਚ ਅਜਿਹਾ ਹੋ ਸਕਦਾ ਹੈ।’’ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਵੀ ਯਹੂਦੀਆਂ ’ਤੇ ਹੋਏ ਹਮਲੇ ਨੂੰ ਸ਼ਰਮਨਾਕ ਅਤੇ ਘਿਨੌਣਾ ਦੱਸਿਆ ਹੈ।
ਯੂਰਪ ਵਿਚ ਯਹੂਦੀ ਵਿਰੋਧੀ ਹਿੰਸਾ ਵਿਚ ਕਾਫੀ ਵਾਧਾ ਹੋਇਆ ਹੈ। ਇਕੱਲੇ ਨੀਦਰਲੈਂਡ ਵਿਚ, 2022-23 ਦਰਮਿਆਨ ਯਹੂਦੀਆਂ ਉੱਤੇ ਹਮਲਿਆਂ ਵਿਚ 245 ਫੀਸਦੀ ਵਾਧਾ ਹੋਇਆ ਹੈ। ਹਮਾਸ ਦੇ ਹਮਲੇ ਤੋਂ ਬਾਅਦ ਬਰਤਾਨੀਆ ਵਿਚ 550 ਯਹੂਦੀਆਂ ਵਿਰੋਧੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ ਹਨ। ਫਰਾਂਸ ਵੀ ਇਸ ਤੋਂ ਅਛੂਤਾ ਨਹੀਂ ਹੈ। ਕੀ ਇਸ ਹੰਗਾਮੇ ਦੀ ਜੜ੍ਹ ਇਜ਼ਰਾਈਲ ਉੱਪਰ 7 ਅਕਤੂਬਰ, 2023 ਨੂੰ ਹਮਾਸ ਸਮਰਥਕ ਜੇਹਾਦੀਆਂ ਦੁਆਰਾ ਕੀਤੇ ਗਏ ਘਾਤਕ ਅੱਤਵਾਦੀ ਹਮਲੇ ਤੋਂ ਬਾਅਦ ਇਜ਼ਰਾਈਲ ਦੀ ਚੱਲ ਰਹੀ ਜਵਾਬੀ ਫੌਜੀ ਕਾਰਵਾਈ (ਬਹੁ-ਪੱਖੀ) ਵਿਚ ਹੈ, ਜਿਸ ਵਿਚ 40 ਹਜ਼ਾਰ ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ? ਸੱਚਾਈ ਇਹ ਹੈ ਕਿ ਯਹੂਦੀ ਨਾ ਸਿਰਫ਼ ਹਾਲ ਹੀ ਦੇ ਕਾਰਨਾਂ ਕਰ ਕੇ, ਸਗੋਂ ਧਾਰਮਿਕ ਕਾਰਨਾਂ ਕਰ ਕੇ ਵੀ ਲਗਾਤਾਰ ਅੱਤਿਆਚਾਰਾਂ ਦਾ ਸਾਹਮਣਾ ਕਰ ਰਹੇ ਹਨ।
ਵਿਸ਼ਵ ਪ੍ਰਸਿੱਧ ‘ਐਨਸਾਈਕਲੋਪੀਡੀਆ ਬ੍ਰਿਟੈਨਿਕਾ’ ਅਨੁਸਾਰ, ‘ਪਹਿਲੀ ਸਦੀ ਵਿਚ ਈਸਾਈ ਧਰਮ ਦੇ ਪਸਾਰ ਦੇ ਬਾਵਜੂਦ ਬਹੁਤੇ ਯਹੂਦੀ ਇਸ ਨੂੰ ਧਰਮ ਵਜੋਂ ਰੱਦ ਕਰਦੇ ਰਹੇ। ਨਤੀਜੇ ਵਜੋਂ, ਚੌਥੀ ਸਦੀ ਤੱਕ ਈਸਾਈਆਂ ਨੇ ਯਹੂਦੀਆਂ ਨੂੰ ਇਕ ਵੱਖਰਾ ਭਾਈਚਾਰਾ ਸਮਝਣਾ ਸ਼ੁਰੂ ਕਰ ਦਿੱਤਾ ਕਿਉਂਕਿ ਉਨ੍ਹਾਂ (ਯਹੂਦੀਆਂ) ਨੇ ਯਿਸੂ ਮਸੀਹ ਅਤੇ ਚਰਚ ਨੂੰ ਅਸਵੀਕਾਰ ਕਰ ਦਿੱਤਾ ਸੀ।’
ਜਦੋਂ ਈਸਾਈ ਚਰਚ ਰੋਮਨ ਸਾਮਰਾਜ ਵਿਚ ਪ੍ਰਭਾਵਸ਼ਾਲੀ ਬਣ ਗਿਆ ਤਾਂ ਉਸ ਨੇ ਰੋਮਨ ਸਮਰਾਟਾਂ ਨੂੰ ਯਹੂਦੀ ਵਿਰੋਧੀ ਕਾਨੂੰਨ ਬਣਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦਾ ਉਦੇਸ਼ ਕਿਸੇ ਵੀ ਖਤਰੇ ਨੂੰ ਖਤਮ ਕਰਨਾ ਸੀ ਜੋ ਈਸਾਈ ਦਬਦਬੇ ਨੂੰ ਚੁਣੌਤੀ ਦਿੰਦਾ ਸੀ। ਇਸ ਕਰ ਕੇ ਯਹੂਦੀ ਯੂਰਪੀ ਸਮਾਜ ਵਿਚ ਹਾਸ਼ੀਏ ’ਤੇ ਧੱਕ ਦਿੱਤੇ ਗਏ।
ਇਸ ਸੋਚ ਦਾ ਭਿਆਨਕ ਰੂਪ ਮੱਧਕਾਲ ਵਿਚ ਵੀ ਵੇਖਣ ਨੂੰ ਮਿਲਿਆ। ਸਾਲ 1466 ਵਿਚ, ਤਤਕਾਲੀ ਪੋਪ ਪਾਲ ਦੂਜੇ ਦੇ ਨਿਰਦੇਸ਼ਾਂ ’ਤੇ, ਕ੍ਰਿਸਮਸ ਵਾਲੇ ਦਿਨ ਰੋਮ ਵਿਚ ਯਹੂਦੀਆਂ ਨੂੰ ਸ਼ਰੇਆਮ ਨੰਗੇ ਕਰ ਕੇ ਘੁਮਾਇਆ ਗਿਆ। ਬਾਅਦ ਵਿਚ, ਸਮਾਂ ਬੀਤਣ ’ਤੇ ਯਹੂਦੀ ਪਾਦਰੀਆਂ (ਰੱਬੀ) ਨੂੰ ਜੋਕਰਾਂ ਦੇ ਕੱਪੜੇ ਪਹਿਨਾ ਕੇ ਉਨ੍ਹਾਂ ਦੇ ਜਲੂਸ ਕੱਢੇ ਜਾਣ ਲੱਗੇ। 25 ਦਸੰਬਰ, 1881 ਨੂੰ, ਪੋਲੈਂਡ ਦੇ ਵਾਰਸਾ ਵਿਚ ਕੱਟੜ ਈਸਾਈਆਂ ਵਲੋਂ 12 ਯਹੂਦੀਆਂ ਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਅਤੇ ਕਈ ਔਰਤਾਂ ਨਾਲ ਜਬਰ-ਜ਼ਨਾਹ ਤਕ ਵੀ ਕੀਤਾ ਗਿਆ। ਇਸ ਤਰ੍ਹਾਂ ਦੇ ਜ਼ੁਲਮ ਦੀਆਂ ਅਣਗਿਣਤ ਉਦਾਹਰਣਾਂ ਹਨ।
ਯਹੂਦੀ ਵਿਰੋਧੀ ਮੁਹਿੰਮਾਂ ਨੇ ਸਦੀਆਂ ਤੋਂ ਯੂਰਪ ਵਿਚ ਯਹੂਦੀਆਂ ਲਈ ਅਸੁਰੱਖਿਆ, ਅੱਤਿਆਚਾਰ ਅਤੇ ਹਿੰਸਾ ਦਾ ਮਾਹੌਲ ਪੈਦਾ ਕੀਤਾ, ਜੋ ਚਰਚ ਦੇ ਸਮਰਥਨ ਨਾਲ, ਯੂਰਪੀਅਨ ਸਮਾਜ ਅਤੇ ਸੱਭਿਆਚਾਰ ਵਿਚ ਡੂੰਘਾਈ ਤਕ ਚਲਾ ਗਿਆ, ਜਿਸ ਨੇ ਬਾਅਦ ਵਿਚ ਤਾਨਾਸ਼ਾਹ ਅਡੋਲਫ ਹਿਟਲਰ ਜਨਿਤ ‘ਹੋਲੋਕਾਸਟ’ ਦਾ 20ਵੀਂ ਸਦੀ ਵਿਚ ਰੂਪ ਲਿਆ।
ਹਿਟਲਰ ਦੀ ਅਗਵਾਈ ਹੇਠ ਈਸਾਈ ਬਹੁਮਤ ਵਾਲੀ ਜਰਮਨੀ ਨੇ 1933-1945 ਦਰਮਿਆਨ ਯਹੂਦੀਆਂ ’ਤੇ ਭਿਆਨਕ ਜ਼ੁਲਮ ਕੀਤਾ। ਇਸ ਨੂੰ ਸ਼ੁਰੂ ਵਿਚ ਚਰਚ ਦਾ ਜ਼ੁਬਾਨੀ ਸਮਰਥਨ ਪ੍ਰਾਪਤ ਸੀ। ਇਕ ਅੰਕੜੇ ਅਨੁਸਾਰ ਉਸ ਸਮੇਂ ਤਕਰੀਬਨ 60 ਲੱਖ ਯਹੂਦੀਆਂ (15 ਲੱਖ ਬੱਚਿਆਂ ਸਮੇਤ) ਦਾ ਕਤਲ ਕਰ ਦਿੱਤਾ ਗਿਆ ਸੀ।
ਹਿਟਲਰ ਨੇ ਯਹੂਦੀਆਂ ਨੂੰ ਜੜ੍ਹ ਤੋਂ ਖ਼ਤਮ ਕਰਨ ਦੇ ਆਪਣੇ ਮੰਤਵ ਨੂੰ ਇੰਨੇ ਪ੍ਰਭਾਵਸ਼ਾਲੀ ਢੰਗ ਨਾਲ ਪੂਰਾ ਕੀਤਾ ਕਿ ਦੁਨੀਆ ਦੀ ਇਕ ਤਿਹਾਈ ਯਹੂਦੀ ਆਬਾਦੀ ਖਤਮ ਹੋ ਗਈ। ਕਿਉਂਕਿ ਹਿਟਲਰ ਇਕ ਈਸਾਈ ਪਰਿਵਾਰ ਵਿਚ ਪੈਦਾ ਹੋਇਆ ਸੀ, ਕੀ ਉਸ ਨੂੰ ਯਹੂਦੀਆਂ ਦਾ ਕਤਲੇਆਮ ਕਰਨ ਦੀ ਪ੍ਰੇਰਨਾ ਸਦੀਆਂ ਤੋਂ ਚੱਲੀਆਂ ਯਹੂਦੀ ਵਿਰੋਧੀ ਮੁਹਿੰਮਾਂ ਤੋਂ ਮਿਲੀ ਸੀ?
ਜੇਕਰ ਭਾਰਤੀ ਉਪ ਮਹਾਦੀਪ ਦੀ ਗੱਲ ਕਰੀਏ ਤਾਂ ਸੰਨ 712 ਵਿਚ ਅਰਬੀ ਹਮਲਾਵਰ ਮੁਹੰਮਦ ਬਿਨ ਕਾਸਿਮ ਨੇ ਸਿੰਧ ਉੱਤੇ ਹਮਲਾ ਕਰ ਕੇ ਭਾਰਤ ਵਿਚ ਇਸਲਾਮ ਦੇ ਨਾਮ ਉੱਤੇ ਧਾਰਮਿਕ ਜਬਰ ਦੀ ਸ਼ੁਰੂਆਤ ਕੀਤੀ ਸੀ। ਇਸੇ ਮਾਨਸਿਕਤਾ ਤੋਂ ਪ੍ਰੇਰਿਤ ਹੋ ਕੇ ਸਮਾਂ ਬੀਤਣ ’ਤੇ ਗਜ਼ਨੀ, ਗੌਰੀ, ਖਿਲਜੀ, ਤੈਮੂਰ, ਤੁਗਲਕ, ਬਾਬਰ, ਔਰੰਗਜ਼ੇਬ, ਟੀਪੂ ਸੁਲਤਾਨ ਆਦਿ ਨੇ ਇੱਥੋਂ ਦੇ ਮੂਲ ਸਨਾਤਨ ਸੱਭਿਆਚਾਰ ਅਤੇ ਪ੍ਰਤੀਕਾਂ ਨੂੰ ਤਬਾਹ ਕਰ ਦਿੱਤਾ ਅਤੇ ਅੱਜ ਵੀ ਉਨ੍ਹਾਂ ਦੇ ਪੁੱਤਰਾਂ ਵੱਲੋਂ ਅਜਿਹਾ ਹੀ ਕੀਤਾ ਜਾ ਰਿਹਾ ਹੈ।
ਇਨ੍ਹਾਂ ਜੇਹਾਦੀਆਂ ਦੀ ਪ੍ਰੇਰਨਾ ਸਦਕਾ ਹੀ ਭਾਰਤ ਦੇ ਇਕ ਤਿਹਾਈ ਖੇਤਰ ’ਤੇ ਇਸਲਾਮ (ਪਾਕਿਸਤਾਨ-ਬੰਗਲਾਦੇਸ਼) ਦਾ ਕਬਜ਼ਾ ਹੈ, ਜਿੱਥੇ ਪੂਰਵ-ਇਸਲਾਮਿਕ ਸੱਭਿਆਚਾਰ (ਹਿੰਦੂ, ਸਿੱਖ ਅਤੇ ਬੋਧੀ) ਦੇ ਝੰਡਾਬਰਦਾਰਾਂ ਲਈ ਕੋਈ ਥਾਂ ਨਹੀਂ ਹੈ।
ਇੰਨਾ ਹੀ ਨਹੀਂ, ਜਦੋਂ ਉੱਤਰੀ ਭਾਰਤ ਵਿਚ ਇਸਲਾਮ ਦੇ ਪ੍ਰਚਾਰ-ਪਸਾਰ ਦੇ ਨਾਂ ’ਤੇ ਧਾਰਮਿਕ ਸ਼ਾਸਕਾਂ ਦਾ ਅੱਤਵਾਦ ਆਪਣੇ ਸਿਖਰ ’ਤੇ ਸੀ, 16ਵੀਂ ਸਦੀ ਵਿਚ ਜੈਸੁਇਟ ਮਿਸ਼ਨਰੀ ਫਰਾਂਸਿਸ ਜ਼ੇਵੀਅਰ ਦੱਖਣੀ ਭਾਰਤ ਵਿਚ ਈਸਾਈ ਧਰਮ ਦਾ ਪ੍ਰਚਾਰ ਕਰਨ ਲਈ ਭਾਰਤ ਪਹੁੰਚੇ ਸਨ।
ਉਸ ਸਮੇਂ, ਜ਼ੇਵੀਅਰ ਨੇ ‘ਗੋਆ ਇਨਕਿਊਜ਼ੀਸ਼ਨ’ ਰਾਹੀਂ ਗੈਰ-ਈਸਾਈਆਂ ਦੇ ਨਾਲ-ਨਾਲ ਸੀਰੀਆਈ ਅਤੇ ਧਰਮ ਪਰਿਵਰਤਿਤ ਈਸਾਈਆਂ ਵਿਰੁੱਧ ਹਿੰਸਕ ਧਾਰਮਿਕ ਮੁਹਿੰਮ ਚਲਾਈ ਜੋ ਰੋਮਨ ਕੈਥੋਲਿਕ ਚਰਚ ਦਾ ਪਾਲਣ ਨਹੀਂ ਕਰ ਰਹੇ ਸਨ। ਧਰਮ ਪਰਿਵਰਤਨ ਦਾ ਇਹ ਦੁਸ਼ਟ ਸਿਲਸਿਲਾ ਅਜੇ ਵੀ ਜਾਰੀ ਹੈ।
ਕੀ ਕਾਰਨ ਹੈ ਕਿ ਸਵੈ-ਐਲਾਨੇ ਸੱਭਿਅਕ ਲੋਕ ਬੇਸ਼ਰਮੀ ਨਾਲ ਨਫ਼ਰਤ ਦੇ ਨਾਇਕਾਂ ਦੀ ਵਡਿਆਈ ਕਰਦੇ ਹਨ? ਇਹ ਢੁੱਕਵਾਂ ਹੀ ਹੈ ਕਿ ਕੋਈ ਵੀ ਹਿਟਲਰ ਨਾਂ ਨਹੀਂ ਰੱਖਦਾ ਅਤੇ ਇਸ ਨੂੰ ਗਾਲ੍ਹ ਦਾ ਸਮਾਨਾਰਥੀ ਮੰਨਿਆ ਜਾਂਦਾ ਹੈ ਪਰ ਕੀ ਸਟਾਲਿਨ-ਲੈਨਿਨ ਵਰਗੇ ਨਾਵਾਂ ਪ੍ਰਤੀ ਵੀ ਇਸੇ ਤਰ੍ਹਾਂ ਦੀ ਨਫ਼ਰਤ ਦੀ ਭਾਵਨਾ ਨਹੀਂ ਹੋਣੀ ਚਾਹੀਦੀ, ਜਿਨ੍ਹਾਂ ਨੇ ਆਪਣੇ ਰਾਜ ਦੌਰਾਨ ਲੱਖਾਂ ਨਿਰਦੋਸ਼ ਲੋਕਾਂ ਨੂੰ ਉਨ੍ਹਾਂ ਨਾਲ ਅਸਹਿਮਤ ਹੋਣ ਲਈ ਮਾਰਿਆ ਸੀ? ਦੇਸ਼ ਦੇ ਇਕ ਮਸ਼ਹੂਰ ਫਿਲਮੀ ਪਰਿਵਾਰ ਨੇ ਆਪਣੇ ਬੇਟੇ ਦਾ ਨਾਮ ਤੈਮੂਰ ਰੱਖਿਆ ਹੈ।
ਤੈਮੂਰ ਨੇ ਸਾਲ 1398 ਵਿਚ ਭਾਰਤ ’ਤੇ ਹਮਲਾ ਕੀਤਾ ਕਿਉਂਕਿ ਉਸ ਨੂੰ ਸ਼ਿਕਾਇਤ ਸੀ ਕਿ ਉਸ ਸਮੇਂ ਦੇ ਇਸਲਾਮੀ ਹਮਲਾਵਰ ਸਥਾਨਕ ਹਿੰਦੂਆਂ ਦਾ ਉਸ ਤਰ੍ਹਾਂ ਦਾ ਦਮਨ ਨਹੀਂ ਕਰ ਰਹੇ ਸਨ ਜਿਵੇਂ ਕਿ ਇਕ ਕਾਫ਼ਰ ਤੋਂ ਉਮੀਦ ਕੀਤੀ ਜਾਂਦੀ ਹੈ। ਆਖ਼ਰ ਇਹ ਕਿਹੜੀ ਵਿਚਾਰਧਾਰਾ ਹੈ ਜੋ ਮਨੁੱਖ ਨੂੰ ਇਕ ਭਿਆਨਕ ਰਾਖਸ਼ਸ ਬਣਾ ਦਿੰਦੀ ਹੈ?
ਬਲਬੀਰ ਪੁੰਜ
ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ ਚੋਣ ਬਿਆਨਬਾਜ਼ੀ
NEXT STORY