ਪਾਠਕਾਂ ਦੀਆਂ ਸਮੱਸਿਆਵਾਂ ਬਾਰੇ ਕਾਲਮ ਕਈ ਰਸਾਲਿਆਂ ਅਤੇ ਅਖ਼ਬਾਰਾਂ ਵਿਚ ਛਪਦੇ ਹਨ। ਜਦੋਂ ਮੈਂ ਇਨ੍ਹਾਂ ਨੂੰ ਅਕਸਰ ਪੜ੍ਹਦੀ ਹਾਂ ਤਾਂ ਮੇਰਾ ਧਿਆਨ ਨੌਜਵਾਨਾਂ ਅਤੇ ਹੋਰ ਲੋਕਾਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਵੱਲ ਜਾਂਦਾ ਹੈ। ਹਾਲ ਹੀ ’ਚ ਤਿੰਨ ਲੜਕੀਆਂ ਨੇ ਇਨ੍ਹਾਂ ਕਾਲਮਾਂ ’ਚ ਆਪਣੀਆਂ ਸਮੱਸਿਆਵਾਂ ਦੱਸੀਆਂ ਸਨ। ਇਨ੍ਹਾਂ ਤਿੰਨਾਂ ਦੀ ਉਮਰ 14 ਤੋਂ 17 ਸਾਲ ਦਰਮਿਆਨ ਸੀ।
ਇਕ ਕੁੜੀ ਨੇ ਦੱਸਿਆ ਕਿ ਮੇਰੀ ਉਮਰ 16 ਸਾਲ ਹੈ। ਅਗਲੇ ਸਾਲ ਬੋਰਡ ਦੀਆਂ ਪ੍ਰੀਖਿਆਵਾਂ ਹਨ। ਮੈਂ ਪੜ੍ਹਾਈ ਵਿਚ ਬਹੁਤ ਚੰਗੀ ਰਹੀ ਹਾਂ, ਪਰ ਹੁਣ ਕੁਝ ਕਰਨ ਨੂੰ ਮਨ ਨਹੀਂ ਕਰਦਾ। ਮੇਰੇ ਮਾਤਾ-ਪਿਤਾ ਅਤੇ ਰਿਸ਼ਤੇਦਾਰਾਂ ਨੂੰ ਮੇਰੇ ਤੋਂ ਬਹੁਤ ਉਮੀਦਾਂ ਹਨ ਕਿ ਮੈਂ ਬੋਰਡ ਦੀਆਂ ਪ੍ਰੀਖਿਆਵਾਂ ਵਿਚ ਟਾਪ ਕਰਾਂਗੀ। ਇਸੇ ਲਈ ਮੈਂ ਹਮੇਸ਼ਾ ਡਰੀ ਰਹਿੰਦੀ ਹਾਂ। ਮੇਰੇ ਮਾਤਾ-ਪਿਤਾ ਵੀ ਮੈਨੂੰ ਕਿਤੇ ਨਹੀਂ ਲੈ ਕੇ ਜਾਂਦੇ। ਨਾ ਕਿਤੇ ਜਾਣ ਦਿੰਦੇ ਹਨ। ਮੈਂ ਵੀ ਬਹੁਤ ਇਕੱਲਤਾ ਮਹਿਸੂਸ ਕਰਦੀ ਹਾਂ। ਮੇਰੇ ਦੋਸਤ ਵੀ ਨਹੀਂ ਹਨ। ਮੈਨੂੰ ਆਪਣੇ ਮਾਤਾ-ਪਿਤਾ ਨਾਲ ਇੰਨੀ ਨਫਰਤ ਹੋ ਗਈ ਹੈ ਕਿ ਮੈਂ ਉਨ੍ਹਾਂ ਦੀ ਸ਼ਕਲ ਵੀ ਨਹੀਂ ਦੇਖਣਾ ਚਾਹੁੰਦੀ।
ਦੂਜੀ ਕੁੜੀ ਨੇ ਲਿਖਿਆ ਕਿ ਮੇਰੇ ਮਾਤਾ-ਪਿਤਾ ਹਮੇਸ਼ਾ ਲੜਦੇ ਰਹਿੰਦੇ ਹਨ। ਉਹ ਇਕ-ਦੂਜੇ ਦੇ ਹੱਥਾਂ ਵਿਚ ਜੋ ਵੀ ਆਉਂਦਾ ਹੈ, ਉਸ ਨਾਲ ਇਕ-ਦੂਜੇ ਨੂੰ ਮਾਰਦੇ ਵੀ ਹਨ। ਫਿਰ ਉਹ ਹਰ ਗੱਲ ਲਈ ਆਪਣਾ ਗੁੱਸਾ ਮੇਰੇ ’ਤੇ ਕੱਢਦੇ ਹਨ। ਮੈਨੂੰ ਹਮੇਸ਼ਾ ਝਿੜਕਦੇ ਰਹਿੰਦੇ ਹਨ। ਉਹ ਆਪਣੀਆਂ ਸਾਰੀਆਂ ਮੁਸੀਬਤਾਂ ਲਈ ਮੈਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ। ਫਿਰ ਉਹ ਚਾਹੁੰਦੇ ਹਨ ਕਿ ਮੈਂ ਵੀ ਖੂਬ ਪੜ੍ਹਾਈ ਕਰਾਂ। ਜਦੋਂ ਕੋਈ ਸਹੇਲੀ ਘਰ ਆਉਂਦੀ ਹੈ ਤਾਂ ਹਜ਼ਾਰ ਸਵਾਲ ਪੁੱਛਦੇ ਹਨ। ਮੈਨੂੰ ਕਿਤੇ ਜਾਣ ਵੀ ਨਹੀਂ ਦਿੰਦੇ। ਫਿਰ ਉਮੀਦ ਕਰਦੇ ਹਨ ਕਿ ਮੈਂ ਪੜ੍ਹਾਈ ਵਿਚ ਹਮੇਸ਼ਾ ਅੱਵਲ ਅਾਵਾਂ। ਮੇਰੀ ਮਾਂ ਕਹਿੰਦੀ ਹੈ ਕਿ ਮੈਂ ਉਨ੍ਹਾਂ ’ਤੇ ਬੋਝ ਹਾਂ।
ਅਜਿਹੀਆਂ ਗੱਲਾਂ ਸੁਣ ਕੇ ਮੈਂ ਅਕਸਰ ਰੋਂਦੀ ਰਹਿੰਦੀ ਹਾਂ। ਮਨ ਕਰਦਾ ਹੈ ਕਿ ਇਸ ਜ਼ਿੰਦਗੀ ਨੂੰ ਖਤਮ ਕਰ ਦਿਆਂ। ਮੈਂ ਆਪਣੇ ਛੋਟੇ ਭਰਾ ਨੂੰ ਬਹੁਤ ਪਿਆਰ ਕਰਦੀ ਹਾਂ। ਮਾਪੇ ਉਸ ਵੱਲ ਵੀ ਧਿਆਨ ਨਹੀਂ ਦਿੰਦੇ। ਮੈਂ ਸੋਚਦੀ ਹਾਂ ਕਿ ਜੇ ਮੈਂ ਨਾ ਰਹੀ ਤਾਂ ਮੇਰੇ ਭਰਾ ਦਾ ਕੀ ਬਣੇਗਾ। ਆਪਣੀ ਸਮੱਸਿਆ ਕਿਸ ਨੂੰ ਦੱਸਾਂ? ਮੈਨੂੰ ਸਹੀ ਸਲਾਹ ਕੌਣ ਦੇਵੇਗਾ?
ਤੀਜੀ ਸਮੱਸਿਆ ਇਕ ਅੱਲ੍ਹੜ ਨੇ ਲਿਖੀ ਕਿ ਮੇਰੀ ਮਾਂ ਨੇ ਦੂਜਾ ਵਿਆਹ ਕੀਤਾ ਹੈ। ਉਹ ਮੈਨੂੰ ਜ਼ਬਰਦਸਤੀ ਆਪਣੇ ਨਾਲ ਲੈ ਆਈ, ਜਦੋਂ ਕਿ ਮੈਂ ਆਪਣੇ ਪਿਤਾ ਨਾਲ ਹੀ ਰਹਿਣਾ ਚਾਹੁੰਦੀ ਸੀ। ਉਹ ਮੈਨੂੰ ਪਿਆਰ ਵੀ ਬਹੁਤ ਕਰਦੇ ਹਨ। ਮੈਨੂੰ ਮੇਰੇ ਪਿਤਾ ਦੇ ਮੁਕਾਬਲੇ ਇਹ ਨਵੇਂ ਪਿਤਾ ਬਿਲਕੁਲ ਵੀ ਚੰਗੇ ਨਹੀਂ ਲੱਗਦੇ। ਉਹ ਹਮੇਸ਼ਾ ਮੈਨੂੰ ਅਜੀਬ ਨਜ਼ਰਾਂ ਨਾਲ ਦੇਖਦੇ ਹਨ ਪਰ ਮੇਰੀ ਮਾਂ ਚਾਹੁੰਦੀ ਹੈ ਕਿ ਮੈਂ ਆਪਣੇ ਪਿਤਾ ਨੂੰ ਕਦੇ ਨਾ ਮਿਲਾਂ। ਮੈਨੂੰ ਆਪਣੇ ਨਵੇਂ ਪਿਤਾ ਨੂੰ ਹੀ ਆਪਣਾ ਪਿਤਾ ਸਮਝਣਾ ਚਾਹੀਦਾ ਹੈ।
ਮੈਂ ਆਪਣੇ ਪਿਤਾ ਨਾਲ ਫੋਨ ’ਤੇ ਚੋਰੀ-ਚੋਰੀ ਗੱਲਾਂ ਕਰਦੀ ਹਾਂ। ਇਕ ਵਾਰ ਜਦੋਂ ਮੇਰੀ ਮਾਂ ਨੂੰ ਪਤਾ ਲੱਗਿਆ ਤਾਂ ਉਸ ਨੇ ਮੈਨੂੰ ਬਹੁਤ ਡਾਂਟਿਆ। ਮੇਰਾ ਫ਼ੋਨ ਵੀ ਖੋਹ ਲਿਆ। ਮੇਰੇ ਪਿਤਾ ਜੀ ਮੈਨੂੰ ਬਹੁਤ ਪਿਆਰ ਕਰਦੇ ਹਨ। ਉਨ੍ਹਾਂ ਦੀ ਬਹੁਤ ਯਾਦ ਆਉਂਦੀ ਹੈ। ਮੈਂ ਉਨ੍ਹਾਂ ਕੋਲ ਜਾਣਾ ਚਾਹੁੰਦੀ ਹਾਂ ਪਰ ਮੈਨੂੰ ਸਮਝ ਨਹੀਂ ਆਉਂਦੀ ਕਿ ਕਿਵੇਂ ਜਾਵਾਂ। ਕੋਈ ਮੇਰੇ ਨਾਲ ਗੱਲ ਵੀ ਨਹੀਂ ਕਰਦਾ।
ਜੇਕਰ ਪਹਿਲੀ ਲੜਕੀ ਦੀ ਸਮੱਸਿਆ ’ਤੇ ਨਜ਼ਰ ਮਾਰੀਏ ਤਾਂ ਦੇਖਿਆ ਜਾ ਸਕਦਾ ਹੈ ਕਿ ਇਸ ਲੜਕੀ ਦੇ ਮਾਪੇ ਉਸ ’ਤੇ ਹੱਦੋਂ ਵੱਧ ਕੰਟਰੋਲ ਕਰਦੇ ਹਨ। ਉਹ ਨਾ ਤਾਂ ਉਸ ਨੂੰ ਕਿਤੇ ਲੈ ਕੇ ਜਾਂਦੇ ਹਨ ਅਤੇ ਨਾ ਹੀ ਕਿਤੇ ਜਾਣ ਦਿੰਦੇ ਹਨ। ਕੋਈ ਦੋਸਤ ਵੀ ਨਹੀਂ ਹੈ। ਫਿਰ ਉਮੀਦ ਹੈ ਕਿ ਉਹ ਪੜ੍ਹਾਈ ਵਿਚ ਚੰਗੀ ਰਹੇ।
ਦੂਜੀ ਲੜਕੀ ਦੇ ਘਰ ਵਾਲਿਆਂ ਦੀ ਲੜਾਈ ਬੱਚੀ ’ਤੇ ਕਿੰਨਾ ਬੁਰਾ ਅਸਰ ਪਾ ਰਹੀ ਹੈ, ਇਸ ਨੂੰ ਘਰ ਵਾਲੇ ਨਹੀਂ ਸਮਝਦੇ। ਮਾਪੇ ਨਾ ਤਾਂ ਇਸ ਕੁੜੀ ਵੱਲ ਧਿਆਨ ਦਿੰਦੇ ਹਨ ਅਤੇ ਨਾ ਹੀ ਆਪਣੇ ਪੁੱਤਰ ਵੱਲ। ਮਾਂ ਤਾਂ ਕੁੜੀ ਨੂੰ ਬੋਝ ਵੀ ਆਖਦੀ ਹੈ। ਅਜਿਹੇ ’ਚ ਜੇਕਰ ਲੜਕੀ ਕੋਈ ਗਲਤ ਕਦਮ ਚੁੱਕਣ ਦਾ ਸੋਚਦੀ ਹੈ ਤਾਂ ਕਿਸੇ ਵੀ ਹਾਲਤ ’ਚ ਉਸ ਦੇ ਪਰਿਵਾਰ ਵਾਲੇ ਜ਼ਿੰਮੇਵਾਰ ਹਨ।
ਤੀਸਰੀ ਲੜਕੀ ਦੀ ਸਮੱਸਿਆ ਅੱਜਕੱਲ੍ਹ ਕਈ ਘਰਾਂ ਵਿਚ ਦੇਖਣ ਨੂੰ ਮਿਲਦੀ ਹੈ। ਪ੍ਰਸਿੱਧ ਲੇਖਕ ਮੰਨੂੰ ਭੰਡਾਰੀ ਦਾ ਨਾਵਲ ‘ਆਪਕਾ ਬੰਟੀ’ ਇਸੇ ਸਮੱਸਿਆ ’ਤੇ ਕੇਂਦ੍ਰਿਤ ਹੈ। ਇਹ ਨਾਵਲ 70ਵਿਆਂ ਵਿਚ ਲਿਖਿਆ ਗਿਆ ਸੀ। ਮਾਂ ਦੇ ਦੂਜੇ ਵਿਆਹ ਦਾ ਕੁੜੀ ਦੇ ਮਨ ’ਤੇ ਕਿੰਨਾ ਮਾੜਾ ਅਸਰ ਪਿਆ ਹੈ। ਮਾਂ ਨੂੰ ਬਾਪ ਨਾਲ ਇੰਨੀ ਨਫ਼ਰਤ ਹੈ ਕਿ ਉਹ ਨਹੀਂ ਚਾਹੁੰਦੀ ਕਿ ਲੜਕੀ ਉਸ ਨੂੰ ਮਿਲੇ, ਜਦੋਂ ਕਿ ਲੜਕੀ ਆਪਣੇ ਪਿਤਾ ਨੂੰ ਬਹੁਤ ਪਿਆਰ ਕਰਦੀ ਹੈ। ਉਹ ਆਪਣੇ ਪਿਤਾ ਕੋਲ ਵਾਪਸ ਜਾਣਾ ਚਾਹੁੰਦੀ ਹੈ, ਪਰ ਉਸ ਦੀ ਮਾਂ ਉਸ ਨੂੰ ਅਜਿਹਾ ਕਰਨ ਨਹੀਂ ਦੇਣਾ ਚਾਹੁੰਦੀ।
ਇਨ੍ਹਾਂ ਅਖ਼ਬਾਰਾਂ ਅਤੇ ਰਸਾਲਿਆਂ ਵਿਚ ਕੁੜੀਆਂ ਨੇ ਕਿਸ ਮੁਸੀਬਤ ਤਹਿਤ ਆਪਣੀਆਂ ਸਮੱਸਿਆਵਾਂ ਭੇਜੀਆਂ ਹੋਣਗੀਆਂ, ਕਿਉਂਕਿ ਇਨ੍ਹਾਂ ਦਾ ਕਿਤੇ ਵੀ ਨਾਂ ਨਹੀਂ ਆਉਂਦਾ। ਪਰਿਵਾਰ ਵਾਲਿਆਂ ਨੂੰ ਪਤਾ ਲੱਗ ਗਿਆ ਤਾਂ ਉਨ੍ਹਾਂ ਨੂੰ ਕਿਹੜੀਆਂ ਮੁਸੀਬਤਾਂ ਵਿਚੋਂ ਗੁਜ਼ਰਨਾ ਪਵੇਗਾ?
ਦੁੱਖ ਦੀ ਗੱਲ ਇਹ ਹੈ ਕਿ ਆਪਣੀ ਹਉਮੈ ਕਾਰਨ ਮਾਪੇ ਆਪਣੇ ਬੱਚਿਆਂ ਨੂੰ ਪੂਰੀ ਤਰ੍ਹਾਂ ਭੁੱਲ ਜਾਂਦੇ ਹਨ। ਬੱਚਿਆਂ ਦੇ ਮਨਾਂ ਵਿਚ ਕੀ ਚੱਲ ਰਿਹਾ ਹੈ, ਇਸ ਵੱਲ ਉਹ ਕੋਈ ਧਿਆਨ ਨਹੀਂ ਦਿੰਦੇ। ਇਸੇ ਲਈ ਤੁਸੀਂ ਦੇਖਿਆ ਹੋਵੇਗਾ ਕਿ ਲੱਖਾਂ ਦੀ ਗਿਣਤੀ ਵਿਚ ਕਈ ਬੱਚੇ ਖੁਦਕੁਸ਼ੀ ਵਰਗੇ ਕਦਮ ਚੁੱਕ ਲੈਂਦੇ ਹਨ ਜਾਂ ਘਰੋਂ ਭੱਜ ਜਾਂਦੇ ਹਨ। ਇਨ੍ਹਾਂ ਵਿਚੋਂ ਬਹੁਤੇ ਭਗੌੜੇ ਬੱਚੇ ਕਦੇ ਵੀ ਆਪਣੇ ਘਰਾਂ ਨੂੰ ਵਾਪਸ ਨਹੀਂ ਆ ਸਕਦੇ।
ਇਨ੍ਹਾਂ ਮਾਮਲਿਆਂ ਵਿਚ ਵੀ ਜੇਕਰ ਕੁੜੀਆਂ ਘਰ ਛੱਡ ਗਈਆਂ ਹਨ ਤਾਂ ਉਨ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਕੋਈ ਅੰਤ ਨਹੀਂ ਹੈ। ਜੇਕਰ ਉਹ ਗਲਤ ਹੱਥਾਂ ਵਿਚ ਪੈ ਜਾਣ ਤਾਂ ਜੀਵਨ ਨਰਕ ਬਣ ਜਾਂਦਾ ਹੈ। ਇਸ ਤੋਂ ਇਲਾਵਾ ਇਨ੍ਹਾਂ ਬੱਚਿਆਂ ਵਿਚ ਮਾਨਸਿਕ ਰੋਗ ਵੀ ਤੇਜ਼ੀ ਨਾਲ ਵਧ ਰਹੇ ਹਨ। ਉਹ ਨਸ਼ਿਆਂ ਦਾ ਸ਼ਿਕਾਰ ਵੀ ਹੋ ਰਹੇ ਹਨ।
ਇਨ੍ਹਾਂ ਲੜਕੇ-ਲੜਕੀਆਂ ਦੀ ਹਾਲਤ ਦੇਖ ਕੇ ਮਨ ਹਾਹਾਕਾਰ ਕਰ ਉੱਠਦਾ ਹੈ। ਮਾਪਿਆਂ ਨੂੰ ਇਹ ਜ਼ਰੂਰ ਸੋਚਣਾ ਚਾਹੀਦਾ ਹੈ ਕਿ ਜੇਕਰ ਉਹ ਬੱਚਿਆਂ ਨੂੰ ਇਸ ਦੁਨੀਆਂ ਵਿਚ ਲੈ ਕੇ ਆਏ ਹਨ ਤਾਂ ਉਨ੍ਹਾਂ ਦੀ ਸਹੀ ਦੇਖਭਾਲ ਕਰਨ ਦੀ ਜ਼ਿੰਮੇਵਾਰੀ ਵੀ ਉਨ੍ਹਾਂ ਦੀ ਹੀ ਹੈ।
ਸ਼ਮਾ ਸ਼ਰਮਾ
ਟਰੰਪ ਦੀ ਜਿੱਤ ਜਮਹੂਰੀਅਤ ਲਈ ਚਿਤਾਵਨੀ
NEXT STORY