ਦੇਸ਼ ਵਿਚ 26 ਨਵੰਬਰ ਨੂੰ 75ਵਾਂ ਸੰਵਿਧਾਨ ਦਿਵਸ ਮਨਾਇਆ ਗਿਆ। ਇਸ ਮੌਕੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਪੁਰਾਣੀ ਪਾਰਲੀਮੈਂਟ ਦੇ ਸੈਂਟਰਲ ਹਾਲ ਵਿਚ ਸਾਂਝੇ ਇਕੱਠ ਨੂੰ ਸੰਬੋਧਨ ਕੀਤਾ। ਇਸ ਦੌਰਾਨ ਸਿੱਕੇ ਅਤੇ ਡਾਕ ਟਿਕਟਾਂ ਦੇ ਨਾਲ ਸੰਸਕ੍ਰਿਤ ਅਤੇ ਮੈਥਿਲੀ ਭਾਸ਼ਾਵਾਂ ਵਿਚ ਸੰਵਿਧਾਨ ਦੀਆਂ ਕਾਪੀਆਂ ਵੀ ਜਾਰੀ ਕੀਤੀਆਂ ਗਈਆਂ।
ਦੁਨੀਆ ਦੇ ਇਸ ਹਿੱਸੇ ਵਿਚ ਭਾਰਤ ਹੀ ਇਕ ਅਜਿਹਾ ਲੋਕਤੰਤਰੀ ਅਤੇ ਧਰਮਨਿਰਪੱਖ ਦੇਸ਼ ਹੈ, ਜੋ ਦੁਨੀਆ ਵਿਚ ਆਪਣਾ ਗੁਆਚਿਆ ਹੋਇਆ ਸਨਮਾਨ ਮੁੜ ਹਾਸਲ ਕਰ ਰਿਹਾ ਹੈ ਅਤੇ ਇਸ ਸੰਦਰਭ ਵਿਚ ਭਾਰਤ ਆਜ਼ਾਦੀ ਤੋਂ ਬਾਅਦ ਆਪਣੇ ਸਭ ਤੋਂ ਵਧੀਆ ਦੌਰ ਵਿਚ ਵੀ ਹੈ। ਭਾਰਤ ਦੇ ਗੁਆਂਢ ਚੀਨ ’ਚ ਤਾਨਾਸ਼ਾਹੀ ਹੈ, ਜਦੋਂ ਕਿ ਪਾਕਿਸਤਾਨ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਨਿਰੋਲ ਇਸਲਾਮੀ ਹਨ। ਇਨ੍ਹਾਂ ਚਾਰਾਂ ਦੇਸ਼ਾਂ ’ਚ ਵਿਚਾਰਧਾਰਕ ਸਥਾਪਤੀ ਕਾਰਨ ਜਮਹੂਰੀਅਤ, ਧਰਮਨਿਰਪੱਖਤਾ ਅਤੇ ਮਨੁੱਖੀ ਅਧਿਕਾਰਾਂ ਲਈ ਕੋਈ ਥਾਂ ਨਹੀਂ ਹੈ। ਇਹ ਠੀਕ ਹੈ ਕਿ ਨੇਪਾਲ ਅਤੇ ਸ਼੍ਰੀਲੰਕਾ ਲੋਕਤੰਤਰੀ ਹਨ, ਪਰ ਪਿਛਲੇ ਕੁਝ ਸਾਲਾਂ ਤੋਂ ਬਾਹਰੀ ਪ੍ਰਭਾਵ (ਚੀਨ-ਖੱਬੇ-ਪੱਖੀਵਾਦ ਸਮੇਤ) ਕਾਰਨ ਉੱਥੇ ਇਨ੍ਹਾਂ ’ਚ ਨਿਘਾਰ ਆ ਰਿਹਾ ਹੈ।
ਕੀ ਭਾਰਤ ‘ਧਰਮਨਿਰਪੱਖ’ ਸਿਰਫ਼ ਇਸ ਲਈ ਹੈ ਕਿਉਂਕਿ ਸਾਡਾ ਸੰਵਿਧਾਨ ਅਜਿਹਾ ਹੈ? ਜਦੋਂ 15 ਅਗਸਤ 1947 ਨੂੰ ਭਾਰਤ ਦੀ ਵੰਡ ਹੋਈ, ਜਿਸ ਨੂੰ ਵੰਡਿਆ ਗਿਆ ਭਾਰਤ ‘ਪਾਰਟੀਸ਼ਨ ਹਾਰਰਜ਼ ਮੈਮੋਰੀਅਲ ਡੇਅ’ ਵਜੋਂ ਯਾਦ ਕੀਤਾ ਜਾਂਦਾ ਹੈ, ਦੇਸ਼ ਦਾ ਇਕ ਤਿਹਾਈ ਹਿੱਸਾ ਇਸ ਆਧਾਰ ’ਤੇ ਵੰਡਿਆ ਗਿਆ ਸੀ ਕਿ ਮੁਸਲਮਾਨਾਂ ਨੂੰ ਆਪਣੀ ਪਛਾਣ ਅਤੇ ਧਰਮ ਦੀ ਅਖੌਤੀ ‘ਸੁਰੱਖਿਆ’ ਵਾਸਤੇ ਵੱਖਰੀ ‘ਪਾਕਿ’ ਜ਼ਮੀਨ ਦੀ ਲੋੜ ਹੈ। ਇਸਲਾਮਿਕ ਕਬਜ਼ੇ ਹੇਠ ਇਹ ਖੇਤਰ ਪਾਕਿਸਤਾਨ ਅਤੇ ਬੰਗਲਾਦੇਸ਼ ਹਨ। ਫਿਰ ਕੀ ਹੋਣਾ ਚਾਹੀਦਾ ਸੀ ਕਿ ਵੰਡਿਆ ਭਾਰਤ ਵੀ ਆਪਣੇ ਆਪ ਨੂੰ ‘ਹਿੰਦੂ ਰਾਜ’ ਐਲਾਨ ਦਿੰਦਾ ਪਰ ਅਜਿਹਾ ਨਹੀਂ ਹੋਇਆ, ਕਿਉਂਕਿ ਹਿੰਦੂ ਫਲਸਫੇ ਜਾਂ ਹਿੰਦੂਤਵ ਵਿਚ ਪੂਜਾ ਪ੍ਰਣਾਲੀ ਅਤੇ ਧਰਮ ਨਿੱਜੀ ਮਾਮਲੇ ਹਨ, ਜਿਨ੍ਹਾਂ ਦਾ ਰਾਜ ਵਿਚ ਕੋਈ ਦਖਲ ਨਹੀਂ ਹੁੰਦਾ।
ਭਾਰਤੀ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਇੱਥੇ ਰਾਜ ਕਰਨ ਵਾਲੇ ਸਾਰੇ ਹਿੰਦੂ ਰਾਜਿਆਂ ਨੇ ਨਾ ਤਾਂ ਆਪਣੀ ਪਰਜਾ ’ਤੇ ਆਪਣੀ ਨਿੱਜੀ ਆਸਥਾ ਅਤੇ ਸੰਬੰਧਤ ਪ੍ਰੰਪਰਾਵਾਂ ਥੋਪੀਆਂ ਅਤੇ ਨਾ ਹੀ ਉਨ੍ਹਾਂ ਨੂੰ ਇਸ ਦੀ ਪਾਲਣਾ ਕਰਨ ਲਈ ਮਜਬੂਰ ਕੀਤਾ ਜਾਂ ਤਸੀਹੇ ਦਿੱਤੇ। ਸਮਰਾਟ ਅਸ਼ੋਕ ਇਕਮਾਤਰ ਅਪਵਾਦ ਸੀ, ਜਿਸ ਨੇ ਬੁੱਧ ਧਰਮ ਅਪਣਾਉਣ ਤੋਂ ਬਾਅਦ, ਆਪਣੇ ਨਵੇਂ ਮੱਤ ਦੇ ਪ੍ਰਚਾਰ ਲਈ ਰਾਜ ਦੇ ਸਾਧਨਾਂ ਦੀ ਵਰਤੋਂ ਕੀਤੀ ਸੀ। ਭਾਰਤ ਨੂੰ ਬਹੁਲਤਾਵਾਦ ਅਤੇ ਧਰਮਨਿਰਪੱਖਤਾ ਦੀ ਪ੍ਰੇਰਣਾ ਕਿਸ ਤੋਂ ਮਿਲਦੀ ਹੈ? ਆਜ਼ਾਦੀ ਪਿੱਛੋਂ ਰਾਸ਼ਟਰ ਦੇ ਨਿਰਮਾਤਿਆਂ ਨੇ 2 ਸਾਲ, 11 ਮਹੀਨੇ ਅਤੇ 18 ਦਿਨ ਪਿੱਛੋਂ ਡੂੰਘਾ ਵਿਚਾਰ-ਵਟਾਂਦਰਾ ਕਰ ਕੇ ਭਾਰਤੀ ਸੰਵਿਧਾਨ ਦਾ ਖਰੜਾ ਤਿਆਰ ਕੀਤਾ।
ਫਿਰ ਇਸ ਦਾ ਸਮਕਾਲੀ ਰੂਪ ਪ੍ਰਸਿੱਧ ਕੈਲੀਗ੍ਰਾਫਰ ਪ੍ਰੇਮ ਬਿਹਾਰੀ ਨਾਰਾਇਣ ਰਾਏਜ਼ਾਦਾ ਵਲੋਂ ਹਿੰਦੀ-ਅੰਗਰੇਜ਼ੀ ਵਿਚ ਲਿਖਿਆ ਗਿਆ ਸੀ, ਜਦੋਂ ਕਿ ਪ੍ਰਸਿੱਧ ਚਿੱਤਰਕਾਰ ਨੰਦਲਾਲ ਬੋਸ ਨੇ ਸ਼ਾਨਦਾਰ ਤਸਵੀਰਾਂ ਨਾਲ ਇਸ ਦੀਆਂ ਦੋਵਾਂ ਮੂਲ ਕਾਪੀਆਂ ਨੂੰ ਭਾਰਤੀ ਇਤਿਹਾਸ ਅਤੇ ਪ੍ਰੰਪਰਾ ਨਾਲ ਜੋੜਨ ਦਾ ਕੰਮ ਕੀਤਾ। ਇਨ੍ਹਾਂ ਵਿਚ ਨਟਰਾਜ (ਸ਼ਿਵਜੀ), ਸ਼੍ਰੀ ਰਾਮ, ਸ਼੍ਰੀ ਕ੍ਰਿਸ਼ਨ, ਭਗਵਾਨ ਗੌਤਮ ਬੁੱਧ, ਭਗਵਾਨ ਮਹਾਵੀਰ, ਮੋਹੰਜੋਦੜੋ, ਮੌਰੀਆ, ਗੁਪਤ ਆਦਿ ਦੇ ਨਾਲ ਨਾਲੰਦਾ ਯੂਨੀਵਰਸਿਟੀ, ਛਤਰਪਤੀ ਸ਼ਿਵਾਜੀ ਮਹਾਰਾਜ, ਗੁਰੂ ਗੋਬਿੰਦ ਸਿੰਘ ਜੀ, ਗਾਂਧੀ ਜੀ, ਨੇਤਾਜੀ ਬੋਸ ਆਦਿ ਦੀਆਂ ਸੁੰਦਰ ਤਸਵੀਰਾਂ ਹਨ। ਇਹ ਸਭ ਕੇਵਲ ਸਜਾਵਟ ਲਈ ਇਕ ਕਲਾਕ੍ਰਿਤੀ ਨਹੀਂ ਹੈ, ਸਗੋਂ ਵੈਦਿਕ ਕਾਲ ਤੋਂ ਗਣਤੰਤਰ ਬਣਨ ਤੱਕ ਭਾਰਤ ਦੀ ਵਿਕਾਸ ਯਾਤਰਾ ਦੀ ਇਕ ਯਾਦ ਹੈ। ਇਹੀ ਕਾਰਨ ਹੈ ਕਿ ਕਈ ਸਾਜ਼ਿਸ਼ਾਂ, ਧਾਰਮਿਕ ਹਮਲਿਆਂ ਅਤੇ ਸਮਾਜਿਕ ਉਲਝਣਾਂ ਦੇ ਬਾਵਜੂਦ ਭਾਰਤ ਦਾ ਬਹੁਲਵਾਦੀ ਚਰਿੱਤਰ ਬਰਕਰਾਰ ਹੈ।
ਭਾਰਤ ਆਦਿ ਕਾਲ ਤੋਂ ਧਰਮਨਿਰਪੱਖ ਰਿਹਾ ਹੈ ਕਿਉਂਕਿ ਇੱਥੇ ਹਜ਼ਾਰਾਂ ਸਾਲਾਂ ਤੋਂ ਬਹੁਗਿਣਤੀ ਹਿੰਦੂ ਰਹੀ ਹੈ, ਜਿਨ੍ਹਾਂ ਦਾ ਸਨਾਤਨ ਫਲਸਫਾ ਬਹੁਲਵਾਦ, ਸਹਿ-ਹੋਂਦ ਅਤੇ ਸਮਾਵੇਸ਼ ’ਤੇ ਆਧਾਰਿਤ ਹੈ। ਕੀ ਇਹ ਸੱਚ ਨਹੀਂ ਹੈ ਕਿ 1980-90 ਦੇ ਸਮੇਂ ਦੌਰਾਨ ਜਦੋਂ ਇਸਲਾਮ ਬਹੁਲਤਾ ਵਾਲੇ ਕਸ਼ਮੀਰ ਦੇ ਹਿੰਦੂਆਂ ਨੂੰ ਉਨ੍ਹਾਂ ਦੀ ਪੂਜਾ ਵਿਧੀ ਕਾਰਨ ਸਥਾਨਕ ਮੁਸਲਮਾਨਾਂ ਵਲੋਂ ਮਾਰਿਆ ਜਾ ਰਿਹਾ ਸੀ, ਉਨ੍ਹਾਂ ਦੀਆਂ ਔਰਤਾਂ ਨਾਲ ਜਬਰ-ਜ਼ਨਾਹ ਕੀਤੇ ਜਾ ਰਹੇ ਸਨ ਅਤੇ ਮੰਦਰਾਂ ਨੂੰ ਢਾਹਿਆ ਜਾ ਰਿਹਾ ਸੀ, ਜਿਸ ਕਾਰਨ ਉਨ੍ਹਾਂ ਨੂੰ ਪਰਵਾਸ ਕਰਨ ਲਈ ਮਜਬੂਰ ਹੋਣਾ ਪਿਆ, ਤਾਂ ਕੀ ਪੂਰੇ ਦੇਸ਼ ’ਤੇ ਸੰਵਿਧਾਨ, ਸੁਪਰੀਮ ਕੋਰਟ ਅਤੇ ਲੋਕਤੰਤਰ ਦਾ ਰਾਜ ਸੀ?
ਇਸ ਦੇ ਉਲਟ ਜਦੋਂ ਸਦੀਆਂ ਪਹਿਲਾਂ ਦੁਨੀਆ ਦੇ ਵੱਖ-ਵੱਖ ਹਿੱਸਿਆਂ ਤੋਂ ਧਾਰਮਿਕ ਅੱਤਿਆਚਾਰਾਂ ਕਾਰਨ ਸੀਰੀਆਈ ਈਸਾਈ, ਯਹੂਦੀ ਅਤੇ ਪਾਰਸੀ ਲੋਕਾਂ ਨੇ ਆਪਣੇ ਮੂਲ ਸਥਾਨ ਛੱਡ ਕੇ ਹਿੰਦੂ-ਪ੍ਰਧਾਨ ਭਾਰਤ ਵਿਚ ਸ਼ਰਨ ਲਈ, ਤਾਂ ਨਾ ਸਿਰਫ਼ ਸਥਾਨਕ ਹਿੰਦੂ-ਬੋਧੀ ਰਾਜਿਆਂ ਅਤੇ ਉਨ੍ਹਾਂ ਦੀ ਸਬੰਧਤ ਪਰਜਾ ਵੱਲੋਂ ਉਨ੍ਹਾਂ ਦਾ ਸੁਆਗਤ ਕੀਤਾ ਗਿਆ, ਨਾਲ ਹੀ ਉਨ੍ਹਾਂ ਸ਼ਰਨਾਰਥੀਆਂ ਨੂੰ ਆਪਣੀ ਪੂਜਾ, ਜੀਵਨ-ਸ਼ੈਲੀ ਅਤੇ ਪ੍ਰੰਪਰਾਵਾਂ ਨੂੰ ਅਪਣਾਉਣ ਦੀ ਆਜ਼ਾਦੀ ਵੀ ਦਿੱਤੀ ਗਈ।
ਸੰਨ 629 ਵਿਚ, ਪੈਗੰਬਰ ਦੇ ਜੀਵਨ ਕਾਲ ਵਿਚ, ਕੇਰਲਾ ਦੇ ਤਤਕਾਲੀ ਰਾਜੇ ਚੇਰਾਮਨ ਪੇਰੂਮਲ ਨੇ ਕੋਡੰਗਲੂਰ ਵਿਚ ਚੇਰਾਮਨ ਜੁਮਾ ਮਸਜਿਦ ਬਣਵਾਈ, ਜੋ ਅਰਬ ਤੋਂ ਬਾਹਰ ਬਣਾਈ ਜਾਣ ਵਾਲੀ ਦੁਨੀਆ ਦੀ ਪਹਿਲੀ ਮਸਜਿਦ ਸੀ। ਇਹ ਸਦਭਾਵਨਾ ਭਰੀ, ਸਹਿਣਸ਼ੀਲ, ਸ਼ਾਂਤਮਈ ਅਤੇ ਬਹੁਲਵਾਦੀ ਪ੍ਰੰਪਰਾ ਉਦੋਂ ਟੁੱਟ ਗਈ ਜਦੋਂ 8ਵੀਂ ਸਦੀ ਵਿਚ ਇਸਲਾਮ ਦਾ ਸ਼ੁੱਧ ਰੂਪ ਅਰਬ ਤੋਂ ਭਾਰਤ ਵਿਚ ਆਇਆ ਅਤੇ ਈਸਾਈ ਧਰਮ ਆਪਣੀ ਕੁਦਰਤੀ ਸਮੱਗਰੀ ਦੇ ਨਾਲ 16ਵੀਂ ਸਦੀ ਵਿਚ ਯੂਰਪ ਤੋਂ ਦੂਜੀ ਵਾਰ ਭਾਰਤ ਵਿਚ ਆਇਆ, ਜਿਸ ਅਨੁਸਾਰ ਉਨ੍ਹਾਂ ਦੇ ਧਰਮ ਵਲੋਂ ਐਲਾਨੀ ਬ੍ਰਹਮ ਕਾਨੂੰਨ ਵਿਵਸਥਾ ਹੀ ‘ਇਕੋ ਇਕ ਸੱਚ ਅਤੇ ਬਾਕੀ ਸਾਰੇ ਝੂਠੇ’ ਹੈ।
ਸਾਲ 712 ਵਿਚ, ਅਰਬ ਹਮਲਾਵਰ ਮੁਹੰਮਦ ਬਿਨ ਕਾਸਿਮ ਨੇ ਸਿੰਧ ਉੱਤੇ ਹਮਲਾ ਕੀਤਾ ਅਤੇ ਭਾਰਤ ਵਿਚ ਇਸਲਾਮ ਦੇ ਨਾਂ ਉੱਤੇ ਧਾਰਮਿਕ ਜਬਰ ਦੀ ਸ਼ੁਰੂਆਤ ਕੀਤੀ। ਇਸੇ ਮਾਨਸਿਕਤਾ ਤੋਂ ਪ੍ਰੇਰਿਤ ਹੋ ਕੇ ਅਗਲੇ ਇਕ ਹਜ਼ਾਰ ਸਾਲਾਂ ਵਿਚ ਗਜ਼ਨੀ, ਗੌਰੀ, ਖਿਲਜੀ, ਤੁਗਲਕ, ਬਾਬਰ, ਅਕਬਰ, ਜਹਾਂਗੀਰ, ਔਰੰਗਜ਼ੇਬ, ਟੀਪੂ ਸੁਲਤਾਨ ਆਦਿ ਹਮਲਾਵਰਾਂ ਨੇ ਇੱਥੋਂ ਦੇ ਮੂਲ ਸਨਾਤਨ ਸੱਭਿਆਚਾਰ ਅਤੇ ਚਿੰਨ੍ਹਾਂ ਨੂੰ ਤਬਾਹ ਕਰ ਦਿੱਤਾ।
ਜੇਕਰ ਅਸੀਂ ਈਸਾਈ ਧਰਮ ਦੀ ਗੱਲ ਕਰੀਏ ਤਾਂ 1541 ਵਿਚ ਫਰਾਂਸਿਸ ਜ਼ੇਵੀਅਰ ਨੇ ਇਕ ਜੈਸੂਇਟ ਮਿਸ਼ਨਰੀ ਦੇ ਰੂਪ ਵਿਚ ਗੋਆ, ਦੱਖਣੀ ਭਾਰਤ ਵਿਚ ਕਦਮ ਰੱਖਿਆ ਸੀ। ਈਸਾਈ ਧਰਮ ਦਾ ਪ੍ਰਚਾਰ ਕਰਨ ਲਈ ਭਾਰਤ ਪਹੁੰਚੇ ਜ਼ੇਵੀਅਰ ਨੇ ‘ਗੋਆ ਇਨਕਿਊਜ਼ੀਸ਼ਨ’ ਰਾਹੀਂ ਗੈਰ-ਈਸਾਈਆਂ ਅਤੇ ਉਨ੍ਹਾਂ ਧਰਮ ਪਰਿਵਰਤਿਤ ਈਸਾਈਆਂ, ਜੋ ਕਿ ਸਵਦੇਸ਼ੀ ਪ੍ਰੰਪਰਾਵਾਂ ਦੇ ਨਾਲ-ਨਾਲ ਆਪਣੀ ਮੂਲ ਪੂਜਾ ਦਾ ਪਾਲਣ ਕਰ ਰਹੇ ਸਨ, ਵਿਰੁੱਧ ਅੱਤਿਆਚਾਰ ਦੀ ਧਾਰਮਿਕ ਮੁਹਿੰਮ ਚਲਾਈ।
ਬਦਕਿਸਮਤੀ ਨਾਲ ਇਸ ਖਿੱਤੇ ਦੇ ਕਰੋੜਾਂ ਲੋਕਾਂ ਲਈ ਅੱਜ ਵੀ ਉਪਰੋਕਤ ਹਮਲਾਵਰ ‘ਪ੍ਰੇਰਣਾਸਰੋਤ’ ਹਨ, ਜਦੋਂ ਕਿ ਉਨ੍ਹਾਂ ਦਾ ਅਧੂਰਾ ਏਜੰਡਾ (ਧਾਰਮਿਕ ਪਰਿਵਰਤਨ ਸਮੇਤ) ਦੇਸ਼ ਦੇ ਕਈ ਹਿੱਸਿਆਂ ਵਿਚ ਬਾਦਸਤੂਰ ਜਾਰੀ ਹੈ। ਇਸ ਤ੍ਰਾਸਦੀ ਨੂੰ ਉਦੋਂ ਹੋਰ ਬਲ ਮਿਲਿਆ ਜਦੋਂ 1976 ਵਿਚ ਐਮਰਜੈਂਸੀ (1975-77) ਦੌਰਾਨ, ਤਤਕਾਲੀ ਇੰਦਰਾ ਸਰਕਾਰ ਨੇ ਗੈਰ-ਜਮਹੂਰੀ ਢੰਗ ਨਾਲ ਮੂਲ ਸੰਵਿਧਾਨ ਦੀ ਪ੍ਰਸਤਾਵਨਾ ਵਿਚ ਭਾਰਤ ਦੇ ਵਰਣਨ ਨੂੰ ‘ਪ੍ਰਭੂਸੱਤਾ ਸੰਪੰਨ ਲੋਕਤੰਤਰੀ ਗਣਰਾਜ’ ਤੋਂ ਬਦਲ ਕੇ ‘ਪ੍ਰਭੂਸੱਤਾ ਸੰਪੰਨ, ਸਮਾਜਵਾਦੀ ਧਰਮਨਿਰਪੱਖ ਲੋਕਤੰਤਰੀ ਗਣਰਾਜ’ ਕਰ ਦਿੱਤਾ ਸੀ। ਸੰਸਾਰ ਦੇ ਇਸ ਖਿੱਤੇ ਵਿਚ ਜਿੱਥੇ ਕਿਤੇ ਵੀ ਇਸ ਦੇ ਮੂਲ ਸਨਾਤਨੀ-ਚਰਿੱਤਰ ਦਾ ਨਿਘਾਰ ਹੋਇਆ, ਉੱਥੇ ਜਮਹੂਰੀਅਤ, ਬਹੁਲਵਾਦ ਅਤੇ ਧਰਮਨਿਰਪੱਖਤਾ ਨੇ ਦਮ ਤੋੜ ਦਿੱਤਾ।
-ਬਲਬੀਰ ਪੁੰਜ
ਵਿਸ਼ਵ ਸ਼ਾਂਤੀ ਵੱਲ ਪਹਿਲਾ ਕਦਮ, ਇਜ਼ਰਾਈਲ ਅਤੇ ਲਿਬਨਾਨ (ਹਿਜ਼ਬੁੱਲਾ) ’ਚ ਜੰਗਬੰਦੀ
NEXT STORY